ਪਦਮ ਸ਼੍ਰੀ ਸੁਰਜੀਤ ਪਾਤਰ, ਸਰਸਵਤੀ ਅਵਾਰਡ ਜੇਤੂ ਸੁਰਜੀਤ ਪਾਤਰ, ਕਵੀ ਸੁਰਜੀਤ ਪਾਤਰ, ਸੂਖ਼ਮਭਾਵੀ ਮਨ ਤੇ ਸੰਵੇਦਨਸ਼ੀਲਤਾ ਨਾਲ ਲਬਰੇਜ਼ ਸੁਰਜੀਤ ਪਾਤਰ ,ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਸੁਰਜੀਤ ਪਾਤਰ, ਪੰਜਾਬੀ ਕਵਿਤਾ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਾਲਾ ਸੁਰਜੀਤ ਪਾਤਰ, ਬੱਚਿਆਂ ਚ ਹੱਸਦਾ ਬੱਚਾ, ਜਵਾਨਾ ਚ ਜਵਾਨ ,ਬਜ਼ੁਰਗਾਂ ਚ ਗੰਭੀਰ ,ਪੰਜਾਬ ਦੇ ਪਾਣੀਆਂ, ਧਰਤੀ ,ਰੁੱਖਾਂ ਦਰਿਆਵਾਂ ਤੇ ਸਭ ਤੋਂ ਵੱਧ ਪੰਜਾਬੀਆਂ ਲਈ ਫ਼ਿਕਰਮੰਦੀ ਦਰਸਾਉਣ ਵਾਲਾ ਸੁਰਜੀਤ ਪਾਤਰ ….।
ਤੁਸੀਂ ਕਿਸ ਪਾਤਰ ਨੂੰ ਜਾਣਦੇ ਹੋ …ਹਵਾ ਵਾਂਗ ਮਹਿਕਣ ਵਾਲਾ ,ਰੁੱਖਾ ਕੋਲੋਂ ਵਾ ਵਾਂਗ ਲੰਘਣ ਵਾਲਾ, ਮੁਹੱਬਤ ਦੀਆਂ ਕਲਮਾਂ ਬੀਜਣ ਵਾਲਾ ਪਾਤਰ ਜਾਂ ਆਪਣੀ ਪਤਨੀ ਭੁਪਿੰਦਰ ਦੀਆਂ ਫ਼ਿਕਰਮੰਦੀਆਂ ਵਿੱਚ ਵਸਿਆ ਸੁਰਜੀਤ? ਬੇਟੇ ਮਨਰਾਜ ਦੀਆਂ ਸੰਗੀਤਕ ਧੁਨਾਂ ਨੂੰ ਮਾਨਣ ਵਾਲਾ ਤੇ ਪੋਤੇ ਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਨੂੰ ਵੇਖ ਖ਼ੁਦ ਬੱਚਾ ਬਣ ਜਾਣ ਵਾਲਾ ਸੁਰਜੀਤ ਪਾਤਰ….?

