Surjit-Patar-and-Wife-Bhupinder-Kaur-Patar
Surjit-Patar-and-Wife-Bhupinder-Kaur-Patar

ਉਹ ਜੋ ਸੌ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ : ਇੰਟਰਵੀਊ ਭੁਪਿੰਦਰ ਕੌਰ ਪਾਤਰ

ਉਹ ਜੋ ਸੌ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ

ਕਿਤੇ ਖ਼ਾਬ ਵਿਚ ਭਟਕਦਾ ਉਹ ਥਾਂ ਕੁਥਾਂ ਨ ਹੋਵੇ

ਭੁਪਿੰਦਰ ਕੌਰ ਪਾਤਰ ਦਾ ਇਕੋ-ਇੱਕ ਇੰਟਰਵੀਊ ਤੇ ਪਾਤਰ ਦਾ ਪਤਨੀ ਦੇ ਨਾਂ ਖ਼ਤ

(ਅਸੀਂ ਕਨੇਡਾ ਤੋਂ ‘ਸੀਰਤ’ ਨਾਂ ਦਾ ਮਾਸਿਕ-ਪੱਤਰ ਕੱਢਣਾ ਸ਼ੁਰੂ ਕੀਤਾ। ਸੁਰਜੀਤ ਪਾਤਰ ਇਸਦਾ ਸ੍ਰਪਰਸਤ ਵੀ ਬਣਿਆ ਤੇ ਹਰ ਮਹੀਨੇ ਪਰਚੇ ਲਈ ਕੁਝ ਨਾ ਕੁਝ ਲਿਖਦਾ ਵੀ ਰਿਹਾ। ‘ਸੂਰਜ ਮੰਦਰ ਦੀਆਂ ਪੌੜੀਆਂ’ ਵਿਚਲੀ ਅੱਧਿਉਂ ਬਹੁਤੀ ਵਾਰਤਕ ਉਹਨੇ ‘ਸੀਰਤ’ ਵਾਸਤੇ ਲਿਖੀ ਸੀ ਤੇ ਉਹਨੇ ਇਸ ਕਿਤਾਬ ਦੀ ਭੂਮਿਕਾ ਵਿਚ ਇਹ ਗੱਲ ਲਿਖੀ ਵੀ ਹੈ। ਅੱਜ ਅਸੀਂ ਉਹਦੀ ਪਤਨੀ ਭੂਪਿੰਦਰ ਕੌਰ ਪਾਤਰ ਨਾਲ ਅਦਾਰਾ ‘ਸੀਰਤ’ ਵੱਲੋਂ ਕੀਤੀ ਮੁਲਾਕਾਤ ਤੁਹਾਡੀ ਨਜ਼ਰ ਕਰ ਰਹੇ ਹਾਂ। ਇਹ ਮੁਲਾਕਾਤ ‘ਸੀਰਤ’ ਦੇ ਫਰਵਰੀ 2007 ਵਾਲੇ ਅੰਕ ਵਿਚ ਛਪੀ ਸੀ।-ਮੁਲਾਕਾਤ ਦੇ ਅਖ਼ੀਰ ’ਤੇ ਪਾਤਰ ਦੀ ਭੁਪਿੰਦਰ ਪਾਤਰ ਨੂੰ ਮੁਖ਼ਾਤਬ ਹੋ ਕੇ ਲਿਖੀ ਕਵਿਤਾ ਵੀ ਦਰਜ ਹੈ-ਵਰਿਆਮ ਸਿੰਘ ਸੰਧੂ)

ਸਵਾਲ: ਆਪਣੇ ਜਨਮ, ਜਨਮ-ਸਥਾਨ ਅਤੇ ਪਰਿਵਾਰਕ ਪਿਛੋਕੜ ਬਾਰੇ ਕੁਝ ਦੱਸੋ।

ਜਵਾਬ: ਮੇਰਾ ਜਨਮ ਮੇਰੇ ਨਾਨਕੇ ਸ਼ਹਿਰ ਫਗਵਾੜੇ ਦਾ ਹੈ। ਅਸੀਂ ਚਾਰ ਭੈਣਾਂ ਅਤੇ ਦੋ ਭਰਾ ਹਾਂ। ਮੇਰੇ ਪਿਤਾ ਜੀ ਸਿੰਧਰੀ ਫਰਟੇਲਾਈਜ਼ਰ ਵਿੱਚ ਸਨ। ਜਦੋਂ ਮੈਂ ਸੁਰਤ ਸੰਭਾਲੀ ਅਸੀਂ ਸਾਰੇ ਸਿੰਦਰੀ ਸਾਂ। ਪਹਿਲੀ ਤੇ ਦੂਜੀ ਜਾਮਤ ਮੈਂ ਓਥੇ ਹੀ ਪੜ੍ਹੀ। ਤੀਜੀ, ਚੌਥੀ ਤੇ ਪੰਜਵੀਂ ਜਾਮਤ ਮੈਂ ਆਪਣੇ ਪਿੰਡ (ਮੇਹਲੀ) ਦੇ ਪ੍ਰਾਇਮਰੀ ਸਕੂਲ ਵਿੱਚ ਕੀਤੀ ਕਿਉਂਕਿ ਵੱਡੇ ਭਾ ਜੀ ਦੀ ਪੜ੍ਹਾਈ ਲਈ ਤਿੰਨ ਸਾਲ ਲਈ ਸਾਨੂੰ ਸਾਰੇ ਭੈਣ ਭਰਾਵਾਂ ਤੇ ਬੀਜੀ ਨੂੰ ਪੰਜਾਬ ਆਉਣਾ ਪਿਆ। ਇਸ ਤੋਂ ਬਾਅਦ ਮੇਰੀ ਸਾਰੀ ਪੜ੍ਹਾਈ ਸਿੰਦਰੀ ਤੇ ਰਾਂਚੀ ਦੀ ਹੈ ਜਿੱਥੋਂ ਮੈਂ ਬੀ:ਏ ਬੀ:ਐੱਡ ਕੀਤੀ। ਸਿੰਦਰੀ ਕਿਉਂਕਿ ਬਹੁਤ ਵੱਡਾ ਕਾਰਖਾਨਾ ਸੀ ਇਸ ਲਈ ਓਥੇ ਬਹੁਤ ਸਾਰੇ ਸੂਬਿਆਂ ਦੇ ਲੋਕ ਸਨ, ਖ਼ਾਸ ਕਰ ਕੇ ਬਿਹਾਰੀ, ਮਦਰਾਸੀ ਤੇ ਪੰਜਾਬੀ। ਤੇ ਸਭ ਤੋਂ ਵੱਧ ਸਨ ਬੰਗਾਲੀ। ਘਰ ਦਾ ਮਾਹੌਲ ਆਮ ਜਿਹਾ ਸੀ ਪਰ ਸਕੂਲ ਦਾ ਮਾਹੌਲ ਵੱਖ ਵੱਖ ਸੂਬਿਆਂ ਦੇ ਬੱਚਿਆਂ ਤੇ ਅਧਿਆਪਕਾਂ ਕਰਕੇ ਵੱਖਰਾ ਸੀ। ਮੈਨੂੰ ਗੀਤ ਗਾਉਣ ਦਾ ਸ਼ੌਕ ਸੀ ਤੇ ਮੈਂ ਹਮੇਸ਼ਾਂ ਪੰਜਾਬੀ ਗੀਤ ਗਾਉਂਦੀ ਜੋ ਕਿ ਪੰਜਾਬ ਚੋਂ ਸਿੱਖ ਕੇ ਜਾਂਦੀ। ਜਦੋਂ ਅਸੀਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਾਂ ਕਦੀ ਵਿਆਹ ਸ਼ਾਦੀ ਤੇ ਪੰਜਾਬ ਆਉਂਦੇ। ਮੈਨੂੰ ਹਰ ਵਾਰ ਨਵੇਂ ਗੀਤ ਲੈ ਕੇ ਜਾਣ ਦਾ ਚਾਅ ਹੁੰਦਾ।

ਸਵਾਲ:ਤੁਸੀਂ ਪਾਤਰ ਹੋਰਾਂ ਬਾਰੇ ਸਭ ਤੋਂ ਪਹਿਲਾਂ ਕਦੋਂ ਸੁਣਿਆ ਜਾਂ ਵਿਆਹ ਤੋਂ ਪਹਿਲਾਂ ਕਦੋਂ ਕੁ ਤੋਂ ਜਾਣਦੇ ਹੋ?

