Surjit-Patar-with-Jatinder-Pannu-Waryam-Sandhu-Hardev-Virk
Surjit-Patar-with-Jatinder-Pannu-Waryam-Sandhu-Hardev-Virk

ਸਾਡੇ ‘ਢਾਡੀ ਜਥੇ’ (ਸੁਰਜੀਤ ਪਾਤਰ, ਦੇਵ ਦਿਲਦਾਰ, ਵਰਿਆਮ ਸਿੰਘ ਸੰਧੂ) ਦਾ ਪਹਿਲਾ ‘ਦੀਵਾਨ’ : ਵਰਿਆਮ ਸਿੰਘ ਸੰਧੂ

ਸਾਡੇ ‘ਢਾਡੀ ਜਥੇ’ (ਸੁਰਜੀਤ ਪਾਤਰ, ਦੇਵ ਦਿਲਦਾਰ, ਵਰਿਆਮ ਸਿੰਘ ਸੰਧੂ) ਦਾ ਪਹਿਲਾ ‘ਦੀਵਾਨ’

(ਹੋ ਸਕਦਾ ਹੈ ਇਹ ਗੱਲਾਂ ਤੁਸੀਂ ਪਾਤਰ ਕੋਲੋਂ ਵੀ ਸੁਣੀਆਂ ਹੋਣ ਤੇ ਕਿਤੇ ਪੀੜ੍ਹੀਆਂ ਵੀ ਹੋਣ। ਪਰ ਉਸ ਦਿਨ 90% ਸਰੋਤੇ ਇਹ ਸਭ ਪਹਿਲੀ ਵਾਰ ਸੁਣ ਰਹੇ ਸਨ)

ਅਸੀਂ ਪਿੱਛੇ ਜ਼ਿਕਰ ਕੀਤਾ ਸੀ ਕਿ ਦੇਸ਼-ਵਿਦੇਸ਼ ਵਿਚ ਸੁਰਜੀਤ ਪਾਤਰ ਦੀ ਕਵਿਤਾ ਦੇ ਆਸ਼ਕ ਉਹਨੂੰ ਬਾਰ ਬਾਰ ਸੁਣਨਾ ਚਾਹੁੰਦੇ। ਉਹਨਾਂ ਦੀ ਭੁੱਖ ਸ਼ਾਂਤ ਨਾ ਹੁੰਦੀ। ਪਰ ਅਜੇ ਕੋਈ ਅਜਿਹਾ ਪ੍ਰੋਗਰਾਮ ਨਹੀਂ ਸੀ ਹੋਇਆ, ਜਿਸ ਵਿਚ ਕੋਈ ਸਵਾਲ-ਕਰਤਾ ਪਾਤਰ ਦੇ ਬਰਾਬਰ ਬੈਠ ਕੇ ਉਹਦੇ ਨਾਲ ਉਹਦੇ ਜੀਵਨ ਤੇ ਉਹਦੀ ਕਵਿਤਾ ਦੇ ਰਹੱਸ ਬਾਰੇ ਡੂੰਘੇ ਸਵਾਲ ਕਰਦਾ। ਪਾਤਰ ਦੇ ਅੰਦਰ ਨੂੰ ਉਥੱਲਦਾ, ਖੰਘਾਲਦਾ, ਪਾਤਰ ਅੰਦਰ ਲੁਕਿਆ ਹੋਇਆ ਪਾਤਰ ਦਰਿਆਫ਼ਤ ਕਰਦਾ ਤੇ ਨਾਲ ਦੇ ਨਾਲ ਕੋਈ ਵਧੀਆ ਗਾਇਕ ਉਹਦੀਆਂ ਗ਼ਜ਼ਲਾਂ ਨੂੰ ਗਾ ਕੇ ਪੇਸ਼ ਕਰਦਾ।

ਇਹ ਮਾਣ ਮੈਨੂੰ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਪਹਿਲਾ ਸਮਾਗਮ ਉਲੀਕਣ ਤੇ ਅਪਾਰ ਸਫ਼ਲਤਾ ਨਾਲ ਸਿਰੇ ਚਾੜ੍ਹਨ ਦਾ ਸੋਹਣਾ ਸਬੱਬ ਬਣਾਉਣ ਦਾ ਵਸੀਲਾ ਮੈਨੂੰ ਹੀ ਬਣਨਾ ਪਿਆ।

ਬੱਸ ਉਹ ਪਲ ਸੀ ਜਦੋਂ ਸਾਡੇ ਕਾਲਜ ਵੱਲੋਂ ਮਨਾਏ ਗਏ ‘ਸੁਨਹਿਰਾ ਜਸ਼ਨ’ ਸਮਾਗਮ ਵਿਚ ਦੇਵ ਦਿਲਦਾਰ ਨੂੰ ਪਾਤਰ ਦੀਆਂ ਗਜ਼ਲਾਂ ਸੁਣਾਉਂਦਿਆਂ ਸੁਰ ਤੇ ਸ਼ਬਦ ਦੇ ਖ਼ੂਬਸੂਰਤ ਸੰਗਮ ਦਾ ਜਲੌਅ ਵੇਖਿਆ ਤਾਂ ਮੇਰੇ ਮਨ ਵਿੱਚ ਉੱਡਦਾ ਜਿਹਾ ਖ਼ਿਆਲ ਆਇਆ ਕਿ ਅਜਿਹਾ ਪ੍ਰੋਗਰਾਮ ਕੀਤਾ ਜਾਵੇ, ਜਿਸ ਵਿਚ ਪਾਤਰ ਅਤੇ ਦਿਲਦਾਰ ਸਟੇਜ ’ਤੇ ਮੇਰੇ ਨਾਲ ਬੈਠੇ ਹੋਣ। ਮੈਂ ਪਾਤਰ ਦੇ ਦਿਲ ਤੇ ਜੀਵਨ ਨੂੰ ਫੋਲਣ ਲਈ ਸਵਾਲ ਕਰਾਂ। ਪਾਤਰ ਜਵਾਬ ਦੇਵੇ। ਤੇ ਗੱਲ ਐਸੇ ਮੋੜ ’ਤੇ ਮੁਕਾਵੇ ਕਿ ਅੱਗੋਂ ਉਹਦੀ ਪ੍ਰਸੰਗ ਨਾਲ ਢੁਕਦੀ ਗ਼ਜ਼ਲ ਦਾ ਗਾਇਨ ਦੇਵ ਦਿਲਦਾਰ ਕਰੇ।

ਇਸ ਬਾਰੇ ਪ੍ਰੋ ਨਿਰੰਜਨ ਸਿੰਘ ਢੇਸੀ ਤੇ ਮੈਂ ਪ੍ਰਿੰਸੀਪਲ ਨਾਲ ਗੱਲ ਕੀਤੀ। ਪ੍ਰੋਗਰਾਮ ਤੈਅ ਹੋ ਗਿਆ। ਤਰੀਕ ਮਿਥ ਲਈ ਗਈ।

ਸੁਰਜੀਤ ਪਾਤਰ ਦੀ ਕਵਿਤਾ ਅਤੇ ਜੀਵਨ ਦੀ ਗੁਫ਼ਾ ਵਿਚ ਉਤਰਨ ਲਈ ਸ਼ਬਦ ਅਤੇ ਸੁਰ ਦੇ ਝੰਮ ਝੰਮ ਕਰਦੇ ਹੀਰੇ ਜਵਾਹਰਾਤ ਦੇ ਦੀਦਾਰ ਕਰਨ ਕਰਵਾਉਣ ਲਈ, ਪਾਤਰ ਨਾਲ ਸਲਾਹ ਕਰ ਕੇ, ਇਤਿਹਾਸ ਵਿਚ ਅਜਿਹੀ ਪਹਿਲੀ ਸੰਦਲੀ ਤੇ ਸੁਰਮਈ ਸ਼ਾਮ ਦੀ ਤਾਰੀਖ਼ ਨਿਯਤ ਕਰ ਲਈ। ਸੁਰਜੀਤ ਪਾਤਰ ਤੇ ਦੇਵ ਦਿਲਦਾਰ ਸਮੇਂ ਸਿਰ ਕਾਲ਼ਜ ਵਿੱਚ ਪਹੁੰਚ ਗਏ। ਮੁੱਖ ਪ੍ਰਾਹੁਣੇ ਵਜੋਂ ਮੈਂ ਸਾਂਝੇ ਸਾਹਿਤਕ ਮਿੱਤਰ ਨ੍ਰਿਪਿੰਦਰ ਸਿੰਘ ਰਤਨ ਨੂੰ ਸੱਦਾ ਦਿੱਤਾ। ਉਹ ਉਦੋਂ ਪੰਜਾਬ ਦਾ ਸਿੱਖਿਆ ਸਕੱਤਰ ਸੀ। ਰਤਨ ਵੀ ਵੇਲੇ ਸਿਰ ਪਹੁੰਚ ਗਿਆ। ਪ੍ਰਿੰਸੀਪਲ ਦੇ ਦਫ਼ਤਰ ਵਿਚ ਸਾਰੇ ਚਾਹ-ਪਾਣੀ ਪੀ ਰਹੇ ਸਨ ਕਿ ਮੈਂ ਤੇ ਪਾਤਰ ਵੱਖਰੇ ਸੋਫ਼ੇ ’ਤੇ ਬਹਿ ਗਏ। ਦਸ-ਪੰਦਰਾਂ ਮਿੰਟਾਂ ਵਿਚ ਅਸੀਂ ਤੈਅ ਕਰ ਲਿਆ ਕਿ ਮੈਂ ਗੱਲ ਕਿੱਥੋਂ ਸ਼ੁਰੂ ਕਰਾਂਗਾ ਤੇ ਕਿਹੜੇ ਕਿਹੜੇ ਮੁੱਖ ਸਵਾਲ ਕਰਾਂਗਾ ਤੇ ਕਿਹੜੀਆਂ ਕਿਹੜੀਆਂ ਗ਼ਜ਼ਲਾਂ ਦੇਵ ਚੰਗੀ ਤਰ੍ਹਾਂ ਗਾ ਲਵੇਗਾ।

ਇਕੱਲ੍ਹੇ ਪਾਤਰ ਨਾਲ ਤਾਂ ਚਾਰ ਪੰਜ ਰੂ ਬ ਰੂ ਪ੍ਰੋਗਰਾਮ ਅਸੀਂ ਜਲੰਧਰ ਵਿੱਚ ਪਹਿਲਾਂ ਵੀ ਕਰ ਚੁੱਕੇ ਸਾਂ। ਦੋ ਕੁ ਵਾਰ ਵਕਫ਼ਿਆਂ ਬਾਅਦ ਆਪਣੇ ਕਾਲਜ ਵਿਚ ਹੀ ਵਿਦਿਆਰਥੀਆਂ ਤੇ ਕਾਲਜ ਦੇ ਚੁਨਿੰਦਾ ਅਧਿਆਪਕਾਂ ਦੀ ਹਾਜ਼ਰੀ ਵਿਚ ਅਤੇ ਦੋ ਕੁ ਵਾਰ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਵੀ। ਪਰ ਉਦੋਂ ਏਨੇ ਸਾਰੇ ਬਹੁ-ਪਰਤੀ ਸਵਾਲ ਇੱਕੋ ਸਮਾਗਮ ਵਿਚ ਨਹੀਂ ਸਨ ਹੋਏ। ਉਂਝ ਵੀ ਗੱਲਾਂ ਖੜੇ-ਖੜੋਤੇ ਹੁੰਦੀਆਂ ਰਹੀਆਂ। ਨਾਲੇ ਬਹੁਤਾ ਜ਼ੋਰ ਇਸ ਗੱਲ ’ਤੇ ਹੁੰਦਾ ਕਿ ਪਾਤਰ ਕੋਲੋਂ ਉਹਦੀਆਂ ਗ਼ਜ਼ਲਾਂ ਤਰੰਨੁਮ ਵਿਚ ਸੁਣੀਆਂ ਜਾਣ। ਇਸ ਲਈ ਮੇਰਾ ਸੰਖੇਪ ਜਿਹਾ ਸਵਾਲ ਤੇ ਪਾਤਰ ਦਾ ਸੰਖੇਪ ਜਿਹਾ ਜਵਾਬ। ਤੇ ਗ਼ਜ਼ਲ ਦਾ ਗਾਇਨ। ਪਰ ਨਿੱਠ ਕੇ ਆਹਮੋ-ਸਾਹਮਣੇ ਬੈਠਣਾ, ਖੁੱਲ੍ਹੇ ਮਾਹੌਲ ਵਿਚ ਸਵਾਲਾਂ ਜਵਾਬਾਂ ਦਾ ਸਿਲਸਿਲਾ। ਸੋਨੇ ’ਤੇ ਸੁਹਾਗਾ ਇਹ ਕਿ ਇਸ ਵਾਰ ਉਹਦੀਆਂ ਗ਼ਜ਼ਲਾਂ ’ਤੇ ਸੁਰ ਅਤੇ ਸਾਜ਼ ਰਾਹੀਂ ਸੁਨਹਿਰੀ ਝਾਲ ਫੇਰਨ ਵਾਲਾ ਦੇਵ ਦਿਲਦਾਰ ਸਾਡੀ ਸੰਗਤ ਕਰ ਰਿਹਾ ਸੀ।

ਸ਼ਾਮ ਦਾ ਵੇਲਾ ਸੀ। ਓਪਨ ਏਅਰ ਥੀਏਟਰ ਅੱਜ ਵੀ ਭਰਿਆ ਹੋਇਆ ਸੀ। ਪਰ ਅੱਜ ਸਰੋਤਿਆਂ ਵਿਚ ਲੇਖਕ, ਵਿਦਵਾਨ, ਕਾਲਜਾਂ ਦੇ ਅਧਿਆਪਕ ਤੇ ਕੁਝ ਵਿਦੇਸ਼ਾਂ ਤੋਂ ਆਏ ਪ੍ਰਾਹੁਣੇ ਸ਼ਾਮਲ ਸਨ। ਕਾਲਜ ਕਮੇਟੀ ਦਾ ਪ੍ਰਧਾਨ ਬਲਬੀਰ ਸਿੰਘ ਤੇ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।

ਸਟੇਜ ਸੱਜ ਗਈ। ਖੱਬੇ ਪਾਸੇ ਮੈਂ, ਸੱਜੇ ਪਾਸੇ ਪਾਤਰ ਤੇ ਸਾਡੇ ਵਿਚਕਾਰ ਦੇਵ ਦਿਲਦਾਰ ਆਪਣੇ ਹਾਰਮੌਨੀਅਮ ਸਮੇਤ ਤੇ ਤਬਲਾ ਵਾਦਕ ਤਿਆਰ ਹੋ ਕੇ ਬੈਠ ਗਏ।

(ਇਸ ਪ੍ਰੋਗਰਾਮ ਦੀ ਵੀਡੀਉ ਬਣਾਈ ਗਈ। ਬਾਅਦ ਵਿਚ ਮੈਂ ਇਸ ਮੁਲਾਕਾਤ ਵਿਚ ਪਾਤਰ ਨਾਲ ਹੋਏ ਸਵਾਲਾਂ ਜਵਾਬਾਂ ਨੂੰ ਕਾਗ਼ਜ਼ਾਂ ’ਤੇ ਉਤਾਰ ਲਿਆ ਸੀ। ਅੱਜ ਦਾ ਬਿਰਤਾਂਤ ਉਹਨਾਂ ਸਵਾਲਾਂ ਜਵਾਬਾਂ ’ਤੇ ਆਧਾਰਿਤ ਹੈ। ਮੈਂ ਕੀਤੇ ਸਵਾਲਾਂ ਦੇ ਵਿਸਥਾਰ ਨੂੰ ਸਾਂਝਾ ਨਹੀਂ ਕਰ ਰਿਹਾ। ਬਹੁਤੇ ਸਵਾਲ ਕੇਵਲ ਸੰਕੇਤਿਕ ਰੂਪ ਵਿਚ ਹੀ ਹਾਜ਼ਰ ਨੇ))

ਮੈਂ ਜਿਵੇਂ ਗੱਲ ਸ਼ੁਰੂ ਕੀਤੀ ਮੈਨੂੰ ਅੱਜ ਵੀ ਯਾਦ ਹੈ। ਮੈਂ ਸਰੋਤਿਆਂ/ਦਰਸ਼ਕਾਂ ਤੇ ਪਾਤਰ ਨੂੰ ‘ਜੀ ਆਇਆਂ’ ਆਖਦੇ ਹੋਏ ਕੁਝ ਇੰਝ ਕਿਹਾ:-

—ਸਾਡੇ ਧੰਨ ਭਾਗ! ਕਿ ਅੱਜ ਪੰਜਾਬੀ ਜ਼ਬਾਨ ਦਾ ਮਹਾਨ ਸ਼ਾਇਰ ਸਾਡੇ ਕਾਲਜ ਦੇ ਵਿਹੜੇ ਵਿਚ ਆਇਆ ਹੈ।

ਸੰਤ ਸਿੰਘ ਸੇਖੋਂ ਹੁਰਾਂ ਨੇ ਕਦੀ ਕਿਹਾ ਸੀ ਕਿ ਵੀਹਵੀਂ ਸਦੀ ਦੀ ਪੰਜਾਬੀ ਸ਼ਾਇਰੀ ਦੀਆਂ ਸੱਤ ਚੋਟੀਆਂ ਹਨ: ਭਾਈ ਵੀਰ ਸਿੰਘ, ਪੂਰਨ ਸਿੰਘ, ਅੰਮਿ੍ਤਾ ਪ੍ਰੀਤਮ, ਮੋਹਨ ਸਿੰਘ, ਸ਼ਿਵ ਕੁਮਾਰ, ਪਾਸ਼ ਤੇ ਪਾਤਰ। ਹੁਣ ਇਕੱਲ੍ਹੇ ਪਾਤਰ ਹੁਰੀਂ ਪੰਜਾਬੀ ਸ਼ਾਇਰੀ ਦੀ ਮਾਊਂਟ-ਐਵਰੈਸਟ ਹਨ। ਅੱਜ ਤੱਕ ਭਾਸ਼ਨ ਕਰਨ ਵਾਲੇ ਲੋਕ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਤੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਉਰਦੂ ਦੇ ਸ਼ਿਅਰ ਬੋਲਿਆ ਕਰਦੇ ਸਨ; ਪਰ ਇਹ ਪਹਿਲੀ ਵਾਰ ਹੋਇਆ ਕਿ ਹੁਣ ਮਸ਼ਹੂਰ ਬੁਲਾਰਿਆਂ ਕੋਲ ‘ਕੋਟ’ ਕਰਨ ਲਈ ਪਾਤਰ ਹੁਰਾਂ ਦੇ ਸ਼ਿਅਰ ਹੱਸਦੇ ਹੋਏ ਹਾਜ਼ਰ ਹੋ ਜਾਂਦੇ ਨੇ। ਹੋਰ ਤਾਂ ਹੋਰ, ਗੁਰਦਿਅਲ ਸਿੰਘ ਵਰਗੇ ਨਾਮਵਰ ਨਾਵਲਕਾਰ ਦੇ ਪਾਤਰ ਵੀ ਕਈ ਥਾਈਂ ਪਾਤਰ ਦੇ ਸ਼ਿਅਰ ਬੋਲਦੇ ਹਨ। ਅਜਿਹੀ ਲੋਕ ਪ੍ਰਿਅਤਾ ਵਾਰਿਸਸ਼ਾਹ ਤੇ ਸ਼ਿਵ ਤੋਂ ਬਾਅਦ ਪਾਤਰ ਨੂੰ ਹੀ ਨਸੀਬ ਹੋ ਸਕੀ ਹੈ।

ਆਪਣੇ ਇੱਸ ਵੱਡੇ ਸ਼ਾਇਰ ਨਾਲ ਆਪਣੀ ਰਿਸ਼ਤਗੀ ਨੂੰ ਬਿਆਨ ਕਰਨ ਲੱਗਿਆਂ ਕੁਝ ਇਸਤਰ੍ਹਾਂ ਗੱਲ ਸ਼ੁਰੂ ਕੀਤੀ।

…ਸਾਡੇ ਪਿੰਡ ਦਾ ਸੋਹਣ ਸੁੰਹ ਨਿਹੰਗ ਹੁੰਦਾ ਸੀ। ਉਹਨੇ ਕਿਸੇ ਵੱਡੇ ਬੰਦੇ ਨਾਲ ਆਪਣੀ ਕੁਝ ਜ਼ਿਆਦਾ ਹੀ ਨੇੜਲੀ ਸਾਂਝ ਦੱਸਣੀ ਹੋਵੇ ਤਾਂ ਕੁਝ ਇਸਤਰ੍ਹਾਂ ਕਹਿੰਦਾ, “ਤੂੰ ਮਹਿੰਦਰ ਸੁੰਹ ਦੀ ਗੱਲ ਕਰਦਾ ਏਂ? ਵਾਹ! ਵਾਹ!! ਕਿਆ ਕਹਿਣੇ ਨੇ ਮਹਿੰਦਰ ਸੁੰਹ ਸਰਦਾਰ ਦੇ! ਜਦੋਂ ਕੋਈ ਜਨੌਰ ਵੀ ਉਹਦੀ ਹਵੇਲੀ ਤੋਂ ਉੱਡ ਕੇ ਲੰਘਣਾ ਚਾਹਵੇ ਤਾਂ ਪੁੱਛ ਕੇ ਲੰਘਦਾ, ‘ਸਰਦਾਰ ਮਹਿੰਦਰ ਸਿੰਹਾਂ! ਆਖੇਂ ਤਾਂ ਤੇਰੀ ਹਵੇਲੀ ਤੋਂ ਲੰਘ ਜਾਂ’?”