ਇਕ ਮਨੁੱਖ ਕਿੰਨਿਆਂ ਦਾ ਹੋ ਸਕਦਾ… ਤੇ ਕਿੰਨੇ ਹੀ ਇਕ ਮਨੁੱਖ ਵਿਚ ਵਿਦਮਾਨ ਹੋ ਸਕਦੇ।ਦਰਅਸਲ ਕਵੀ ਮਨ ਹੁੰਦਾ ਹੀ ਸੰਵੇਦਨਸ਼ੀਲ ਹੈ ਅਤੇ ਸੰਵੇਦਨਸ਼ੀਲ ਮਨੁੱਖ ਹੀ ਕਵੀ ਹੁੰਦਾ ਹੈ।
ਕਵੀ ਸਿਰਫ ਕਵਿਤਾ ਹੀ ਨਹੀਂ ਲਿਖਦਾ ਕਵਿਤਾ ਜਿਉਂਦਾ ਵੀ ਹੈ ।ਪਾਤਰ ਸਾਹਿਬ ਦੀ ਤੋਰ ,ਗੁਫ਼ਤਗੂ, ਉੱਠਣ ਬੈਠਣ ਦਾ ਅੰਦਾਜ਼… ਸਭ ਦਾ ਸਭ ਕਾਵਿਮਈ ਹੀ ਹੁੰਦਾ ਸੀ। ਉਹ ਤੁਰਦੇ ਸੀ ਤਾਂ ਇਉਂ ਲੱਗਦਾ ਜਿਵੇਂ ਸੰਗੀਤ ਲਹਿਰੀਏ ਪਾਉਂਦਾ ਜਾਂਦਾ ।ਸ਼ਾਇਦ ਸ਼ਬਦਾਂ ਦਾ ਤੋਲ ਤੁਕਾਂਤ ਬਣਾਉਂਦਿਆਂ ਉਹਨਾਂ ਦਾ ਜੀਵਨ ਵੀ ਉਸੇ ਤਰ੍ਹਾਂ ਦੇ ਮਾਪਦੰਡਾਂ ਅਨੁਸਾਰ ਢਲਦਾ ਗਿਆ। ਸੰਗੀਤ ਨਾਲ ਉਹਨਾਂ ਦਾ ਲਗਾਵ, ਕੁਦਰਤ ਨਾਲ ਮੁਹੱਬਤ ਤੇ ਬੰਦਿਆਈ ਲਈ ਫਿਕਰਮੰਦੀ… ਦੁਆਲੇ ਦੀ ਹਰ ਚੀਜ਼ ਨੂੰ ਸੂਖਮ ਦ੍ਰਿਸ਼ਟੀ ਨਾਲ ਵੇਖਣਾ ਤੇ ਫਿਰ ਉਸਨੂੰ ਲਫਜ਼ਾਂ ਵਿੱਚ ਢਾਲਣਾ, ਇਹ ਸਭ ਉਹਨਾਂ ਦੇ ਹਿੱਸੇ ਹੀ ਆਇਆ ਸੀ। (ਹੈ ਨੂੰ ਸੀ ਲਿਖਣ ਵਿਚ ਹੀ ਜਾਨ ਨਿਕਲਦੀ ਜਾਂਦੀ ਹੈ)
ਪੰਜਾਬ ਦੇ ਨੌਜਵਾਨਾਂ ਦੀਆਂ ਵਿਦੇਸ਼ਾਂ ਵੱਲ ਮੁਹਾਰਾਂ ਤੇ ਹੋਰਨਾਂ ਸੂਬਿਆਂ ਵਿੱਚੋਂ ਪੰਜਾਬ ਵੱਲ ਆਉਂਦੇ ਲੋਕਾਂ ਦੀਆਂ ਵਹੀਰਾਂ ਦੀਆਂ ਫ਼ਿਕਰਮੰਦੀਆਂ ਦਾ ਜ਼ਿਕਰ ਉਹ ਆਮ ਹੀ ਕਰਦੇ ਸੀ।
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ *…ਤੇ ਇਹ ਵਾਹਿਗੁਰੂ ਦੀ ਨਦਰ ਸੀ ਕਿ ਕਿਸੇ ਸ਼ਾਇਰ ਦੀਆਂ ਕਵਿਤਾਵਾਂ ਨੂੰ ਰਾਜਨੀਤੀਵਾਨ ਵੀ ਕੋਟ ਕਰਦੇ ਹੋਣ ।ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮੂੰਹੋਂ ਅਕਸਰ ਸੁਰਜੀਤ ਪਾਤਰ ਜੀ ਦੀਆਂ ਸਤਰਾਂ ਸੁਣਨ ਨੂੰ ਮਿਲਦੀਆਂ ਸਨ। ਜਦੋਂ ਕੋਈ ਉਦਾਸ ਹੁੰਦਾ ਤਾਂ ਅਕਸਰ ਆਖਦਾ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ,ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ,ਜਾਂ ਫਿਰ ਮੁਹੱਬਤ ਕਰਨ ਵਾਲੇ ਇਉਂ ਵੀ ਕਹਿੰਦੇ, **ਅੱਥਰੂ ਟੈਸਟ ਟਿਊਬ ਵਿੱਚ ਪਾ ਕੇ ਪਰਖਾਂਗੇ
ਰਾਤੀਂ ਕਿਸ ਮਹਿਬੂਬ ਦੀ ਯਾਦ ਚ ਰੋਇਆ ਸੀ।
ਪਾਤਰ ਸਾਹਿਬ ਬਾਰੇ ਬਹੁਤ ਕੁਝ ਹੈ ਜੋ ਕਿਹਾ ਜਾ ਸਕਦਾ ਹੈ ਪਰ ਇਸ ਵੇਲੇ ਮਨ ਉਦਾਸ ਹੈ, ਬਹੁਤ ਉਦਾਸ …ਅਜੇ ਅੱਠ ਤਰੀਕ ਨੂੰ ਹੀ ਤਾਂ ਉਹ ਸਾਡੇ ਨਾਲ ਸਨ। ਪੰਜਾਬ ਆਰਟਸ ਕੌਂਸਲ ਦੀ ਐਗਜੈਕਟਿਵ ਅਤੇ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਹੱਸਦੇ ਖੇਡਦੇ ,ਗੱਲਾਂ ਕਰਦੇ ਨਿੰਮਾ ਨਿੰਮਾ ਜਿਹਾ ਮੁਸਕਰਾਉਂਦੇ, ਸਾਰਿਆਂ ਦਾ ਧੰਨਵਾਦ ਕਰਦੇ …ਕਿ ਸਾਡੀ ਆਰਟਸ ਕੌਂਸਲ ਦੀ ਇਹ ਟਰਮ ਬਹੁਤ ਸੁੱਖ ਸੁਖਾ ਨਾਲ ਲੰਘੀ ਹੈ ਤਿੰਨਾਂ ਅਕਾਦਮੀਆਂ ਦੇ ਪ੍ਰਧਾਨਾਂ ਨੇ ਬਹੁਤ ਕੰਮ ਕੀਤਾ ਹੈ ਅਤੇ ਪੰਜਾਬ ਆਰਟਸ ਕੌਂਸਲ ਦੇ ਪ੍ਰੋਗਰਾਮ ਚੰਡੀਗੜ੍ਹ ਵਿੱਚੋਂ ਨਿਕਲ ਕੇ ਪੰਜਾਬ ਦੇ ਹੋਰਨਾਂ ਜਿਲਿਆਂ ਵਿੱਚ ਵੀ ਆਯੋਜਿਤ ਹੋਏ ਹਨ।
ਗੁਲਜ਼ਾਰ ਸੰਧੂ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਹਨਾਂ ਦੇ ਆਰਥਿਕ ਸਹਿਯੋਗ ਨਾਲ ਕਲਾ ਭਵਨ ਵਿੱਚ ਇੱਕ ਸਟੂਡੀਓ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਹੁਣ ਪ੍ਰੋਗਰਾਮ ਰਿਕਾਰਡ ਕਰਨ ਵਿੱਚ ਸੁਖੈਨਤਾ ਹੋਵੇਗੀ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਲੇਖਕ ਅਤੇ ਪਾਠਕ ਇੱਕ ਦੂਸਰੇ ਦੇ ਹੋਰ ਨਜ਼ਦੀਕ ਆ ਸਕਣਗੇ।