ਜਵਾਬ: ਮੈਂ ਇਹਨਾਂ ਬਾਰੇ ਪਹਿਲੀ ਵਾਰ ਉਦੋਂ ਹੀ ਸੁਣਿਆ ਜਦੋਂ ਇਹਨਾਂ ਦੀਆਂ ਚਾਰੇ ਭੈਣਾਂ ਮੈਨੂੰ ਵਾਰੋ ਵਾਰੀ ਦੇਖਣ ਆਈਆਂ ਤੇ ਆਪਣੇ ਵੀਰ ਬਾਰੇ ਦੱਸ ਕੇ ਗਈਆਂ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ ਅਤੇ ਕਵਿਤਾ ਲਿਖਦਾ ਹੈ। ਮੈਂ ਇਹਨਾਂ ਦੇ ਪ੍ਰੋਫ਼ੈਸਰ ਹੋਣ ਦੀ ਗੱਲ ਨੂੰ ਤਾਂ ਗੰਭੀਰਤਾ ਨਾਲ ਲਿਆ ਪਰ ਕਵੀ ਹੋਣ ਦੀ ਗੱਲ ਨੂੰ ਨਹੀਂ ਸੋ ਜ਼ਾਹਿਰ ਹੈ ਕਿ ਮੈਂ ਇਹਨਾਂ ਨੂੰ ਵਿਆਹ ਤੋਂ ਪਹਿਲਾਂ ਨਹੀਂ ਜਾਣਦੀ ਸੀ।

ਸਵਾਲ: ਇਹਦਾ ਮਤਲਬ ਤੁਹਾਡਾ ਵਿਆਹ ਪ੍ਰੇਮ ਵਿਆਹ ਨਹੀਂ ਸਗੋਂ ਪਰਿਵਾਰ ਦੀ ਮਰਜ਼ੀ ਨਾਲ ਹੋਇਆ?

ਜਵਾਬ: ਸਾਡਾ ਵਿਆਹ ਪ੍ਰੇਮ-ਵਿਆਹ ਨਹੀਂ ਸੀ। ਪਰਿਵਾਰਾਂ ਦੀ ਮਰਜ਼ੀ ਨਾਲ ਹੋਇਆ।

ਸਵਾਲ: ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲਣ, ਦੇਖਣ ਦੀ ਘਟਨਾ ਬਾਰੇ ਕੁਝ ਜਾਣਕਾਰੀ ਦਿਓ।

ਜਵਾਬ: ਵਿਆਹ ਤੋਂ ਪਹਿਲਾਂ ਦੇਖਣ ਦਿਖਾਉਣ ਦੀ ਘਟਨਾ ਬਹੁਤ ਰੌਚਕ ਹੈ। ਤੈਅ ਹੋਇਆ ਕਿ ਦੇਖਣ ਦਿਖਾਉਣ ਦਾ ਕੰਮ ਘਰ ਨਹੀਂ, ਬਲਕਿ ਫਗਵਾੜੇ ਦੇ ਬੱਸ ਅੱਡੇ ਤੇ ਕੀਤਾ ਜਾਵੇ। ਏਸੇ ਅੱਡੇ ਤੇ ਅਸੀਂ ਦੋਹਾਂ ਨੇ ਇੱਕ ਦੂਜੇ ਨੂੰ ਦੇਖਿਆ, ਸਤਿ ਸ੍ਰੀ ਅਕਾਲ ਬੁਲਾਈ। ਪਾਤਰ ਸਾਹਿਬ ਮੇਰੇ ਨਾਲ ਗੱਲਬਾਤ ਵੀ ਕਰਨੀ ਚਾਹੁੰਦੇ ਸਨ ਪਰ ਮੇਰੇ ਮੰਮੀ ਇਸ ਲਈ ਬਿਲਕੁਲ ਰਾਜ਼ੀ ਨਹੀਂ ਹੋਏ।

ਸਵਾਲ: ਜਦੋਂ ਤੁਹਾਨੁੰ ਪਤਾ ਲੱਗਾ ਕਿ ਤੁਹਾਡੇ ਪਤੀ ੲਨੇ ਵੱਡੇ ਸ਼ਾਇਰ ਹਨ ਤਾਂ ਤੁਹਾਨੂੰ ਕਿਵੇਂ ਲੱਗਾ?

