ਨਵੀਂ ਪੰਜਾਬੀ ਕਵਿਤਾ ਦੀਆਂ ਸਾਰੀਆਂ ਲਹਿਰਾਂ, ਸਾਰੀਆਂ ਕਾਵਿ-ਪ੍ਰਵਿਰਤੀਆਂ, ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਸਾਰੀਆਂ ਸੰਸਥਾਵਾਂ ਤੋਂ ਉੱਚੇ ਕੱਦ-ਬੁੱਤ ਵਾਲਾ ਸੁਰਜੀਤ ਪਾਤਰ ਹੁਣ ਇਸ ਦੁਨੀਆ ਵਿਚ ਨਹੀਂ ਹੈ। ਉਸ ਦਾ ਜਾਣਾ ਸ਼ਾਂਤ ਵਗਦੀ ਨਦੀ ਦੇ ਮਾਰੂਥਲ ਵਿਚ ਜੀਰ ਜਾਣ ਵਰਗਾ ਹੈ। ਉਸ ਨੇ ਕਦੇ ਲਿਖਿਆ ਸੀ :-
ਮੈਂ ਆਵਾਜ਼ਾਂ ਤੈਨੂੰ ਬੜੀਆਂ ਮਾਰੀਆਂ

ਚੁੱਪ ਨੂੰ ਆਵਾਜ਼ ਦੇਣ ਵਾਲਾ ਸ਼ਾਇਰ ਚੁੱਪ ਹੋ ਗਿਆ ਹੈ। ਉਹ ਪਜਾਬੀ ਕਾਵਿ-ਜਗਤ ਦਾ ਅਜਿਹਾ ਨਾਂਅ ਹੈ ,ਜਿਸ ਦਾ ਕੋਈ ਸਾਨੀ ਨਹੀਂ ਹੈ। ਪੰਜਾਬੀ ਕਵਿਤਾ ਦਾ ਪਰਿਆਏ ਬਣਿਆ ਸੁਰਜੀਤ ਪਾਤਰ ਇਕ ਅਜਿਹੀ ਸਰਵ-ਪ੍ਰਵਾਨਿਤ ਸ਼ਖ਼ਸੀਅਤ ਸੀ, ਜਿਸ ਨੂੰ ਹਰ ਕੋਈ ਸਤਿਕਾਰ ਦਿੰਦਾ ਸੀ, ਪਿਆਰ ਕਰਦਾ ਸੀ, ਉਸ ਤੋਂ ਅਗਵਾਈ ਲੈਂਦਾ ਸੀ।
ਕੋਲੰਬੀਆ ਦੇ ਵਿਸ਼ਵ ਕਵਿਤਾ ਉਤਸਵ ਵਿਚ ਭਾਰਤੀ ਕਵਿਤਾ ਦੀ ਪ੍ਰਤੀਨਿਧਤਾ ਕਰਨਾ, ਚੀਨ ਵਿਚ ਜਾਣ ਵਾਲੇ ਭਾਰਤੀ ਲੇਖਕਾਂ ਦੇ ਵਫ਼ਦ ਵਿਚ ਸ਼ਾਮਿਲ ਹੋਣਾ, ਨਿਊਯਾਰਕ ਦੀ ਲਿਟਰੇਚਰ ਕਾਨਫ਼ਰੰਸ ਵਿਚ ਭਾਰਤੀ ਕਵੀ ਵਜੋਂ ਸ਼ਿਰਕਤ ਕਰਨਾ”, ਜਰਮਨ ਦੇ ਪੁਸਤਕ ਮੇਲੇ ਵਿਚ ਪੰਜਾਬੀ ਕਵੀ ਵਜੋਂ ਹਾਜ਼ਰੀ ਭਰਨੀ, ਆਬੂਧਾਬੀ ਦੇ ਵਿਸ਼ਵ ਪੁਸਤਕ ਮੇਲੇ ਵਿਚ ਭਾਰਤੀ ਸਾਹਿਤਕਾਰ ਵਜੋਂ ਉਸ ਨੂੰ ਬੁਲਾਏ ਜਾਣਾ ਸੁਰਜੀਤ ਪਾਤਰ ਦੇ ਵੱਡੇ ਹਾਸਿਲ ਸਨ।