ਇੰਝ ਉਹ ਮਹਿੰਦਰ ਸਿੰਘ ਦੇ ਵਡੱਪਣ ਦਾ ਵੱਜ ਸਾਂਝਾ ਕਰ ਕੇ ਬਾਅਦ ਵਿਚ ਆਖਦਾ, “ਆਪਣੇ ਬੜੇ ਚੰਗੇ ਤੁਅੱਲਕਾਤ ਨੇ ਸਰਦਾਰ ਮਹਿੰਦਰ ਸੁੰਹ ਨਾਲ। ਜਵਾਨੀ ਵੇਲੇ ’ਕੱਠੇ ਕੌਡੀ ਖੇਡਦੇ ਰਹੇ ਆਂ।“

ਇਹ ਵਾਰਤਾ ਸੁਣਾ ਕੇ ਮੈਂ ਆਖਿਆ, “ਆਪਣੇ ਵੀ ਸੋਹਣ ਸੁੰਹ ਨਿਹੰਗ ਵਾਂਙੂ ‘ਬੜੇ ਚੰਗੇ ਤਅੱਲਕਾਤ’ ਨੇ ਭਾਊ ਸੁਰਜੀਤ ਸੁੰਹ ਪਾਤਰ ਨਾਲ!”

ਤੇ ਜੇ ਪਾਤਰ ਸਾਹਿਬ ਸਾਡੇ ‘ਚੰਗੇ ਤਅੱਲਕਾਤ ਦੀ ਹਾਮੀ ਨਹੀਂ ਵੀ ਭਰਦੇ ਤਾਂ ਆਪਾਂ ਤਾਂ ਚਾਚੇ ਮੇਜਾ ਸੁੰਹ ਵਾਂਗੂ ਕੁਝ ਇੰਝ ਵੀ ਖ਼ੁਸ਼ ਹੋ ਲਵਾਂਗੇ।

ਮੇਰੀ ਕਹਾਣੀ ‘ਡੁੰਮ੍ਹ’ ਦਾ ਪਾਤਰ ਤੇਜੂ, ਅਸਲ ਵਿਚ ਮੇਜਾ ਸਿੰਘ, ਇਕ ਵਾਰ ਖੋਤੀ ‘ਤੇ ਪੱਠੇ ਲੱਦੀ ਆ ਰਿਹਾ ਸੀ। ਅਸੀਂ ਪੰਜ ਸੱਤ ਮੁੰਡੇ ਜਾ ਰਹੇ ਸਾਂ। ਚਾਚਾ ਮੇਜਾ ਸੁੰਹ ਕਹਿੰਦਾ, “ਜਵਾਨੋ! ਏਨੇ ਜਣੇ ਕੱਠੇ ਹੋ ਕੇ ਕਿੱਥੇ ਚਲੇ ਓ! ਸੁੱਖ ਤਾਂ ਹੈ?”

“ਚਾਚਾ! ਭਿੱਖੀਵਿੰਡ ਸਰਦਾਰ ਪਰਤਾਪ ਸੁੰਹ ਕੈਰੋਂ ਦਾ ਜਲਸਾ ਹੈ। ਸੁਣਨ ਚੱਲੇ ਆਂ।“

ਮੇਜਾ ਸੁੰਹ ਖੋਤੀ ਨੂੰ ਰੋਕ ਕੇ ਕਹਿੰਦਾ, “ਚੰਗੀ ਗੱਲ ਆ! ਚੰਗੀ ਗੱਲ ਆ! ਚੱਲੇ ਓ ਤਾਂ ਸਰਦਾਰ ਕੈਰੋਂ ਨੂੰ ਮੇਰੀ ਫ਼ਤਿਹ ਜਰੂਰ ਬੁਲਾਉਣਾ।“

ਅਸੀਂ ਹੱਸ ਕੇ ਕਿਹਾ, “ਚਾਚਾ! ਸਮਝ ਲੈ, ਤੇਰੀ ਫ਼ਤਹਿ ਅੱਪੜ ਗਈ ਸਰਦਾਰ ਕੈਰੋਂ ਤੀਕ।“

ਮੇਜਾ ਸਿੰਘ ਨੇ ਖੋਤੀ ਨੂੰ ਤੋਰਨ ਲਈ ਟਿਚਕਰ ਮਾਰੀ ਤੇ ਸਾਨੂੰ ਕਿਹਾ, “ਜਵਾਨੋ!-ਪਰ ਇਕ ਗੱਲ ਜੇ। ਐਵੇਂ ਆਖਾਂ! ਮੈਂ ਸਰਦਾਰ ਕੈਰੋਂ ਨੂੰ ਜਾਣਦਾਂ, ਸਰਦਾਰ ਕੈਰੋਂ ਮੈਨੂੰ ਨਹੀਂ ਜੇ ਜਾਣਦਾ!”

ਏਨੀ ਆਖ ਕੇ ਮੈਂ ਤੋੜਾ ਝਾੜਿਆ, “ਸਾਡੇ ਲਈ ਤਾਂ ਏਨੀ ਗੱਲ ਹੀ ਬੜੇ ਮਾਣ ਵਾਲੀ ਹੈ, ਕਿ ਅਸੀਂ ਪਾਤਰ ਤੇ ਨ੍ਰਿਪਇੰਦਰ ਸਿੰਘ ਰਤਨ ਨੂੰ ਹੁਰਾਂ ਨੂੰ ਜਾਣਦੇ ਹਾਂ!”

ਤਾੜੀਆਂ ਤਾਂ ਵੱਜਣੀਆਂ ਹੀ ਸਨ।

(ਇਹ ਉਤਲੀਆਂ ਦੋ ਵਾਰਤਾਵਾਂ ਮੈਂ ਬਾਅਦ ਵੀ ‘ਢਾਡੀ ਜਥੇ’ ਦੇ ਸਾਂਝੇ ਸਮਾਗਮਾਂ ਵਿਚ ਸੁਣਾ ਕੇ ਗੱਲਬਾਤ ਦਾ ਪਿੜ ਬੰਨ੍ਹਦਾ ਰਿਹਾਂ। ਅੱਜ ਸੋਚਦਾਂ, ਕਿ ਇਹ ਕਿੰਨਾਂ ਵੱਡਾ ਸਕੂਨ ਦੇਣ ਵਾਲਾ ਸੱਚ ਹੈ ਕਿ ਅਸੀਂ ਸੁਰਜੀਤ ਪਾਤਰ ਨੂੰ ਜਾਣਦੇ ਸਾਂ, ਉਹਨੂੰ ਮਿਲਦੇ ਰਹੇ ਹਾਂ। ਉਸ ਨਾਲ ਸਾਂਝੇ ਸਫ਼ਰ ਕੀਤੇ ਨੇ। ਇਕੱਠੀਆਂ ਰਾਤਾਂ ਬਿਤਾਈਆਂ ਹਨ। ਉਸ ਨਾਲ ਲੰਮੀਆਂ ਗੱਲਾਂ ਕੀਤੀਆਂ। ਪਰ ਅੱਜ ਇਹ ਸਭ ਸੁਪਨਾ ਹੋ ਗਿਆ। ਅਸੀਂ ਧਾ ਗੱਲਵੱਕੜੀ ਪਾਉਣ ਲਈ ਬਾਹਵਾਂ ਖੋਲ੍ਹਦੇ ਹਾਂ ਪਰ ਖਾਲੀ ਕਲਾਈਆਂ ਕੰਬਦੀਆਂ ਰਹਿ ਜਾਂਦੀਆਂ ਨੇ।)

ਤਾੜੀਆਂ ਤੋਂ ਬਾਅਦ ਹੁਣ ਮੈਂ ਸੌਖਾ ਜਿਹਾ ਹੋ ਕੇ ਸਾਹਮਣੇ ਬੈਠੇ ਸੁਰਜੀਤ ਪਾਤਰ ਨੂੰ ਮੁਖ਼ਾਤਬ ਹੋਇਆ, “ਪਾਤਰ ਸਾਹਿਬ! ਦੂਜੀ ਵਾਰ ‘ਜੀ ਆਇਆਂ’ ਨੂੰ। ਕੀ ਹਾਲ ਚਾਲ ਨੇ ਤੁਹਾਡੇ? ਖ਼ਾਸ ਤੌਰ ’ਤੇ ਤੁਹਾਡੇ ‘ਦਿਲ’ ਦਾ’ ਕੀ ਹਾਲ ਹੈ, ਜਿਸਨੂੰ ਪਿਛਲੇ ਸਮੇਂ ਵਿਚ ਕੁਝ ਪਰੇਸ਼ਾਨੀ ਆ ਗਈ ਸੀ।”

ਸੁਰਜੀਤ ਪਾਤਰ ਨੇ ਗੱਲ ਸ਼ੁਰੂ ਕੀਤੀ:

ਇੱਕ ਸ਼ਾਇਰ ਸ਼ਿਵ ਕੁਮਾਰ ਨੇ ਆਪਣਾ ਹਾਲ ਚਾਲ ਦੱਸਦਿਆਂ ਇਹ ਕਿਹਾ ਸੀ-

“ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ,

ਸਾਡਾ ਨਦੀਓਂ ਵਿਛੜੇ ਨੀਰਾਂ ਦਾ।”

ਆਪਣੇ ਹਾਲ ਚਾਲ ਬਾਰੇ ਮੈਂ ਇਹ ਕਹਿਣਾ ਚਾਹਵਾਂਗਾ-

“ਦੁੱਖ ਮੁਲਤਵੀ ਤੁਹਾਡੇ ਜਾਣ ਤੀਕ ਹੋ ਗਿਆ,

ਤੁਸੀਂ ਪੁੱਛਿਆ ਤੇ ਹਾਲ ਸਾਡਾ ਠੀਕ ਹੋ ਗਿਆ।”

ਵਰਿਆਮ! ਤੂੰ ਮੇਰੇ ਕੋਲੋਂ ਮੇਰੇ ਦਿਲ ਦਾ ਹਾਲ ਚਾਲ ਵੀ ਪੁੱਛਿਆ ਹੈ, ਜਿਹੜਾ ਕੁਝ ਸਾਲ ਪਹਿਲਾਂ ਅਖ਼ਬਾਰਾਂ ਦੀ ਖ਼ਬਰ ਬਣ ਗਿਆ ਸੀ। (ਦਿਲ ਦਾ ਆਪ੍ਰੇਸ਼ਨ ਹੋਣ ਕਰਕੇ) ਉਦੋਂ ਮੈਂ ਹਾਸੇ ਨਾਲ ਕਿਹਾ ਸੀ,

ਖੋਲ ਦਿੰਦਾ ਦਿਲ ਜੇ ਤੂੰ ਲਫਜ਼ਾਂ ਦੇ ਵਿਚ ਯਾਰਾਂ ਦੇ ਨਾਲ

ਖੋਲਣਾ ਪੈਂਦਾ ਨ ਏਦਾਂ ਅੱਜ ਔਜ਼ਾਰਾਂ ਦੇ ਨਾਲ

ਬੈਠਦਾ ਨਾ ਤੇਰਾ ਦਿਲ ਦੁਨੀਆਂ ਦਿਆਂ ਭਾਰਾਂ ਦੇ ਨਾਲ

ਬੈਠਿਆ ਕਰਦਾ ਘੜੀ ਜੇ ਆ ਕੇ ਦਿਲਦਾਰਾਂ ਦੇ ਨਾਲ

ਨਾ ਮਹੱਲਾ ਉੱਚਿਆ ਨਾ ਉੱਚੇ ਮੀਨਾਰਾਂ ਦੇ ਨਾਲ

ਕੌਮ ਉੱਚੀ ਉੱਠਦੀ ਹੈ ਉੱਚੇ ਕਿਰਦਾਰਾਂ ਦੇ ਨਾਲ

ਪੜਿਆ ਕਰ ਉਹ ਪੋਥੀਆ ਵੀ ਪਾਉਣ ਜੋ ਸੀਨੇ ਨੂੰ ਠੰਢ

ਰੱਤ ਨਾ ਅਪਣੀ ਸਾੜਿਆ ਕਰ ਐਵੇਂ ਅਖਬਾਰਾਂ ਦੇ ਨਾਲ

…ਤਾੜੀਆਂ ਦੀ ਗੜ੍ਹਕਦੀ ਆਵਾਜ਼ ਸੁਣ ਕੇ ਪਾਤਰ ਕੁਝ ਪਲਾਂ ਲਈ ਚੁੱਪ ਹੋ ਗਿਆ। ਮੁਸਕਰਾ ਕੇ, ਬੈਠੇ ਸਰੋਤਿਆਂ ਵੱਲ ਵੇਖਿਆ। ਐਨਕਾਂ ਪਿੱਛੋਂ ਉਹਦੀਆਂ ਅੱਖਾਂ ਚਮਕੀਆਂ। ਤੇ ਫਿਰ ਗੱਲ ਅੱਗੇ ਤੋਰੀ−

ਬੇਸ਼ੱਕ ਮੈਂ ਦਿਲ ਖੋਲ੍ਹਦਾ ਹੀ ਰਿਹਾਂ, ਜਿਹੜੀਆਂ ਕੁਝ ਗੱਲਾਂ ਰਹਿ ਗਈਆਂ, ਜੋ ਮੈਂ ਸ਼ਾਇਦ ਨਹੀਂ ਖੋਲ੍ਹੀਆਂ ਸਨ, ਉਹ ਸ਼ਾਇਦ ਫ਼ਿਰ ਔਜ਼ਾਰਾਂ ਨਾਲ ਖੋਲ੍ਹਣੀਆਂ ਪਈਆਂ।

ਸ਼ਾਇਰ ਦਾ ਹਾਲ, ਉਹਦੀ ਸੁੱਖ-ਸਾਂਦ, ਅਸਲ ‘ਚ ਉਹਦੀ ਕਵਿਤਾ ਵਿੱਚ ਹੀ ਲੁਕੀ ਹੁੰਦੀ ਹੈ। ਮੇਰੀ ਸਭ ਤੋਂ ਵੱਡੀ ਰਾਜ਼ਦਾਨ ਮੇਰੀ ਕਵਿਤਾ ਹੀ ਹੈ। ਇੱਕ ਵਾਰ ਟੈਲੀਵਿਜ਼ਨ ਵਾਲੇ ਘਰ ਆਏ ਹੋਏ ਸੀ ਤਾਂ ਉਹਨਾਂ ਨੂੰ ਮੈਂ ਜਦੋਂ ਕਿਹਾ ਕਿ ਮੇਰੀ ਸਭ ਤੋਂ ਵੱਡੀ ਰਾਜ਼ਦਾਨ ਮੇਰੀ ਕਵਿਤਾ ਹੈ ਤਾਂ ਇੰਟਰਵਿਊ ਕਰਨ ਵਾਲੇ ਸ਼ਾਇਰ ਜਸਵੰਤ ਦੀਦ ਨੇ ਮੇਰੀ ਪਤਨੀ ਨੂੰ ਪੁੱਛਿਆ, “ਕੀ ਤੁਸੀਂ ਇਨ੍ਹਾਂ ਦੇ ਰਾਜ਼ਦਾਨ ਨਹੀਂ?” ਤਾਂ ਉਹਨੇ ਕਿਹਾ, “ਮੈਂ ਵੀ ਇਹਨਾਂ ਦਾ ਰਾਜ਼ ਬੁੱਝਣ ਲਈ ਇਨ੍ਹਾਂ ਦੀ ਕਵਿਤਾ ਹੀ ਪੜ੍ਹਦੀ ਹੁੰਦੀ ਹਾਂ।”

ਤਾੜੀਆਂ ਦੀ ਗੜਗੜਾਹਟ ਵਿਚ ਪਾਤਰ ਨੇ ਗੱਲ ਮੁਕਾਈ।

ਮੈਂ ਕਿਹਾ,

“ਇਹ ਨੇ ਸਾਜ਼ ਤੇ ਸਾਜ਼ ਨਿਵਾਜ਼ ਨੂੰ, ਤੇ ਫਿਜ਼ਾ ਨੂੰ ਧੁਨ ਦੀ ਉਡੀਕ ਹੈ।“

“ਤੇਰੇ ਪੋਟਿਆਂ ਤੇ ਸੁਰਾਂ ’ਚ ਇਹ ਕੇਹੇ ਫ਼ਾਸਿਲੇ ਕਿਹੀ ਲੀਕ ਹੈ!”

ਦੇਵ ਦਿਲਦਾਰ ਜੀ! ਛੁਹੋ! ਆਪਣੇ ਪੋਟਿਆਂ ਨਾਲ ਪਾਤਰ ਹੁਰਾਂ ਦੇ ‘ਦਿਲ’ ਨੂੰ ਤੇ ਸਾਂਝੀ ਕਰੋ ਇਹੋ ਗ਼ਜ਼ਲ:-

“ਖੋਲ ਦਿੰਦਾ ਦਿਲ ਜੇ ਤੂੰ ਲਫਜ਼ਾਂ ਦੇ ਵਿਚ ਯਾਰਾਂ ਦੇ ਨਾਲ

ਖੋਲਣਾ ਪੈਂਦਾ ਨ ਏਦਾਂ ਅੱਜ ਔਜ਼ਾਰਾਂ ਦੇ ਨਾਲ”

ਦੇਵ ਦਿਲਦਾਰ ਨੇ ਗ਼ਜ਼ਲ ਛੇੜੀ। ਸਰੋਤਿਆਂ ’ਤੇ ਜਾਦੂ ਧੂੜਿਆ ਗਿਆ।

ਤੇ ਫਿਰ ਸਵਾਲਾਂ ਜਵਾਬਾਂ ਦਾ ਲੰਮਾ ਸਿਲਸਿਲਾ ਚੱਲਿਆ।

ਮੈਂ ਪੁੱਛਦਾ ਰਿਹਾ ਤੇ ਪਾਤਰ ਦਿਲ ਦਾ, ਜੀਵਨ ਦਾ, ਸ਼ਾਇਰੀ ਦਾ ਹਾਲ ਚਾਲ ਦੱਸਦਾ ਰਿਹਾ। ਲੋਕ ਸਾਹ ਰੋਕ ਕੇ ਸੁਣਦੇ ਰਹੇ। ਮਜ਼ਾਲ ਹੈ ਕਿ ਕੋਈ ਹੌਲੀ ਜਿਹੀ ਆਵਾਜ਼ ਵੀ ਪੰਡਾਲ ਵਿਚ ਕਿਧਰੋਂ ਸੁਣਾਈ ਦੇਵੇ!

