ਉਹ ਪੁਰਖ ਚਲਾ ਗਿਆ ਜਿਸਦਾ ਨਾਮ ‘ਸੁਰ’ ਨਾਲ ਸ਼ੁਰੂ ਹੁੰਦਾ ਸੀ। ਇਹ ਸੁਭਾਵਕ ਹੀ ਸੀ ਕਿ ਉਹਦੀ ਕਵਿਤਾ ਲੈਅ ਵਿਚ ਹੁੰਦੀ।
‘ਮਨੁੱਖ’ ਸ਼ਬਦ ਮਨ ਤੋਂ ਆਇਆ ਹੈ। ਏਸ ਅਰਥ ਵਿਚ ਅਸੀਂ ਸਾਰੇ ਮਨੁੱਖ ਹਾਂ। ‘ਪੁਰਖ’ ਸ਼ਬਦ ਪੁਰ (ਨਗਰ) ਤੋਂ ਆਇਆ ਹੈ। ਪਾਤਰ ਉਹ ਨਗਰ ਸੀ ਜਿਸ ਅੰਦਰ ਸੈਂਕੜੇ ਸੰਵੇਦਨਾਵਾਂ, ਭਾਵਨਾਵਾਂ, ਵਿਚਾਰ, ਫ਼ਿਕਰ, ਮੋਹ, ਸ਼ਬਦ, ਸੁਰ ਰਾਗ ਤੇ ਰਿਸ਼ਤੇ ਵਸਦੇ ਸਨ। ਉਹ ਪੁਰਖ ਵੀ ਸੀ ਤੇ ਕਰਤਾ ਵੀ। ਪੰਜਾਬੀ ਕਵਿਤਾ ਦਾ ‘ਕਰਤਾ ਪੁਰਖ’।
ਪਾਤਰ ਇਕ ਲੰਮੀ ਨਦੀ ਦਾ ਨਾਮ ਹੈ। ਬੁੱਕ ਭਰਦਿਆਂ ਮੇਰੇ ਹੱਥ ਛੋਟੇ ਪੈ ਗਏ ਤਾਂ ਮੈਂ ਯਾਤਰਾ 6 ਪੜਾਵਾਂ ਵਿਚ ਵੰਡ ਲਈ। ਅੱਜ ਪਹਿਲਾ ਪੜਾਅ ਹੈ …

(1) ਸਿੱਕਾ ਤੇ ਸੋਨਾ
35 ਵਰ੍ਹੇ ਪਹਿਲਾਂ ਸੁਰਜੀਤ ਪਾਤਰ ਘਰ ਆਏ। ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਚੱਲੀ। ਮੈਂ ਪੁੱਛਿਆ : “ਏਹ ਕਿਵੇਂ ਵਾਪਰਦਾ ਹੈ ਕਿ ਇਕ ਸ਼ਖ਼ਸ 9 ਵਰ੍ਹੇ ਦੀ ਉਮਰ ਵਿਚ ਏਡੇ ਸਮਾਜ ਦੀ ਅਗਵਾਈ ਦੀ ਜ਼ਿੰਮੇਵਾਰੀ ਲੈਂਦਾ ਹੈ। ਸ਼ਸਤਰ-ਵਿੱਦਿਆ ਸਿਖਦਾ ਹੈ। ਹਰ ਸ਼ਸਤਰ ਦੀ ਆਪਣੀ ਵਿਦਿਆ ਹੈ, ਉਹ ਸਾਰੀਆਂ ਸਿੱਖਦਾ ਹੈ। ਫਿਰ ਸੈਂਕੜੇ ਹਜ਼ਾਰਾਂ ਨੂੰ ਸਿਖਾਉਂਦਾ ਹੈ। ਆਨੰਦਪੁਰ ਸਾਹਿਬ ਉਨ੍ਹਾਂ ਦਾ ਨੇਜ਼ਾ ਵੇਖ਼ ਕੇ ਮੈਂ ਹੈਰਾਨ ਹੋਇਆ। ਮੈਂ ਸ਼ਾਇਦ ਉਸ ਭਾਰੇ ਸ਼ਸਤਰ ਨੂੰ 10 ਮਿੰਟ ਵੀ ਹੱਥ ਤੇ ਲਗਾਤਾਰ ਨਾ ਰੱਖ ਸਕਾਂ। ਉਹ ਸਾਰਾ ਦਿਨ ਚੁੱਕ ਕੇ ਲੜਦੇ ਸੀ। 