ਸਾਲ 2013 ਦੀ ਗੱਲ ਹੈ ਜਦੋਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਸੁਰਜੀਤ ਪਾਤਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਉਹਨਾਂ ਦੇ ਨਾਲ ਮੀਤ ਪ੍ਰਧਾਨ ਵਜੋਂ ਖ਼ੂਬ ਕੰਮ ਕੀਤਾ। ਕਮਲਿਆ ਹਾਰ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਤੁਰੇ ਰਹਿਣਾ… ਇਸ ਦਾ ਵੀ ਆਪਣਾ ਹੀ ਸਕੂਨ ਸੀ। ਸਾਲ 2016 ਵਿੱਚ ਜਦੋਂ ਸੁਰਜੀਤ ਪਾਤਰ ਜੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਿਯੁਕਤ ਹੋਏ ਤਾਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਫਿਰ ਤੋਂ ਪ੍ਰੋਗਰਾਮ ਕਰਦਿਆਂ …ਰੰਧਾਵਾ ਉਤਸਵ ਮਨਾਉਦਿਆਂ ਨਿਰੰਤਰਤਾ ਨਾਲ ਹਰ ਸਾਲ ਪਾਤਰ ਸਾਹਿਬ ਦੇ ਬਹੁਤ ਨੇੜੇ ਹੋ ਕੇ ਵਿਚਰਨ ਦਾ ਮੌਕਾ ਮਿਲਿਆ।
ਜਦੋਂ ਕਦੇ ਕਲਾ ਭਵਨ ਮੀਟਿੰਗ ਹੋਣੀ ਤਾਂ ਉਹਨਾਂ ਨੇ ਆਪਣਾ ਲਿਆਂਦਾ ਹੋਇਆ ਟਿਫਨ ਖੋਲ ਲੈਣਾ… ਅਖੇ ਭੁਪਿੰਦਰ ਮੇਰੀ ਸਿਹਤ ਦਾ ਬਹੁਤ ਧਿਆਨ ਰੱਖਦੀ ਹੈ ਘਰੋਂ ਤੁਰਨ ਲੱਗਿਆ ਦੁਪਹਿਰ ਦਾ ਖਾਣਾ ਤੇ ਫਰੂਟ ਉਹ ਕਾਰ ਚ ਰੱਖਣਾ ਨਹੀਂ ਭੁੱਲਦੀ।
11ਮਈ ਦੀ ਉਹ ਸਵੇਰੇ ,ਜਦੋਂ ਇਹ ਮਨਹੂਸ ਖਬਰ ਸੁਣੀ ਤਾਂ ਯਕੀਨ ਹੀ ਨਹੀਂ ਹੋਇਆ। ਡਾਕਟਰ ਰਵੇਲ ਸਿੰਘ ਦਾ ਦਿੱਲੀ ਤੋਂ ਫੋਨ ਆਇਆ, ਭਲਾ ਐਵੇਂ ਕਿਵੇਂ ਹੋ ਸਕਦਾ ਹੈ ,ਕੋਈ ਇਵੇਂ ਕਿਵੇਂ ਜਾ ਸਕਦਾ ਹੈ। ਹੁਣੇ ਤਾਂ ਉਹ ਤੁਹਾਡੇ ਲਾਗੇ ਪੌਣ ਵਾਂਗ ਰੁਮਕ ਰਹੇ ਸਨ ।ਰਬਾਬ ਵਾਂਗ ਸੰਗੀਤਕ ਸੁਰਾਂ ਛੇੜੀਆਂ ਹੋਈਆਂ ਸਨ , ਹੁਣੇ ਤਾਂ ਉਹ ਰੁੱਖਾਂ ਨਾਲ ਗੱਲਾਂ ਕਰ ਰਹੇ ਸਨ, ਹੁਣੇ ਤਾਂ ਉਹ ਚੰਨ ਤਾਰਿਆਂ ਨੂੰ ਪਿਆਰ ਦਾ ਇਜਹਾਰ ਕਰ ਰਹੇ ਸਨ।