ਪਾਤਰ ਨੂੰ ਇਹ ਪੁੱਛਣ ਦੀ ਲੋੜ ਹੀ ਨਾ ਪਈ:-

ਖੜਕ ਹੋਵੇ ਜੇ ਡਿੱਗੇ ਪੱਤਾ ਵੀ

ਐਸੀ ਚੁੱਪ ਹੈ ਤਾਂ ਬਿਰਖ਼ ਅਰਜ਼ ਕਰੇ

‘ਬਿਰਖ਼’ ਉਤਰ ਰਹੀ ਸੁਰਮਈ ਸ਼ਾਮ ਦੀ ਗਹਿਰੀ ਚੁੱਪ ਵਿਚ ਝੂਮ ਰਿਹਾ ਸੀ। ਸਾਹਮਣੇ ਬੈਠੇ ਬਿਰਖ਼ ਦੇ ਪ੍ਰਛਾਵੇਂ ਬਣੇ ਦਰਸ਼ਕ/ ਸਰੋਤੇ ਵੱਜਦ ਵਿਚ ਸਨ। ਦੇਵ ਦਿਲਦਾਰ ਕਦੀ ਨਦੀਆਂ ਨੂੰ ਖ਼ਤ ਲਿਖ ਰਿਹਾ ਸੀ। ਕਦੀ ਉਹਦੀਆਂ ਸੁਰਾਂ ਅਸਮਾਨ ਵਿਚ ਤਾਰਿਆਂ ਨਾਲ ਮਿਲ ਕੇ ਤਾਰੀਆਂ ਲਾਉਂਦੀਆਂ ਤੇ ਕਦੀ ਉਹ ਇਕਦਮ ਧਰਤੀ ’ਤੇ ਆ ਕੇ ਰੇਤ ਹੋ ਜਾਂਦਾ। ਪਾਤਰ ਆਪਣੀ ਸ਼ਾਇਰੀ ਰਾਹੀਂ ‘ਹਰ ਇੱਕ ਕੋਨ’ ਤੋਂ ਜ਼ਿੰਦਗੀ ਦੇ ਹੁਸਨ ਨੂੰ ਵੇਖ/ਵਿਖਾ ਰਿਹਾ ਸੀ।

ਚੱਲਦੇ ਪ੍ਰਸੰਗ ਵਿਚ ਮੈਂ ਆਪਣੇ ਰੰਗ ਵੀ ਘੋਲਦਾ ਰਿਹਾ। ਮੇਰੇ ਰੰਗਾਂ ਦੀਆਂ ਪਿੜੀਆਂ ਪਾਤਰ ਦੀ ਸ਼ਾਇਰੀ ਦੁਆਲੇ ਹੀ ਬੁਣੀਆਂ ਹੁੰਦੀਆਂ। ਪਰ ਬੁਣਨ ਦੀ ਕਲਾ ਦਾ ਮੇਰਾ ਹੁਸਨ ਵੀ ਕਦੀ ਕਦੀ ਸਰੋਤਿਆਂ ਦੇ ਚਿਹਰਿਆਂ ’ਤੇ ਡਲ੍ਹਕਦਾ, ਉਹਨਾਂ ਦੇ ਹੋਠਾਂ ’ਤੇ ਹੱਸਦਾ। ਮੈਨੂੰ ਵੀ ਚੰਗਾ ਲੱਗ ਰਿਹਾ ਸੀ।

ਪਾਤਰ ਨੇ ਦੱਸਿਆ ਕਿਵੇਂ ਉਹਨੇ ਪਹਿਲਾਂ ਆਪਣੇ ਕਈ ਤਖ਼ੱਲੁਸ ਰੱਖੇ। ਸੁਰਜੀਤਮ ਤੋਂ ਸੁਰਜੀਤ ਪੱਤੜ ਤੇ ਸੁਰਜੀਤ ਪੱਤੜ ਤੋਂ ਉਹਨੂੰ ਨਵਤੇਜ ਸਿੰਘ ਨੇ ਪ੍ਰੀਤ ਲੜੀ ਵਿਚ ਛਾਪਦਿਆਂ ਸੁਰਜੀਤ ਪਾਤਰ ਕਰ ਦਿੱਤਾ। ਕਿਵੇਂ ਉਹਨੇ ਪਿਤਾ ਨੂੰ ਬਚਪਨ ਵਿਚ ਪਹਿਲੀ ਵਾਰ ਪ੍ਰਦੇਸ ਜਾਂਦਿਆਂ ਵੇਖਿਆ ਸੀ ਤੇ ਕਿਵੇਂ ਉਹਦੀ ਮਾਂ ਅਤੇ ਉਹਦੇ ਅੰਦਰ ਡੂੰਘੀ ਉਦਾਸੀ ਬੈਠ ਗਈ ਸੀ। ਉਹਦੀ ਮਾਂ ਨੇ ਕਿਵੇਂ ਆਪਣੀ ਹਿੰਮਤ ਨਾਲ ਬੱਚੇ ਪਾਲਦਿਆਂ ਪਿਤਾ ਵੱਲੋਂ ਭੇਜੇ ‘ਨੀਲੇ ਲਿਫ਼ਾਫ਼ਿਆਂ ਦੇ ਆਸਰੇ ਜ਼ਿੰਦਗੀ ਕੱਟ ਦਿੱਤੀ ਸੀ। ਇਹ ਉਦਾਸੀ ਪਾਤਰ ਦੇ ਨਹੀਂ ,ਹਰ ਪੜ੍ਹਨ-ਸੁਣਨ ਵਾਲੇ ਦੀ ਹਿੱਕ ਵਿਚ ਗੱਡੇ ਗਏ ਡੂੰਘੇ ਤਿਰੰਗੇ ਵਰਗੀ ਸੀ।

ਉਹਨੇ ਜ਼ਿਕਰ ਕੀਤਾ ਕਿ ਬਚਪਨ ਵਿੱਚ ਮੇਰੇ ਮਨ ਵਿੱਚ ਦੋ ਇਛਾਵਾਂ ਸਨ ਜਾਂ ਉਹ ਸ਼ਾਇਰ ਬਣੇ ਜਾਂ ਸੰਗੀਤਕਾਰ ਬਣੇ। ਅਧਿਆਪਕ ਤੇ ਸਾਧਨ ਦੀ ਘਾਟ ਕਰ ਕੇ ੳਹ ਸੰਗੀਤਕਾਰ ਨਾ ਬਣ ਸਕਿਆ। ਪਰ ਸਾਜ਼ਾਂ ਅਤੇ ਗਾਉਂਦੀ ਆਵਾਜ਼ ਨਾਲ ਉਹਨੂੰ ਸ਼ੁਰੂ ਤੋਂ ਹੀ ਇਸ਼ਕ ਸੀ। ਉਹਦੀ ਇਹ ਰੀਝ ਤਾਂ ਪੂਰੀ ਨਾ ਹੋਈ ਪਰ ਸਾਜ਼ ਉਹਦੀ ਕਵਿਤਾ ਵਿੱਚ ਕਿਤੇ ਪ੍ਰਤੀਕ ਬਣਕੇ, ਕਿਤੇ ਚਿੰਨ੍ਹ ਬਣ ਕੇ ਪ੍ਰਗਟ ਹੁੰਦੇ ਰਹੇ।

ਉਹਨੇ ਸਾਹਿਰ ਲੁਧਿਆਣਵੀ ਦੇ ਸ਼ਿਅਰ, “ਦੁਨੀਆਂ ਨੇ ਤਜਰਬਾਤ-ਓ-ਹਵਾਦਸ ਕੀ ਸ਼ਕਲ ਮੇਂ ਜੋ ਕੁਛ ਮੁਝੇ ਦੀਆ ਥਾ, ਲੌਟਾ ਰਹਾ ਹੂੰ ਮੈਂ।” ਨਾਲ ਅਸਹਿਮਤੀ ਦਰਜ ਕਰਵਾ ਕੇ ਦੱਸਿਆ ਕਿ ਕਵੀ ਜਾਂ ਸ਼ਾਇਰ ਉਹੋ ਕੁਝ ਵਾਪਸ ਨਹੀਂ ਮੋੜਦਾ, ਜੋ ਕੁਝ ਦੁਨੀਆਂ ਤੋਂ ਲੈਂਦਾ ਹੈ। ਕਵੀ ਜਾਂ ਕਲਾਕਾਰ ਤਾਂ ਇੱਕ ਬਿਰਖ਼ ਵਾਂਗ ਹੁੰਦਾ ਹੈ ਜੋ ਲੈਂਦਾ ਤਾਂ ਕਾਰਬਨ ਡਾਈਆਕਸਾਈਡ ਹੈ, ਪਰ ਦਿੰਦਾ ਆਕਸੀਜਨ ਹੈ। ਉਹ ਦੁੱਖ ਲੈ ਕੇ ਵੀ ਦੁੱਖ ਨਹੀਂ ਪਰਤਾਉਂਦਾ, ਉਸ ਦੁੱਖ ਨੂੰ ਵੀ ਬੜੀ ਕਿਸੇ ਖ਼ੂਬਸੂਰਤ ਪਿਆਰੀ ਚੀਜ਼ ਵਿੱਚ ਬਦਲ ਦੇਵੇਗਾ, ਜੋ ਦੁੱਖ ‘ਚੋਂ ਪੈਦਾ ਹੁੰਦੀ ਹੈ। ਜਿਵੇਂ ਫੁੱਲ ਮਿੱਟੀ ਵਿਚੋਂ ਪੈਦਾ ਹੁੰਦੇ ਹਨ ਪਰ ਮਿੱਟੀ ਰੰਗੇ ਨਹੀਂ ਹੁੰਦੇ ਉਹਨਾਂ ਦੇ ਹੋਰ ਵੀ ਬਹੁਤ ਰੰਗ ਹੁੰਦੇ ਹਨ।

ਮੇਰੇ ਸਵਾਲ ਕਰਨ ’ਤੇ ਕਿ ਉਹਦੀ ਕਵਿਤਾ ਵਿਚ ਵਾਰ ਵਾਰ ਰੁੱਖ ਜਾਂ ਬਿਰਖ਼ ਕਿਉਂ ਆਉਂਦਾ ਹੈ? ਜਿਵੇਂ ਮੈਂ ਸੋਚਦਾਂ, ਕੀ ‘ਉਹ ਕਾਰਨ’ ਵੀ ਤੇਰੀ ਕਵਿਤਾ ਵਿਚ ਰੁੱਖਾਂ ਦੀ ਆਮਦ ਦਾ ਇੱਕ ਪ੍ਰੇਰਕ ਹੋ ਸਕਦਾ ਹੈ?

ਉਹ ਹੱਸ ਪਿਆ, “ਮੈਂ ਤੇਰਾ ਮਤਲਬ ਸਮਝ ਗਿਆਂ। ਜਿਹੜੀ ਗੱਲ ਤੂੰ ਇਸ਼ਾਰੇ ਨਾਲ ਪੁੱਛ ਰਿਹਾ ਸੈਂ। ਇੱਕ ਵਾਰ ਵਿਦੇਸ਼ ਵਿਚ ਕਨੇਡਾ ਵਿਚ ਕਿਸੇ ਸ਼ਾਦੀ ’ਤੇ ਮੈਂ ਆਪਣੇ ਦੋ ਦੋਸਤਾਂ ਨਾਲ ਇਕ ਟੇਬਲ ’ਤੇ ਬੈਠਾ ਸਾਂ। ਕੁਝ ਹੋਰ ਜਣੇ ਵੀ ਬੈਠੇ ਸਨ। ਬਲਿਊ ਸਟਾਰ ਆਪ੍ਰੇਸ਼ਨ ਤੋਂ ਕੁਝ ਬਾਅਦ ਦੇ ਦਿਨ ਸਨ। ਮੇਰੇ ਦੋਸਤ ਸ਼ਾਇਦ ਡਰਿੰਕਸ ਵਗ਼ੈਰਾ ਲੈਣ ਗਏ ਸਨ। ਮੈਨੂੰ ਮੇਜ਼ ’ਤੇ ਬੈਠਾ ਇੱਕ ਸੱਜਣ ਪੁੱਛਣ ਲੱਗਾ, “ਸਰਦਾਰ ਸਾਹਿਬ! ਤੁਹਾਡਾ ਲਾਸਟ ਨੇਮ ਕੀ ਹੈ? ਮੈਂ ਕਿਹਾ: ਪਾਤਰ। ਉਹ ਕਹਿਣ ਲੱਗਾ -ਕਦੀ ਸੁਣਿਆ ਨਹੀਂ। ਲਾਸਟ ਨੇਮ ਤਾਂ ਹੁੰਦੇ ਨੇ ਜਿਵੇਂ ਬਰਾੜ, ਗਿੱਲ, ਸੰਧੂ, ਬੇਦੀ। ਮੈਂ ਕਿਹਾ -ਜੀ ਮੈਂ ਤੁਹਾਡਾ ਸਆਲ ਸਮਝ ਗਿਆਂ। ਮੈਂ ਤਰਖ਼ਾਣਾਂ ਦਾ ਪੁੱਤਰ ਆਂ। “ਅੱਛਾ! ਫਿਰ ਤਾਂ ਤੁਸੀਂ ਗਿਆਨੀ ਜ਼ੈਲ ਸਿੰਘ ਕਿਆਂ ’ਚੋਂ ਹੋਏ! ਮੈਂ ਕਿਹਾ, -ਨਹੀਂ ਜੀ, ਮੈਂ ਭਾਈ ਲਾਲੋ ਕਿਆਂ ’ਚੋਂ ਆਂ।

(ਤਾੜੀਆਂ ਦੀ ਗੜਗੜਾਹਟ)

ਹੁਣ ਤੈਨੂੰ ਦੱਸਦਾਂ ਕਿ ਮੇਰੇ ਬਚਪਨ ਵਿਚ ਹਵੇਲੀ ਨਾਲ ਦੇ ਬਰਾਂਡੇ ਵਿਚ ਮੇਰੇ ਪਿਤਾ ਜੀ ਕੁਰਸੀਆਂ ਬਣਾਉਦੇ। ਇਸੇ ਮਾਹੌਲ ਦੀ ਯਾਦ ਵਿਚੋ ਬੜੇ ਸਾਲਾਂ ਬਾਅਦ ਮੇਰੀ ਇਸ ਕਵਿਤਾ ਨੇ ਜਨਮ ਲਿਆ। ਇਹ ਕਵਿਤਾ ਹੈ ਤਾਂ ਕੁਦਰਤ ਨੂੰ ਸਭਿਆਚਾਰ ਵਿਚ ਬਦਲਦੀ ਮਾਨਵਤਾ ਬਾਰੇ, ਪਰ ਇਸ ਵਿਚ ਪ੍ਰਤੀਕ ਤਰਖਾਣ ਦਾ ਹੈ :

ਮੈ ਪੁੱਤਰ ਇਕ ਤਰਖਾਣ ਦਾ

ਰੁੱਖਾਂ ਨੂੰ ਚੀਜ਼ਾਂ ਵਿਚ ਬਦਲਣ ਜਾਣਦਾ

ਉਹ ਕਵਿਤਾ ਸੁਣਾਉਂਦੇ ਜਦੋਂ ਇਸ ਮੁਕਾਮ ’ਤੇ ਪਹੁੰਚਾ

ਹੁਣ ਇਹ ਕਰਦਾ ਕਰਦਾ ਬੁੱਢੜਾ ਹੋ ਗਿਆਂ

ਨਦੀ ਕਿਨਾਰੇ ਆਪ ਹੀ ਰੁੱਖੜਾ ਹੋ ਗਿਆਂ

ਹੁਣ ਇਕ ਦਿਨ ਮੈ ਆਖ਼ਰ ਸੂਲੀ ਘੜਾਂਗਾ

ਉਸ ਦੇ ਉਤੇ ਆਪ ਮਰਨ ਲਈ ਚੜ੍ਹਾਂਗਾ

ਤਾੜੀਆਂ ਵੱਜੀਆਂ

ਤਾਂ ਉਹਨੇ ਕਿਹਾ, ‘ਕਲਪਨਾ ਕਰੋ ਜੇ ਦਰਖ਼ਤ ਆਪਣਾ ਕੰਮ ਕਰਨਾ ਛੱਡ ਦੇਣ ਤਾਂ ਦੁਨੀਆਂ ਦਾ ਕੀ ਹਾਲ ਹੋਵੇ। ਸੋ, ਵੱਡੇ ਲੋਕਾਂ ਜਾਂ ਮਹਾਨ ਲੋਕਾਂ ਦਾ ਆਉਣਾ ਅਜਾਈਂ ਨਹੀਂ ਜਾਂਦਾ, ਬਿਰਖਾਂ ਵਾਂਗੂੰ। ਸੋ, ਬਿਰਖ਼ ਪਤਾ ਨਹੀਂ ਆਇਆ ਕਿੱਥੋਂ ਮੇਰੇ ਵਿੱਚ। ਪਰ ਮੈਂ ਸਮਝਦਾਂ ਕਿ ਸਾਡੇ ਲੋਕ ਗੀਤਾਂ ਵਿੱਚ ਵੀ ਆਉਂਦਾ ਹੈ-

“ਰੁੱਖ ਬੋਲ ਨਾ ਸਕਦੇ ਭਾਵੇਂ,

ਬੰਦਿਆਂ ਦਾ ਦੁੱਖ ਜਾਣਦੇ।”

ਸਾਡੇ ਪ੍ਰਥਮ ਕਵੀ ‘ਸ਼ੇਖ ਫਰੀਦ’ ਨੇ ਵੀ ਕਿਹਾ,

“ਦਰਵੇਸ਼ਾਂ ਨੂੰ ਲੋੜੀਐ,

ਰੁੱਖਾਂ ਦੀ ਜੀਰਾਂਦ।”

ਸੋ, ਮੇਰਾ ਖਿ਼ਆਲ ਹੈ ਇਹ ਰੁੱਖ ਜਾਂ ਬਿਰਖ ਮੇਰੀ ਕਵਿਤਾ ਵਿੱਚ ਇਸ ਪੂਰੀ ਪ੍ਰੰਪਰਾ ਵਿੱਚੋਂ ਹੀ ਆਇਆ ਹੈ।

“ਬਲਦਾ ਬਿਰਖ਼ ਹਾਂ, ਖ਼ਤਮ ਹਾਂ, ਬੱਸ ਸ਼ਾਮ ਤੀਕ ਹਾਂ।

ਫਿ਼ਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ।

ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ,

ਵੰਝਲੀ ਦੇ ਰੂਪ ਵਿੱਚ ਉਸ ਜੰਗਲ ਦੀ ਚੀਕ ਹਾਂ।”

ਸਰੋਤਿਆਂ ਦੀਆਂ ਤਾੜੀਆਂ ਵਾਰ ਵਾਰ ਵੱਜ ਰਹੀਆਂ ਸਨ। ਦੇਵ-ਦਿਲਦਾਰ ਗ਼ਜ਼ਲਾਂ ਗਾ ਕੇ ਹਵਾਵਾਂ ਵਿੱਚ ਸੁਗੰਧੀਆਂ ਘੋਲ ਰਿਹਾ ਸੀ। ਸ਼ਾਮ ਦਾ ਸੁਰਮਾ ਘੁਲਣ ਲੱਗਾ ਸੀ। ਰੌਸ਼ਨੀਆਂ ਜਗ ਪਈਆਂ ਸਨ।

ਉਹ ਆਪਣੀਆਂ ਕਵਿਤਾਵਾਂ ਦੇ ਜਨਮ-ਬਿੰਦੂਆਂ ਦੇ ਦੀਦਾਰ ਕਰਵਾ ਰਿਹਾ ਸੀ। ਕਿਵੇਂ ਇੱਕ ਵਾਰ ਉਹ ਲੁਧਿਆਣੇ ਦੀਆਂ ਪੁਰਾਣੀਆਂ ਕਚਹਿਰੀਆਂ ਦੇ ਅਹਾਤੇ ਵਿੱਚੋਂ ਗੁਜ਼ਰ ਰਿਹਾ ਸੀ। ਸ਼ਾਮ ਦਾ ਵੇਲਾ ਸੀ, ਕਚਹਿਰੀਆਂ ਬੰਦ ਹੋ ਚੁੱਕੀਆਂ ਸਨ, ਜੱਜ ਤੇ ਵਕੀਲ ਘਰੀਂ ਜਾ ਚੁੱਕੇ ਸਨ, ਮੁਅਕਲ ਘਰਾਂ ਨੂੰ ਜਾ ਚੁੱਕੇ ਸਨ। ਸਿਰਫ਼ ਉਸ ਅਹਾਤੇ ਵਿੱਚ ਵਕੀਲਾਂ ਦੇ ਬੰਦ ਖੋਖੇ ਸਨ ਤੇ ਕੁਝ ਉੱਚੇ ਲੰਮੇ ਦਰਖ਼ਤ, ਕੁਝ ਟਾਲ੍ਹੀਆਂ, ਕੁਝ ਨਿੰਮਾਂ, ਕੁਝ ਰੁੱਖ ਹਰੇ ਤੇ ਕੁਝ ਵਿੱਚੋਂ ਸੁੱਕੇ ਹੋਏ। ਉਹਨਾਂ ਸੁੱਕੇ ਦਰੱਖ਼ਤਾਂ ਵੱਲ ਵੇਖ ਕੇ ਉਹਨੂੰ ਅਚਾਨਕ ਲੱਗਾ ਕਿ ਇਹ ਦਰਖ਼ਤ ਨਹੀਂ, ਇਹ ਤਾਂ ਉਹ ਲੋਕ ਨੇ ਜੋ ਇੱਥੇ ਇਨਸਾਫ਼ ਲੈਣ ਆਏ ਸੀ ਪਰ ਇਨਸਾਫ਼ ਦੀ ਉਡੀਕ ਕਰਦੇ-ਕਰਦੇ, ਕਰਦੇ-ਕਰਦੇ ਇੱਥੇ ਬਿਰਖ਼ ਬਣ ਗਏ ਤੇ ਏੇਦਾਂ ਹੀ ‘ਇਸ ਅਦਾਲਤ ’ਚ ਬੰਦੇ ਬਿਰਖ਼ ਹੋ ਗਏ… ਵਾਲਾ ਸ਼ਿਅਰ ਉਹਦੇ ਮਨ ‘ਚ ਆਉਂਦਾ ਹੈ ਤੇ ਇੰਝ ਉਹਦੀ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇ…’ ਵਾਲੀ ਅਮਰ ਰਚਨਾ ਹੋਂਦ ਵਿਚ ਆਉਂਦੀ ਹੈ।

ਕਿਵੇਂ ਗੁਰੂਸਰ ਸੁਧਾਰ ਕਾਲਜ ਵਿਚ ਭੰਗੜੇ-ਗਿੱਧੇ ਦੇ ਸਮਾਗਮ ਵਿਚ ਕੀਤੇ ਜਾਣ ਵਾਲੇ ਪ੍ਰਧਾਨਗੀ ਭਾਸ਼ਨ ਬਾਰੇ ਸੋਚਦਿਆਂ ‘ਲੱਗੀ ਨਜ਼ਰ ਪੰਜਾਬ ਨੂੰ’ ਵਾਲੀ ਯਾਦਗਾਰੀ ਨਜ਼ਮ ਨੇ ਜਨਮ ਲਿਆ।

ਕਿਵੇਂ ਪਟਿਆਲੇ ਵਿਚ ਕੋਈ ਮਿਲਿਆ ਕੋਈ ‘ਹਾਣ ਦਾ’ ਜਦੋਂ ਖ਼ੁਦਾ ਬਣ ਕੇ ਜੁਦਾ ਹੋ ਗਿਆ ਤਾਂ ਯਾਦ ਆਇਆ ਉਹ ਵੇਲਾ ਜਦੋਂ ਡਾਲੀਆਂ ’ਚੋਂ ਉਹ ਹਵਾ ਬਣ ਕੇ ਲੰਘਿਆ ਸੀ ਤੇ ਉਹ ਆਪ ਬਿਰਖ਼ ਵਾਲੀ ਹਾਅ ਬਣ ਕੇ ਰਹਿ ਗਿਆ ਸੀ।

ਪਾਤਰ ਸੁਣਾ ਰਿਹਾ ਸੀ ਪਟਿਆਲੇ ਦੀ ਗਾਥਾ। ਇੱਕ ਹੋਰ ਪ੍ਰਸੰਗ ਲਿਸ਼ਕ ਆਇਆ।

ਇਹ ਸਾਰੀ ਵਾਰਤਾ ਤੁਹਾਨੂੰ ‘ਸੂਰਜ ਮੰਦਰ ਦੀਆਂ ਪੌੜੀਆਂ’ ਵਿਚ ਵੀ ਪੜ੍ਹਨ ਨੂੰ ਮਿਲ ਜਾਵੇਗੀ। ਪਰ ਲਿਖੀ ਉਹਨੇ ਪਹਿਲੀ ਵਾਰ ਸਾਡੇ ਮੈਗ਼ਜ਼ੀਨ ‘ਸੀਰਤ’ ਵਾਸਤੇ ਸੀ।

ਪਟਿਆਲੇ ਰਹਿੰਦਿਆਂ ਜਿਹੜਾ ਇੱਕ ਬਿਰਤਾਂਤ ਦਿਲ ਨੂੰ ਛੂਹ ਗਿਆ।

“ ਯੂਨੀਵਰਸਿਟੀ ਤੋਂ ਜਲਾਵਤਨ ਹੋ ਕੇ ਕੁੱਝ ਚਿਰ ਮੈਂ ਤੇ ਡਾ ਨੂਰ ਪਟਿਆਲੇ ਇੱਕ ਘਰ ਵਿੱਚ ਕਮਰਾ ਲੈ ਕੇ ਰਹੇ। ਉਸ ਘਰ ਵਿੱਚ ਕਈ ਜੀਅ ਸਨ। ਇੱਕ ਚਾਲੀ ਕੁ ਸਾਲ ਦੀ ਸੁਆਣੀ ਵੀ ਸੀ, ਉਹ ਜਮਾਂਦਰੂ ਹੀ ਕੁੱਬੀ ਸੀ, ਉਹ ਉਸ ਘਰ ਦੀ ਧੀ ਸੀ, ਉਸ ਦਾ ਵਿਆਹ ਨਹੀਂ ਹੋਇਆ ਸੀ, ਉਸ ਦਾ ਨਾਮ ਤੇਜੋ ਸੀ। ਉਹ ਕਈ ਵਾਰ ਆ ਕੇ ਸਾਡੇ ਨਾਲ ਗੱਲਾਂ ਕਰਨ ਲੱਗ ਪੈਦੀ।

ਇਕ ਦਿਨ ਮੈਂ ਉਹਨੂੰ ਸਰਸਰੀ ਪੁੱਛਿਆ: ਤੇਜੋ ਤੇਰੀ ਉਮਰ ਕਿੰਨੀ ਐਂ? ਉਹ ਕੁੱਝ ਚਿਰ ਚੁੱਪ ਰਹੀ, ਫਿਰ ਕਹਿਣ ਲੱਗੀ: ਕਾਕਾ ਗੱਲ ਉਹ ਕਰੀਦੀ ਐ, ਜਿਹਦੇ ਨਾਲ ਦਿਲ ਨੂੰ ਠੰਢ ਪਵੇ।

ਉਹਨੇ ਵਾਰਤਾ ਸੁਣਾਈ ਤਾਂ ਪੰਡਾਲ ਵਿਚ ਹਾਸਾ ਛਣਕਿਆ, ਪਰ ਅਗਲੇ ਹੀ ਪਲ ਪਾਤਰ ਦੇ ਸ਼ਬਦਾਂ ਨੇ ਸਭ ਨੂੰ ਉਦਾਸ ਵੀ ਕਰ ਦਿੱਤਾ;

“ਮੈਨੂੰ ਉਸ ਦੇ ਜਵਾਬ ਤੋਂ ਅਹਿਸਾਸ ਹੋਇਆ ਕਿ ਮੇਰੇ ਸਵਾਲ ਨਾਲ ਉਹਦੇ ਉਦਾਸ ਦਿਲ ਨੂੰ ਕਿੰਨਾ ਦੁੱਖ ਪਹੁੰਚਾ ਹੋਵੇਗਾ। ਤੁਹਾਡੇ ਭਾਣੇ ਤੁਹਾਡਾ ਮਾਸੂਮ ਜਿਹਾ ਸਵਾਲ ਵੀ ਕਿਸੇ ਲਈ ਕਿੰਨਾ ਨਿਰਦਈ ਹੋ ਸਕਦਾ ਹੈ, ਤੁਹਾਨੂੰ ਨਹੀਂ ਪਤਾ ਹੁੰਦਾ।

ਤੇਜੋ ਦਾ ਉਹ ਵਾਕ ਉਨ੍ਹਾਂ ਗਹਿਰੇ ਅਖਾਣਾਂ , ਸ਼ਿਅਰਾਂ ਸੰਵਾਦਾਂ ਵਿੱਚ ਸ਼ਾਮਲ ਹੋ ਗਿਆ ਜਿਹੜੇ ਮੈਨੂੰ ਸਦਾ ਯਾਦ ਰਹਿੰਦੇ ਹਨ।

(ਹੁਣ ਤੁਸੀਂ ਆਪ ਅਨੁਮਾਨ ਲਾਉ, ਤੇਜੋ ਨੂੰ ਕੀਤਾ ਆਪਣਾ ਹੀ ਮਾਸੂਮ ਸਵਾਲ ਵੀ ਉਹਨੂੰ ਕਿੰਨਾਂ ਨਿਰਦਈ ਲੱਗਦਾ ਹੈ, ਤੇ, ਏਨਾ ਹੱਸਾਸ ਸ਼ਾਇਰ ‘ਦੁਸ਼ਮਣਾਂ ਦੇ ਜ਼ਹਿਰ ਭਿੱਜੇ ਤੀਰ’ ਖਾ ਕੇ ਅੰਦਰੇ ਅੰਦਰ ਕਿੰਨਾਂ ਤੜਪਦਾ, ਵਿਲਕਦਾ ਹੋਵੇਗਾ!

ਕੀ ਇਹਨਾਂ ਦੁਸ਼ਮਣਾਂ ਦੇ ਵੱਜੇ ਨਿੰਦਕ-ਤੀਰ, ਜਿਨ੍ਹਾਂ ਦਾ ਲਹੂ ਉਹਦੇ ਅੰਦਰ ਹੀ ਸਿੰਮਦਾ ਰਿਹਾ, ਉਹਦੀ ਮੌਤ ਦਾ ਵੀ ਇੱਕ ਕਾਰਨ ਨਹੀਂ ਸਨ?)

ਮੁਨਾਸਬ ਮੌਕਾ ਜਾਣ ਕੇ ਮੈਂ ਉਹਦੇ ਨਿੰਦਕਾਂ ਦਾ ਜ਼ਿਕਰ ਕੀਤਾ। ਖ਼ਾਸ ਤੌਰ ’ਤੇ ਉਹਨਾਂ ਨਿੰਦਕਾਂ ਦੇ ਹਵਾਲੇ ਨਾਲ ਜਿਹੜੇ ਕਹਿੰਦੇ ਕਿ ‘ਪਾਤਰ ਪ੍ਰਫ਼ਾਰਮਰ ਹੈ… ਪਾਤਰ ਕਵੀ ਨਹੀਂ ਗਾਇਕ ਹੈ!’ ਉਹ ਉਹਦੇ ਤਰੰਨੁਮ ਨੂੰ ਨਿੰਦਦੇ।

ਪਾਤਰ ਨੇ ਕਿਹਾ, “ਜਿਹੜੇ ਲੋਕ ਤਰੰਨੁਮ ਨੂੰ ਤਰਸ, ਰਾਗ ਨੂੰ ਰੁਦਨ ਤੇ ਗਾਇਨ ਨੂੰ ਗੁਨਾਹ ਕਹਿੰਦੇ ਨੇ, ਉਹ ਕਿਸੇ ਸੂਫ਼ੀ ਦੇ ਚੇਲੇ ਜਾਂ ਗੁਰੂ ਦੇ ਸਿੱਖ ਤਾਂ ਨਹੀਂ। ਉਹ ਜ਼ਰੂਰ ਕੋਈ ਔਰੰਗਜ਼ੇਬ ਦੇ ਦਰਬਾਰੀ ਹੋਣਗੇ।“

ਉਹਨੇ ਕਿਹਾ:-

ਆਪਣੇ ਤਿੱਖੇ ਨਿੰਦਕਾਂ ਨਾਲ ਕੋਈ ਲੜਾਈ ਲੜਨ ਦੀ ਥਾਂ ਮੈਂ ਇਸ ਗੱਲ ‘ਚ ਯਕੀਨ ਰੱਖਦਾ ਹਾਂ,

“ਹੋਰਾਂ ਨਾਲ ਤੂੰ ਨਿੱਤ-ਨਿੱਤ ਲੜਦੈਂ,

ਕਦੀ ਆਪਣੇ ਆਪ ਨਾਲ ਲੜਿਆ ਕਰ।”

ਮੇਰੀ ਬਹੁਤੀ ਪੋਇਟਰੀ ਆਪਣੇ ਆਪ ਨਾਲ ਲੜਾਈ ਹੈ। ਜਿਵੇਂ,

“ਦੂਰ ਜੇਕਰ ਅਜੇ ਸਵੇਰਾ ਹੈ,

ਇਸ ‘ਚ ਕਾਫ਼ੀ ਕਸੂਰ ਮੇਰਾ ਹੈ।”

ਉਹਨੇ ਸੌ ਦੀ ਇੱਕ ਨਿਬੇੜਦਿਆਂ ਕਿਹਾ, “ਇਹ ਵੱਢਣ ਤੇ ਟੁੱਕਣ ਵਾਲੇ ਵੀ ਇੱਕ ਰੋਲ ਨਿਭਾਉਂਦੇ ਹਨ ਤੇ ਵੱਢੇ-ਟੁੱਕਿਆਂ ਨੂੰ ਜੋੜਨ ਵਾਲੇ ਵੀ ਇੱਕ ਰੋਲ ਨਿਭਾਉਂਦੇ ਹਨ। ਇਨ੍ਹਾਂ ਦੋਹਾਂ ਦੇ ਕੰਮ ਅਤੇ ਪ੍ਰਭਾਵ ਬੰਦੇ ਦੀ ਸ਼ਖਸ਼ੀਅਤ ਦੀ ਉਸਾਰੀ ‘ਚ ਆਪਣਾ ਯੋਗਦਾਨ ਪਾਉਂਦੇ ਹਨ। ਸੋ, ਮੇਰਾ ਨਜ਼ਰੀਆ ਹੈ,

“ਹੋਇਆ ਕੀ ਜੇ ਆਈ,

ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ।

ਮੈਂ ਲੱਭ ਕੇ ਕਿਤੋਂ ਲਿਆਉਂਦਾ ਕਲਮਾਂ,

ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।”

(ਉਸਨੇ ਨਿੰਦਕਾਂ ਦੇ ਵੱਜੇ ਤੀਰਾਂ ਦਾ ਕਿਵੇਂ ਸਾਹਮਣਾ ਕੀਤਾ; ਨਿੰਦਕਾਂ ਨੇ ਜਿਹੜੇ ਪੱਥਰ ਮਾਰੇ, ਜੋ ਕੰਡੇ ਉਹਨੂੰ ਚੋਭੇ, ਉਹ ਉਹਨੇ ਕਿਵੇਂ ਹਜ਼ਮ ਕੀਤੇ ਤੇ ਕਿਵੇਂ ‘ਨਜ਼ਮ’ ਵੀ ਕਰ ਲਏ, ਇਹਦਾ ਜੋ ਵਿਸਥਾਰ-ਪੂਰਵਕ ਜ਼ਿਕਰ ਉਸਨੇ ਕੀਤਾ, ਉਹ ਕਿਸੇ ਵੱਖਰੇ ਥਾਂ ’ਤੇ ਆਪਾਂ ਵੀ ਵਿਸਥਾਰ-ਪੁਰਵਕ ਹੀ ਕਰਾਂਗੇ। ਉਹਦੇ ਮਰਨ ਤੋਂ ਬਾਅਦ ਉਹਦੀ ਕਵਿਤਾ ਦੇ ਲੋਕ-ਹਿਤੈਸ਼ੀ ਯੋਗਦਾਨ ਨੂੰ ਜਿੱਥੇ ਹਜ਼ਾਰਾਂ ਲੋਕਾਂ ਨੇ ‘ਸਲਾਮ ਕਾਫ਼ਿਲਾ’ ਦੀ ਸ਼ਕਲ ਵਿਚ ਆਪਣੇ ਗਲ਼ ਨਾਲ ਲਾਇਆ, ਓਥੇ ਹੀ ਨਿੰਦਕਾਂ ਦਾ ਇੱਕ ਸਮੂਹ ਬੜਬੋਲੇ ਬਾਣਾਂ ਨਾਲ ਉਹਦੀ ਭੀਸ਼ਮ-ਪਿਤਾਮਾ ਵਰਗੀ ਰੂਹ ਨੂੰ ਵਿੰਨ੍ਹਣ ਲੱਗਾ ਹੈ।)

ਏਥੇ ਵੀ ਪਾਤਰ ਬੋਲਦਾ ਹੈ:-

ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ, ਤੂੰ ਸੀਨੇ ਨੂੰ ਲੱਗ ਕੇ ਵੀ ਇਉਂ ਦੂਰ ਕਿਉਂ ਹੈਂ

ਕਿਵੇਂ ਬਲ ਰਿਹੈਂ ਤੂੰ ਉਹ ਕੀ ਜਾਣਦੇ ਨੇ, ਜੁ ਪੁੱਛਦੇ ਨੇ ਤੂੰ ਏਨਾ ਪੁਰਨੂਰ ਕਿਉਂ ਹੈਂ

ਉਹ ਸੂਲੀ ਚੜ੍ਹਾ ਕੇ ਉਹਨੂੰ ਪੁੱਛਦੇ ਨੇ, ਤੂੰ ਸਾਡੇ ਤੋਂ ਉੱਚਾ ਐਂ ਮਨਸੂਰ ਕਿਉਂ ਹੈਂ

ਉਹ ਆਪਣੇ ਹੀ ਦਿਲ ਦੀ ਅਗਨ ਸੀ ਰੌਸ਼ਨ,ਉਹ ਪੁੱਛਦੇ ਸੀ ਤੂੰ ਏਨਾ ਮਸ਼ਹੂਰ ਕਿਉਂ ਹੈਂ

ਉਹ ਮੁੜ ਅਖਦਾ ਹੈ:

ਅੱਗ ਦਾ ਸਫ਼ਾ ਹੈ ਉਸ ’ਤੇ ਮੈਂ ਫੁੱਲਾਂ ਦੀ ਸਤਰ ਹਾਂ

ਉਹ ਬਹਿਸ ਕਰ ਰਹੇ ਨੇ, ਗ਼ਲਤ ਹਾਂ ਕਿ ਠੀਕ ਹਾਂ

ਉਸ ਦਿਨ ਪਾਤਰ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹ ਤੇ ਹੋਰ ਬਹੁਤ ਕੁਝ, ਜਿਹੜਾ ਮੈਂ ਬਾਅਦ ਵਾਲੇ ਰੂ-ਬ-ਰੂ ਪ੍ਰੋਗਰਾਮਾਂ ਵਿੱਚ ਪੁੱਛਦਾ ਰਿਹਾ, ਉਹ ਸਾਰਾ ਕੁਝ ਉਹਨੇ ਤਰਤੀਬ ਵਾਰ ਆਪਣੀ ਵਾਰਤਿਕ ਪੁਸਤਕ ‘ਸੂਰਜ ਮੰਦਰ ਦੀਆਂ ਪੌੜੀਆਂ’ ਵਿਚ ਲਿਖ ਦਿੱਤਾ ਹੈ। ਪਰ ਉਦੋਂ ਇਹ ਸਭ ਗੱਲਾਂ ਦਰਸ਼ਕਾਂ ਸਰੋਤਿਆਂ ਵਾਸਤੇ ਅਸਲੋਂ ਨਵੀਆਂ ਸਨ। ਉਹਨਾਂ ਨੂੰ ਇੱਕ ਨਵਾਂ-ਨਿਕੋਰ ਪਾਤਰ ਦਿਖਾਈ ਦੇ ਰਿਹਾ ਸੀ, ਜਿਹੜਾ ਪਹਿਲਾਂ ਉਹਨਾਂ ਕਦੀ ਨਾ ਸੀ ਵੇਖਿਆ।

ਢਾਈ-ਤਿੰਨ ਘੰਟੇ ਅਸੀਂ ਸ਼ਾਇਰੀ ਦੀ ਰਿਮ-ਝਿਮ ਬਰਸਾਤ ਵਿਚ ਭਿੱਜਦੇ ਰਹੇ। ਮੁੱਖ-ਮਹਿਮਾਨ ਨ੍ਰਿਪਇੰਦਰ ਸਿੰਘ ਰਤਨ ਨੂੰ ਅਖ਼ੀਰ ’ਤੇ ਕੁਝ ਬੋਲਣ ਲਈ ਕਿਹਾ ਤਾਂ ਉਹਨੇ ਮੰਚ ’ਤੇ ਆ ਕੇ ਏਨਾ ਸ਼ਾਨਦਾਰ ਪ੍ਰੋਗਰਾਮ ਕਰਨ ਦੀ ਰੱਜ ਕੇ ਵਧਾਈ ਦਿੰਦਿਆਂ ਕਿਹਾ, “ਏਨੇ ਸ਼ਾਨਦਾਰ ਤੇ ਦਿਲ ਨੂੰ ਧੂਹ ਪਾਉਣ ਵਾਲੇ ਸੰਗੀਤਕ ਪ੍ਰੋਗਰਾਮ ਤੋਂ ਬਾਅਦ ਮੇਰਾ ਬੋਲਣਾ ਕਿਵੇਂ ਵੀ ਮੁਨਾਸਬ ਨਹੀਂ। ਮੈਂ ਚਾਹੁੰਦਾਂ ਹਾਂ ਕਿ ਤੁਸੀਂ ਇਸ ਸੰਦਲੀ ਸੰਗੀਤਕ ਸ਼ਾਮ ਦੀ ਖ਼ੁਸ਼ਬੂ ਆਪਣੇ ਨਾਲ ਇੰਝ ਦੀ ਇੰਝ ਹੀ ਲੈ ਕੇ ਜਾਓ!”

ਇਸ ਸਮਾਗਮ ਦੀ ਅਪਾਰ ਸਫ਼ਲਤਾ ਦੀਆਂ ਅਜਿਹੀਆਂ ਧੁੰਮਾਂ ਪਈਆਂ ਕਿ ਅਗਲੇ ਕੁਝ ਮਹੀਨਿਆਂ ਵਿਚ ਹੀ ਸਾਨੂੰ ਜਲੰਧਰ ਵਿਚ ਹੀ ਪੰਜ-ਛੇ ਸਮਾਗਮ ਕਰਨੇ ਪਏ। ਮਹੀਨੇ ਬਾਅਦ ਹੀ ਮੇਰਾ ਦੋਸਤ ਡਾ ਸੁਖਵਿੰਦਰ ਸਿੰਘ ਸੰਘਾ ਤੇ ਉਹਦਾ ਚਚੇਰਾ ਭਰਾ ਸੀਤਲ ਸਿੰਘ ਸੰਘਾ ਕਹਿੰਦੇ ਕਿ ਉਹ ਆਪਣੇ ਖ਼ਰਚੇ ’ਤੇ ਦੇਸ਼ ਭਗਤ ਯਾਦਗਾਰ ਹਾਲ ਵਿਚ ਅਜਿਹਾ ਇੱਕ ਹੋਰ ਸਮਾਗਮ ਕਰਵਾਉਣਾ ਚਾਹੁੰਦੇ ਹਨ। ਇਸ ਲਈ ਮੈਂ ਆਪਣੇ ‘ਢਾਡੀ ਜਥੇ’ ਨਾਲ ਗੱਲ ਕਰਾਂ। ਗੱਲ ਹੋ ਗਈ ਤੇ ਕੁਝ ਦਿਨਾਂ ਬਾਅਦ ਭਰੇ ਹੋਏ ਦੇਸ਼ ਭਗਤ ਯਾਦਗਾਰ ਹਾਲ ਵਿਚ ਇਹ ਸ਼ਾਮ ਓਨੀ ਹੀ ਸ਼ਾਨ ਨਾਲ ਉਹ ਸ਼ਾਮ ਵੀ ਨੇਪਰੇ ਚੜ੍ਹੀ।

ਤੇ ਫੇਰ ਤਾਂ ਚੱਲ ਸੋ ਚੱਲ… ਇਥੋਂ ਚੱਲਦੀ ਚੱਲਦੀ ਗੱਲ ਕਨੇਡਾ ਤੱਕ ਕਿਵੇਂ ਪਹੁੰਚੀ?

