ਸੁਰਜੀਤ ਪਾਤਰ ਹੁਰਾਂ ਨਾਲ ਮੇਰੀ ਸਾਂਝ 1981 ‘ਚ ਪਈ। ਮੈਂ ਵੀਹਾਂ ਕੁ ਸਾਲਾਂ ਦਾ ਨਵਾਂ-ਨਵਾਂ ਉੱਠਿਆ ਕਵੀ ਸਾਂ, ਤੇ ਉਹ ਅਠੱਤੀ ਵਰ੍ਹਿਆਂ ਦੇ ਸਥਾਪਤ ਕਵੀ। ਮੇਰੇ ਸਮੇਤ ਕਈਆਂ ‘ਤੇ ਉਹਨਾਂ ਦੇ ਕਵੀ ਆਪੇ ਦਾ ਅਸਰ ਸੀ । ਖ਼ਤ ਪੱਤਰੀ ਤੋਂ ਬਾਅਦ ਮੇਲ ਮੁਲਾਕਾਤਾਂ ਦਾ ਐਸਾ ਸਿਲਸਿਲਾ ਚੱਲ ਨਿਕਲਿਆ ਜਿਹੜਾ ਉਹਨਾਂ ਦੇ ਦੇਹਾਂਤ ਤੱਕ ਜਾਰੀ ਰਿਹਾ। ਸਗੋਂ ਇਹ ਨੇੜ ਨਿਰੋਲ ਕਵੀਆਂ ਦਾ ਨਾਂ ਹੋ ਕੇ ਪਰਿਵਾਰਕ ਸਾਂਝ ਤੱਕ ਫੈਲਿਆ ਹੋਇਆ ਹੈ। ਸੰਨ ਤਾਂ ਯਾਦ ਨਹੀਂ, ਪਾਤਰ ਸਾਹਬ ਦਾ ਵੱਡਾ ਬੇਟਾ ਅੰਕੁਰ ਅੱਠ ਨੌਂ ਸਾਲਾਂ ਦਾ ਸੀ, ਮੈਂ ਲੁਧਿਆਣੇ ਗਿਆ ਉਹਨੂੰ ਆਪਣੇ ਨਾਲ ਪਿੰਡ ਲੈ ਆਇਆ। ਮਾਪਿਆਂ ਬਥੇਰਾ ਕਿਹਾ,” ਇਹ ਕਦੇ ‘ਕੱਲਾ ਬਾਹਰ ਨੀ ਰਿਹਾ, ਤੈਨੂੰ ਤੰਗ ਕਰੂ, ਆਥਣ ਨੂੰ ਮੁੜਨਾ ਪਊ।” ਪਰ ਅੰਕੁਰ ਪੰਦਰਾਂ ਦਿਨ ਨਾ ਮੁੜਿਆ। ਜੂੜਾ ਕਰਾ ਕੇ ਮੇਰੀ ਪਤਨੀ ਦੇ ਸਕੂਟਰ ਅੱਗੇ ਖੜ੍ਹਾ ਹੋ ਕੇ ਉਸਦੇ ਸਕੂਲ ਚਲਾ ਜਾਂਦਾ ਤੇ ਪੇਂਡੂ ਬੱਚਿਆਂ ਨਾਲ ਤੱਪੜ ਤੇ ਬੈਠਾ ਰਹਿੰਦਾ। ਇਹ ਹੈਰਾਨੀ ਭਰਿਆ ਸੁਖਦ ਅਹਿਸਾਸ ਹੁਣ ਸਾਡੇ ਤੋਂ ਅਗਾਂਹ ਅੰਕੁਰ ਪਾਤਰ ਦੇ ਪਰਿਵਾਰ ਕੋਲ ਵੀ ਹੈ।
ਸਾਲ ਫੇਰ ਯਾਦ ਨਹੀਂ, ਮੈਂ ਆਪਣੇ ਪਿੰਡ ਕਿਸੇ ਐਤਵਾਰੀ ਸਵੇਰ ਖੇਤੋਂ ਪੱਠੇ ਲਿਆਉਣ ਵਾਲਾ ਕੰਮ ਮੁਕਾ ਕੇ ਬੱਠਲ ‘ਚ ਪਾਣੀ ਪਾ ਕੇ ਹੱਥ ਪੈਰ ਧੋ ਰਿਹਾ ਸਾਂ ਕਿ ਸਾਡੇ ਬੂਹੇ ‘ਤੇ ਅਚਾਨਕ ਦੋ ਬੰਦੇ ਨਮੂਦਾਰ ਹੋਏ। ਇਹ ਸੁਰਜੀਤ ਪਾਤਰ ਸਨ, ਦੂਜੇ ਲੁਧਿਆਣੇ ਦੇ ਹੋਰ ਨਾਮੀ ਉਰਦੂ ਸ਼ਾਇਰ। ਮੈਨੂੰ ਸੱਚੀਂ ਹੱਥਾਂ-ਪੈਰਾਂ ਦੀ ਪੈ ਗਈ। ਦਰਅਸਲ ਪਾਤਰ ਸਾਹਬ, ਦੂਜੇ ਸ਼ਾਇਰ ਦੀ ਬੇਟੀ ਦੇ ਮੇਰੇ ਭਰਾ ਪ੍ਰਤੀਕ ਲਈ ਰਿਸ਼ਤੇ ਬਾਰੇ ਪੁੱਛਣ ਆਏ ਸਨ। ਉਦੋਂ ਪਿੰਡਾਂ ਚ ਟੈਲੀਫੋਨ ਨਹੀਂ ਹੁੰਦੇ ਸਨ , ਅਗਾਊਂ ਖ਼ਬਰ ਕਿੱਥੋਂ ਹੋ ਸਕਣੀ ਸੀ। ਪਾਤਰ ਸਾਹਬ ਵੀ ਅਜੇ ਕਾਰ ਵਾਲੇ ਨਹੀਂ ਹੋਣੇ। ਕੋਟਕਪੂਰੇ ਤੱਕ ਬੱਸ ‘ਤੇ, ਤੇ ਅੱਗੋਂ ਪੁੱਛ-ਪੁਛਾਅ ਕੇ ਉਸ ਸਾਡੇ ਪਿੰਡਾਂ ਵੱਲ ਚਲਦੇ ਤਿਪਹੀਆ ਟੈਂਪੂ ਤੇ ਚੜ੍ਹ ਕੇ ਸਾਡੇ ਘਰ ਆਏ ਸਨ। ਇਕ ਹੋਰ ਰਾਤ ਉਹ ਮੇਰੇ ਕੋਲ ਪਿੰਡ ਰਹੇ। ਮਗਰੋਂ ਜਾ ਕੇ ਪਿਛਲੇ ਸਾਲਾਂ ‘ ਚ ਤਾਂ ਕਈ ਵਾਰ ਅਜਿਹੀਆਂ ਆਥਣਾਂ ਵੀ ਆਈਆਂ ਕਿ ਪਾਤਰ ਸਾਹਬ ਨੂੰ ਫੋਨ ਕਰ ਕੇ ਕਹਿਣਾ, ਅੱਜ ਤੁਹਾਡੇ ਨਾਲ ਨਹੀਂ, ਭੈਣ ਜੀ ਭੁਪਿੰਦਰ ਨਾਲ ਗੱਲ ਕਰਨ ਦਾ ਮਨ ਹੈ, ਉਹਨਾਂ ਨੂੰ ਫੋਨ ਦਿਓ। ਪੰਜ ਵਰ੍ਹੇ ਪਹਿਲਾਂ, ਬਿਨਾਂ ਖ਼ਬਰ ਕੀਤਿਆਂ ਹੀ, ਮੇਰੀ ਮਾਂ ਦੀ ਅੰਤਿਮ ਅਰਦਾਸ ਵਿਚ ਆਣ ਸ਼ਾਮਲ ਹੋਣ ਤੇ ਸੁਰਜੀਤ ਪਾਤਰ ਨਾਲ ਆਪਣੇ ਰਿਸ਼ਤੇ ‘ਤੇ ਮਾਣ ਭਰਿਆ ਸਕੂਨ ਮਿਲਿਆ।

ਤਸਵੀਰ ਵਿਚ ਖੱਬਿਓਂ ਸੱਜੇ : ਨਿਰਮਲ ਜੌੜਾ, ਅਮਰਜੀਤ ਕੌਕੇ, ਵਿਜੇ ਵਿਵੇਕ, ਗੁਰਤੇਜ,ਧਰਮ ਕੰਮੇਆਣਾ, ਸੁਰਜੀਤ ਪਾਤਰ, ਤੇਜਵਿੰਦਰ ਬਰਾੜ, ਪ੍ਰਤੀਕ, ਹਰਮੀਤ ਵਿਦਿਆਰਥੀ, ਕੁਮਾਰ ਜਗਦੇਵ