18 ਗ੍ਰੰਥ ਲਿਖੇ। ਸ਼ਾਇਦ ਏਨੇ ਕੁ ਸਰਸਾ ਨਦੀ ਵਿਚ ਰੁੜ੍ਹ ਵੀ ਗਏ। ਜਾਪ ਸਾਹਿਬ 8 ਭਾਸ਼ਾਵਾਂ ਵਿਚ ਹੈ। ਅਰਥਾਤ 8 ਭਾਸ਼ਾਵਾਂ ਦੀ ਵਿਆਕਰਣ ਵੀ ਸਿੱਖੀ ਹੋਏਗੀ। ਕਵੀ ਤਾਂ ਇਕ ਵੀ ਸੁਣਨਾ ਆਸਾਨ ਨਹੀਂ, ਉਹ 52 ਕਵੀਆਂ ਦੀ ਰਚਨਾ ਸੁਣਦੇ। ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਕਰਵਾਉਂਦੇ, ਅਨੁਵਾਦ ਵੇਖਦੇ ਪਰਖਦੇ ਦਸਦੇ। 19 ਕੁ ਲੜਾਈਆਂ ਵੀ ਲੜ ਲਈਆਂ। ਗੁਰੂ ਗ੍ਰੰਥ ਸਾਹਿਬ ਵੀ ਸੰਪਾਦਿਤ ਕਰ ਲਿਆ। 42 ਸਾਲ ਦੀ ਉਮਰ ਵਿਚ ਚਲੇ ਵੀ ਗਏ। ਬੰਦੇ ਵਿਚ ਉਹ ਕਿਹੜਾ ਕੇਂਦਰੀ ਗੁਣ ਹੁੰਦਾ ਹੈ ਜਿਸ ਨਾਲ ਇਹ ਸੰਭਵ ਹੁੰਦਾ ਹੈ ਕਿ ਉਹ ਮਹਿਜ਼ 33 ਵਰ੍ਹਿਆਂ ਵਿਚ ਹੀ ਏਨਾ ਕੁਝ ਕਰ ਲਏ, ਪੈਦਾ ਕਰ ਲਏ …?’
ਪਾਤਰ ਬੋਲੇ : “ਜਦੋਂ ਤੁਹਾਨੂੰ ਆਪਣੇ ਕਰਨ ਵਾਲਾ ਕੰਮ, ਆਪਣਾ ਮਕਸਦ ਪੂਰਾ ਸਪਸ਼ਟ ਹੋਵੇ, ‘ਤੇ ਤੁਸੀਂ ਪੂਰਾ ਤਾਣ ਲਾ ਕੇ ਕੰਮ ਕਰੋ, ਕਿਣਕਾ ਜਤਨ ਵੀ ਨਾ ਬਚਾਉ – ਤਾਂ ਸਾਲਾਂ ਵਿਚ ਹੋਣ ਵਾਲ਼ਾ ਕੰਮ ਤੁਸੀਂ ਕੁਝ ਹਫ਼ਤਿਆਂ ਵਿਚ ਕਰ ਦਿਓਗੇ। ਅਸੀਂ ਦੁੱਚਿਤੇ ਰਹਿੰਦੇ ਹਾਂ। ਇਸ ਲਈ ਦ੍ਰਿਸ਼ਟੀ ਦੇ ਟੋਟੇ ਹੋ ਜਾਂਦੇ ਹਨ, ਜਤਨ ਦੇ ਵੀ, ਤੇ ਕਾਰਜ ਵੀ। ਕਿਸੇ ਵੀ ਕਾਰਜ ਨੂੰ ਕਰਨ ਲਈ ਮਿਹਨਤ ਚਾਹੀਦੀ ਹੈ, ਕਿਸੇ ਵੀ ਪ੍ਰਾਪਤੀ ਨੂੰ ਕੀਮਤ ਚਾਹੀਦੀ ਹੈ। ਸਾਡੀ ਦੁਚਿੱਤੀ ਏਸ ਕਰਕੇ ਹੈ ਕਿ ਅਸੀਂ ਉਹ ਬਣਦੀ ਮਿਹਨਤ ਜਾਂ ਕੀਮਤ ਤਾਰਣ ਲਈ ਤਿਆਰ ਨਹੀਂ ਹੁੰਦੇ। ਜਿਸ ਸੁਤੰਤਰਤਾ ਲਈ ਗੁਰੂ ਜੀ ਲੜ ਰਹੇ ਸਨ, ਜੇ ਉਹਦੀ ਕੀਮਤ ਉਨ੍ਹਾਂ ਦੀ ਔਲਾਦ ਸੀ, ਜਾਂ ਉੱਜੜ ਜਾਣਾ ਸੀ – ਤਾਂ ਉਹ ਕੀਮਤ ਤਾਰਣ ਵੇਲ਼ੇ ਦੁਚਿੱਤੇ ਨਹੀਂ ਹੋਏ। ਨਾ ਕੋਈ ਦੁਚਿੱਤੀ ਉਨ੍ਹਾਂ ਦੀ ਕਵਿਤਾ ਵਿਚ ਦਿਸਦੀ ਹੈ।”
ਮੈਂ ਪੁੱਛਿਆ : “ਗੁਰੂ ਗੋਬਿੰਦ ਸਿੰਘ ਕਵੀ ਵੀ ਸਨ ਤੇ ਕਰਤਾ ਵੀ। ਕੀ ਜ਼ਰੂਰੀ ਹੈ – ਕਵੀ ਐਕਟਿਵਿਸਟ ਵੀ ਹੋਵੇ ?”
ਪਾਤਰ ਬੋਲੇ : “ਇਕਬਾਲ ਕਹਿੰਦਾ ਹੈ ਕਿ ਕਵੀ ਜਾਂ ਤਾਂ ਨੱਚਣ ਵਾਲ਼ਾ ਹੋ ਸਕਦਾ ਹੈ ਜਾਂ ਤਬਲੇ ਤੇ ਥਾਪ ਦੇਣ ਵਾਲ਼ਾ, ਪਰ ਦੋਵੇਂ ਨਹੀਂ ਹੋ ਸਕਦਾ। ਜਿਹੜਾ ਕਵੀ ਇਕ ਕਾਰਜ ਚੁਣਦਾ ਹੈ ਉਹ ਇਕਬਾਲ ਬਣਦਾ ਹੈ। ਜਿਹੜਾ ਕਵੀ ਲੜਦਾ ਵੀ ਹੈ ਤੇ ਲਿਖ਼ਦਾ ਵੀ, ਉਹ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਬਣਦਾ ਹੈ। ਸਾਡਾ ਵਿੱਤ ਘੱਟ ਹੋਵੇ ਤਾਂ ਇਕਬਾਲ ਵਾਲੇ ਪਾਸੇ ਚਲੇ ਜਾਂਦੇ ਹਾਂ, ਵਿੱਤ ਵਧ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਵਲ। ਤੁਸੀਂ ਮਿਹਨਤ ਕਰਕੇ ਆਪਣਾ ਵਿੱਤ ਵਧਾ ਸਕਦੇ ਹੋ, ਪਰ ਆਪਣੇ ਵਿੱਤ ਤੋਂ ਬਾਹਰ ਨਹੀਂ ਜਾ ਸਕਦੇ। ਵਿੱਤ ਵਧਣ ਦੀ ਉਡੀਕ ਵਿਚ ਉਮਰ ਭਰ ਘਰ ਬੈਠੇ ਰਹਿਣ ਨਾਲੋਂ ਚੰਗਾ ਹੈ, ਜਿੰਨਾ ਵਿੱਤ ਹੋਵੇ ਓਨਾ ਕੰਮ ਹੀ ਕਰ ਦੇਣਾ…”
ਮੈਂ ਪੁੱਛਿਆ : ‘ਬੰਦੇ ਦਾ ਵਿੱਤ ਘੱਟੋ ਘੱਟ ਕਿੰਨਾ ਕੁ ਹੋਣਾ ਚਾਹੀਦਾ ਹੈ ?’ ਮੁਸਕਰਾ ਕੇ ਬੋਲੇ : “ਏਨਾ, ਕਿ ਜ਼ਿੰਦਗੀ ਵਿਚ ਇਕ ਵਾਰੀ ਪੂਰੇ ਦਿਲ ਨਾਲ ਨਾਨਕ ਨੂੰ, ਕਬੀਰ ਨੂੰ, ਹਰਿਵੰਸ਼ ਰਾਏ ਜਾਂ ਇਕਬਾਲ ਨੂੰ – ਪੜ੍ਹ ਹੀ ਲਏ…”
*
ਮਹਿੰਦਰ ਸਿੰਘ ਰੰਧਾਵਾ ਦੇ ਚਲਾਣੇ ਮਗਰੋਂ ਸ਼ਰਧਾਂਜਲੀ ਦਿੰਦਿਆਂ ਪਾਤਰ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਿਤਕ ਪਰਚੇ ਵਿਚ ਲਿਖ਼ਿਆ : “ਰੰਧਾਵਾ ਜੋ ਕਹਿੰਦਾ ਸੀ ਉਹ ਹੋ ਜਾਂਦਾ ਸੀ, ਕਰ ਦਿੱਤਾ ਜਾਂਦਾ ਸੀ। ਉਹਦਾ ਬੋਲ ਹੀ ਉਹਦਾ ਕਰਮ ਬਣ ਜਾਂਦਾ। ਏਹ ਕਿਵੇਂ ਸੰਭਵ ਹੁੰਦਾ ਹੈ ? ਏਸ ਲਈ ਕਿ ਦੇਸ਼ ਦੀ ਸਰਕਾਰ ਕੋਲ ਓਨੀ ਹੀ ਕਰੰਸੀ ਹੋ ਸਕਦੀ ਹੈ ਜਿੰਨਾ ਉਸ ਕੋਲ ਸੋਨਾ ਹੋਵੇ। ਰੰਧਾਵੇ ਅੰਦਰ ਯੋਗਤਾ ਨਿਸ਼ਠਾ ਤੇ ਦ੍ਰਿਸ਼ਟੀ ਦਾ ਏਨਾ ਸੋਨਾ ਸੀ ਕਿ ਉਹਦੇ ਬੋਲ ਦੀ ਕਰੰਸੀ ਨਾਲ ਵੱਡੇ ਵੱਡੇ ਕੰਮ ਝਟਪਟ ਵਾਪਰ ਜਾਂਦੇ …”
*