‘ਢਾਡੀ ਜਥੇ’ ਦਾ ਇਸਤੋਂ ਅਗਲਾ ਬਿਰਤਾਂਤ ਅਗਲੀ ਵਾਰ…

-ਵਰਿਆਮ ਸਿੰਘ ਸੰਧੂ

ਸਾਡਾ ਢਾਡੀ ਜਥਾ (ਸੁਰਜੀਤ ਪਾਤਰ, ਦੇਵ ਦਿਲਦਾਰ, ਵਰਿਆਮ ਸਿੰਘ ਸੰਧੂ)

ਭਾਗ ਦੂਜਾ

ਲਾਇਲਪੁਰ ਖ਼ਾਲਸਾ ਕਾਲਜ ਵਿਚ ਹੋਏ ਸਮਾਗਮ ਵਿਚ ਅਸੀਂ ਢਾਈ-ਤਿੰਨ ਘੰਟੇ ਸ਼ਾਇਰੀ ਦੀ ਰਿਮ-ਝਿਮ ਬਰਸਾਤ ਵਿਚ ਭਿੱਜਦੇ ਰਹੇ। ਮੁੱਖ-ਮਹਿਮਾਨ ਨ੍ਰਿਪਇੰਦਰ ਸਿੰਘ ਰਤਨ ਨੂੰ ਅਖ਼ੀਰ ’ਤੇ ਕੁਝ ਬੋਲਣ ਲਈ ਕਿਹਾ ਤਾਂ ਉਹਨੇ ਮੰਚ ’ਤੇ ਆ ਕੇ ਏਨਾ ਸ਼ਾਨਦਾਰ ਪ੍ਰੋਗਰਾਮ ਕਰਨ ਦੀ ਰੱਜ ਕੇ ਵਧਾਈ ਦਿੰਦਿਆਂ ਕਿਹਾ, “ਏਨੇ ਸ਼ਾਨਦਾਰ ਤੇ ਦਿਲ ਨੂੰ ਧੂਹ ਪਾਉਣ ਵਾਲੇ ਸੰਗੀਤਕ ਪ੍ਰੋਗਰਾਮ ਤੋਂ ਬਾਅਦ ਮੇਰਾ ਬੋਲਣਾ ਕਿਵੇਂ ਵੀ ਮੁਨਾਸਬ ਨਹੀਂ। ਮੈਂ ਚਾਹੁੰਦਾਂ ਹਾਂ ਕਿ ਤੁਸੀਂ ਇਸ ਸੰਦਲੀ ਸੰਗੀਤਕ ਸ਼ਾਮ ਦੀ ਖ਼ੁਸ਼ਬੂ ਆਪਣੇ ਨਾਲ ਇੰਝ ਦੀ ਇੰਝ ਹੀ ਲੈ ਕੇ ਜਾਓ!”

ਇਸ ਸਮਾਗਮ ਦੀ ਅਪਾਰ ਸਫ਼ਲਤਾ ਦੀਆਂ ਅਜਿਹੀਆਂ ਧੁੰਮਾਂ ਪਈਆਂ ਕਿ ਅਗਲੇ ਕੁਝ ਮਹੀਨਿਆਂ ਵਿਚ ਹੀ ਸਾਨੂੰ ਜਲੰਧਰ ਵਿਚ ਹੀ ਪੰਜ-ਛੇ ਮਹੀਨੇ ਬਾਅਦ ਮੇਰਾ ਦੋਸਤ ਡਾ ਸੁਖਵਿੰਦਰ ਸਿੰਘ ਸੰਘਾ ਤੇ ਉਹਦਾ ਚਚੇਰਾ ਭਰਾ ਸੀਤਲ ਸਿੰਘ ਸੰਘਾ ਕਹਿੰਦੇ ਕਿ ਉਹ ਆਪਣੇ ਖ਼ਰਚੇ ’ਤੇ ਦੇਸ਼ ਭਗਤ ਯਾਦਗਾਰ ਹਾਲ ਵਿਚ ਅਜਿਹਾ ਇੱਕ ਹੋਰ ਸਮਾਗਮ ਕਰਵਾਉਣਾ ਚਾਹੁੰਦੇ ਹਨ। ਇਸ ਲਈ ਮੈਂ ਆਪਣੇ ‘ਢਾਡੀ ਜਥੇ’ ਨਾਲ ਗੱਲ ਕਰਾਂ। ਗੱਲ ਹੋ ਗਈ ਤੇ ਕੁਝ ਦਿਨਾਂ ਬਾਅਦ ਭਰੇ ਹੋਏ ਦੇਸ਼ ਭਗਤ ਯਾਦਗਾਰ ਹਾਲ ਵਿਚ ਇਹ ਸ਼ਾਮ ਓਨੀ ਹੀ ਸ਼ਾਨ ਨਾਲ ਨੇਪਰੇ ਚੜ੍ਹੀ। ਉਸ ਦਿਨ ਵਾਂਗ ਹੀ ਡੂੰਘੀ ਖ਼ਾਮੋਸ਼ੀ, ਤਾੜੀਆਂ ਦੀ ਗੂੰਜ,

ਤੇ ਫੇਰ ਤਾਂ ਚੱਲ ਸੋ ਚੱਲ… ਸਮਾਗਮ ’ਤੇ ਸਮਾਗਮ!

ਹੁਣ ਅਸੀਂ ਏਨੇ ਅਭਿਆਸੀ ਹੋ ਚੁੱਕੇ ਸਾਂ ਕਿ ਸਾਨੂੰ ਸਮਾਗਮ ਤੋਂ ਪਹਿਲਾਂ ਇਹ ਪੁੱਛਣ/ਜਾਨਣ ਦੀ ਲੋੜ ਵੀ ਨਹੀਂ ਸੀ ਪੈਂਦੀ ਕਿ ਅੱਜ ਆਪਾਂ ਕੀ ਗੱਲ-ਬਾਤ ਕਰਨੀ ਹੈ। ਮੈਂ ਕਿਹੜੇ ਸਵਾਲ ਪੁੱਛਣੇ ਨੇ, ਦੇਵ ਦਿਲਦਾਰ ਨੇ ਕਿਹੜੀਆਂ ਕਿਹੜੀਆਂ ਗ਼ਜ਼ਲਾਂ ਗਾਉਣੀਆਂ ਨੇ। ਸਾਨੂੰ ਪਤਾ ਲੱਗ ਚੁੱਕਾ ਸੀ ਕਿ ਪਿਛਲੇ ਸਮਾਗਮਾਂ ਵਿਚ ਸਰੋਤਿਆਂ ਨੇ ਪਾਤਰ ਵੱਲੋਂ ਸੁਣਾਈਆਂ ਕਿਹੜੀਆਂ ਗੱਲਾਂ ’ਤੇ ਭਰਵਾਂ ਹੁੰਗਾਰਾ ਭਰਿਆ ਸੀ। ਦੇਵ ਦੀ ਗਾਈ ਕਿਹੜੀ ਗ਼ਜ਼ਲ ਨੇ ਵਧੇਰੇ ਠਾਠ ਬੱਧਾ ਸੀ।

ਪੰਜਾਬੀ ਲੇਖਕ ਸਭਾ ਜਲੰਧਰ ਦਾ ਪ੍ਰਧਾਨ ਤੇ ਮੇਰਾ ਪਰਮ-ਮਿੱਤਰ ਜਗਦੀਸ਼ ਸਿੰਘ ਵਰਿਆਮ ਕਹਿੰਦਾ, “ਸੰਧੂ ਸਾਹਿਬ! ਪਾਤਰ ਸਾਹਿਬ ਨਾਲ ਆਪਾਂ ਅੱਗੇ ਸਭਾ ਵੱਲੋਂ ਤੁਹਾਡੀ ਅਗਵਾਈ ਵਿਚ ਦੋ ਰੂ ਬ ਰੂ ਸਮਾਗਮ ਤਾਂ ਕੀਤੇ ਹੀ ਨੇ। ਪਰ ਅਜਿਹੇ ਸੰਗੀਤਕ ਸਮਾਗਮ ਦੀ ਤਾਂ ਗੱਲ ਹੀ ਕੁਝ ਹੋਰ ਏ। ਆਪਾਂ ਵੀ ਕਰੀਏ, ਇੱਕ ਪ੍ਰੋਗਰਾਮ!”

ਤੇ ਉਸ ਦਿਨ ਵੀ ‘ਗੱਲ ਵੀ ਕੁਝ ਹੋਰ ਹੀ ਬਣ ਗਈ!”

ਉਹ ਪ੍ਰੋਗਰਾਮ ਵੀ ਉਂਝ ਹੀ ਕਮਾਲ-ਸਫ਼ਲਤਾ ਸਹਿਤ ਸਿਰੇ ਚੜ੍ਹਿਆ।

ਹਰੇਕ ਸਮਾਗਮ ’ਤੇ ਹਾਲ ਭਰਿਆ ਹੁੰਦਾ। ‘ਜਥੇ’ ਦੀ ਫੈਲ ਚੁੱਕੀ ਸੋਭਾ ਸੁਣ ਕੇ ਨਵੇਂ ਸਰੋਤੇ ਵੀ ਆਉਂਦੇ ਤੇ ਬਹੁਤ ਸਾਰੇ ਪਿਛਲੇ ਸਮਾਗਮਾਂ ਵਾਲੇ ਸਰੋਤੇ ਵੀ ਹਾਜ਼ਰ ਹੁੰਦੇ। ਉਹਨਾਂ ਨੂੰ ਫੁੱਲਾਂ ਦੀ ਇਸ ਵਾਦੀ ਵਿਚੋਂ ਵਾਰ ਵਾਰ ਲੰਘਣਾ ਸਕੂਨ ਦਿੰਦਾ।

ਹੁਣ ਤਾਂ ਲੋਕ ਆਪਣੇ ਘਰਾਂ ਵਿਚ ਖ਼ੁਸ਼ੀ ਦੇ ਸਮਾਗਮਾਂ ਵਿਚ ਵੀ ਸਾਡੇ ਜਥੇ ਦੀ ਮੰਗ ਕਰਨ ਲੱਗੇ। ਕਰਤਾਰ ਸਿੰਘ ਪਹਿਲਵਾਨ ਦਾ ਜਨਮ ਦਿਨ ਸੀ। ਉਹਨੇ ਆਪਣੇ ਘਰ ਵਿਚ ਪੰਜਾਬ ਦੇ ਵੱਡੇ ਪੁਲਿਸ ਅਫ਼ਸਰਾਂ ਤੋਂ ਲੈ ਕੇ ਡੀ ਜੀ ਪੀ ਤੱਕ ਨੂੰ ਆਮੰਤ੍ਰਿਤ ਕੀਤਾ। ਸੁਰਜੀਤ ਪਾਤਰ ਮੇਰਾ ਮਾਣ ਰੱਖਦਾ। ਕਦੀ ਨਾਂਹ ਨਾ ਕਰਦਾ। ਨਾਂਹ ਕਰਨੀ ਵੀ ਕਿਉਂ ਹੋਈ ਭਲਾ! ਉਹਦਾ ਤੇ ਉਹਦੀ ਸ਼ਾਇਰੀ ਦਾ ਜਸ ਫ਼ੈਲ ਰਿਹਾ ਸੀ। ਮੈਂ ਤਾਂ ਵਿਚ ਵਿਚੋਲਾ ਸਾਂ। ਪਾਤਰ ਤੇ ਉਹਦੀ ਸ਼ਾਇਰੀ ਦਾ ਆਸ਼ਕ।

ਦੇਵ ਦਿਲਦਾਰ ਤੇ ਪਾਤਰ ਨੇ ਉਸ ਸ਼ਾਮ ਨੂੰ ਵੀ ਏਨਾ ਯਾਦਗਾਰੀ ਬਣਾ ਦਿੱਤਾ ਕਿ ਪਿਘਲੇ ਹੋਏ ਪੁਲਿਸ ਅਫ਼ਸਰ, ਜਿਨ੍ਹਾਂ ਵਿਚ ਨਾਮਵਰ ਆਈ ਪੀ ਐੱਸ ਔਰਤ ਪੁਲਿਸ ਅਫ਼ਸਰ ਵੀ ਸ਼ਾਮਲ ਸਨ, ਪਾਤਰ ਦੀ ਸ਼ਾਇਰੀ ’ਤੇ ਝੂਮਦੇ ਵੇਖੇ। ਪ੍ਰੋਗਰਾਮ ਤੋਂ ਬਾਅਦ ਖਾਣਾ ਖਾਣ ਵੇਲੇ ਔਰਤ ਪੁਲਿਸ ਅਫ਼ਸਰਾਨ ਨੇ ਪਾਤਰ ਦੁਆਲੇ ਝੁਰਮਟ ਪਾਇਆ ਹੋਇਆ ਸੀ, ਜਿਵੇਂ ਤਿਤਲੀਆਂ ਨੇ ਫੁੱਲਾਂ ਦੁਆਲੇ ਝੁਰਮਟ ਪਾਇਆ ਹੋਵੇ!

ਮੇਰੇ ਦੋਸਤ ਕੁਲਵੰਤ ਸਿੰਘ ਸੰਧੂ ਨੇ ਛੋਟੀ ਬਾਰਾਂਦਰੀ ਵਿਚ ਨਵੀਂ ਕੋਠੀ ਪਾਈ। ਉਹਦੀ ਇੱਛਾ ਸੀ ਕਿ ਕੋਠੀ ਦੀ ਚੱਠ ਵਾਲੀ ਸ਼ਾਮ ਨੂੰ ਉਂਝ ਹੀ ਸੁਰਮਈ ਕੀਤਾ ਜਾਵੇ। ਕਿਸੇ ਬਹੁਤ ਹੀ ਜ਼ਰੂਰੀ ਪਰਿਵਾਰਕ ਰੁਝੇਵੇਂ ਕਰ ਕੇ ਪਾਤਰ ਤਾਂ ਭਾਵੇਂ ਆ ਨਾ ਸਕਿਆ ਪਰ ਅਸੀਂ ਦੇਵ ਦਿਲਦਾਰ ਕੋਲੋਂ ਹੀ ਪਾਤਰ ਦੀਆਂ ਗ਼ਜ਼ਲਾਂ ਸੁਣ ਕੇ ਸਾਰ ਲਿਆ ਤੇ 24 ਛੋਟੀ ਬਾਰਾਂਦਰੀ ਵਿਚ ਸ਼ਾਇਰੀ ਦੀ ਸੁਗੰਧ ਘੋਲ ਦਿੱਤੀ।

ਕਰਤਾਰ ਸਿੰਘ ਪਹਿਲਵਾਨ ਤੇ ਕੁਲਵੰਤ ਸਿੰਘ ਸੰਧੂ ਵਾਲੇ ਸਮਾਗਮਾਂ ਵਿੱਚ ਵੱਡਾ ਫ਼ਰਕ ਇਹ ਸੀ ਕਿ ਕਰਤਾਰ ਵਾਲੇ ਸਮਾਗਮ ਵਿਚ ਸ਼ਾਮਲ ਪੁਲਸ ਅਫ਼ਸਰ, ਜ਼ਾਹਿਰ ਹੈ, ਸਾਰੇ ਪੜ੍ਹੇ ਲਿਖੇ ਹੀ ਸਨ, ਪਰ ਉਹਨਾਂ ਦਾ ਰੋਜ਼ ਦਾ ਵਾਸਤਾ ਜੁਰਮ ਦੀ ਦੁਨੀਆ ਨਾਲ ਸੀ, ਕਿਤਾਬਾਂ ਤੇ ਸ਼ਾਇਰੀ ਨਾਲ ਉਹਨਾਂ ਦਾ ਸਿੱਧਾ ਵਾਸਤਾ ਨਹੀਂ ਸੀ, ਜਦ ਕਿ ਕੁਲਵੰਤ ਸਿੰਘ ਸੰਧੂ ਵਾਲੇ ਸਮਾਗਮ ਵਿਚ ਵੱਡੀਆਂ ਡਿਗਰੀਆਂ ਵਾਲੇ, ਕਿਤਾਬਾਂ ਅਤੇ ਸਾਹਿਤ ਦੇ ਪੜ੍ਹਾਕੂ ਸ਼ਾਮਲ ਸਨ। ਪਰ ਦੋਵਾਂ ਸਮਾਗਮਾਂ ਵਿਚ ਸ਼ਾਇਰੀ ਤੇ ਸੰਗੀਤ ਦਾ ਜਾਦੂ ਇਸ ਕਦਰ ਛਾਇਆ ਰਿਹਾ ਕਿ ਲੱਗਦਾ ਸੀ ਦੋਵੀਂ ਥਾਈਂ ਸਰੋਤੇ ਇੱਕ ਦੂਜੇ ਤੋਂ ਵੱਧ ਸ਼ਾਇਰੀ ਦੀ ਸਮਝ ਰੱਖਣ ਵਾਲੇ ਤੇ ਮੁਨਾਸਬ ਜਗ੍ਹਾ ’ਤੇ ਦਾਦ ਦੇਣ ਵਾਲੇ ਸਨ।

ਲਾਇਲਪੁਰ ਖ਼ਾਲਸਾ ਕਾਲਜ ਵਾਲੇ ਪ੍ਰੋਗਰਾਮ ਵਿਚ ਪਾਤਰ ਤੇ ਮੇਰੇ ਸਾਂਝੇ ਮਿੱਤਰ ਕਨੇਡਾ ਵਾਸੀ ਹਰਦੇਵ ਵਿਰਕ ਦੇ ਦੋਸਤ ਹਰਭਜਨ ਸਿੰਘ ਤੇ ਜਸਵਿੰਦਰ ਸਿੰਘ ਵੀ ਆਏ ਬੈਠੇ ਸਨ। ਉਹ ਇਸ ਸੰਗੀਤਕ ਸ਼ਾਮ ਦੇ ਜਲੌਅ ਤੇ ਖ਼ੁਸ਼ਬੂ ਨੂੰ ਆਪਣੇ ਨਾਲ ਕਨੇਡਾ ਲੈ ਗਏ ਤੇ ਉਹਨਾਂ ਨੇ ਅਡਮਿੰਟਨ ਵਿਚ ਸਾਡੇ ਢਾਡੀ ਜਥੇ ਦਾ ਪ੍ਰੋਗਰਾਮ ਕਰਨ ਦਾ ਮਨ ਬਣਾ ਲਿਆ।

ਅਡਮਿੰਟਨ ਵਿਚ ਵੀ ਪਾਤਰ, ਦੇਵ ਅਤੇ ਮੈਂ ਤਿੰਨੇ ਹਾਜ਼ਰ ਹੋਏ। ਉਹ ਸ਼ਾਮ ਵੀ ਪਹਿਲੀਆਂ ਸ਼ਾਮਾਂ ਵਾਂਗ ਹੀ ਬੇਹੱਦ ਸਫ਼ਲ ਹੋਈ। ਹਰ ਵਾਰ ਅਸੀਂ ਆਪਣੀ ਗੱਲਬਾਤ ਵਿੱਚ ਨਵੀਆਂ ਗੱਲਾਂ ਤੇ ਨਵੀਆਂ ਗ਼ਜ਼ਲਾਂ ਸ਼ਾਮਲ ਕਰਦੇ ਰਹੇ। ਨਵੇਂ ਰੰਗ ਭਰਦੇ ਗਏ।

ਇੱਕ ਵਾਰ ਜਦੋਂ ਹਰਦੇਵ ਵਿਰਕ ਪੰਜਾਬ ਆਇਆ ਤਾਂ ਮੈਂ ਉਹਦੇ ਮਾਣ ਵਿਚ ਆਪਣੇ ਘਰ ਅਜਿਹੀ ਮਹਿਫ਼ਿਲ ਦਾ ਇੰਤਜ਼ਾਮ ਕੀਤਾ। ਇਸ ਮਹਿਫ਼ਿਲ ਵਿਚ ਜਲੰਧਰ ਦੇ ਨਾਲ ਨਾਲ ਪੰਜਾਬ ਵਿਚੋਂ ਵੀ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਚੰਡੀਗੜ੍ਹ ਤੋਂ ਡਾ ਰਘਬੀਰ ਸਿੰਘ ਸਿਰਜਣਾ, ਪਟਿਆਲੇ ਤੋਂ ਸੁਰਜੀਤ ਤੇ ਬਲਦੇਵ ਧਾਲੀਵਾਲ, ਖੰਨੇ ਤੋਂ ਬਲਵਿੰਦਰ ਗਰੇਵਾਲ, ਦਿੱਲੀ ਤੋਂ ਪ੍ਰੋ ਚਮਨ ਲਾਲ, ਜੰਮੂ ਤੋਂ ਬਲਜਿੰਦਰ ਨਸਰਾਲੀ ਤੇ ਇੰਜ ਹੀ ਬਹੁਤ ਸਾਰੇ ਹੋਰ। ਜਲੰਧਰ ਤੋਂ ਜਤਿੰਦਰ ਪੰਨੂੰ, ਸੁਕੀਰਤ, ਕਰਤਾਰ ਪਹਿਲਵਾਨ ਦੇ ਭਤੀਜੇ ਨਾਲ ਪਾਕਿਸਤਾਨ ਤੋਂ ਆਏ ਨਾਮਵਰ ਪਹਿਲਵਾਨ ਤੇ ਹੋਰ ਸੱਜਣ ਇਸ ਸ਼ਾਮ ਵਿਚ ਪਾਤਰ ਨਾਲ ਉਹਦਾ ਚਚੇਰਾ ਭਰਾ ਦੀਦਾਰ ਸਿੰਘ ਪ੍ਰਦੇਸੀ ਵੀ ਹਾਜ਼ਰ ਸੀ।

ਇਹ ਸ਼ਾਮ ਵੀ ਯਾਦਗਾਰੀ ਬਣ ਗਈ।

ਇਹ ਵੀ ਦੱਸਦਾ ਜਾਵਾਂ ਕਿ ਇਹਨਾਂ ਸਮਾਗਮਾਂ ਵਿਚ ਅਸੀਂ ਦੇਵ ਦਿਲਦਾਰ ਨੂੰ ਬਣਦੀ ਸਰਦੀ ਭੇਟਾ ਤਾਂ ਦਿੰਦੇ, ਪਰ ਪਾਤਰ ਸਾਡੇ ਦਿਲ ਦੇ ਨਜ਼ਰਾਨੇ ਨਾਲ ਹੀ ਰੱਜ ਜਾਂਦਾ। ਜਿਹੜੇ ਲੋਕ ਕਹਿੰਦੇ ਨੇ ਕਿ ਪਾਤਰ ‘ਕਵਿਤਾ ਵੇਚਦਾ ਸੀ’ ਉਹ ਕੁਫ਼ਰ ਤੋਲਦੇ ਨੇ। ਪਾਤਰ ਨੂੰ ਬੁਲਾਉਣ ਤੇ ਸੁਣਨ ਦਾ ਮੁੱਲ ਮੁਹੱਬਤ ਭਰੇ ਪ੍ਰਸੰਸਾਮਈ ਬੋਲ ਹੀ ਹੁੰਦੇ। ਉਹ ਏਨੇ ਨਾਲ ਹੀ ਸਰੂਰਿਆ ਜਾਂਦਾ। ਆਪਣੀ ਝੋਲ ਭਰੀ ਭਰੀ ਮਹਿਸੂਸ ਕਰਦਾ।

ਕਰਤਾਰ ਨੇ ਮੈਨੂੰ ਉਚੇਚੇ ਤੌਰ ’ਤੇ ਪੁੱਛਿਆ ਕਿ ਪਾਤਰ ਅਤੇ ਦੇਵ ਦਿਲਦਾਰ ਨੂੰ ਕੀ ਭੇਟਾ ਦਿੱਤੀ ਜਾਵੇ!! ਮੈਂ ਉਹਨੂੰ ਕਿਹਾ ਕਿ ਆਪਾਂ ਦੇਵ ਨੂੰ ਮੁਨਾਸਬ ਜਿਹੀ ਭੇਟਾ ਦੇ ਦਿੰਦੇ ਹਾਂ, ਪਾਤਰ ਨੂੰ ਮੈਂ ਅੱਜ ਤੱਕ ਨਾ ਭੇਟਾ ਦਿੱਤੀ ਹੈ ਤੇ ਨਾ ਹੀ ਇਸ ਬਾਰੇ ਕਦੀ ਪੁੱਛਿਆ ਹੈ। ਕਰਤਾਰ ਨੇ ਕਿਹਾ, “ਇੰਝ ਚੰਗਾ ਨਹੀਂ ਲੱਗਦਾ!”

