ਜਦੋਂ ਸੁਰਜੀਤ ਪਾਤਰ ਪਹਿਲੀ ਵਾਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿਚ ਖੜਾ ਹੋਇਆ ਤੇ ਉਹਨੇ ਇਸ ਬਾਰੇ ਮੈਨੂੰ ਦੱਸਿਆ ਤਾਂ ਮੈਂ ਖ਼ੁਸ਼ ਨਹੀਂ ਸਾਂ ਹੋਇਆ।
ਮੈਂ ਸ਼ੁਰੂ ਤੋਂ ਸੋਚਿਆ ਸੀ ਕਿ ਕਦੀ ਵੀ ਕੋਈ ਸਾਹਿਤਕ ਜਾਂ ਸਿਆਸੀ ਚੋਣ ਨਹੀਂ ਲੜਨੀ। ਇੱਕ ਵਾਰ ਮੈਨੂੰ ਸਰਬਸੰਮਤੀ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਬਣਨ ਦੀ ਪੇਸ਼ਕਸ਼ ਹੋਈ। ਮੈਂ ਸਾਫ਼ ਨਾਂਹ ਕਰ ਦਿੱਤੀ। ਦੂਜੀ ਵਾਰ ਫੇਰ ਮੈਨੂੰ ਜਗਜੀਤ ਸਿੰਘ ਆਨੰਦ ਅਤੇ ਹਰਭਜਨ ਹੁੰਦਲ ਹੁਰਾਂ ਨੇ ਵਾਰੀ ਵਾਰੀ ਜ਼ੋਰ ਲਾਇਆ ਕਿ ਇਸ ਵਾਰ ਤੇਰੇ ’ਤੇ ਕੇਂਦਰੀ ਸਭਾ ਦੀ ਸਰਬਸੰਮਤੀ ਨਾਲ ਪ੍ਰਧਾਨ ਬਣਨ ’ਤੇ ਸਹਿਮਤੀ ਹੋ ਗਈ ਹੈ। ਨਾਂਹ ਨਾ ਕਰੀਂ। -ਪਰ ਮੈਂ ਕਿਹਾ, “ਮੈਂ ਇਹਨਾਂ ਗੱਡਾਂ ਦਾ ਬੌਲਦ ਹਾਂ ਹੀ ਨਹੀਂ। ਮੈਨੂੰ ਮੁਆਫ਼ ਕਰਨਾ!”

ਜਦੋਂ ਅਜਮੇਰ ਸਿੰਘ ਔਲਖ ਕੇਂਦਰੀ ਦੇ ਪ੍ਰਧਾਨ ਦੀ ਚੋਣ ਲੜਨ ਲੱਗਾ ਤਾਂ ਮੈਂ ਉਸ ਨਾਲ ਵੀ ਨਰਾਜ਼ ਹੋਇਆ ਸਾਂ, ਪਰ ਉਹ ਕਹਿੰਦਾ, “ਹੁਣ ਦੋਸਤਾਂ ਨੇ ਖੜਾ ਕਰ ਦਿੱਤੈ।”-ਪਰ ਬਾਅਦ ਵਿਚ ਉਹਨੇ ਵੀ ਮੈਨੂੰ ਕਿਹਾ, “ਤੂੰ ਠੀਕ ਕਹਿੰਦਾ ਸੈਂ। ਇਸ ਕੰਮ ਵਿਚ ਆਪਣੇ ਵਰਗਿਆਂ ਲਈ ਕੁਝ ਨਹੀਂ ਪਿਆ।”
ਇਹਨਾਂ ਵਿਚਾਰਾਂ ਦੀ ਰੌਸ਼ਨੀ ਵਿਚ ਹੀ ਮੈਂ ਪਾਤਰ ਨੂੰ ਕਿਹਾ ਕਿ ਤੇਰਾ ਨਾਂ ਸਾਰੇ ਅਹੁਦਿਆਂ ਅਤੇ ਇਨਾਮਾਂ-ਸਨਮਾਨਾਂ ਤੋਂ ਵੱਡਾ ਹੈ। ਸਾਰੇ ਤੈਨੂੰ ਮੁਹੱਬਤ ਕਰਦੇ ਹਨ। ਚੋਣਾਂ ਵਿਚ ਤਾਂ ਅਗਲੇ ਤੁਹਾਡੇ ਖ਼ਿਲਾਫ਼ ਘਟੀਆ ਤੋਂ ਘਟੀਆ ਇਲਜ਼ਾਮ-ਤਰਾਸ਼ੀ ’ਤੇ ਉੱਤਰ ਆਉਂਦੇ ਨੇ। ਰਾਜਨੀਤਕ ਚੋਣਾਂ ਵਿਚ ਤਾਂ ਅਗਲੇ ਬੰਦੇ ਦੀਆਂ ਪੀੜ੍ਹੀਆਂ ਤੱਕ ਦਾ ਸੱਚ-ਝੂਠ ਮਿਲਾ ਕੇ ਤੇ ‘ਗੰਦ’ ਫੋਲ ਕੇ ਖ਼ਿਲਾਰ ਦਿੰਦੇ ਨੇ। ਇਹ ਠੀਕ ਹੈ ਸਾਹਿਤ ਦੀ ਸਿਆਸਤ ਵਿਚ ਅਜੇ ਓਨਾ ਨਿਘਾਰ ਭਾਵੇਂ ਨਹੀਂ ਆਇਆ ਕਿ ਬੰਦੇ ਦੇ ਨਿੱਜ ਅਤੇ ਪਰਿਵਾਰਾਂ ਤੱਕ ਜਾ ਕੇ ਨਿੰਦਿਆ ਕੀਤੀ ਜਾਵੇ। ਪਰ ਸਾਹਿਤਕ ਸਿਆਸਤ ਵੀ ਤਾਂ ਆਖ਼ਰ ਸਿਆਸਤ ਦਾ ਹੀ ਹਿੱਸਾ ਹੈ। ਇਸ ਲਈ ਸੌ ਜਣੇ ਤੈਨੂੰ ਚੰਗਾ-ਮੰਦਾ ਵੀ ਬੋਲਣਗੇ। ਇਸਦਾ ਤੈਨੂੰ ਤਾਂ ਕੀ ਸਾਨੂੰ ਵੀ ਤੇਰੇ ਜਿੰਨਾਂ ਹੀ ਦੁੱਖ ਹੋਵੇਗਾ। ਤੈਨੂੰ ਚੋਣਾਂ ਵਿਚ ਖਲੋਣਾ ਨਹੀਂ ਸੀ ਚਾਹੀਦਾ। ਪਰ ਜੇ ਤੂੰ ਹੁਣ ਡਟ ਹੀ ਗਿਆ ਏਂ ਤਾਂ ਅਸੀਂ ਕਿੱਥੇ ਜਾਣਾ ਹੈ! ਅਸੀਂ ਤਾਂ ਤੇਰੇ ਨਾਲ ਹੀ ਹਾਂ।
ਅਸੀਂ ਸਭਨਾਂ ਨੇ ਆਪਣੇ ਵੱਕਾਰ ਦਾ ਸਵਾਲ ਬਣਾ ਕੇ ਇਹ ਚੋਣ ਲੜੀ। ਪਾਤਰ ਦੀ ਹਾਰ ਸਾਡੀ ਆਪਣੀ ਹਾਰ ਹੋਣੀ ਸੀ। ਡਾ ਰਘਬੀਰ ਸਿੰਘ ਸਿਰਜਣਾ, ਗੁਲਜ਼ਾਰ ਸਿੰਘ ਸੰਧੂ, ਜਗਦੀਸ਼ ਸਿੰਘ ਵਰਿਆਮ ਅਤੇ ਹੋਰ ਸਭ ਦੋਸਤਾਂ ਨੇ ਦਿਨ ਰਾਤ ਇੱਕ ਕਰ ਦਿੱਤਾ।
ਪਾਤਰ ਚੋਣ ਜਿੱਤ ਗਿਆ ਤਾਂ ਸਾਨੂੰ ਸੁਖ ਦਾ ਸਾਹ ਆਇਆ। ਉਹਦੀ ਤਾਂ ਬਚੀ ਹੀ, ਸਾਡੀ ਵੀ ਇੱਜ਼ਤ ਬਚ ਗਈ। ਜਿੱਤਿਆ ਉਹ ਸਾਡੇ ਕਰ ਕੇ ਨਹੀਂ, ਆਪਣੇ ਕਰ ਕੇ ਸੀ, ਆਪਣੀ ਕਵਿਤਾ ਦੇ ਮਾਣ ਕਰ ਕੇ ਹੀ।

ਜਿੱਤਣ ਤੋਂ ਬਾਅਦ ਪਾਤਰ ਨੇ ਠੀਕ ਲਿਖਿਆ ਸੀ, “ਅੱਜ ਕਵਿਤਾ ਜਿੱਤ ਹੋਈ ਏ!”