20 ਸਾਲ ਪਹਿਲਾਂ ਮੈਂ ਵੈਨਕੂਵਰ ਵਿਚ ਸੁਰਜੀਤ ਪਾਤਰ ਦਾ ਕਵਿਤਾ ਪਾਠ ਸੁਣਿਆ। 20 ਡਾਲਰ ਦੀ ਟਿਕਟ ਲੈ ਕੇ ਢਾਈ ਸੌ ਬੰਦੇ ਕੁਰਸੀਆਂ ਤੇ ਬੈਠੇ ਸਨ, ਏਨੇ ਹੀ ਕੰਧਾਂ ਨਾਲ ਲੱਗ ਕੇ ਖੜੇ ਸਨ। ਦੋ ਘੰਟੇ ਮਗਰੋਂ ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਸਭ ਲਈ ਪੀਜ਼ਾ ਆ ਗਿਆ ਹੈ, ਅੱਧੇ ਘੰਟੇ ਦਾ ਵਕਫ਼ਾਂ ਲਵਾਂਗੇ। ਕੋਈ ਆਪਣੀ ਥਾਂ ਤੋਂ ਨਹੀਂ ਹਿੱਲਿਆ। ਪੌਣੇ ਘੰਟੇ ਮਗਰੋਂ ਪਾਤਰ ਨੂੰ ਆਪ ਬੇਨਤੀ ਕਰਨੀ ਪਈ ਕਿ ਮੇਰੇ ਗਲ਼ੇ ਨੂੰ ਥੋੜ੍ਹੇ ਚਿਰ ਲਈ ਆਰਾਮ ਦੀ ਲੋੜ ਹੈ ਤਾਂ ਲੋਕ ਹਿੱਲੇ।
10 ਵਰ੍ਹੇ ਪਹਿਲਾਂ – ਸੁਰਜੀਤ ਪਾਤਰ ਬ੍ਰੈੰਪਟਨ ਦੇ ਰੋਜ਼ ਥੀਏਟਰ ਵਿਚ ਕਵਿਤਾ ਪੜ੍ਹਣ ਆਏ। 800 ਬੰਦਿਆਂ ਵਾਲ਼ੇ ਹਾਲ ਵਿਚ ਤਿਲ ਧਰਨ ਦੀ ਥਾਂ ਨਾ ਸੀ। ਪ੍ਰੋਗਰਾਮ ਮਗਰੋਂ ਕਈ ਜਣਿਆਂ ਰੋਸਾ ਕੀਤਾ : ‘ਪਾਤਰ ਕਵਿਤਾ ਵੇਚ ਕੇ ਪੈਸੇ ਇਕੱਠੇ ਕਰਦਾ ਫ਼ਿਰਦੈ”। ਨਵਤੇਜ ਭਾਰਤੀ ਨੇ ਕਿਹਾ : “ਮੈਨੂੰ ਪਾਤਰ ਤੇ ਮਾਣ ਹੈ। ਮੈਂ ਉਹਦਾ ਧੰਨਵਾਦੀ ਹਾਂ ਕਿ ਜਿਸ ਭਾਸ਼ਾ ਦੇ ਲੋਕ ਮੁਫ਼ਤ ਮਿਲੀ ਕਿਤਾਬ ਵੀ ਨਹੀਂ ਪੜ੍ਹਦੇ, ਪਾਤਰ ਮੇਰੀ ਉਸੇ ਭਾਸ਼ਾ ਦੀ ਕਵਿਤਾ ਨੂੰ ਓਸ ਮੁਕਾਮ ਤਕ ਲੈ ਆਇਆ ਹੈ ਕਿ ਲੋਕ 25 ਡਾਲਰ ਟਿਕਟ ਖਰਚ ਕੇ, ਘੰਟਿਆਂ ਬੱਧੀ ਖੜੇ ਰਹਿ ਕੇ ਵੀ ਕਵਿਤਾ ਸੁਣਨ ਨੂੰ ਤਿਆਰ ਹਨ ! ਪਾਤਰ ਨੇ ਕਵਿਤਾ ਨੂੰ ਉਹਦੇ ਹੱਕੀ ਸਿੰਘਾਸਨ ਤੇ ਲਿਆ ਬਿਠਾਇਆ ਹੈ।”