1985 ਦੇ ਆਸ ਪਾਸੇ ਅਸੀਂ ਫਰੀਦਕੋਟ ‘ਲਿਟਰੇਰੀ ਕਲੱਬ’ ਬਣਾਈ। ਸਾਡਾ ਰਿੰਗ ਲੀਡਰ ਕਹਾਣੀਕਾਰ ਹਰਜਿੰਦਰਮੀਤ ਹੁੰਦਾ ਸੀ। ਵਿਜੇ ਵਿਵੇਕ ਤੇ ਧਰਮ ਕੰਮੇਆਣਾ ਮੈਥੋਂ ਪਹਿਲਾਂ ਲਿਖਣਾ ਸ਼ੁਰੂ ਕਰ ਚੁੱਕੇ ਸਨ। ਹਰਮੀਤ ਵਿਦਿਆਰਥੀ, ਤੇਜਵਿੰਦਰ, ਕੁਮਾਰ ਜਗਦੇਵ ਮੈਥੋਂ ਪਿੱਛੋਂ ਆਏ। ਪਾਲ ਕੌਰ, ਸਵੀ, ਕੌਂਕੇ, ਦੀਦ, ਸਾਡੇ ਕੋਲ ਆਉਂਦੇ ਰਹਿੰਦੇ। 1987 ਦੇ ਅਪ੍ਰੈਲ ਮਹੀਨੇ ‘ਲਿਟਰੇਰੀ ਕਲੱਬ ਫ਼ਰੀਦਕੋਟ ‘ ਨੇ ਸੁਰਜੀਤ ਪਾਤਰ ਨਾਲ ਇਕ ਦੁਪਹਿਰ ਮਨਾਉਣ ਦਾ ਫ਼ੈਸਲਾ ਕੀਤਾ। ਮੇਰੀ ਡਿਊਟੀ ਲਾਈ ਗਈ ਕਿ ਮੈਂ ਪਾਤਰ ਹੁਰਾਂ ਨੂੰ ਲੈ ਕੇ ਆਵਾਂ। ਮੈਂ ਗਿਆ, ਤਾਂ ਪਾਤਰ ਸਾਹਬ ਅੱਗੋਂ ਅੰਮ੍ਰਿਤਸਰ ਗਏ ਹੋਏ ਸਨ। ਸੋ ਮੈਂ ਉਹਨਾਂ ਦੇ ਮੁੜਨ ਤੱਕ ਦੋ ਦਿਨ ਭੈਣ ਭੁਪਿੰਦਰ ਦੀ ਪ੍ਰਾਹੁਣਚਾਰੀ ਵਿਚ ਉਹਨਾਂ ਦੇ ਘਰ ਰਿਹਾ। ਤੀਜੇ ਦਿਨ ਪਾਤਰ ਸਾਹਬ ਨੂੰ ਨਾਲ ਲੈ ਕੇ ਫਰੀਦਕੋਟ ਆਇਆ। ਤਿੱਖੜ ਦੁਪਹਿਰੇ ਭਰਵੀਂ ਸਾਹਿਤਕ ਦੁਪਹਿਰ ਮਨਾਈ। ਪਾਤਰ ਹੁਰਾਂ ਦੇ ਪੁਰ- ਤਰੰਨੁਮ ਕਲਾਮ ਨੇ ਮੰਤਰ ਮੁਗਧ ਕਰ ਦਿੱਤਾ। ਅਸੀਂ ਉਹਨਾਂ ਵੇਲਿਆਂ ‘ਚ ਉਪਲਬਧ ਚੰਗੇ ਰਿਕਾਰਡਿੰਗ ਸਿਸਟਮ ਤੇ ਇਸ ਮਹਿਫ਼ਲ ਨੂੰ ਰਿਕਾਰਡ ਕੀਤਾ। ‘ਬਿਰਖ਼ ਜੋ ਸਾਜ਼ ਹੈ’ ਕੈਸਟ ਬਾਅਦ ਵਿਚ ਬਣੀ।
ਪਾਤਰ ਸਾਹਬ ਮੇਰੀ ਪੀੜ੍ਹੀ, ਤੇ ਉਸਤੋਂ ਮਗਰੋਂ ਆਏ ਕਵੀਆਂ ਲਈ ਕਿਹਾ ਕਰਦੇ ਸਨ :
‘ ਮੈਂ ਸੂਰਜ ਸਾਂ ਜਿਨ੍ਹਾਂ ਲੋਕਾਂ ਦੇ ਨਾ ਹੁੰਦਿਆਂ,
ਕਿ ਹੁਣ ਉਹ ਆ ਗਏ ਨੇ ਹੁਣ ਮੈਂ ਚਲਦਾ ਹਾਂ।’
…..ਤੇ ਉਹ ਸੱਚਮੁੱਚ ਚਲੇ ਗਏ।