ਪਰ ਅਗਲੀ ਚੋਣ ਵੇਲੇ ਪਾਤਰ ਮੁੜ ਪ੍ਰਧਾਨਗੀ ਦੀ ਚੋਣ ਲਈ ਖਲੋ ਗਿਆ। ਅਸੀਂ ਇਸ ਵਾਰ ਵੀ ਕਿੱਥੇ ਜਾਣਾ ਸੀ! ਪਰ ਮੈਂ ਏਨਾ ਜ਼ਰੂਰ ਕਿਹਾ, “ਕਿਉਂ ਹਰ ਵਾਰ ਆਪਣਾ ਤੇ ਸਾਡਾ ਇਮਿਤਹਾਨ ਲੈਂਦਾ ਏਂ। ਪ੍ਰਧਾਨ ਭਾਵੇਂ ਵੀਹ ਵਾਰ ਬਣ ਜਾ, ਪਰ ਲੋਕਾਂ ਨੇ ਤੈਨੂੰ ਕੇਵਲ ਤੇ ਕੇਵਲ ਸ਼ਾਇਰ ਸੁਰਜੀਤ ਪਾਤਰ ਦੇ ਤੌਰ ’ਤੇ ਹੀ ਜਾਣਨਾ ਹੈ। ਕਿਸੇ ਨੇ ਤੇਰੀਆਂ ਪ੍ਰਧਾਨਗੀਆਂ, ਅਹੁਦਿਆਂ ਜਾਂ ਇਨਾਮਾਂ ਸਨਮਾਨਾਂ ਦਾ ਜ਼ਿਕਰ ਨਹੀਂ ਕਰਨਾ!”
ਪਹਿਲੀ ਵਾਰ ਉਹਦੇ ਪ੍ਰਧਾਨ ਬਣਨਤੋਂ ਬਾਅਦ ਅਸੀਂ ਹਰਦੇਵ ਵਿਰਕ ਦੇ ਕਹਿਣ ’ਤੇ ਅਡਮਿੰਟਨ ਵਿਚ ਇਕੱਠੇ ਹੋਏ। ਪਾਤਰ, ਦੇਵ ਦਿਲਦਾਰ ਤੇ ਮੇਰਾ ਪ੍ਰੋਗਰਾਮ ਸੀ। ਮੈਂ ਹੱਸਦਿਆਂ ਪਾਤਰ ਨੂੰ ਕਿਹਾ, “ਜੇ ਹੁਣ ਮੈਂ ਸਰੋਤਿਆਂ ਨੂੰ ਇਹ ਦੱਸਾਂ ਕਿ ਅੱਜ ਤੁਸੀਂ ਪੰਜਾਬੀ ਸਾਹਿਤ ਅਕਾਦਮੀ ਦੈ ਪ੍ਰਧਾਨ ਸੁਰਜੀਤ ਪਾਤਰ ਦੀਆਂ ਗੱਲਾਂ ਤੇ ਸ਼ਾਇਰੀ ਦਾ ਆਨੰਦ ਮਾਣੋਂਗੇ! ਤਾਂ ਕਿੰਨੀ ਫ਼ਜ਼ੂਲ ਗੱਲ ਲੱਗੇਗੀ। ਇਹ ਤਾਂ ਕੇਵਲ ਸੁਰਜੀਤ ਪਾਤਰ ਨੂੰ ਮਿਲਣ ਤੇ ਸੁਣਨ ਆਏ ਨੇ, ਕਿਸੇ ਅਕਾਦਮੀ ਦੇ ਪ੍ਰਧਾਨ ਨੂੰ ਨਹੀਂ।”
ਸੁਰਜੀਤ ਪਾਤਰ ਮਿੰਨ੍ਹਾਂ ਜਿਹਾ ਹੱਸਿਆ ਤੇ ਮੋਹ ਨਾਲ ਮੇਰੇ ਹੱਥ ਘੁੱਟ ਲਏ।
ਜਿੰਨਾਂ ਚਿਰ ਜਿਊਂਦਾ ਸੀ, ਸਮਾਗਮਾ ਵਿਚ ਉਸ ਬਾਰੇ ਬੋਲਣ ਵਾਲੇ ਉਹਦੇ ਅਹੁੱਦਿਆਂ ਤੇ ਸਨਮਾਨਯੋਗ ਲਕਬਾਂ ਨਾਲ ਵੀ ਉਹਨੂੰ ਸੰਬੋਧਨ ਕਰਦੇ। ਪਰ ਇਸ ਨਾਲ ਉਹਦੇ ਸਾਹਿਤਕ ਕੱਦ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ। ਪੈ ਹੀ ਨਹੀਂ ਸੀ ਸਕਦਾ।