ਮੈਂ ਭਾਰਤੀ ਜੀ ਨੂੰ ਪੁੱਛਿਆ : ਪਾਤਰ ਦੀ ਪੰਜਾਬੀ ਸਾਹਿਤ ਜਾਂ ਸਭਿਆਚਾਰ ਨੂੰ ਵੱਡੀ ਦੇਣ ਕੀ ਹੈ ? ਉਹ ਬੋਲੇ : “ਸ਼ਿਵ ਕੁਮਾਰ ਸਾਡਾ ਵੱਡਾ ਕਵੀ ਸੀ। ਉਹਦੀ ਭਾਸ਼ਾ ਦੀ ਅਮੀਰੀ ਵਿਰਲੇ ਲੇਖਕਾਂ ਕੋਲ ਸੀ। ਪਰ ਲੂਣਾ-ਕਾਵਿ ਤੋਂ ਇਲਾਵਾ ਉਹਦੀ ਸੰਵੇਦਨਾ ਇਕਹਿਰੀ ਸੀ – ਬਿਰਹਾ ਦੀ ਪਰਿਕਰਮਾ ਵਿਚ ਬੱਝੀ। ਜਦ ਇਹ ਵਿਕਣ ਲੱਗ ਪਈ ਤਾਂ ਉਹ ਏਹਦਾ ਕੈਦੀ ਹੋ ਗਿਆ। ਜਦ ਨੂੰ ਉਹਨੇ ਏਹ ਦਾਇਰਾ ਭੰਨਣ ਦੀ ਕੋਸ਼ਿਸ਼ ਕੀਤੀ, ਉਹਦੇ ਕੋਲ ਸਮਾਂ ਮੁੱਕ ਗਿਆ। ਪਰ ਉਹਦੇ ਪ੍ਰਭਾਵ ਹੇਠ ਪੰਜਾਬ ਦੇ ਨੌਜੁਆਨ ਮੁੰਡੇ ਤੇ ਕੁੜੀਆਂ ਬਿਰਹਾ ਤੇ ਦੁੱਖ ਵਿਚ ਸਿਰ ਝੂੰਣਦੀ ਜਮਾਤ ਬਣ ਗਏ। ਉਨ੍ਹਾਂ ਦਾ ਕੋਈ ਸਮਾਜਕ ਫ਼ਿਕਰ ਨਾ ਰਿਹਾ, ਉਦੇਸ਼ ਮੁੱਕਣ ਲੱਗੇ। ਇਹ ਸ਼ਿਵ ਦਾ ਮਿਥਿਆ ਮਕਸਦ ਨਹੀਂ ਸੀ, ਪਰ ਵਾਪਰਿਆ ਇੰਜ ਹੀ। ਪਾਤਰ ਨੇ ਉਨ੍ਹਾਂ ਨੂੰ ਏਸ ਮਨੋਰੋਗ ਵਿਚੋਂ ਕੱਢਿਆ। ਦਿਖਾਇਆ ਕਿ ਲੋਕ ਕਿਸ ਦੁੱਖ ਤਕਲੀਫ਼ ਅਤੇ ਅਨਿਆਂ ਵਿਚ ਗਰਕ ਹਨ। ਇਹ ਕਹਿਣਾ ਸਹੀ ਨਹੀਂ ਕਿ ਪਾਤਰ ਸਰੋਦੀ ਸੁਰ ਨਾਲ ਆਪਣੇ ਪਾਠਕਾਂ ਨੂੰ ਸੁਆ ਦੇਂਦਾ ਹੈ। ਪਾਤਰ ਦੇ ਪਾਠਕ ਪਹਿਲੇ ਸਮਿਆਂ ਨਾਲ਼ੋਂ ਵਧ ਜਾਗੇ ਹੋਏ ਹਨ। ਏਹ ਉਹਦੀ ਦੇਣ ਵੀ ਹੈ ਤੇ ਪ੍ਰਾਪਤੀ ਵੀ।”