ਪਰ ਹੋਣੀ ਤਾਂ ਹੋ ਕੇ ਹੀ ਰਹਿਣੀ ਸੀ। ਇਹਨੂੰ ਕੋਲ ਟਾਲ ਸਕਦਾ ਹੈ । ਪਾਤਰ ਸਾਹਿਬ ਦੀ ਪਤਨੀ ਭੁਪਿੰਦਰ ਦਾ ਰੌਣਾ ਬਰਦਾਸ਼ਤ ਨਹੀਂ ਸੀ ਹੋ ਰਿਹਾ ਉਸੇ ਬੈਡ ਤੇ ਬੈਠੇ ਸੀ ਜਿੱਥੇ ਰਾਤ ਪਾਤਰ ਸਾਹਿਬ ਉਹਨਾਂ ਦੇ ਲਾਗੇ ਸੁੱਤੇ ਸੀ ਤੇ ਮੈਂ ਉੱਥੇ ਹੀ ਬੈਠੀ ਮਹਿਸੂਸ ਕਰ ਰਹੀ ਸਾਂ ਕੇ ਇਸ ਬੈਡ ਤੇ ਪਾਤਰ ਸਾਹਿਬ ਸੁੱਤੇ ਸੀ ਰਾਤ ਨੂੰ… ਤੇ ਹੁਣ ਨਹੀਂ ਹੈਗੇ …ਇਵੇਂ ਕਿਵੇਂ ਹੋ ਸਕਦਾ… ਕੋਈ ਐਨੀ ਛੇਤੀ ਕਿਵੇਂ ਜਾ ਸਕਦਾ… ਇਨਾ ਵੱਡਾ ਨਾ ਪੂਰਿਆ ਜਾਣ ਵਾਲਾ ਖ਼ਲਾ ਹਰ ਪੰਜਾਬੀ ਦੇ ਮਨ ਵਿੱਚ…। ਉਹ ਸਾਰੇ ਲੋਕ, ਉਹ ਪਿਆਰੇ ਲੋਕ, ਜੋ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ… ਸੋਸ਼ਲ ਮੀਡੀਏ ਤੇ ਆਪਣੀਆਂ ਪੋਸਟਾਂ ਰਾਹੀਂ … ਦੁੱਖ ਦਾ ਇਜਹਾਰ ਕਰ ਰਹੇ ਨੇ… ਪਰ ਮੇਰਾ ਮਨ ਬਿਲਕੁਲ ਸੁੰਨ ਹੋਇਆ ਪਿਆ। ਨਹੀਂ ਸਮਝ ਆ ਰਹੀ ਕਿ ਕੀ ਲਿਖਾਂ। ਪਾਤਰ ਸਾਹਿਬ ਦੇ ਘਰ ਦੇ ਬੂਹੇ ਤੋਂ ਅੰਦਰ ਜਾਓ ਤਾਂ ਹਰ ਥਾਂ ਤੇ ਕਿਤਾਬਾਂ ਹੀ ਕਿਤਾਬਾਂ ਨੇ…। ਡਾਕਟਰ ਅਮਰਜੀਤ ਉਹਨਾਂ ਨੂੰ ਹੱਸਦੇ ਸੀ ਕਿ ਮੇਰੇ ਕੋਲ ਤਾਂ ਇੱਕ ਸਟਡੀ ਟੇਬਲ ਹੈ ਪਰ ਤੇਰਾ ਤਾਂ ਹਰ ਕਮਰੇ ਵਿੱਚ ਸਟਡੀ ਟੇਬਲ ਬਣਿਆ ਹੋਇਆ ਹੈ। ਭੁਪਿੰਦਰ ਭੈਣ ਦੱਸਦੇ ਹਨ ਕਿ ਜਦੋਂ ਦਾ ਮਨਰਾਜ ਫਿਲੌਰ ਟ੍ਰੇਨਿੰਗ ਤੇ ਗਿਆ ਹੈ, ਪਾਤਰ ਸਾਹਿਬ ਉਸ ਦੇ ਸੰਗੀਤ ਨੂੰ ਮਿਸ ਕਰਦੇ ਹਨ। ਪਤਾ ਨਹੀਂ ਉਹ ਕਿਹੜੀ ਚੰਦਰੀ ਘੜੀ ਸੀ ਜਿਸ ਵੇਲੇ ਸੂਖ਼ਮ ਸਰੀਰ ਵਾਲੇ ਤੇ ਸੰਵੇਦਨਸ਼ੀਲ ਮਨ ਵਾਲੇ ਪਾਤਰ ਸਾਹਿਬ ਬੜੇ ਹੀ ਸੂਖ਼ਮ ਜਿਹੇ ਤਰੀਕੇ ਨਾਲ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ।ਕਿਹੜੀ ਘੜੀ ਹੋਊਗੀ ਭਲਾ ਓਹ …।ਚਾਰ ਵਜੇ ,ਪੰਜ ਵਜੇ…?