ਹੁਣ ਉਹ ਸਾਡੇ ਵਿਚੋਂ ਦੇਹ ਕਰ ਕੇ ਭਾਵੇਂ ਉੱਠ ਕੇ ਚਲੇ ਗਿਆ ਹੈ, ਪਰ ਪੰਜਾਬੀ ਕਵਿਤਾ ਦਾ ਸਰੂਪ ਸ਼ਾਇਰ ਸੁਰਜੀਤ ਪਾਤਰ ਸਾਡੇ ਦਿਲਾਂ ਵਿਚ ਪੱਕੇ ਡੇਰੇ ਲਾ ਕੇ ਬੈਠ ਗਿਆ ਹੈ।
ਹੁਣ ਉਹਦੀ ਗੱਲ ਕਰਦਿਆਂ ਕਦੀ ਕਿਸੇ ਤੋਂ ਸੁਣਿਆ ਜੇ ਕਿ ਉਹਦੇ ਨਾਂ ਤੋਂ ਪਹਿਲਾਂ ਕੋਈ ਬੁਲਾਰਾ ਜਾਂ ਲਿਖਾਰੀ ਉਹਨੂੰ ਸਾਹਿਤ ਅਕਾਦਮੀ ਅਵਾਰਡ ਜੇਤੂ, ਸਰਸਵਤੀ ਸਨਮਾਨ ਯਾਫ਼ਤਾ, ਪਦਮ ਸ਼੍ਰੀ, ਡੀ ਲਿਟ ਜਾਂ ਡਾਕਟਰ ਜਿਹੇ ਲਕਬ ਲਾ ਕੇ ਉਹਦਾ ਜ਼ਿਕਰ ਕਰਦਾ ਹੋਵੇ।
ਉਹ ਤਾਂ ਸੁਰਜੀਤ ਪਾਤਰ ਸੀ, ਸੁਰਜੀਤ ਪਾਤਰ ਹੀ ਰਹੇਗਾ।
ਜਿਵੇਂ ਵਾਰਿਸ ਸ਼ਾਹ, ਵਾਰਿਸ ਸ਼ਾਹ ਹੀ ਹੈ, ਸ਼ਿਵ ਕੁਮਾਰ, ਸ਼ਿਵ ਕੁਮਾਰ ਹੈ, ਪਾਸ਼, ਪਾਸ਼ ਹੈ, ਇੰਝ ਹੀ ਸੁਰਜੀਤ ਪਾਤਰ, ਕੇਵਲ ਸੁਰਜੀਤ ਪਾਤਰ ਬਣ ਕੇ ਹੀ ਸਾਡੇ ਚੇਤਿਆਂ ਵਿਚ ਜਿਉਂਦਾ ਰਹੇਗਾ।
ਉਸ ਦੁਆਲੇ ਲਪੇਟਿਆ ਵਾਧੂ ਦਾ ਸਾਰਾ ਬਨਾਵਟੀ ਝਾੜ-ਫਾਨੂਸ ਹੌਲੀ ਹੌਲੀ ਉਸ ਨਾਲੋਂ ਝੜ ਜਾਣਾ ਹੈ।
ਸਿਰਫ਼ ਤੇ ਸਿਰਫ਼ ਸੁਰਜੀਤ ਪਾਤਰ ਨੇ ਲਿਸ਼ਕਦੇ, ਚਮਕਦੇ ਰਹਿਣਾ ਹੈ। ਪੰਜਾਬੀ ਕਵਿਤਾ ਦੇ ਅਸਮਾਨ ਵਿਚ ਧਰੂ ਤਾਰਾ ਬਣ ਕੇ।
ਆਉਣ ਵਾਲੀਆਂ ਨਸਲਾਂ ਦੇ ਸ਼ਾਇਰ ਹਨੇਰਿਆਂ ਰਾਹਾਂ ’ਚ ਉਸ ਧਰੂ ਤਾਰੇ ਤੋਂ ਰੌਸ਼ਨੀ ਲੈ ਕੇ ਗਵਾਚੀ ਹੋਈ ਕਵਿਤਾ ਦਾ ਰਾਹ ਲੱਭਿਆ ਕਰਨਗੇ।
ਉਂਝ ਉਹਨੂੰ ਵੀ ਧੁਰ ਅੰਦਰੋਂ ਪਤਾ ਹੀ ਸੀ ਇਸ ਗੱਲ ਦਾ।
ਉਸ ਨੇ ਐਵੇਂ ਤਾਂ ਨਹੀਂ ਸੀ ਲਿਖਿਆ−
ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ‘ਪਾਤਰ’
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ
-0-
ਵਰਿਆਮ ਸਿੰਘ ਸੰਧੂ