ਜਵਾਬ: ਵਿਆਹ ਤੋਂ ਕਈ ਮਹੀਨਿਆਂ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਬਹੁਤ ਵੱਡੇ ਕਵੀ ਹਨ ਕਿਉਂਕਿ ਇਹਨਾਂ ਦੀ ਪਹਿਲੀ ਕਿਤਾਬ ਵੀ ਮੇਰੇ ਆਉਣ ਤੋਂ ਇੱਕ ਸਾਲ ਬਾਅਦ ਛਪੀ। ਪਰ ਹੁਣ ਮੈਂ ਇਸ ਅਹਿਸਾਸ ਨੂੰ ਮਾਣਦੀ ਹਾਂ ਅਤੇ ਫ਼ਖ਼ਰ ਕਰਦੀ ਹਾਂ।

ਸਵਾਲ: ਕੀ ਤੁਹਾਨੂੰ ਆਪ ਵੀ ਲਿਖਣ ਦਾ ਜਾਂ ਸ਼ਾਇਰੀ ਦਾ ਸ਼ੌਂਕ ਹੈ?

ਜਵਾਬ: ਜੀ ਨਹੀਂ, ਮੈਨੂੰ ਲਿਖਣ ਦਾ ਸ਼ੌਕ ਤਾਂ ਨਹੀਂ ਪਰ ਸ਼ਾਇਰੀ ਸੁਣਨ ਅਤੇ ਪੜ੍ਹਨ ਦਾ ਸ਼ੌਕ ਹੈ। ਮੈਂ ਸੋਚਦੀ ਹਾਂ ਕਿ ਲਿਖਣਾ ਰੱਬ ਦੀ ਦਾਤ ਹੈ, ਪਰਮਾਤਮਾ ਦੀ ਰਹਿਮਤ ਹੈ।

ਸਵਾਲ: ਮੈਂ ਸੁਣਿਆ ਹੈ ਕਿ ਤੁਸੀਂ ਆਪ ਵੀ ਬਹੁਤ ਵਧੀਆ ਗਾ ਲੈਂਦੇ ਹੋ। ਕਦੀ ਪਾਤਰ ਹੋਰਾਂ ਨਾਲ ਕਿਸੇ ਪ੍ਰੋਗਰਾਮ ਤੇ ਗਾਇਆ ਹੋਵੇ?

ਜਵਾਬ: ਜਿਵੇਂ ਮੈਂ ਪਹਿਲਾਂ ਹੀ ਦੱਸ ਆਈ ਹਾਂ ਕਿ ਗਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ, ਪਾਤਰ ਸਾਹਿਬ ਨਾਲ ਮੈਂ ਉਦੋਂ ਹੀ ਜਾਂਦੀ ਹਾਂ ਜਦੋਂ ਮੈਨੂੰ ਬੁਲਾਇਆ ਜਾਂਦਾ ਹੈ ਤੇ ਜੇ ਪ੍ਰਬੰਧਕਾਂ ਨੂੰ ਸੂਹ ਲੱਗ ਗਈ ਹੋਵੇ ਤਾਂ ਮੈਨੁੰ ਗਾਉਣਾ ਵੀ ਪੈਂਦਾ ਹੈ।

ਸਾਵਲ: ਪਾਤਰ ਹੋਰਾਂ ਦੀ ਕਿਹੜੀ ਗੱਲ ਸਭ ਤੋਂ ਵੱਧ ਪਸੰਦ ਹੈ?

ਜਵਾਬ: ਪਾਤਰ ਸਾਹਿਬ ਦੀ ਇੱਕ ਗੱਲ ਮੈਨੂੰ ਬਹੁਤ ਪਸੰਦ ਹੈ। ਉਹ ਇਹ ਕਿ ਕਿਸੇ ਗੱਲੋਂ ਜੇ ਮੈਂ ਨਰਾਜ਼ ਹੋਵਾਂ ਤਾਂ ਉਹ ਬਹੁਤ ਜਲਦੀ ਮੈਨੂੰ ਮਨਾ ਲੈਂਦੇ ਹਨ। ਬਹੁਤ ਚਿਰ ਉਹ ਰੁੱਸੇ ਨਹੀਂ ਰਹਿ ਸਕਦੇ।

ਸਵਾਲ: ਕਿਹੜੀ ਗੱਲ ਸਭ ਤੋਂ ਵੱਧ ਨਾਪਸੰਦ ਹੈ?