ਫਿਰ ਅਸੀਂ ਆਪਸੀ ਸਲਾਹ ਨਾਲ ਦੋ ਲਿਫ਼ਾਫ਼ੇ ਤਿਆਰ ਕੀਤੇ।

ਜਦੋਂ ਪਾਤਰ ਹੁਰੀਂ ਵਾਪਸ ਜਾਣ ਲਈ ਕਾਰ ਵਿਚ ਬੈਠ ਗਏ ਤਾਂ ਮੈਂ ਬਾਰੀ ਕੋਲ ਹੋ ਕੇ ਹੌਲੀ ਜਿਹੀ ਦੋ ਲਿਫ਼ਾਫ਼ੇ ਪਾਤਰ ਦੇ ਹੱਥ ਵਿਚ ਫੜਾਏ। ਉਹਨੇ ਦੋਵਾਂ ’ਤੇ ਲਿਖੇ ਨਾਂ ਪੜ੍ਹੇ। ਦੇਵ ਵਾਲਾ ਲਿਫ਼ਾਫ਼ਾ ਕੋਲ ਰੱਖ ਲਿਆ ਤੇ ਆਪਣੇ ਵਾਲਾ ਮੈਨੂੰ ਵਾਪਸ ਕਰਦਿਆਂ ਹੱਸ ਪਿਆ, “ਪਿਆਰ ਦੀ ਕੀਮਤ ਨਹੀਂ ਹੁੰਦੀ!”

ਅਗਲੇ ਸਾਲਾਂ ਵਿੱਚ ਜਦੋਂ ਉਹਨੇ ਵਿਦੇਸ਼ ਦੇ ਚੱਕਰ ਲਾਉਣੇ ਸ਼ੁਰੂ ਕੀਤੇ ਤਾਂ ਉਹਦੀ ਕਵਿਤਾ ਦੇ ਆਸ਼ਕਾਂ ਨੇ ਅਜਿਹੇ ਸਮਾਗਮ ਵੀ ਆਯੋਜਿਤ ਕੀਤੇ, ਜਿੱਥੇ ਹਾਲ ਵਿੱਚ ਟਿਕਟ ਖ਼ਰੀਦ ਕੇ ਜਾਣਾ ਪੈਂਦਾ। ਨੁਕਤਾਚੀਨਾਂ ਨੇ ਹੀ ਉਦੋਂ ਕਹਿਣਾ ਸ਼ੁਰੂ ਕੀਤਾ ਕਿ, ਲ਼ਓ ਜੀ! ਹੁਣ ਅਸੀਂ ਪਾਤਰ ਨੂੰ ਸੁਣਨ ਲਈ ਟਿਕਟ ਖ਼ਰੀਦ ਕੇ ਜਾਵਾਂਗੇ!

ਪਾਤਰ ਦੇ ਪਿਆਰਿਆਂ ਦਾ ਖ਼ਾਮੋਸ਼ ਜਵਾਬ ਸੀ, ‘ਅਸੀਂ ਜਾਵਾਂਗੇ ਖ਼ਰੀਦ ਕੇ ਪਾਤਰ ਦੀ ਕਵਿਤਾ ਨੂੰ ਸੁਣਨ।“

’ਤੇ ਸੱਚਮੁੱਚ ਸਰੋਤੇ ਟਿਕਟਾਂ ਖ਼ਰੀਦ ਕੇ ਖਚਾ-ਖਚ ਭਰੇ ਹੋਏ ਹਾਲਾਂ ਵਿਚ ਉਹਨੂੰ ਸੁਣਨ ਲਈ ਜਾਂਦੇ।

ਮੈਂ ਇਹਨਾਂ ਸਮਾਗਮਾਂ ਵਿਚ ਕੀਤੀਆਂ ਗੱਲਾਂ ਦੇ ਵਿਸਥਾਰ ਵਿਚ ਨਹੀਂ ਗਿਆ ਕਿਉਂਕਿ ਉਹ ਗੱਲਾਂ ਉਸਤੋਂ ਬਾਅਦ ਤੁਸੀਂ ਪਾਤਰ ਕੋਲੋਂ ਸੁਣ ਲਈਆਂ ਹੋਣਗੀਆਂ। ਪਰ ਬਾਅਦ ਦੇ ਇੱਕ ਸਮਾਗਮ ਵਿਚ ਮੈਂ ਜਦੋਂ ਉਸਨੂੰ ‘ਕਵਿਤਾ ਵੇਚਣ’ ਦੇ ਦੋਸ਼ ਬਾਰੇ ਪੁੱਛਿਆ ਤਾਂ ਉਸ ਦੱਸਿਆ, “ਵਰਿਆਮ! ਮੈਂ ਤੇਰੇ ਨਾਲ ਜਲੰਧਰ ਵਿਚ ਹੀ ਪੰਜ-ਛੇ ਪ੍ਰੋਗਰਾਮ ਕੀਤੇ ਨੇ, ਤੂੰ ਜਾਣਦਾ ਹੀ ਏਂ ਕਿ ਪ੍ਰੋਗਰਾਮ ਵਿਚ ਆਉਣ ਦੇ ‘ਕਿੰਨੇ ਪੈਸੇ’ ਲੈਂਦਾ ਰਿਹਾਂ! ਤੇ ਰਹੀ ਗੱਲ ਬਾਹਰਲੇ ਮੁਲਕਾਂ ਵਿਚ ਦੋਸਤਾਂ ਵੱਲੋਂ ਟਿਕਟ ਰੱਖ ਕੇ ਪ੍ਰੋਗਰਾਮ ਕਰਾਉਣ ਦੀ, ਤਾਂ, ਮੇਰਾ ਮੰਨਣਾ ਹੈ ਕਿ ਯਾਰ-ਦੋਸਤ ਆਡੀਟੋਰੀਅਮ ਬੁੱਕ ਕਰਦੇ ਹਨ, ਸਾਊਂਡ ਦਾ ਤੇ ਕਈ ਵਾਰ ਸਾਜ਼ਿੰਦਿਆਂ ਦਾ ਖ਼ਰਚਾ ਵੀ ਉਹਨਾਂ ਨੂੰ ਕਰਨਾ ਪੈਂਦਾ ਹੇ। ਟਿਕਟਾਂ ’ਤੇ ਪ੍ਰੋਗਰਾਮ ਕਾਰਉਣ ਨਾਲ, ਖ਼ਰਚ ਵੰਡਿਆ ਜਾਂਦਾ ਹੈ ਤੇ ਕੇਵਲ ਇੱਕ-ਦੋ ਬੰਦਿਆਂ ’ਤੇ ਖ਼ਰਚੇ ਦਾ ਭਾਰ ਨਹੀਂ ਪੈਂਦਾ। ਇਸ ਵਿਚੋਂ ਕੁਝ ਪੈਸੇ ਉਹ ਮੈਨੂੰ ਵੀ ਦਿੰਦੇ ਨੇ। ਪਰ ਮੈਂ ਇਹ ਕਦੀ ਨਹੀਂ ਕਿਹਾ ਕਿ ਉਹ ਜ਼ਰੂਰ ਮੇਰਾ ਅਜਿਹਾ ਸਮਾਗਮ ਰਚਾਉਣਗੇ ਤਾਂ ਮੈਂ ਤਦ ਹੀ ਉਹਨਾਂ ਨੂੰ ਕਵਿਤਾਵਾਂ ਸੁਣਾਵਾਂਗਾ। ਵਿਦੇਸ਼ਾਂ ਵਿਚ ਵੀ ਮੈਂ ਯਾਰਾਂ ਦੀਆਂ ਮਹਿਫ਼ਿਲਾਂ ਵਿਚ ਜਾਂ ਉਥੋਂ ਦੀਆਂ ਸਾਹਿਤ ਸਭਾਵਾਂ ਦੇ ਸੱਦੇ ’ਤੇ ਕਵਿਤਾਵਾਂ ਸੁਣ ਕੇ ਖ਼ੁਸ਼ ਹੁੰਦਾਂ। ਏਥੇ ਵੀ ਤੈਨੂੰ ਪਤੈ ਕਿ ਮੈਂ ਯਾਰਾਂ ਦੀ ਸੰਗਤ ਵਿਚ ਸਾਰੀ ਸਾਰੀ ਰਾਤ ਗਾਉਣ ਲਈ ਤਿਆਰ ਰਹਿੰਦਾ ਹਾਂ। ਪਰ ਜੇ ਕਵਿਤਾ ‘ਵੇਚਣ’ ਦੀ ਗੱਲ ਹੀ ਕਰਨੀ ਹੈ ਤਾਂ ਜੇ ਲੇਖਕ ਆਪਣੀਆਂ ਕਿਤਾਬਾਂ ਦੀ ਰਾਇਲਟੀ ਲੈਂਦਾ ਹੈ ਤਾਂ ਉਹ ਆਪਣੀ ਕਵਿਤਾ ਸੁਣਾਉਣ ਦੀ ਕੀਮਤ ਲਵੇ ਤਾਂ ਕੀ ਮਾੜੀ ਗੱਲ ਹੈ! ਯੂਰਪ ਅਤੇ ਉਤਰੀ ਅਮਰੀਕਾ ਵਿਚ ਕਵੀਆਂ ਦੀ ਕਵਿਤਾ ਸੁਣਨ ਲਈ ਟਿਕਟਾਂ ਖ਼ਰੀਦਣੀਆਂ ਪੈਂਦੀਆਂ ਨੇ ਤੇ ਟਿਕਟਾਂ ਖ਼ਰੀਦ ਕੇ ਕਵਿਤਾ ਸੁਣਦੇ ਵੀ ਨੇ!”

ਸੋ ਮੈਨੂੰ ਲੱਗਦਾ ਹੈ ਕਿ ਪੰਜਾਬੀ ਕਵਿਤਾ ਤੇ ਕਵੀਆਂ ਨੂੰ ਉਸਦਾ ਰਿਣੀ ਹੋਣਾ ਚਾਹੀਦਾ ਹੈ ਕਿ ਉਹਨੇ ਪਹਿਲੀ ਵਾਰ ਕਵਿਤਾ ਨੂੰ ਉਸ ਉੱਚੇ ਮੁਕਾਮ ’ਤੇ ਪਹੁੰਚਾ ਦਿੱਤਾ ਕਿ ਸਰੋਤਿਆਂ ਤੇ ਪਾਠਕਾਂ ਨੂੰ ਸ਼ਾਇਦ ਇੰਝ ਹੀ ਲੱਗਣ ਲੱਗਾ ਜਿਵੇਂ ਉਹ ਸ਼ਾਇਰ ਦੀ ਕਿਤਾਬ ਖ਼ਰੀਦਕੇ ਉਹਨੂੰ ਪੜ੍ਹਨ ਦਾ ਆਨੰਦ ਮਾਣਦੇ ਹਨ, ਇੰਝ ਹੀ ਉਹ ਕਿਤਾਬ ਵਾਂਗ ਟਿਕਟ ਖ਼ਰੀਦ ਕੇ ਉਹਦੀ ਕਵਿਤਾ ਨੂੰ ਸੁਣਨ ਜਾਂਦੇ ਸਨ।

ਬੱਲੇ! ਬੱਲੇ ਤਾਂ ਮੇਰੀ ਵੀ ਬੜੀ ਹੁੰਦੀ। ਕਿਸੇ ਵੀ ਪ੍ਰੋਗਰਾਮ ਤੋਂ ਬਾਅਦ ਮਿਲਣ ਵਾਲਿਆਂ ਦੀ ਭੀੜ ਪਾਤਰ ਦੁਆਲੇ ਤਾਂ ਜੁੜਨੀ ਹੀ ਹੁੰਦੀ, ਪਰ ਛੋਟੀ ਜਿਹੀ ਭੀੜ ਮੇਰੇ ਦੁਆਲੇ ਵੀ ਜੁੜ ਜਾਂਦੀ। ਉਹਨਾਂ ਨੂੰ ਮੇਰੀਆਂ ਗੱਲਾਂ ਨੇ ਮੋਹ ਲਿਆ ਹੁੰਦਾ। ਕਦੀ ਕਦੀ ਤਾਂ ਚੱਲਦੇ ਪ੍ਰੋਗਰਾਮ ਵਿਚ ਪ੍ਰਬੰਧਕਾਂ ਵਿਚੋਂ ਕੋਈ ਜਣਾ ਸਟੇਜ ’ਤੇ ਆ ਕੇ ਮੇਰੇ ਕੰਨ ਵਿਚ ਹੌਲੀ ਜਿਹੀ ਕਹਿ ਜਾਂਦਾ, ‘ਲੋਕ ਕਹਿੰਦੇ ਨੇ ਕਿ ਪਾਤਰ ਜਾਂ ਸੰਧੂ ਸਾਹਿਬ ਵਿਚੋਂ ਭਾਵੇਂ ਕੋਈ ਵੀ ਗੱਲਾਂ ਕਰੀ ਜਾਵੇ, ਸਾਡੇ ਲਈ ਠੀਕ ਹੀ ਹੈ!”

ਮੈਂ ਐਵੇਂ ਸਵਾਲ ਕਰਨ ਵਾਲਾ ਮੇਜ਼ਬਾਨ ਨਹੀਂ ਸਾਂ। ਮੈਂ ਸੁਰਜੀਤ ਪਾਤਰ ਨਹੀਂ ਤਾਂ ਛੋਟਾ-ਮੋਟਾ ਵਰਿਆਮ ਸਿੰਘ ਸੰਧੂ ਤਾਂ ਸਾਂ ਹੀ। ਠੀਕ ਸੀ, ਪ੍ਰੋਗਰਾਮ ਪਾਤਰ ਦਾ ਹੀ ਹੁੰਦਾ ਸੀ, ਉਹਦੀ ਹੀ ਗੱਲ ਹੋਣੀ ਚਾਹੀਦੀ ਸੀ। ਉਹਦੇ ’ਤੇ ਹੀ ਕੇਂਦ੍ਰਿਤ। ਗੱਲ ਤਾਂ ਮੈਂ ਵੀ ਉਹਨੂੰ ਕੇਂਦਰ ਵਿਚ ਰੱਖ ਕੇ ਹੀ ਕਰਦਾ ਸਾਂ, ਪਰ ਮੈਂ ਵੀ ਕਿਸੇ ਨਾ ਕਿਸੇ ਰੂਪ ਵਿਚ ‘ਕੇਂਦਰ’ ਵਿਚ ਆ ਹੀ ਜਾਂਦਾ ਸਾਂ। ਮੇਰੀ ਆਪਣੀ ਥਾਂ ਵੀ ਸੀ ਕੋਈ। ਮੈਂ ਆਪਣੀ ਥਾਂ ਵੀ ਬਹਾਲ ਰੱਖਣੀ ਚਾਹੁੰਦਾ ਸਾਂ। ਮੈਂ ਪਾਤਰ ਦਾ ਡੁੱਲ੍ਹਿਆ ਹੋਇਆ ਆਸ਼ਕ ਤਾਂ ਸਾਂ ਹੀ, ਤੇ ਮੈਨੂੰ ਇਸਦਾ ਮਾਣ ਸੀ, ਪਰ ਮੈਂ ਪਾਤਰ ਦੀ ਐਵੇਂ ਦੀ ਡੁਗਡੁਗੀ ਵਜਾਉਣ ਵਾਲਾ ਵੀ ਨਹੀਂ ਸਾਂ ਲੱਗਣਾ ਚਾਹੁੰਦਾ।

ਕਦੀ ਕਦੀ ਮੈਨੂੰ ਮੋਹਨ ਕਾਹਲੋਂ ਵਾਰ ਵਾਰ ਯਾਦ ਆਉਂਦਾ। ਉਹ ਕਲਕੱਤਿਉਂ ਆਇਆ ਤਾਂ ਮੇਰੇ ਘਰ ਮਿਲਣ ਆਇਆ। ਮੈਨੂੰ ਕਹਿੰਦਾ, “ਵਰਿਆਮ! ਮੈਂ ਤੇਰੇ ਨਾਲ ਇੱਕ ਗੱਲੋਂ ਬੜਾ ਨਰਾਜ਼ ਆਂ।“

“ਕੀ ਗੁਸਤਾਖ਼ੀ ਹੋ ਗਈ ਭਾ ਜੀ।“

“ਯਾਰ! ਤੂੰ ਜਿਨ੍ਹਾਂ ਨੂੰ ਕੁਰਸੀਆਂ ’ਤੇ ਬਹਾ ਕੇ, ਆਪ ਖਲੋਤਾ ਹੁੰਨੈਂ। ਖਲੋ ਕੇ ਸਵਾਲ ਜਵਾਬ ਕਰਦਾ ਏਂ। ਮੈਨੂੰ ਹਰਗ਼ਿਜ਼ ਚੰਗਾ ਨਹੀਂ ਲੱਗਦਾ। ਤੇਰੀ ਥਾਂ ਖਲੋ ਕੇ ਸਵਾਲ ਕਰਨ ਦੀ ਨਹੀਂ ਸਗੋਂ ‘ਉਸ’ ਕੁਰਸੀ ’ਤੇ ਬਹਿਣ ਦੀ ਹੈ!”