ਭੈਣ ਭੁਪਿੰਦਰ ਦੇ ਦੱਸਣ ਮੁਤਾਬਕ ਜਦੋਂ ਉਹਨਾਂ ਨੇ 6.30 ਵਜੇ ਪਾਤਰ ਸਾਹਿਬ ਨੂੰ ਉੱਠਣ ਲਈ ਕਿਹਾ ਤਾਂ ਪਾਤਰ ਸਾਹਿਬ ਨੇ ਕੋਈ ਆਵਾਜ਼ ਨਾ ਦਿੱਤੀ, ਫਿਕਰਮੰਦੀ ਜਿਹੀ ਵਿੱਚ ਉਹਨਾਂ ਨੇ ਪਾਤਰ ਸਾਹਿਬ ਦੇ ਹੱਥ ਛੂਹੇ ਤੇ ਉਹ ਠੰਡੇ ਠਾਰ ਸਨ ।ਇੱਕਦਮ ਪਤਾ ਹੀ ਨਹੀਂ ਲੱਗਾ ਕਿ ਇਹ ਕੀ ਭਾਣਾ ਵਾਪਰ ਗਿਆ। ਭੁਪਿੰਦਰ ਭੈਣ ਬਹੁਤ ਫਿਕਰਮੰਦ ਰਹਿੰਦੇ ਸੀ ।ਪਾਤਰ ਸਾਹਿਬ ਦੀ ਸਿਹਤ ਸਬੰਧੀ ਡਰਾਈਵਰ ਨੂੰ ਘੜੀ ਮੁੜੀ ਫੋਨ ਕਰਦੇ, ਉਹਨਾਂ ਦੀ ਖੈਰ ਖੈਰੀਅਤ ਪੁੱਛਣੀ, ਰੋਟੀ ਖਾ ਲਈ ,ਫਰੂਟ ਖਾ ਲਿਆ, ਤੁਰ ਪਏ ….।ਹਰ ਵੇਲੇ ਦੀ ਫਿਕਰਮੰਦੀ …ਇੱਕ ਡਰ ਹੰਡਾਇਆ ਹੈ, ਉਹਨਾਂ ਨੇ ….।ਪਰ ਵੇਖ ਲਓ ਔਰਤਾਂ ਦੀਆਂ ਫਿਕਰਮੰਦੀਆਂ ਦਾ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨੇ ਜਦੋਂ ਕਿਸੇ ਜੀ ਨੂੰ ਲੈ ਕੇ ਜਾਣਾ ਤਾਂ ਕੋਈ ਅਰਦਾਸ ਕੋਈ… ਫਿਕਰਮੰਦੀ ਲੱਖਾਂ ਲੋਕਾਂ ਦੀ ਮੁਹੱਬਤ …ਕੰਮ ਹੀ ਨਹੀਂ ਆਉਂਦੀ।
ਖਬਰ ਦੇ ਨਸ਼ਰ ਹੋਣ ਤੋਂ ਕੁਝ ਚਿਰ ਬਾਅਦ ਹੀ ਚੈਨਲਾਂ ਵਾਲਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਦੀਵਾਨ ਮਾਨਾ ਯੋਗਰਾਜ ਜੀ ਪ੍ਰੀਤਮ ਰੁਪਾਲ ਅਤੇ ਬਲਜੀਤ ਸਾਰਿਆਂ ਨੂੰ ਵਾਰੀ ਵਾਰੀ ਪੱਤਰਕਾਰਾਂ ਦੇ ਫੋਨ ਆਉਂਦੇ ਰਹੇ ਤੇ ਅਸੀਂ ਸਾਰੇ ਪਾਤਰ ਸਾਹਿਬ ਨੂੰ ਯਾਦ ਕਰਦੇ ਲੁਧਿਆਣੇ ਪਹੁੰਚ ਗਏ। ਉਹਨਾਂ ਦੇ ਘਰ ਬਹੁਤ ਸਾਰੇ ਮਿੱਤਰ ਪਿਆਰੇ ਆ ਜਾ ਰਹੇ ਸਨ ।