ਪਾਰਗਾਮੀ ਸੁਭਾਅ ਵਾਲਾ ਅਜਿਹਾ ਵਿਅਕਤੀਤਵ ਸਦੀਆਂ ਬਾਅਦ ਹੀ ਪੈਦਾ ਹੁੰਦਾ ਹੈ। 14 ਜਨਵਰੀ, 1945 ਨੂੰ ਦੁਆਬੇ ਦੇ ਪੱਤੜ ਕਲਾਂ ਪਿੰਡ ਵਿਚ ਪੈਦਾ ਹੋਇਆ ਪਾਤਰ ਰੋਟੀ ਰੋਜ਼ੀ ਲਈ ਲੁਧਿਆਣਾ ਵਾਸੀ ਹੋ ਗਿਆ ਸੀ। ਐੱਮ.ਏ. ਪੰਜਾਬੀ ਵਿਚ ਗੋਲਡ ਮੈਡਲ ਪਰਾਪਤ ਕਰਨ ਵਾਲਾ ਪਾਤਰ, ਐੱਮ.ਫਿਲ, ਪੀਐੱਚ.ਡੀ. ਤਕ ਪੜ੍ਹਿਆ ਅਤੇ ਫੇਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਨੂੰ ਆਨਰੇਰੀ ਡੀ.ਲਿੱਟ ਦੀ ਡਿਗਰੀ ਵੀ ਪ੍ਰਦਾਨ ਕੀਤੀ। ਪਰ ਅਜਿਹੀਆਂ ਡਿਗਰੀਆਂ ਅਤੇ ਸਨਮਾਨਾਂ ਤੋਂ ਬਹੁਤ ਉੱਚਾ ਪਾਤਰ ਸ਼ਾਇਰੀ ਦਾ ਅਜਿਹਾ ਦਰਿਆ ਸੀ, ਜਿਸ ਦੀ ਰਵਾਨੀ ਕਵਿਤਾ ਨੂੰ ਤੁਰਨਾ ਸਿਖਾਉਂਦੀ ਸੀ। ‘ਹਵਾ ਵਿਚ ਲਿਖੇ ਹਰਫ਼’ ਤੋਂ ਸ਼ੁਰੂ ਹੋਈ ਉਸ ਦੀ ਰਚਨਾਕਾਰੀ ਦਾ ਸਫ਼ਰ ‘ਚੰਨ ਸੂਰਜ ਦੀ ਵਹਿੰਗੀ’ ਰਾਹੀਂ ਹੁੰਦਾ ਹੋਇਆ ‘ਇਹ ਬਾਤ ਨਿਰੀ ਏਨੀ ਨਹੀਂ’ ਤਕ ਫੈਲਿਆ ਹੋਇਆ ਸੀ। ਉਸ ਦੀ ਰਚਨਾਕਾਰੀ ਗ਼ਜ਼ਲਾਂ, ਗੀਤਾਂ, ਕਵਿਤਾਵਾਂ, ਨਾਟਕਾਂ ਅਤੇ ਵਾਰਤਕ ਦਾ ਉਹ ਖ਼ਜ਼ਾਨਾ ਹੈ, ਜਿਸ ਦੀ ਚਮਕ ਵਰਤਮਾਨ ਦੇ ਨਾਲ-ਨਾਲ ਭਵਿੱਖ ਨੂੰ ਵੀ ਰੁਸ਼ਨਾ ਦੇਣ ਦੀ ਸਮਰੱਥਾ ਰੱਖਦੀ ਹੈ। ਉਹ ਜਦੋਂ ਆਪਣੀਆਂ ਗ਼ਜ਼ਲਾਂ ਨਾਲ ਇਕਸੁਰ ਹੋ ਕੇ ਦਰਸ਼ਕਾਂ/ਸਰੋਤਿਆਂ ਸਾਹਮਣੇ ਹਾਜ਼ਰ ਹੁੰਦਾ ਤਾਂ ਸਮਾਂ ਠਹਿਰ ਜਾਂਦਾ ਸੀ।
ਉਸ ਦੀ ਇਸ ਅਦਾ ਦੀ ਝਲਕ ਉਸ ਦੀ ਅਗਲੀ ਪੀੜ੍ਹੀ ਵਿਚ ਉਸ ਦੇ ਛੋਟੇ ਬੇਟੇ ਮਨਰਾਜ ਵਿਚ ਵੀ ਝਲਕਦੀ ਹੈ। ਉਸ ਦੇ ਵੱਡੇ ਬੇਟੇ ਅੰਕੁਰ ਨੇ ਡਿਜੀਟਲ ਪੇਂਟਿੰਗ ਦਾ ਵਿਲੱਖਣ ਪੈਂਡਾ ਚੁਣਿਆ ਹੋਇਆ ਹੈ। ਉਸ ਦੇ ਬਣਾਏ ਹੋਏ ਬਹੁਤ ਸਾਰੇ ਪੋਰਟਰੇਟਾਂ ਵਿਚ ਆਪਣੇ ਪਿਤਾ ਸੁਰਜੀਤ ਪਾਤਰ ਦਾ ਬਣਾਇਆ ਹੋਇਆ ਪੋਰਟਰੇਟ ਵੀ ਅਦੁੱਤੀ ਹੈ।