ਜਵਾਬ: ਇਹ ਆਪਣੀਆਂ ਚੀਜ਼ਾਂ ਥਾਂ ਸਿਰ ਨਹੀਂ ਰੱਖਦੇ ਤੇ ਜਦੋਂ ਨਹੀਂ ਮਿਲਦੀਆਂ ਓਦੋਂ ਬਹੁਤ ਖਿਝਦੇ ਹਨ। ਇਹਨਾਂ ਦੀ ਇਹ ਗੱਲ ਮੈਨੂੰ ਬਿਲਕੁਲ ਪਸੰਦ ਨਹੀਂ।

ਸਵਾਲ: ਇੱਕ ਬਾਪ ਵਾਲੀ ਜ਼ਿੰਮੇਵਰਰੀ ਪੂਰੀ ਤਰ੍ਹਾਂ ਨਿਭਾਈ ਹੈ?

ਜਵਾਬ: ਪੂਰੀ ਤਰ੍ਹਾਂ। ਇਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਤੇ ਉਹਨਾਂ ਨੂੰ ਸਮਝਾਉਣ ਦਾ ਢੰਗ ਵੀ ਇਹਨਾਂ ਦਾ ਆਪਣਾ ਹੀ ਹੈ। ਇਹ ਜ਼ਿਆਦਾ ਉਪਦੇਸ਼ ਨਹੀਂ ਦਿੰਦੇ, ਇਹ ਕਹਿੰਦੇ ਹਨ, ਮੇਰਾ ਪਿਆਰ ਹੀ ਇਹਨਾਂ ਲਈ ਉਪਦੇਸ਼ ਹੈ।

ਸਵਾਲ: ਕੀ ਬੱਚਿਆਂ ਦਾ ਵੀ ਸ਼ਾਇਰੀ ਜਾਂ ਸੰਗੀਤ ਵੱਲ ਝੁਕਾਅ ਹੈ?

ਜਵਾਬ: ਦੋਹਾਂ ਨੂੰ ਸੰਗੀਤ ਦਾ ਬਹੁਤ ਸ਼ੌਕ ਹੈ। ਵੱਡਾ ਬੇਟਾ ਅੰਕੁਰ ਕਦੀ ਕਦੀ ਪਾਪਾ ਦੀ ਸ਼ਾਇਰੀ ਗੁਣਗੁਣਾਉਂਦਾ ਹੈ। ਛੋਟਾ ਮਨਰਾਜ ਸਕੂਲ ਵੇਲੇ ਕੱਚ ਦਾ ਗਲਾਸ ਅਤੇ ਬਚ ਕੇ ਮੋੜ ਤੋਂ ਗਾਉਂਦਾ ਸੀ। ਹੁਣ ਉਹ ਵਧੇਰੇ ਸੂਫ਼ੀ ਕਲਾਮ ਗਾਉਂਦਾ ਹੈ ਜਾਂ ਪਾਪਾ ਦੀ ਗ਼ਜ਼ਲ ਇਸ ਤਰ੍ਹਾਂ ਹੈ- ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫ਼ਾਸਿਲਾ।

ਸਵਾਲ: ਪਰਿਵਾਰਕ ਜੀਵਨ ਵਿੱਚ ਆਈ ਕੋਈ ਵੱਡੀ ਮੁਸ਼ਕਲ ਜਾਂ ਸੰਕਟ ਜਿਸ ਦਾ ਸਾਹਮਣਾ ਕਰਨਾ ਪਿਆ ਹਵੇ?

ਜਵਾਬ:ਜਦੋਂ ਇਹ 1997 ਵਿੱਚ ਬੀਮਾਰ ਹਏ।

ਸਵਾਲ: ਵਿਆਹੁਤਾ ਜ਼ਿੰਦਗੀ ਦਾ ਸਭ ਤੋਂ ਵੱਧ ਖੁਸ਼ੀ ਦੇਣ ਵਾਲਾ ਪਲ।

ਜਵਾਬ: ਸਭ ਤੋਂ ਖੁਸ਼ੀ ਵਾਲਾ ਪਲ ਜਦੋਂ ਭਾਰਤੀ ਭਾਸ਼ਾ ਪਰਿਸ਼ਦ ਦਾ ਪੁਰਸਕਾਰ ਲੈਣ ਇਹ ਸਾਨੂੰ ਨਾਲ ਲੈ ਕੇ ਗਏ ਤੇ ਅਸੀਂ ਬੱਚਿਆਂ ਸਮੇਤ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਆਰ ਕੇ ਨਰਾਇਣਨ ਦੇ ਬਹੁਤ ਕੋਲ ਸਾਂ।

ਸਵਾਲ: ਸ਼ਾਇਰਾਂ ਕਲਾਕਾਰਾਂ ਉੱਤੇ ਬੀਬੀਆਂ ਅਕਸਰ ਬਹੁਤ ਮਿਹਰਬਾਨ ਰਹਿੰਦੀਆਂ ਹਨ। ਇਸ ਦਾ ਕੋਈ ਅਨੁਭਵ ਜਾਂ ਪਰੇਸ਼ਨੀ?

ਜਵਾਬ: ਇਹ ਤੁਹਾਡਾ ਭੁਲੇਖਾ ਹੈ। ਮੈਂ ਸਮਝਦੀ ਹਾਂ ਵੱਡੇ ਕਲਾਕਾਰਾਂ ਜਾਂ ਲੇਖਕਾਂ ਤੇ ਬੀਬੀਆਂ ਮਿਹਰਬਾਨ ਨਹੀਂ ਹੰਦੀਆਂ, ਉਹਨਾਂ ਦੀ ਕਲਾ ਦੀਆਂ ਪ੍ਰਸ਼ੰਸਕ ਹੁੰਦੀਆਂ ਹਨ। ਤੁਸੀਂ ਵੀ ਬਹੁਤ ਵੱਡੇ ਕਹਾਣੀਕਾਰ ਹੋ, ਤੁਹਾਨੂੰ ਵੀ ਤਜਰਬਾ ਹੋਣਾ।

ਸਵਾਲ: ਪਾਤਰ ਜੀ ਕਹਿੰਦੇ ਹਨ ਮੇਰੀ ਸਭ ਤੋਂ ਵੱਡੀ ਰਾਜ਼ਦਾਨ ਹੈ ਮੇਰੀ ਕਵਿਤਾ ਹੈ ਅਤੇ ਮੇਰੀ ਪਤਨੀ ਨੇ ਵੀ ਮੇਰਾ ਕੋਈ ਰਾਜ਼ ਜਾਣਨਾ ਹੋਵੇ ਉਹ ਮੇਰੀ ਕਵਿਤਾ ਹੀ ਪੜ੍ਹਦੀ ਹੈ। ਕੋਈ ਅਜੇਹਾ ਰਾਜ਼ ਦੱਸੋਗੇ ਜਿਹੜਾ ਕਵਿਤਾ ਪੜ੍ਹ ਕੇ ਪਤਾ ਲੱਗਾ ਹੋਵੇ?

ਜਵਾਬ: ਕਵੀਆਂ ਦਾ ਇਹ ਸੁਭਾ ਹੁੰਦਾ ਹੈ ਕਿ ਉਹ ਆਪਣਾ ਦੁੱਖ ਕਿਸੇ ਨਾਲ ਸਾਂਝਾ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਦੁੱਖ ਘਟਾਉਣ ਦਾ ਮਾਧਿਅਮ ਹੈ ਕਵਿਤਾ। ਰਾਜ਼ਦਾਨ ਤਾਂ ਉਹ ਹੁੰਦਾ ਹੈ ਜਿਹੜਾ ਰਾਜ਼ ਨੂੰ ਰਾਜ਼ ਰੱਖੇ। ਜੇ ਕਵਿਤਾ ਕਵੀ ਦੇ ਰਾਜ਼ ਨੂੰ ਰਾਜ਼ ਨਹੀਂ ਰੱਖੇਗੀ ਤਾਂ ਉਹ ਕਾਹਦੀ ਰਾਜ਼ਦਾਨ ਹੈ।

ਸਵਾਲ:ਕੋਈ ਹਸਰਤ ਕਿ ਜੇ ਏਨਾ ਕੁਝ ਮਿਲਣ ਦੇ ਨਾਲ ਨਾਲ ਆਹ ਕੁਝ ਵੀ ਮਿਲ ਗਿਆ ਹੁੰਦਾ?

