ਇਸ ਧਰਤੀ ਦੇ ਮਹਾਨ ਸ਼ਬਦ ਸਾਧਕ ਸੁਰਜੀਤ ਪਾਤਰ ਨੇ ਆਪਣੀ ਸਾਧਨਾ ਮੁਕੰਮਲ ਕਰ ਲੈਣ ਦਾ ਐਲਾਨ ਕਰ ਦਿੱਤਾ ਹੈ। ਸੁਰਜੀਤ ਪਾਤਰ ਕਿਸੇ ਸਰੀਰ ਦਾ ਨਾਮ ਨਹੀਂ। ਸਾਇਸਤਗੀ, ਪਾਕੀਜ਼ਗੀ, ਲਿਆਕਤ, ਨਫ਼ਾਸਤ, ਸੁਹਿਰਦਤਾ, ਸਹਿਣਸ਼ੀਲਤਾ, ਨਿਮਰਤਾ ਤੇ ਸੋਹਜ ਵਰਗੀਆਂ ਹੋਰ ਕਿੰਨੀਆਂ ਸੋਹਣੀਆਂ ਚੀਜ਼ਾਂ ਦਾ ਸੁਮੇਲ ਬਣਿਆਂ; ਸੁਰਜੀਤ ਪਾਤਰ। ਉਹਨਾਂ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਭਾਈ ਬਲਦੀਪ ਸਿੰਘ ਗਾ ਰਹੇ ਸਨ:
ਬਾਬਾ ਬੋਲਤੇ ਤੇ ਕਹਾ ਗਏ
ਦੇਹੀ ਕੇ ਸੰਗਿ ਰਹਤੇ।
ਸੁਰਤਿ ਮਾਹਿ ਜੋ ਨਿਰਤੇ ਕਰਤੇ
ਕਥਾ ਬਾਰਤਾ ਕਹਤੇ।
ਮਨੁੱਖ ਦੇਹੀ ਸੰਗ ਰਹਿੰਦਿਆਂ ਹੀ ਕਥਾ ਵਾਰਤਾ ਕਰਦਾ ਹੈ ਅਤੇ ਦੇਹੀ ਤੋਂ ਜੁਦਾ ਹੋਣ ਨਾਲ ਇਹ ਕਥਾ ਵਾਰਤਾ ਬੰਦ ਹੋ ਜਾਂਦੀ ਹੈ। ਪਾਤਰ ਸਾਹਿਬ ਵੱਲੋਂ ਹੋਰ ਕਥਾ ਵਾਰਤਾ ਦਾ ਕੀਤਾ ਜਾਣਾ ਭਾਵੇਂ ਬੰਦ ਹੋ ਗਿਆ ਪਰੰਤੂ ਹੁਣ ਤੱਕ ਕੀਤੀ ਕਥਾ ਵਾਰਤਾ ਦਾ ਸੁਣੇ ਜਾਣਾ ਚਲਦਾ ਰਹਿਣਾ ਹੈ। ਉਹਨਾਂ ਵੱਲੋਂ ਦੇਹੀ ਨਾਲ ਰਹਿੰਦਿਆਂ ਕੀਤੀ ਗਈ ਕਥਾ ਵਾਰਤਾ ਸਦੀਆਂ ਤੱਕ ਚਲਦੀ ਰਹਿਣੀ ਹੈ:
ਕੁਦਰਤ ਹੱਥੀਂ ਵੱਜਦਾ ਸੁਰ ਹੋਇਆ ਪਿੰਡਾ ਸਾਜ਼।
ਸਦੀਆਂ ਤੀਕਰ ਗੂੰਜਣੀ ਇਸ ਦੀ ਮਧੁਰ ਆਵਾਜ਼।
ਮੌਤ ਜੀਵਨ ਦਾ ਅਜਿਹਾ ਦਿਲਚਸਪ ਪੜਾ ਹੈ ਜਿਸ ਤੋਂ ਬਾਅਦ ਮਨੁੱਖ ਨਵੇਂ ਤਰੀਕੇ ਨਾਲ ਜੀਉਣ ਲੱਗਦਾ ਹੈ। ਜਦੋਂ ਕੋਈ ਪਿਆਰਾ ਆਪਣੇ ਸਰੀਰ ਕਰਕੇ ਸਾਡੇ ਤੋਂ ਵਿਛੜ ਜਾਂਦਾ ਹੈ ਤਾਂ ਉਹ ਆਪਣੇ ਵਿਚਾਰਾਂ, ਆਪਣੇ ਕਾਰਜਾਂ, ਆਪਣੀਆਂ ਯਾਦਾਂ, ਆਪਣੀਆਂ ਗੱਲਾਂ ਕਰਕੇ ਸਾਡੇ ਨਾਲ ਜਿਉਣ ਲੱਗਦਾ ਹੈ। ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੇ ਜੀਵਨ ਦੇ ਇਸ ਨਵੇਂ ਰੂਪ ਨੂੰ ਆਪਣੇ ਨਾਲ ਕਿਵੇਂ ਸਾਂਭਣਾ ਅਤੇ ਹੰਢਾਉਣਾ ਹੈ।

ਹੁਣ ਹੁਣੇ ਅਸੀਂ ਪਾਤਰ ਸਾਹਿਬ ਨੂੰ ਜੀਵਨ ਦੇ ਇੱਕ ਰੂਪ ਤੋਂ ਦੂਜੇ ਰੂਪ ਵੱਲ ਮੋੜ ਕੱਟਦਿਆਂ ਦੇਖਿਆ ਹੈ। ਪਿਛਲੇ ਸਾਲਾਂ ਵਿੱਚ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਸਾਨੂੰ ਪੁਰਾਣੀਆਂ ਲੱਗਣ ਲੱਗ ਪਈਆਂ ਸਨ ਰਾਤੋ ਰਾਤ ਇਕ ਦਮ ਨਵੀਆਂ ਨਕੋਰ ਹੋ ਗਈਆਂ ਹਨ। ਮਿਸਾਲ ਦੇ ਤੌਰ ਤੇ:
ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ।
ਜਦੋਂ ਤੱਕ ਲਫਜ਼ ਜਿਊਂਦੇ ਨੇ ਸੁਖ਼ਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿੱਚ ਸਵਾਹ ਬਣਦੇ।
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਉਹਨਾਂ ਨੇ ਇੱਕ ਪ੍ਰਤੀਮਾਨ ਵਾਂਗ ਹਮੇਸ਼ਾ ਸਾਡੇ ਅੰਗ ਸੰਗ ਰਹਿਣਾ ਹੈ ਜਿਸ ਦੇ ਹਵਾਲੇ ਨਾਲ ਅਸੀਂ ਆਪਣੇ ਕਾਰ-ਵਿਹਾਰ, ਸੁਭਾਅ, ਵਤੀਰੇ, ਰਚਨਾਵਾਂ ਆਦਿ ਨੂੰ ਨਾਪ-ਤੋਲ ਅਤੇ ਨਿਰਖ-ਪਰਖ਼ ਸਕਦੇ ਹੋਵਾਂਗੇ।
ਕਾਦਰ- ਕੁਦਰਤ ਦਾ ਬੇਹੱਦ ਸ਼ੁਕਰਾਨਾ ਜਿਸ ਨੇ ਸਾਡੇ ਸਮਿਆਂ ਵਿੱਚ ਲੋਕਾਈ ਨੂੰ ਇੰਨੇ ਖੂਬਸੂਰਤ ਅਤੇ ਪਿਆਰੇ ਤੋਹਫ਼ੇ ਨਾਲ ਨਿਵਾਜਿਆ।
( ਫੋਟੋ : ਰਵੀ )