ਸੁਰਜੀਤ ਪਾਤਰ ਦੀ ਧਰਮ ਪਤਨੀ ਭੂਪਿੰਦਰ ਕੌਰ ਜਦੋਂ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਆਪਣੀ ਆਵਾਜ਼ ਅਤੇ ਆਪਣੀਆਂ ਸੁਰਾਂ ਨਾਲ ਇਕਸੁਰ ਕਰਦੀ ਹੈ ਤਾਂ ਫਿਜ਼ਾ ਤਰੰਗਿਤ ਹੋ ਜਾਂਦੀ ਹੈ। ਇਕੋ ਘਰ ਵਿਚ ਇਕੋ ਛੱਤ ਹੇਠ ਵਗਦੇ, ਪੰਜਾਬੀ ਸਾਹਿਤ ਸਭਿਆਚਾਰ ਦੇ ਏਨੇ ਦਰਿਆਵਾਂ ਵਿਚੋਂ ਇਕ ਦਰਿਆ ਜ਼ਿੰਦਗੀ ਦੇ ਮਾਰੂਥਲ ਨੇ ਜੀਰ ਲਿਆ ਹੈ।
…ਪਾਤਰ ਨਾਲ ਮੇਰੀ ਪਹਿਲੀ ਮੁਲਾਕਾਤ ਸੰਨ 1972 ਨੂੰ ਬੀ.ਡੀ.ਆਰੀਆ ਕਾਲਜ ਜਲੰਧਰ ਛਾਉਣੀ ਵਿਖੇ ਹੋਈ ਸੀ। ਉਹ ਕਵਿਤਾ ਮੁਕਾਬਲਿਆਂ ਦੀ ਜਜਮੈਂਟ ਲਈ ਆਇਆ ਸੀ। ਮੈਂ ਜੰਡਿਆਲਾ ਕਾਲਜ ਵਿਚੋਂ ਕਾਵਿ-ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਪਹੁੰਚਿਆ ਸੀ। ਇਨਾਮ ਤਾਂ ਖ਼ਾਲਸਾ ਕਾਲਜ ਜਲੰਧਰ ਤੋਂ ਆਈ ਕਸ਼ਮੀਰ ਕਾਦਰ ਅਤੇ ਨਰਜੀਤ ਖਹਿਰਾ ਦੀ ਜੋੜੀ ਲੈ ਗਈ ਸੀ, ਪਰ ਪ੍ਰਤੀਯੋਗਤਾ ਦੇ ਜੱਜਾਂ ਵਲੋਂ ਪ੍ਰਤੀਭਾਗੀਆਂ ਨਾਲ ਪੀਤੀ ਗਈ ਚਾਹ ਦਾ ਸਵਾਦ ਅਤੇ ਸੁਰਜੀਤ ਪਾਤਰ ਨਾਲ ਕੀਤੀਆਂ ਗੱਲਾਂ ਦੀ ਮਿਠਾਸ ਅਜੇ ਵੀ ਮੈਨੂੰ ਸਰਸ਼ਾਰ ਕਰਦੀ ਰਹਿੰਦੀ ਹੈ…।
ਫੇਰ ਦੂਰਦਰਸ਼ਨ ਦੇ ਅਨੇਕਾਂ ਪ੍ਰੋਗਰਾਮਾਂ ਨਾਲ ਸੁਰਜੀਤ ਪਾਤਰ ਦਾ ਜੜਾਓ ਰਿਹਾ। ਕਦੇ ਸੂਰਜ ਦਾ ਸਿਰਨਾਵਾਂ, ਕਦੇ ਕਾਵਿਸ਼ਾਰ, ਕਦੇ ਲੋਕ ਰੰਗ ਤੇ ਫੇਰ ਰੂਬਰੂ ਉਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਹੈ ਜਿਨ੍ਹਾਂ ਦਾ ਕਦੇ ਉਹ ਸੰਚਾਲਕ ਰਿਹਾ ਅਤੇ ਕਦੇ ਪ੍ਰਤੀਭਾਗੀ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਉਹ ਪ੍ਰਧਾਨ ਰਿਹਾ ਅਤੇ ਫੇਰ 2017 ਵਿਚ ਉਸ ਨੂੰ ਪੰਜਾਬ ਕਲਾ ਪਰਿਸ਼ਦ ਦਾ ਚੇਅਰਮੈਨ ਬਣਾ ਦਿੱਤਾ ਗਿਆ। ਇਨ੍ਹਾਂ ਸਾਲਾਂ ਵਿਚ ਉਸ ਨੂੰ ਹੋਰ ਨੇੜਿਓਂ ਤੱਕਣ ਦਾ ਮੌਕਾ ਮਿਲਿਆ। ਉਸ ਦੀ ਅਗਵਾਈ ਵਿਚ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਦੇ ਅਹੁਦੇ ਉੱਤੇ ਰਹਿੰਦਿਆਂ ਮੈਂ ਉਸ ਦੀ ਸ਼ਖ਼ਸੀਅਤ ਦੇ ਗਹਿਰੇ ਰੰਗਾਂ ਨੂੰ ਅਤਿ ਨੇੜੇ ਤੋਂ ਵੇਖਣ ਦੇ ਅਨੁਭਵ ਦੀ ਜੋ ਅਮੀਰੀ, ਇਨ੍ਹਾਂ ਸਾਲਾਂ ਵਿਚ ਗ੍ਰਹਿਣ ਕੀਤੀ, ਉਹ ਮੇਰਾ ਬੇਹੱਦ ਵਡਮੁੱਲਾ ਸਰਮਾਇਆ ਹੈ। ਪੇਚੀਦਾ ਤੋਂ ਪੇਚੀਦਾ ਮਸਲਿਆਂ ਨੂੰ ਮਿੱਠੀ ਮੁਸਕਾਨ ਨਾਲ ਟਾਲ ਦੇਣਾ, ਉਸ ਦਾ ਮੀਰੀ ਗੁਣ ਸੀ। ਤਲਖ਼ੀ ਭਰੇ ਮਾਹੌਲ ‘ਚ ਵੀ ਚਾਰ ਚੁਫ਼ੇਰੇ ਭੁੜਕ ਰਹੀਆਂ ਮਿਰਚਾਂ ਨੂੰ ਮਿਸ਼ਰੀ ਬਣਾ ਦੇਣ ਦੀ ਕਲਾ, ਉਸ ਨੂੰ ਆਉਂਦੀ ਸੀ। ਅਸਹਿਮਤੀ ਨੂੰ ਸਹਿਮਤੀ, ਅਸਹਿਜਤਾ ਨੂੰ ਸਹਿਜਤਾ, ਤਲਖ਼ੀ ਨੂੰ ਤਰਲਤਾ ਵਿਚ ਬਦਲਣ ਵਾਲਾ ਜਾਦੂਗਰ ਮੇਰੀ ਮਨਪਸੰਦ ਸ਼ਖ਼ਸੀਅਤ ਸੀ…।
ਭਾਸ਼ਾ ਵਿਭਾਗ ਪੰਜਾਬ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਅਕਾਦਮੀ ਦਿੱਲੀ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰਾਂ ਦੇ ਨਾਲ-ਨਾਲ ਉਸ ਨੂੰ ਪੰਚਨਦ ਅਤੇ ਸਰਸਵਤੀ ਪੁਰਸਕਾਰਾਂ ਵਰਗੇ ਕੌਮੀ ਪੁਰਸਕਾਰ ਵੀ ਮਿਲ ਚੁੱਕੇ ਸਨ। ਦੇਸ਼ ਦਾ ਵਕਾਰੀ ਪੁਰਸਕਾਰ ਪਦਮਸ਼੍ਰੀ ਪੁਰਸਕਾਰ ਵੀ ਉਸ ਦੀ ਝੋਲੀ ਵਿਚ ਸੀ।