ਜਵਾਬ:ਪਰਮਤਾਮਾ ਨੇ ਸਾਨੂੰ ਏਨਾ ਕੁਝ ਦਿੱਤਾ ਹੈ ਇਹਦੇ ਲਈ ਅਸੀਂ ਉਸ ਦੇ ਸ਼ੁਕਰਗੁਜ਼ਾਰ ਹਾਂ।

ਸਵਾਲ: ਕੀ ਪਾਤਰ ਹੋਰੀ ਘਰੇਲੂ ਕੰਮਾਂ ਵਿੱਚ ਪੂਰਾ ਹੱਥ ਵਟਾਉਂਦੇ ਹਨ?

ਜਵਾਬ: ਇਹਨਾਂ ਦੇ ਏਨੇ ਰੁਝੇਵੇਂ ਹਨ ਕਿ ਘਰੇਲੂ ਕੰਮਾਂ ਵਿੱਚ ਹੱਥ ਵਟਾਉਣਾ ਸੰਭਵ ਨਹੀਂ ਤੇ ਮੇਰੀ ਵੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਲਿਖਣ ਪੜ੍ਹਣ ਲਈ ਮਾਹੌਲ ਦੇ ਸਕਾਂ। ਹਾਂ ਜੇ ਮੈਂ ਕਦੀ ਕੋਈ ਕੰਮ ਕਹਾਂ ਤਾਂ ਨਾਂਹ ਨਹੀਂ ਕਰਦੇ।

ਸਵਾਲ: ਉਹਨਾਂ ਦੀ ਲਿਖਤ ਵਿੱਚ ਤੁਸੀਂ ਉਹਨਾਂ ਦੀ ਕੀ-ਕੀ ਮਦਦ ਕਰਦੇ ਹੋ? ਉਹਨਾਂ ਦੀ ਲਿਖਤ ਦੇ ਪਹਿਲੇ ਪਾਠਕ ਜਾਂ ਸਰੋਤੇ ਹੋ? ਕਦੀ ਕੋਈ ਸੁਝਾਅ ਵੀ ਦੇਂਦੇ ਹੋ?

ਜਵਾਬ: ਮੈਂ ਲਿਖਣ ਦਾ ਸਮਾਂ ਅਤੇ ਮਾਹੌਲ ਦੇਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਕਦੀ ਕਦੀ ਇਹ ਮੈਨੂੰ ਕੋਈ ਰਚਨਾ ਸੁਣਾ ਕੇ ਉਸ ਦਾ ਪ੍ਰਤਿਕਰਮ ਜਾਨਣਾ ਚਾਹੁੰਦੇ ਹੁੰਦੇ ਹਨ। ਪਰ ਹਮੇਸ਼ਾਂ ਨਹੀਂ।

ਸਵਾਲ: ਖਾਣ ਪੀਣ ਵਾਲੀ ਕਿਹੜੀ ਚੀਜ਼, ਦਾਲ ਸਬਜ਼ੀ ਪਸੰਦ ਕਰਦੇ ਹਨ?

ਜਵਾਬ: ਮੇਥੇ ਵਾਲੀ ਮੱਕੀ ਦੀ ਰੋਟੀ ਤੇ ਮੂਲੀਆਂ ਵਾਲੇ ਪਰੌਂਠੇ।

ਸਵਾਲ: ਤੁਹਾਡੇ ਬਣਾਏ ਖਾਣੇ ਜਾਂ ਹੋਰ ਕੀਤੇ ਕੰਮਾਂ ਦੀ ਇਹ ਬਣਦੀ ਪ੍ਰਸ਼ੰਦਾ ਕਰਦੇ ਹਨ?

ਜਵਾਬ: ਪ੍ਰਸੰਸਾ ਕਰਨ ਵਿੱਚ ਤਾਂ ਇਹ ਬੜੇ ਮਾਹਰ ਹਨ ਅਤੇ ਨੁਕਸ ਕੱਢਣ ਵਿੱਚ ਵੀ।

ਸਵਾਲ: ਕੋਈ ਹੋਰ ਗੱਲ ਜੋ ਤੁਸੀਂ ਆਪ ਦੱਸਣੀ ਚਾਹੁੰਦੇ ਹੋਵੋ?