ਉਹ ਦੂਰ-ਦਰਸ਼ਨ ’ਤੇ ਮੇਰੇ ਵੱਲੋਂ ਦਰਸ਼ਕਾਂ ਦੀ ਹਾਜ਼ਰੀ ਵਿਚ ਕੀਤੇ ਜਾਣ ਵਾਲੇ ਉਹਨਾਂ ਰੂ ਬ ਰੂ ਪ੍ਰੋਗਰਾਮਾਂ ਦੀ ਗੱਲ ਕਰ ਰਿਹਾ ਸੀ, ਜਿਨ੍ਹਾਂ ਦੀ ਮੇਜ਼ਬਾਨੀ ਮੈਂ ਆਪਣੇ ਅਜ਼ੀਜ਼ ਲਖਵਿੰਦਰ ਜੌਹਲ ਦੇ ਕਹਿਣ ’ਤੇ ਕਰ ਰਿਹਾ ਸਾਂ। ਇਹਨਾਂ ਵਿਚ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਕੰਵਲ, ਜਗਤਾਰ, ਅਜਮੇਰ ਔਲਖ ਤੇ ਹਰਭਜਨ ਹਲਵਾਰਵੀ ਵਰਗੇ ਨਾਮਵਰ ਲੇਖਕਾਂ ਦੇ ਰੂ ਬ ਰੂ ਸ਼ਾਮਲ ਸਨ।

ਪਾਤਰ ਵਾਲੇ ਸਮਾਗਮਾਂ ਵਿਚ ਲੋਕਾਂ ਨੂੰ ਮੇਰੀਆਂ ਗੱਲਾਂ ਵੀ ਪਸੰਦ ਆਉਣੀਆਂ ਹੀ ਸਨ। ਗੱਲਾਂ ਮੈਂ ਕਿਹੜੀਆਂ ਆਪਣੇ ਬਾਰੇ ਕਰਦਾ ਸਾਂ। ਸਾਰੀ ਗੱਲ ਤਾਂ ਪਾਤਰ ਦੀ ਜ਼ਿੰਦਗੀ ਤੇ ਸ਼ਾਇਰੀ ਦੇ ਹਵਾਲਿਆਂ ਨਾਲ ਹੀ ਕਰਦਾ ਸਾਂ। ਡੂੰਘੀ ਚੁੱਭੀ ਮਾਰ ਕੇ ਘਟਨਾਵਾਂ, ਵੇਰਵਿਆਂ, ਕਥਾਵਾਂ ਦੇ ਮੋਤੀ ਕੱਢ ਕੇ ਲਿਆਉਂਦਾ ਤੇ ਪਾਤਰ ਦੀ ਸ਼ਾਇਰੀ ਦੇ ਮੱਥੇ ’ਤੇ ਜੜ ਦਿੰਦਾ। ਇਹਨਾਂ ਗੱਲਾਂ ਵਿੱਚ ਰੰਗ ਆਪਣਾ ਘੋਲਦਾ ਸਾਂ। ਚੱਲਦੇ ਪਰਸੰਗ ਵਿਚ ਰੰਗਦਾਰ ਧਾਰੀਆਂ ਪਾਉਂਦਾ ਜਾਂਦਾ। ਲੋਕ ਇਹਨਾਂ ਰੰਗਾਂ ਵਿਚ ਵੀ ਭਿੱਜਦੇ। ਜਿਵੇਂ ਵੀ ਕਰਦਾ, ਗੱਲ ਤਾਂ ਪਾਤਰ ਦੀ ਸੋਭਾ ਨਾਲ ਜੁੜੀ ਹੁੰਦੀ। ਪਾਤਰ ਦਾ ਖ਼ੁਸ਼ ਹੋਣਾ ਬਣਦਾ ਸੀ।

ਮੈਂ ਸੋਚਣ ਲੱਗਾ। ਮੈਨੂੰ ਇਹਨਾਂ ਗੱਲਾਂ ਦਾ ਕੀ ਭਾਅ! ਇਹਨਾਂ ਤਾੜੀਆਂ ਦਾ ਮੈਂ ਕੀ ਕਰਨਾ! ਸਾਰੀ ਬੱਲੇ ਬੱਲੇ ਤਾਂ ਪਾਤਰ ਦੀ ਸੀ। ਯਾਰ ਦੀ ਬੱਲੇ! ਬੱਲੇ! ਕਰਾਉਣ ਵਿਚ ਜੇ ਮੈਂ ਕੁਝ ਸਕਾਰਾਤਮਕ ਹਿੱਸਾ ਪਾ ਰਿਹਾ ਸਾਂ, ਭਲੀ ਗੱਲ ਹੀ ਸੀ, ਪਰ ਮੇਰੇ ਲਈ ਇਸ ਵਿਚੋਂ ‘ਕੱਢਣ-ਪਾਉਣ’ ਨੂੰ ਕੀ ਸੀ? ਇਸਨੂੰ ਕਿਤੇ ਤਾਂ ਵਿਰਾਮ ਲੱਗਣਾ ਚਾਹੀਦਾ ਹੈ।

ਤੇ ਇੱਕ ਦਿਨ ਮੈਂ ਵਿਰਾਮ ਲਾਉਣ ਦਾ ਐਲਾਨ ਕਰ ਹੀ ਦਿੱਤਾ।

ਪਰ ਕਾਮਯਾਬ ਨਾ ਹੋ ਸਕਿਆ।

ਗੱਲ ਕਿਵੇਂ ਹੋਈ ਤੇ ਕਿਉਂ ਹੋਈ?

ਅਗਲੀ ਵਾਰ…

-ਵਰਿਆਮ ਸਿੰਘ ਸੰਧੂ

ਮੈਂ ਪਾਤਰ ਅੱਗੇ ਹੱਥ ਜੋੜ ਕੇ ਸੀਸ ਨਿਵਾਇਆ, “ਮਹਾਂ ਪੁਰਖ਼ੋ! ਧੰਨ ਹੋ!”

ਸਾਡਾ (ਸੁਰਜੀਤ ਪਾਤਰ, ਦੇਵ ਦਿਲਦਾਰ, ਵਰਿਆਮ ਸਿੰਘ ਸੰਧੂ) ਢਾਡੀ ਜਥਾ-ਭਾਗ -3

ਲਾਇਲਪੁਰ ਖ਼ਾਲਸਾ ਕਾਲਜ ਵਾਲੇ ਸਮਾਗਮ ਤੋਂ ਬਾਅਦ ਘੱਟੋ ਘੱਟ ਅਸੀਂ ਅੱਧੀ ਦਰਜਨ ਸਮਾਗਮ ਤਾਂ ਜਲੰਧਰ ਵਿਚ ਹੀ ਕੀਤੇ। ਇਕ ਅਡਮਿੰਟਨ (ਕਨੇਡਾ) ਵਿਚ ਕੀਤਾ। ਉਸਤੋਂ ਬਾਅਦ ਇੱਕ ਜਲੰਧਰ ਵਿਚ ਮੇਰੇ ਘਰ ਵਿਚ ਹੋਇਆ, ਜਿਸ ਵਿਚ ਦੀਦਾਰ ਸਿੰਘ ਪ੍ਰਦੇਸੀ ਵੀ ਸ਼ਾਮਲ ਸੀ।

ਇਹਨਾਂ ਸਮਾਗਮਾਂ ਵਿਚ ਪਾਤਰ ਦੀ ਬੱਲੇ! ਬੱਲੇ! ਤਾਂ ਹੋਣੀ ਹੀ ਸੀ। ਮੈਨੂੰ ਵੀ ਕਾਫ਼ੀ ‘ਪਿਆਰ-ਗੱਫਾ’ ਮਿਲਦਾ।

ਮੈਂ ਐਵੇਂ ਸਵਾਲ ਕਰਨ ਵਾਲਾ ਮੇਜ਼ਬਾਨ ਨਹੀਂ ਸਾਂ। ਮੈਂ ਸੁਰਜੀਤ ਪਾਤਰ ਨਹੀਂ ਤਾਂ ਛੋਟਾ-ਮੋਟਾ ਵਰਿਆਮ ਸਿੰਘ ਸੰਧੂ ਤਾਂ ਸਾਂ ਹੀ। ਠੀਕ ਸੀ, ਪ੍ਰੋਗਰਾਮ ਪਾਤਰ ਦਾ ਹੀ ਹੁੰਦਾ ਸੀ, ਉਹਦੀ ਹੀ ਗੱਲ ਹੋਣੀ ਚਾਹੀਦੀ ਸੀ। ਉਹਦੇ ’ਤੇ ਹੀ ਕੇਂਦ੍ਰਿਤ। ਗੱਲ ਤਾਂ ਮੈਂ ਵੀ ਉਹਨੂੰ ਕੇਂਦਰ ਵਿਚ ਰੱਖ ਕੇ ਹੀ ਕਰਦਾ ਸਾਂ, ਪਰ ਮੈਂ ਵੀ ਕਿਸੇ ਨਾ ਕਿਸੇ ਰੂਪ ਵਿਚ ‘ਕੇਂਦਰ’ ਵਿਚ ਆ ਹੀ ਜਾਂਦਾ ਸਾਂ। ਮੇਰੀ ਆਪਣੀ ਥਾਂ ਵੀ ਸੀ ਕੋਈ। ਮੈਂ ਆਪਣੀ ਥਾਂ ਵੀ ਬਹਾਲ ਰੱਖਣੀ ਚਾਹੁੰਦਾ ਸਾਂ। ਮੈਂ ਪਾਤਰ ਦਾ ਡੁੱਲ੍ਹਿਆ ਹੋਇਆ ਆਸ਼ਕ ਤਾਂ ਸਾਂ ਹੀ, ਤੇ ਮੈਨੂੰ ਇਸਦਾ ਮਾਣ ਸੀ, ਪਰ ਮੈਂ ਪਾਤਰ ਦੀ ਐਵੇਂ ਦੀ ਡੁਗਡੁਗੀ ਵਜਾਉਣ ਵਾਲਾ ਵੀ ਨਹੀਂ ਸਾਂ ਲੱਗਣਾ ਚਾਹੁੰਦਾ।

ਕਦੀ ਕਦੀ ਮੈਨੂੰ ਮੋਹਨ ਕਾਹਲੋਂ ਵਾਰ ਵਾਰ ਯਾਦ ਆਉਂਦਾ। ਉਹ ਕਲਕੱਤਿਉਂ ਆਇਆ ਤਾਂ ਮੇਰੇ ਘਰ ਮਿਲਣ ਆਇਆ। ਮੈਨੂੰ ਕਹਿੰਦਾ, “ਵਰਿਆਮ! ਮੈਂ ਤੇਰੇ ਨਾਲ ਇੱਕ ਗੱਲੋਂ ਬੜਾ ਨਰਾਜ਼ ਆਂ।“

“ਕੀ ਗੁਸਤਾਖ਼ੀ ਹੋ ਗਈ ਭਾ ਜੀ।“

“ਯਾਰ! ਤੂੰ ਜਿਨ੍ਹਾਂ ਨੂੰ ਕੁਰਸੀਆਂ ’ਤੇ ਬਹਾ ਕੇ, ਆਪ ਖਲੋਤਾ ਹੁੰਨੈਂ। ਖਲੋ ਕੇ ਸਵਾਲ ਜਵਾਬ ਕਰਦਾ ਏਂ। ਮੈਨੂੰ ਹਰਗ਼ਿਜ਼ ਚੰਗਾ ਨਹੀਂ ਲੱਗਦਾ। ਤੇਰੀ ਥਾਂ ਖਲੋ ਕੇ ਸਵਾਲ ਕਰਨ ਦੀ ਨਹੀਂ ਸਗੋਂ ‘ਉਸ’ ਕੁਰਸੀ ’ਤੇ ਬਹਿਣ ਦੀ ਹੈ!”

ਉਹ ਦੂਰ-ਦਰਸ਼ਨ ’ਤੇ ਮੇਰੇ ਵੱਲੋਂ ਦਰਸ਼ਕਾਂ ਦੀ ਹਾਜ਼ਰੀ ਵਿਚ ਕੀਤੇ ਜਾਣ ਵਾਲੇ ਉਹਨਾਂ ਰੂ ਬ ਰੂ ਪ੍ਰੋਗਰਾਮਾਂ ਦੀ ਗੱਲ ਕਰ ਰਿਹਾ ਸੀ, ਜਿਨ੍ਹਾਂ ਦੀ ਮੇਜ਼ਬਾਨੀ ਮੈਂ ਆਪਣੇ ਅਜ਼ੀਜ਼ ਲਖਵਿੰਦਰ ਜੌਹਲ ਦੇ ਕਹਿਣ ’ਤੇ ਕਰ ਰਿਹਾ ਸਾਂ। ਇਹਨਾਂ ਵਿਚ ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਕੰਵਲ, ਜਗਤਾਰ, ਅਜਮੇਰ ਔਲਖ ਤੇ ਹਰਭਜਨ ਹਲਵਾਰਵੀ ਵਰਗੇ ਨਾਮਵਰ ਲੇਖਕਾਂ ਦੇ ਰੂ ਬ ਰੂ ਸ਼ਾਮਲ ਸਨ।

ਪਾਤਰ ਵਾਲੇ ਸਮਾਗਮਾਂ ਵਿਚ ਲੋਕਾਂ ਨੂੰ ਮੇਰੀਆਂ ਗੱਲਾਂ ਵੀ ਪਸੰਦ ਆਉਣੀਆਂ ਹੀ ਸਨ। ਗੱਲਾਂ ਮੈਂ ਕਿਹੜੀਆਂ ਆਪਣੇ ਬਾਰੇ ਕਰਦਾ ਸਾਂ। ਸਾਰੀ ਗੱਲ ਤਾਂ ਪਾਤਰ ਦੀ ਜ਼ਿੰਦਗੀ ਤੇ ਸ਼ਾਇਰੀ ਦੇ ਹਵਾਲਿਆਂ ਨਾਲ ਹੀ ਕਰਦਾ ਸਾਂ। ਡੂੰਘੀ ਚੁੱਭੀ ਮਾਰ ਕੇ ਘਟਨਾਵਾਂ, ਵੇਰਵਿਆਂ, ਕਥਾਵਾਂ ਦੇ ਮੋਤੀ ਕੱਢ ਕੇ ਲਿਆਉਂਦਾ ਤੇ ਪਾਤਰ ਦੀ ਸ਼ਾਇਰੀ ਦੇ ਮੱਥੇ ’ਤੇ ਜੜ ਦਿੰਦਾ। ਇਹਨਾਂ ਗੱਲਾਂ ਵਿੱਚ ਰੰਗ ਆਪਣਾ ਘੋਲਦਾ ਸਾਂ। ਚੱਲਦੇ ਪਰਸੰਗ ਵਿਚ ਰੰਗਦਾਰ ਧਾਰੀਆਂ ਪਾਉਂਦਾ ਜਾਂਦਾ। ਲੋਕ ਇਹਨਾਂ ਰੰਗਾਂ ਵਿਚ ਵੀ ਭਿੱਜਦੇ। ਜਿਵੇਂ ਵੀ ਕਰਦਾ, ਗੱਲ ਤਾਂ ਪਾਤਰ ਦੀ ਸੋਭਾ ਨਾਲ ਜੁੜੀ ਹੁੰਦੀ। ਪਾਤਰ ਦਾ ਖ਼ੁਸ਼ ਹੋਣਾ ਬਣਦਾ ਸੀ।

ਮੈਂ ਸੋਚਣ ਲੱਗਾ। ਮੈਨੂੰ ਇਹਨਾਂ ਗੱਲਾਂ ਦਾ ਕੀ ਭਾਅ! ਇਹਨਾਂ ਤਾੜੀਆਂ ਦਾ ਮੈਂ ਕੀ ਕਰਨਾ! ਸਾਰੀ ਬੱਲੇ ਬੱਲੇ ਤਾਂ ਪਾਤਰ ਦੀ ਸੀ। ਯਾਰ ਦੀ ਬੱਲੇ! ਬੱਲੇ! ਕਰਾਉਣ ਵਿਚ ਜੇ ਮੈਂ ਕੁਝ ਸਕਾਰਾਤਮਕ ਹਿੱਸਾ ਪਾ ਰਿਹਾ ਸਾਂ, ਭਲੀ ਗੱਲ ਹੀ ਸੀ, ਪਰ ਮੇਰੇ ਲਈ ਇਸ ਵਿਚੋਂ ‘ਕੱਢਣ-ਪਾਉਣ’ ਨੂੰ ਕੀ ਸੀ? ਇਸਨੂੰ ਕਿਤੇ ਤਾਂ ਵਿਰਾਮ ਲੱਗਣਾ ਚਾਹੀਦਾ ਹੈ।

ਤੇ ਇੱਕ ਦਿਨ ਮੈਂ ਵਿਰਾਮ ਲਾਉਣ ਦਾ ਐਲਾਨ ਕਰ ਹੀ ਦਿੱਤਾ।

ਪਰ ਕਾਮਯਾਬ ਨਾ ਹੋ ਸਕਿਆ।

ਗੱਲ ਇੰਝ ਹੋਈ…

ਇੱਕ ਦਿਨ ਸੁਰਜੀਤ ਪਾਤਰ ਦਾ ਮੈਨੂੰ ਫ਼ੋਨ ਆਇਆ, “ਜੰਮੂੰ ਤੋਂ ਖ਼ਾਲਿਦ ਹੁਸੈਨ ਜ਼ਿਦ ਕਰ ਰਿਹਾ ਹੈ ਕਿ ਉਹ ਜੰਮੂੰ ਵਿਚ ਆਪਣਾ ਪ੍ਰੋਗਰਾਮ ਕਰਵਾਉਣਾ ਚਾਹੁੰਦਾ ਹੈ। ਉਹ ਪ੍ਰੋਗਰਾਮ ਦੀ ਤਰੀਕ ਮਿਥਣੀ ਚਾਹੁੰਦਾ ਹੈ। ਜੇ ਤੂੰ ਆਖੇਂ ਤਾਂ ਮੈਂ ਉਹਨੂੰ ‘ਹਾਂ’ ਕਰ ਦਿਆਂ!”

“ਛੱਡ ਯਾਰ ਪਾਤਰ! ਬਹੁਤ ਹੋ ਗਈ। ਤੂੰ ਤੇ ਦੇਵ ਦਿਲਦਾਰ ਹੋ ਆਉ। ਮੈਂ ਕਿਹੜਾ ਇਸ ਢਾਡੀ ਜਥੇ ਦਾ ਪੱਕਾ ਮੈਂਬਰ ਹਾਂ।…”

“ਚਲੇ ਚੱਲਦੇ ਆਂ। ਸੰਗਤ ਹੋ ਜਾਊ, ਖ਼ਾਲਿਦ ਦਾ ਉਲ੍ਹਾਮਾਂ ਵੀ ਨਾ ਰਹੂ।“

ਉਹਨੂੰ ਪਤਾ ਸੀ ਖ਼ਾਲਿਦ ਨਾਲ ਮੇਰਾ ਵੀ ਗੂੜ੍ਹਾ ਮੁਹੱਬਤੀ ਰਿਸ਼ਤਾ ਹੈ।

“ਨਹੀਂ ਯਾਰ! ਮਨ ਜਿਹਾ ਨਹੀਂ ਮੰਨਦਾ। ਤੁਸੀਂ ਚਲੇ ਜਾਉ।“

ਪਾਤਰ ਨੇ ਮੱਧਮ ਸੁਰ ਵਿਚ ਕਿਹਾ, “ਜਿਵੇਂ ਤੇਰੀ ਮਰਜ਼ੀ। ਮੈਂ ਖ਼ਾਲਿਦ ਨੂੰ ਦੱਸ ਦਿੰਦਾਂ ਕਿ ਆਇਆ ਨਹੀਂ ਜਾਣਾ।“

ਮੈਂ ਸੋਚਿਆ ਚਲੋ! ਚੰਗਾ ਹੋਇਆ। ਗੱਲ ਮੁੱਕ ਗਈ।

ਪਰ ਗੱਲ ਮੁੱਕੀ ਕਿੱਥੇ ਸੀ। ਅਗਲੇ ਦਿਨ ਖ਼ਾਲਿਦ ਹੁਸੈਨ ਦਾ ਫ਼ੋਨ ਆ ਗਿਆ, “ਵਰਿਆਮ! ਤੂੰ ਮੈਨੂੰ ਨਾਂਹ ਕਿਵੇਂ ਕਰ ਸਕਦੈਂ? ਤੂੰ ਪਾਤਰ ਨਾਲ ਆਵੇਂਗਾ ਤੇ ਹਰ ਹਾਲ ਵਿਚ ਆਵੇਂਗਾ। ਦੂਜੀ ਗੱਲ ਹੀ ਕੋਈ ਨਹੀਂ। ਯਾਰੀ ਨਾ ਹੋਈ ਛੋਲਿਆਂ ਦਾ ਵੱਢ ਹੋ ਗਿਆ!”

ਉਹਨੇ ਤਰੀਕ ਵੀ ਦੱਸ ਦਿੱਤੀ, ਥਾਂ ਵੀ ਦੱਸ ਦਿੱਤਾ ਤੇ ਸਮਾਂ ਵੀ। ਉਹਨੇ ਪਾਤਰ ਨਾਲ ਸਭ ਕੁਝ ਤੈਅ ਕਰ ਲਿਆ ਸੀ ਤੇ ਉਹਨੂੰ ਕਿਹਾ ਸੀ ਕਿ, ‘ਵਰਿਆਮ ਜਾਣੇ ਜਾਂ ਮੈਂ ਜਾਣਾ! ਤੁਸੀਂ ਤਿਆਰੀ ਕੱਸੋ।“

ਹੁਣ ਤਾਂ ਮੈਨੂੰ ਵੀ ਤਿਆਰੀ ਕੱਸਣੀ ਪੈਣੀ ਸੀ।

ਜਾਣ ਤੋਂ ਇੱਕ ਦਿਨ ਪਹਿਲਾਂ ਪਾਤਰ ਦਾ ਫ਼ੋਨ ਆਇਆ। ਹੱਸਦਿਆਂ ਹੋਇਆਂ ਕਹਿੰਦਾ, “ਚੰਗਾ ਨਹੀਂ ਸੀ ਕਿ ਮੇਰੇ ਆਖੇ ਹੀ ਲੱਗ ਜਾਂਦਾ! ਹੁਣ ਗੱਲ ਇੰਝ ਐ ਕਿ ਮੈਂ ਤੇ ਦੇਵ ਦਿਲਦਾਰ ਕੱਲ੍ਹ ਤੇਰੇ ਕੋਲ ਪਹੁੰਚ ਜਾਵਾਂਗੇ। ਤੂੰ ਤਿਆਰ ਰਹੀਂ। ਜਲੰਧਰੋਂ ਆਪਾਂ ਜੰਮੂੰ ਨੂੰ ਚਾਲੇ ਪਾ ਦਿਆਂਗੇ।“

ਅਗਲੇ ਦਿਨ ਮੈਂ ਤਿਆਰ ਹੋ ਕੇ ਬੈਠਾ ਸਾਂ। ਪਾਤਰ ਜਲੰਧਰੋਂ ਤੁਰਨ ਲਈ ਮਿਥੇ ਸਮੇਂ ਤੋਂ ਦੋ ਢਾਈ ਘੰਟੇ ਲੇਟ ਸੀ। ਅਜੇ ਅਸੀਂ ਜਲੰਧਰੋਂ ਨਿਕਲ ਕੇ ਪਠਾਨਕੋਟ ਵਾਲੀ ਸੜਕ ’ਤੇ ਪਏ ਹੀ ਸਾਂ ਕਿ ਖ਼ਾਲਿਦ ਹੁਸੈਨ ਦਾ ਪਾਤਰ ਨੂੰ ਫ਼ੋਨ ਆਇਆ, “ਕਿੱਥੇ ਕੁ ਪਹੁੰਚੇ ਓ?”