… ਸਾਹਿਤਕ ਮੰਚਾਂ ਉੱਤੇ ਉਹ ਸ਼ਿਵ ਕੁਮਾਰ ਦਾ ਜਾਨਸ਼ੀਨ ਸੀ, ਕਵਿਤਾ ਦੀ ਸਰਬੰਗਤਾ ਵਿਚ ਉਹ ਪ੍ਰੋ. ਮੋਹਣ ਸਿੰਘ ਦਾ ਪੂਰਕ ਸੀ, ਪ੍ਰਗਤੀਵਾਦੀ ਧਾਰਾ ਵਿਚ ਉਹ ਪਾਸ਼ ਦਾ ਸਮਾਨੰਤਰੀ ਸੀ ਅਤੇ ਨਵੀ ਪੰਜਾਬੀ ਕਵਿਤਾ ਵਿਚ ਉਹ ਅਜਿਹਾ ਬੇਜੋੜ ਕਵੀ ਸੀ,ਜਿਸ ਦੀ ਕਿਸੇ ਵੀ ਸਮਾਗਮ ਵਿਚ ਹਾਜ਼ਰੀ ਦਿਨ ਦੇ ਸੂਰਜ ਅਤੇ ਰਾਤ ਦੇ ਚੰਦਰਮਾ ਵਰਗੀ ਸੀ…।
ਉਸ ਦੇ ਵਿਛੋੜੇ ਉੱਤੇ ਉਸ ਦੀ ਬਹੁਤ ਪਿਆਰੀ ਗ਼ਜ਼ਲ ਨੂੰ ਯਾਦ ਕਰਦਿਆਂ ਇਉਂ ਲੱਗ ਰਿਹਾ ਹੈ, ਜਿਵੇਂ ਉਹ ਕਹਿ ਰਿਹਾ ਹੋਵੇ… ਉਦਾਸ ਨਾ ਹੋਣਾ… ਮੈਂ ਬਹੁਤ ਜਲਦੀ ਪਰਤ ਆਵਾਂਗਾ…
ਜੇ ਆਈ ਪਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ਵਿਚ ਯਕੀਨ ਰੱਖੀਂ
ਮੈਂ ਲੱਭ ਕੇ ਲਿਆਉਂਦਾਂ ਕਿਤਿਓਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ…
ਕਿਸੇ ਵੀ ਸ਼ੀਸ਼ੇ ‘ਚ ਅਕਸ ਆਪਣਾ
ਗੰਧਲਦਾ ਤੱਕ ਨਾ ਉਦਾਸ ਹੋਈਂ
ਸੱਜਣ ਦੀ ਨਿਰਮਲ ਨਦਰ ‘ਚ ਹਰਦਮ
ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ…
ਉਦਾਸ ਮੌਸਮਾਂ ਵਿਚ ਵੀ ਸੱਜਣ ਦੀ ਨਿਰਮਲ ਨਜ਼ਰ ਵਿਚ, ਆਪਣੇ ਧਿਆਨ ਨੂੰ ਲੀਨ ਰੱਖਣ ਵਾਲਾ ਸੁਰਜੀਤ ਪਾਤਰ ਸਭ ਤਰ੍ਹਾਂ ਦੀਆਂ ਦੋਸਤੀਆਂ ਤੇ ਅਣਜਾਣੀਆਂ ਦੁਸ਼ਮਣੀਆਂ ਦੇ ਸਿਲਸਿਲੇ ਤੋੜ ਕੇ ਘੂਕ ਸੌਂ ਜਾਵੇਗਾ… ਇਹ ਤਾਂ ਸੋਚਿਆ ਹੀ ਨਹੀਂ ਸੀ :-
ਦੋਸਤੀ ਤੇ ਦੁਸ਼ਮਣੀ ਦੇ
ਸਿਲਸਿਲੇ ਸਭ ਤੋੜ ਕੇ
ਇਕ ਨਾ ਇਕ ਦਿਨ ਘੂਕ
ਸੌਂ ਜਾਵਾਂਗਾ ਮਿੱਟੀ ਓੜ ਕੇ।