ਜਵਾਬ: ਤੁਸੀਂ ਸਵਾਲਾਂ ਵਿੱਚ ਕੋਈ ਕਸਰ ਹੀ ਨਹੀਂ ਛੱਡੀ।

ਮੁਲਾਕਾਤੀ-ਅਦਾਰਾ ‘ਸੀਰਤ’

ਸੁਰਜੀਤ ਪਾਤਰ ਦਾ ਪਤਨੀ ਦੇ ਨਾਂ ਖ਼ਤ

ਮੇਰਾ ਵਿਆਹ ਨੂੰ ਸਾਲ ਹੋ ਗਿਆ ਸੀ ਪਰ ਸਾਡੇ ਘਰ ਕੋਈ ਬੱਚਾ ਨਹੀ ਸੀ । ਉਸ ਉਡੀਕ ਵਿਚ ਰਲੀ ਥੋੜ੍ਹੀ ਜਿਹੀ ਉਦਾਸੀ ਵਿਚੋ

ਮੈ ਇਹ ਗੀਤ ਲਿਖਿਆ ਜੋ ਆਪਣੀ ਜੀਵਨ – ਸਾਥਣ ਭੁਪਿੰਦਰ ਨੂੰ ਸੰਬੋਧਿਤ ਹੈ :

ਕਦੋ ਗੁਲਾਬ ਖਿੜੇਗਾ ਅੜੀਏ ਟਹਿਣੀਏ

ਕਦ ਤੁਰਸੀ ਬ੍ਰਹਿਮੰਡ ਨੀ ਖੜੀਏ ਟਹਿਣੀਏ

ਨੀਰ ਗਏ ਪਥਰਾ ਨੀ ਚੁਪ ਚੁਪ ਰਹਿਣੀਏ

ਟੁੱਟਣਾ ਕਦੋ ਸਰਾਪ ਨੀ ਦੁਖੜੇ ਸਹਿਣੀਏ

ਪਿਤਰਾਂ ਕੋਲੇ ਜਾਹ ਵੇ ਮੇਰਿਆ ਰਾਜਿਆ

ਜਾ ਕੇ ਸੀਸ ਨਿਵਾ ਵੇ ਮੇਰਿਆ ਹਾਕਮਾ

ਚੰਨ ਤੋ ਡਿਗੇ ਗੁਲਾਬ ਸਮੁੰਦਰ ਆ ਟਿਕੇ

ਤਰਦਾ ਤਰਦਾ ਆਣ ਵੇ ਲੱਗੇ ਕੰਢੜੇ

ਫਿਰ ਲੂਆਂ ਵਿਚਕਾਰ ਤਰਦੀਆਂ ਪੱਤੀਆਂ

ਲੱਗਣ ਕੁੱਖ ਦੇ ਨਾਲ ਵੇ ਮਮਤਾ-ਮੱਤੀਆਂ

ਕੌਣ ਦਏ ਸਰਨਾਵਾਂ ਓਸ ਗੁਲਾਬ ਨੂੰ

ਕੌਣ ਲਭਾਵੇ ਥਾਂਵਾਂ ਵਿਚ ਹਨ੍ਹੇਰਿਆਂ

ਇਕ ਵਾਰੀ ਅਸੀ ਰੁੱਸੇ ਹੋਏ ਸਾਂ ।ਇਹ ਰੋ ਕੇ ਸੌ ਗਈ ਸੀ ਤੇ ਮੈ ਇਹਦੇ ਵੱਲ ਦੇਖ ਕੇ ਕਵਿਤਾ ਲਿਖ ਰਿਹਾ ਸਾਂ :

ਕਿਤੇ ਏਹੀ ਗੱਲ ਨ ਹੋਵੇ ਕਿਤੇ ਇਸਤਰਾਂ ਨ ਹੋਵੇ

ਤੇਰੇ ਚਿਹਰੇ ਉਤਲਾ ਨ੍ਹੇਰਾ ਮੇਰੀ ਛਾਂ ਨ ਹੋਵੇ

ਉਹ ਜੋ ਸੌ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ

ਕਿਤੇ ਖ਼ਾਬ ਵਿਚ ਭਟਕਦਾ ਉਹ ਥਾਂ ਕੁਥਾਂ ਨ ਹੋਵੇ

Comments

No comments yet. Why don’t you start the discussion?

Leave a Reply

Your email address will not be published. Required fields are marked *