ਨਿਊਜ਼ ਚੈਨਲ ਵਾਲਿਆਂ ਅਤੇ ਪੱਤਰਕਾਰਾਂ ਦਾ ਜਮ ਘਟਾ ਲੱਗਾ ਹੋਇਆ ਸੀ। ਪਾਤਰ ਸਾਹਿਬ ਦੇ ਅੰਗ ਸੰਗ ਰਹਿਣ ਵਾਲੇ ਉਹਨਾਂ ਦੇ ਨਿੱਘੇ ਦੋਸਤ ਅਮਰਜੀਤ ਗਰੇਵਾਲ ਅਤੇ ਸਵਰਨਜੀਤ ਸਵੀ ਸੁਰਜੀਤ ਅਤੇ ਹੋਰ ਬਹੁਤ ਸਾਰੇ ਲੇਖਕ ਉਹਨਾਂ ਦੀਆਂ ਗੱਲਾਂ ਕਰ ਰਹੇ ਸਨ।
ਕੁਝ ਲੀਡਰ ਟਾਈਪ ਲੇਖਕ ਡਰਾਇੰਗ ਰੂਮ ਵਿੱਚ ਇੰਟਰਵਿਊ ਦਿੰਦੇ ਹੋਏ ਆਪਣੀਆਂ ਨਜ਼ਦੀਕੀਆਂ ਦਾ ਵਿਖਾਵਾ ਕਰ ਰਹੇ ਸਨ ।ਉਹ ਲੇਖਕ ਘੱਟ ਤੇ ਨੇਤਾ ਜਿਆਦਾ ਲੱਗ ਰਹੇ ਸਨ।
ਇਸ ਤੋਂ ਵੱਧ ਦੁੱਖ ਵਾਲੀ ਘਟਨਾ ਕੀ ਹੋ ਸਕਦੀ ਹੈ ਕਿ ਜਿਸ ਸਵੇਰ ਪਾਤਰ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਸੇ ਦਿਨ ਉਹਨਾਂ ਦੇ ਛੋਟੇ ਭਰਾ ਉਪਕਾਰ ਦੀ ਪਤਨੀ ਵੀ ਦਿੱਲੀ ਇਲਾਜ ਦੌਰਾਨ ਸਵਰਗ ਸਿਧਾਰ ਗਏ।
ਮਨਰਾਜ ਹਰ ਆਉਣ ਜਾਣ ਵਾਲੇ ਨੂੰ ਮਿਲ ਰਿਹਾ ਸੀ ।ਸਾਰੇ ਉਸਨੂੰ ਦਿਲਾਸਾ ਦੇ ਰਹੇ ਸਨ ਪਰ ਪਿਓ ਪੁੱਤ ਦੇ ਰਿਸ਼ਤਾ ਦੇ ਨਾਲ ਨਾਲ … ਸੰਗੀਤ ਦਾ ਅਟੁੱਟ ਰਿਸ਼ਤਾ ਵੀ ਤਾਂ ਸੀ ,ਦੋਵਾਂ ਪਿਓ ਪੁੱਤਾਂ ਵਿੱਚ …।
ਕਮਾਲ ਹੈ ਨਾ ਸੂਖ਼ਮ ਸਰੀਰ ਵਿੱਚੋਂ ਸੂਖ਼ ਮ ਜਿਹੀ ਰੂਹ ਕਿੰਨੀ ਸਹਿਜਤਾ ਨਾਲ ਅਲਵਿਦਾ ਕਹਿ ਗਈ ।ਇਹ ਕਿਸੇ ਯੁਗ ਪੁਰਸ਼ ਦੇ ਹਿੱਸੇ ਹੀ ਆਉਂਦਾ ਹੈ। ਪਾਤਰ ਸਾਹਿਬ ਤੁਸੀਂ ਜਿੱਥੇ ਵੀ ਰਹੋ ,ਸ਼ਾਂਤ ਚਿੱਤ ਰਹੋ, ਕਵਿਤਾ ਤੁਹਾਡੇ ਅੰਗ ਸੰਗ ਰਹੇ… ਤੁਸੀਂ ਕਵਿਤਾ ਲਿਖੀ ਹੀ ਨਹੀਂ ਕਵਿਤਾ ਨੂੰ ਜੀਆ ਵੀ ਹੈ…ਨਮਨ