ਪਾਤਰ ਨੇ ਕੰਨਾਂ ਨੂੰ ਫ਼ੋਨ ਲਾਇਆ ਹੋਇਆ ਸੀ। ਉਂਝ ਹੀ ਮੇਰੇ ਵੱਲ ਧੌਣ ਮੋੜ ਕੇ ਮੁਸਕਰਾਇਆ, “ਖ਼ਾਲਿਦ! ਫ਼ਿਕਰ ਨਾ ਕਰ। ਅਸੀਂ ਟਾਈਮ ਸਿਰ ਆ ਜਾਵਾਂਗੇ।“

ਮੁਸਕਰਾਇਆ ਤਾਂ ਮੈਂ ਵੀ, ਪਰ ਫ਼ਿਕਰਮੰਦੀ ਨਾਲ। ਅਸੀਂ ਮਿਥੇ ਸਮੇਂ ਤੋਂ ਦੋ ਘੰਟੇ ਪਛੜ ਕੇ ਚੱਲ ਰਹੇ ਸਾਂ। ਖ਼ਾਲਿਦ ਨੇ ਪ੍ਰੋਗਰਾਮ ਦੇ ਸ਼ੁਰੂ ਕਰਨ ਦਾ ਸਮਾਂ ਛੇ ਵਜੇ ਸ਼ਾਮ ਦਾ ਦੱਸਿਆ ਹੋਇਆ ਸੀ। ਦਸੂਹੇ ਪਹੁੰਚਦਿਆਂ ਚਾਰ ਵੱਜ ਚੱਲੇ ਸਨ। ਮੁਕੇਰੀਆਂ ਪਹੁੰਚੇ ਤਾਂ ਖ਼ਾਲਿਦ ਦਾ ਫ਼ੋਨ ਫਿਰ ਆ ਗਿਆ, “ਯਾਰ! ਮੈਂ ਸ੍ਰੀ ਨਗਰ ਤੋਂ ਦੋ ਵਜ਼ੀਰ ਸੱਦੇ ਹੋਏ ਨੇ। ਪ੍ਰੋਗਰਾਮ ਅਸੀਂ ਖਿੱਚ ਕੇ ਵੱਧ ਤੋਂ ਵੱਧ ਪੰਦਰਾਂ ਵੀਹ ਮਿੰਟ ਤੱਕ ਲੇਟ ਕਰ ਸਕਦੇ ਆਂ। ਪਰ ਤੁਸੀਂ ਟੈਮ ਸਿਰ ਪਹੁੰਚ ਜੋ ਮੇਰੇ ਵੀਰ!”

ਖ਼ਾਲਿਦ ਦਾ ਫ਼ਿਕਰ ਸੱਚਾ ਸੀ। ਪਰ ਅਸੀਂ ਤਾਂ ਕਾਫ਼ੀ ਪਛੜੇ ਹੋਏ ਸਾਂ। ਕਿਵੇਂ ਵੀ ਸਾਢੇ-ਸੱਤ ਜਾਂ ਅੱਠ ਵਜੇ ਤੋਂ ਪਹਿਲਾਂ ਨਹੀਂ ਸਾਂ ਪਹੁੰਚ ਸਕਦੇ। ਮੈਂ ਖ਼ਾਲਿਦ ਦੀ ਥਾਂ ਹੋ ਕੇ ਸੋਚਣ ਲੱਗਾ। ਸੋਚਦਾ ਤਾਂ ਪਾਤਰ ਵੀ ਹੋਵੇਗਾ, ਪਰ ਉਹਦੇ ਚਿਹਰੇ ’ਤੇ ਸਾਵਾਂਪਨ ਸੀ। ਉਹ ਸਹਿਜ ਸੀ।

ਮੈਂ ਫ਼ਿਕਰਮੰਦੀ ਨਾਲ ਕਿਹਾ, “ਯਾਰ ਪਾਤਰ! ਆਪਾਂ ਛੇ ਵਜੇ ਤਾਂ ਕਿਸੇ ਵੀ ਸੂਰਤ ਵਿਚ ਨਹੀਂ ਪਹੁੰਚ ਸਕਦੇ!”

ਪਾਤਰ ਦਾ ਮਿੱਠਾ ਜਿਹਾ ਸਹਿਜ ਹਾਸਾ ਛਣਕਿਆ, “ਚੱਲੇ ਆਂ, ਕਦੀ ਤਾਂ ਪਹੁੰਚਾਂਗੇ ਹੀ।“

ਮੈਂ ਆਪਣੇ ਆਪ ’ਤੇ ਔਖਾ ਹੋਇਆ।

‘ਮਨਾ! ਤੂੰ ਕਿਉਂ ਪਰੇਸ਼ਾਨ ਹੁੰਨੈ? ਪ੍ਰੋਗਰਾਮ ਤੇਰਾ ਤਾਂ ਨਹੀਂ, ਪਾਤਰ ਦਾ ਹੈ। ਲੇਟ ਹੋਊ ਤਾਂ ਉਹਨੂੰ ਮਿਹਣਾ। ਮੈਨੂੰ ਕੀ?”

ਤੇ ਅਸੀਂ ਮੁੜ ਜਿਵੇਂ ਗੱਲਾਂ ਬਾਤਾਂ ਕਰ ਰਹੇ ਸਾਂ, ਉਂਝ ਹੀ ਗੱਪ-ਗੋਸ਼ਿਟ ਵਿਚ ਲੱਗ ਗਏ। ਕਾਰ ਆਪਣੀ ਚਾਲੇ ਚੱਲ ਰਹੀ ਸੀ। ਸਾਢੇ ਪੰਜ ਵੱਜ ਗਏ ਸਨ। ਖ਼ਾਲਿਦ ਦਾ ਫ਼ੋਨ ਆਇਆ, “ਕਿੱਥੇ ਕੁ ਪਹੁੰਚੇ ਓ! ਛੇਤੀ ਆ ਜਾਉ। ਵਜ਼ੀਰਾਂ ਦਾ ਸੁਨੇਹਾ ਆਇਆ ਕਿ ਉਹ ਠੀਕ ਛੇ ਵਜੇ ਆ ਜਾਣਗੇ। ਅੱਧੇ ਕੁ ਘੰਟੇ ਵਿਚ ਉਦਘਾਟਨ ਦਾ ਕੰਮ ਨਬੇੜ ਕੇ, ਲੈਕਚਰ ਝਾੜ ਕੇ, ਤੁਹਾਡਾ ਸਨਮਾਨ ਕਰ ਕੇ ਉਹ ਚਲੇ ਜਾਣਗੇ। ਫਿਰ ਸਟੇਜ ਆਪਣੇ ਕੋਲ ਹੋਊ।“

ਅਸੀਂ ਅਜੇ ਪਠਾਨਕੋਟ ਹੀ ਲੰਘੇ ਸਾਂ। ਮੈਂ ਪਾਤਰ ਨਾਲ ਅੱਖਾਂ ਮਿਲਾਈਆਂ। ਅਸੀਂ ਦੋਵੇਂ ਮੁਸਕਰਾ ਪਏ।

ਛੇ ਵੱਜਣ ਵਿਚ ਪੰਦਰਾਂ ਮਿੰਟ ਪਹਿਲਾਂ ਖ਼ਾਲਿਦ ਦਾ ਮੁੜ ਫ਼ੋਨ ਆਇਆ।

“ਬੱਸ ਪਹੁੰਚੇ ਕਿ ਪਹੁੰਚੇ!”

“ਆ ਜੋ ਫ਼ਿਰ!”

ਛੇ ਵੱਜ ਗਏ। ਖ਼ਾਲਿਦ ਦੀ ਚਿੰਤਾ ਵਧ ਗਈ।

“ਬਾਹਰ ਵਜ਼ੀਰ ਆ ਗਏ ਨੇ। ਉਹਨਾਂ ਨੂੰ ਰਿਸੀਵ ਕਰਦਿਆਂ ਤੱਕ ਆ ਜਾਉ।“

ਖ਼ਾਲਿਦ ਪੰਦਰਾਂ ਕੁ ਮਿੰਟ ਵੀਹ ਵਜ਼ੀਰਾਂ ਦੀ ਪ੍ਰਾਹੁਣਚਾਰੀ ਵਿਚ ਲੱਗਾ ਰਿਹਾ ਹੋਵੇਗਾ।

“ਓ ਯਾਰ! ਤੁਸੀਂ ਕਿੱਥੇ ਓ! ਵਜ਼ੀਰ ਆਏ ਬੈਠੇ ਨੇ। ਕਿੱਥੇ ਕੁ ਓ ਹੁਣ?”

ਪਾਤਰ ਨੇ ਕਾਰ ਦੇ ਸ਼ੀਸ਼ਿਆਂ ਵਿਚੋਂ ਬਾਹਰ ਵੇਖ ਕੇ ਅਨੁਮਾਨ ਲਾਉਣ ਦਾ ਯਤਨ ਕੀਤਾ ਤੇ ਫਿਰ ਉਂਝ ਹੀ ਆਖ ਦਿੱਤਾ, “ਅਸੀਂ ਸਾਂਭਾ ਲੰਘ ਆਏ ਆਂ!”

“ਹੱਦ ਹੋ ਗਈ ਯਾਰ! ਛੇਤੀ ਕਰੋ। ਮੈਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅੱਧਾ ਕੁ ਘੰਟਾ ਰੋਕਣ ਦੀ ਕੋਸ਼ਸ਼ ਕਰਦਾਂ। ਉਹਨਾਂ ਦੀ ਵਾਪਸੀ ਸ੍ਰੀ ਨਗਰ ਦੀ ਫ਼ਲਾਈਟ ਆ। ਉਹਨਾਂ ਜਾਣਾ ਵੀ ਆਂ।“

ਜਿਵੇਂ ਦਰਿਆ ਵਿਚ ਰੁੜ੍ਹਦਾ ਬੰਦਾ ਤਰਨ ਦੇ ਸਾਰੇ ਯਤਨ ਕਰਨ ਦੇ ਬਾਵਜੂਦ ਆਖ਼ਰਕਾਰ ਆਪਣੇ ਆਪ ਨੂੰ ਲਹਿਰਾਂ ਦੇ ਹਵਾਲੇ ਕਰ ਦਿੰਦਾ ਹੈ, ਅਸੀਂ ਵੀ ਇੰਝ ਹੀ ਕੀਤਾ ਹੋਇਆ ਸੀ। ਅਸੀਂ ਤਾਂ ਤਰਨ ਦਾ ਯਤਨ ਵੀ ਨਹੀਂ ਸਾਂ ਕਰ ਸਕਦੇ।

ਹੁਣ ਤਾਂ ਅਸੀਂ ਖ਼ਾਲਿਦ ਦੀ ਹਾਲਤ ਦਾ ਅਨੁਮਾਨ ਲਾ ਕੇ ਹੱਸ ਰਹੇ ਸਾਂ।

ਕੁਝ ਚਿਰ ਬਾਅਦ ਖਿਝੇ ਹੋਏ ਖ਼ਾਲਿਦ ਦਾ ਫ਼ੋਨ ਆਇਆ, “ਮੇਰੇ ਨਾਲ ਚੰਗੀ ਕਰਾਈ ਤੁਸੀਂ। ਦੋਵੇਂ ਵਜ਼ੀਰ ਚਲੇ ਗਏ ਨੇ। ਭਾਸ਼ਨ ਕਰਨ ਦੀ ਕਾਰਵਾਈ ਪਾ ਗਏ ਨੇ। ਹੁਣ ਤੁਹਾਨੂੰ ਉਡੀਕ ਰਹੇ ਆਂ ਬੁਰੀ ਤਰ੍ਹਾਂ।“

ਪਾਤਰ ਨੇ ਸਹਿਜ ਹੋ ਕੇ ਬਹਿੰਦਿਆਂ ਕਿਹਾ, “ਚਲੋ! ਵਜ਼ੀਰਾਂ ਦਾ ਭਾਰ ਲੱਥਾ! ਹੁਣ ਤੂੰ ਬੇਫ਼ਿਕਰ ਹੋ ਕੇ ਸਾਨੂੰ ਉਡੀਕ।“

ਪਾਤਰ ਮੇਰੇ ਵੱਲ ਕਨੱਖੀਂ ਵੇਖ ਕੇ ਮੁਸਕਰਾਇਆ।

‘ਕੋਈ ਨਹੀਂ ਗਾਲ੍ਹਾਂ ਜਿੰਨੀਆਂ ਮਰਜ਼ੀ ਕੱਢ ਲਈਂ। ਇੱਕ ਵਾਰ ਪਹੁੰਚ ਲੈਣ ਦੇ।“

ਰਾਹ ਵਿਚ ਢਾਬਾ ਵੇਖ ਕੇ ਪਾਤਰ ਕਹਿੰਦਾ, “ਵਰਿਆਮ! ਭੁੱਖ ਲੱਗ ਗਈ ਆ ਯਾਰਾ! ਰੋਟੀ ਨਾ ਖਾ ਲਈਏ?”

ਮੇਰਾ ਜਵਾਬ ਉਡੀਕਣ ਤੋਂ ਪਹਿਲਾਂ ਉਹਨੇ ਡਰਾਈਵਰ ਨੂੰ ਕਾਰ ਰੋਕਣ ਲਈ ਆਖ ਦਿੱਤਾ।

ਦੇਵ ਦਿਲਦਾਰ ਨੇ ਡਰਦਿਆਂ ਝਿਜਕਦਿਆਂ ਕਿਹਾ, “ਗੁਰੂ ਜੀ! ਇੰਝ ਤਾਂ ਹੋਰ ਲੇਟ ਹੋ ਜਾਵਾਂਗੇ।“

ਕਾਰ ਤੋਂ ਉੱਤਰਦਿਆਂ ਪਾਤਰ ਨੇ ਹੱਸ ਕੇ ਕਿਹਾ, “ਢਿੱਡੋਂ ਭੁਖਿਆਂ ਤੋਂ ਭਗਤੀ ਨਹੀਂ ਹੁੰਦੀ। ਤੈਥੋਂ ਭੁਖਿਆਂ ਤੋਂ ਗਾਇਨ ਕਿਵੇਂ ਹੋ ਜੂ?”

ਅਸੀਂ ਆਰਾਮ ਨਾਲ ਰੋਟੀ ਖਾਧੀ।

ਖ਼ਾਲਿਦ ਦਾ ਫੋਨ, “ਲੋਕਾਂ ਨੂੰ ਰੋਕੀ ਰੱਖਣ ਲਈ ਮੈਂ ਕਵੀ ਦਰਬਾਰ ਸ਼ੁਰੂ ਕਰ ਦਿੱਤਾ ਏ!”

ਫਿਰ ਫ਼ੋਨ ਆਇਆ, “ਕਵੀ ਇੱਕ ਵਾਰ ਮੁੱਕ ਗਏ ਨੇ। ਹੁਣ ਦੂਜੀ ਸ਼ਿਫ਼ਟ ਚਾਲੂ ਕਰ ਦਿੱਤੀ ਐ।“

ਅਗਲਾ ਫ਼ੋਨ, “ਕਵੀ ਦੂਜੀ ਵਾਰੀ ਲਾ ਚੁੱਕੇ ਨੇ। ਹੁਣ ਮੈਂ ਲਤੀਫ਼ੇ ਸੁਣਾ ਕੇ ਬੰਦਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾਂ।“

ਅਸੀਂ ਖ਼ਾਲਿਦ ਦੀ ਹਾਲਤ ’ਤੇ ਤਰਸ ਕਰਨ ਦੀ ਥਾਂ ਹੱਸ ਰਹੇ ਸਾਂ।

“ਬੱਸ! ਤਕੜਾ ਹੋ ਕੇ ਬੰਦੇ ਰੋਕੀ ਰੱਖ। ਜਾਣ ਨਾ ਦੇਈਂ। ਅਸੀਂ ਆਏ ਲੈ।“

ਮੁਕਦੀ ਗੱਲ ਜਦੋਂ ਅਸੀਂ ਨਿਸਚਿਤ ਮੁਕਾਮ ’ਤੇ ਪਹੁੰਚੇ, ਮੇਲਾ ਉੱਜੜ ਚੁੱਕਾ ਸੀ। ਲੋਕ ਘਰੋ ਘਰੀ ਜਾ ਚੁੱਕੇ ਸਨ। ਖ਼ਾਲਿਦ ਸਮਾਗਮ-ਹਾਲ ਦੇ ਬਾਹਰ ਪੰਜ ਸੱਤ ਜਣਿਆਂ ਵਿਚ ਖਲੋਤਾ ਸਾਨੂੰ ਉਡੀਕ ਰਿਹਾ ਸੀ।

ਅਸੀਂ ਪਹੁੰਚੇ ਤਾਂ ਉਹ ਹੱਸ ਕੇ ਜੱਫ਼ੀਆਂ ਪਾ ਕੇ ਮਿਲਿਆ, “ਇਹ ਵੀ ਚੱਲੇ ਸਨ। ਮੈਂ ਤਰਲਾ ਮਾਰਿਆ, ਯਾਰੋ! ਮੈਨੂੰ ’ਕੱਲ੍ਹਿਆਂ ਤਾਂ ਨਾ ਛੱਡ ਕੇ ਜਾਉ।“

ਉਹ ਵੀ ਸ਼ਰਮਿੰਦਿਆਂ ਦੇ ਤਾਣ ਹੱਸੀ ਜਾਵੇ, ਅਸੀਂ ਵੀ ਹੱਸੀ ਜਾਈਏ।

ਉਹ ਸਾਥੀਆਂ ਸਮੇਤ ਸਾਨੂੰ ਅੰਦਰ ਨੂੰ ਲੈ ਤੁਰਿਆ। “ਤੁਸੀਂ ਚਾਹ ਪਾਣੀ ਪੀਉ, ਮੈਂ ਫ਼ੋਨ ਕਰਦਾਂ ਬੰਦਿਆਂ ਨੂੰ।“

ਲਉ ਜੀ! ਇਹ ਖ਼ਾਲਿਦ ਹੁਸੈਨ ਦੀ ਲੋਕਾਂ ਨਾਲ ਯਾਰੀ ਦਾ ਕਮਾਲ ਸੀ ਜਾਂ ਪਾਤਰ ਦੀ ਸ਼ਾਇਰੀ ਨੂੰ ਸੁਣਨ ਦੀ ਤਾਂਘ ਸੀ। ਘੰਟੇ ਕੁ ਤੱਕ ਸਾਰਾ ਹਾਲ ਮੁੜ ਭਰ ਗਿਆ। ਹੁਣ ਨਾ ਕਿਸੇ ਵਜ਼ੀਰ ਦੇ ਛੇਤੀ ਜਾਣ ਦੀ ਚਿੰਤਾ ਸੀ, ਨਾ ਸਰੋਤਿਆਂ ਦੇ ਭੱਜ ਜਾਣ ਦਾ ਡਰ। ਹੁਣ ਤਾਂ ਸਰੋਤਿਆਂ ਨੇ ਆਪ ਪੰਜਾਲੀ ਵਿਚ ਸਿਰ ਆਣ ਦਿੱਤਾ ਸੀ। ਹੁਣ ਅਸੀਂ ਸਾਂ ਜਾਂ ਸਰੋਤੋ। ਪਹਿਲੇ ਸਮਾਗਮਾਂ ਵਾਂਗ ਤਾੜੀਆਂ ਦੀ ਗੜਗੜਾਹਟ! ਸ਼ਾਇਰੀ ਦੀ ਛਹਿਬਰ! ਸੁਰ ਤੇ ਸਾਜ਼ ਦਾ ਜਾਦੂ। ਟਿਕੀ ਹੋਈ ਰਾਤ!

ਅੱਧੀ ਰਾਤ ਨੂੰ ਸਮਾਗਮ ਮੁਕਿਆ। ਖ਼ਾਲਿਦ ਦੀ ਸਾਰੀ ਨਮੋਸ਼ੀ ਧੋਤੀ ਗਈ ਸੀ। ਉਹ ਸਾਨੂੰ ਵਾਰੀ ਵਾਰੀ ਜੱਫ਼ੀਆਂ ਪਾਵੇ।

ਮੇਰੇ ਉੱਤੇ ਸਾਰੇ ਸਫ਼ਰ ਦੌਰਾਨ ਪਾਤਰ ਦੇ ਸਹਿਜ ਅਤੇ ਸ਼ਾਂਤ ਰਹਿਣ ਦਾ ਰਹੱਸ ਪੂਰੀ ਤਰ੍ਹਾਂ ਉਜਾਗਰ ਹੋ ਚੁੱਕਾ ਸੀ।

ਉਹਦੀ ਇਸ ਸਹਿਜਤਾ ਨੂੰ ਸਲਾਮ ਕਰਦਿਆਂ ਮੈਂ ਪਾਤਰ ਅੱਗੇ ਹੱਥ ਜੋੜ ਕੇ ਸੀਸ ਨਿਵਾਇਆ, “ਮਹਾਂ ਪੁਰਖ਼ੋ! ਧੰਨ ਹੋ!”

ਪਾਤਰ ਨੇ ਮੁਸਕਰਾਉਂਦਿਆਂ ਮੇਰੇ ਹੱਥ ਘੁੱਟ ਲਏ।

-ਵਰਿਆਮ ਸਿੰਘ ਸੰਧੂ

Comments

No comments yet. Why don’t you start the discussion?

Leave a Reply

Your email address will not be published. Required fields are marked *