ਮੈਂ ਆਪਣੇ ਸਿਆਣੇ ਲਿਖਾਰੀ ਮਿੱਤਰ ਸ਼ਮਸ਼ੇਰ ਭੁੱਲਰ ਨੂੰ ਪੁੱਛਿਆ : ‘ਪੰਜਾਬੀ ਕਵਿਤਾ ਵਿਚ ਸੁਰਜੀਤ ਪਾਤਰ ਦੇ ਸਿੱਕੇ ਪਿੱਛੇ ਕਿਹੜਾ ਸੋਨਾ ਹੈ ?’ ਸ਼ਮਸ਼ੇਰ ਬੋਲਿਆ : “8 ਇੱਟਾਂ ਦਾ। ਪਹਿਲੀ – ਪਾਤਰ ਅੰਦਰ ਪਿੰਡ ਆਪਣੀ ਬੋਲੀ ਸਮੇਤ ਵੱਸਿਆ ਹੋਇਐ। ਦੂਜੀ – ਉਹਨੇ ਬਚਪਨ ਵਿਚ ਹੀ ਦੁੱਖ, ਤੰਗੀ, ਉਦਾਸੀ ਤੇ ਵਿਛੋੜਾ ਝੱਲਿਆ। ਤੀਜੀ – ਉਹਨੇ ਪੰਜਾਬੀ ਦਾ ਸਾਰਾ ਸੂਫ਼ੀ ਕਾਵਿ, ਹਿੰਦੂ ਮਿਥਿਹਾਸ ਤੇ ਆਦਿ ਗ੍ਰੰਥ ਗੁੜ੍ਹਿਆ ਹੋਇਐ। ਚੌਥੀ – ਉਹਨੇ ਲੋਰਕਾ, ਬ੍ਰੈਖਤ, ਨਰੂਦਾ ਤੇ ਦੱਖਣੀ ਅਮਰੀਕੀ ਸਾਹਿਤਕ ਸੰਵੇਦਨਾ ਆਤਮਸਾਤ ਕੀਤੀ ਹੋਈ ਹੈ। ਪੰਜਵੀਂ – ਉਹਦੇ ਲਹੂ ਵਿਚ ਸੰਗੀਤ ਘੁਲਿਆ ਹੋਇਐ। ਛੇਵੀਂ – ਉਹਨੇ ਨਕਸਲਵਾਦੀ ਦੌਰ ਦੀ ਸਾਣ ਤੇ ਆਪਣੀ ਕਵਿਤਾ ਤਿੱਖੀ ਕੀਤੀ। ਸੱਤਵੀਂ – ਫ਼ੈਜ਼ ਵਾਂਗ ਉਹ ਨਿਜੀ ਮੁਹੱਬਤ ਤੇ ਲੋਕਾਂ ਦੀ ਮੁੱਹਬਤ ਦੀ ਕਵਿਤਾ ਇਕੋ ਜਿੰਨੀ ਸਮਰੱਥਾ ਨਾਲ ਕਹਿ ਸਕਦੈ। ਅਠਵੀਂ – ਉਹਨੂੰ ਆਪਣੀ ਧਰਤੀ, ਲੋਕਾਂ ਤੇ ਆਪਣੀ ਭਾਸ਼ਾ ਨਾਲ ਸੱਚੀਂ ਪਿਆਰ ਤੇ ਫ਼ਿਕਰ ਹੈ !”
(ਬਾਕੀ ਫ਼ਿਰ)
ਸੁਖਪਾਲ
(23 ਮਈ 2024)
(2) ਕਵਿਤਾ, ਪਾਤਰ ਤੇ ਪ੍ਰਤਿਰੋਧ

*
ਪਾਸ਼ ਤੇ ਪਾਤਰ ਇੱਕੋ ਕੱਦ ਦੇ ਕਵੀ ਸਨ/ਹਨ।
ਮੈਂ ਇਹ ਗੱਲ ਕਿਸੇ ਫ਼ਰਮਾਨ ਐਲਾਨ ਜਾਂ ਫ਼ੈਸਲੇ ਵਾਂਗ ਨਹੀਂ ਕਹਿ ਰਿਹਾ। ਇਕ ਆਮ ਪਾਠਕ ਵਾਂਗ ਆਪਣੇ ਅੰਦਰ ਦੋਹਾਂ ਕਵੀਆਂ ਲਈ ਜਾਗਦੀ ਪ੍ਰਸੰਸਾ ਕਰਕੇ ਕਹਿ ਰਿਹਾ ਹਾਂ। ਦੋਹਾਂ ਦੀ ਤੁਲਨਾ ਕਰਦਿਆਂ ਮੈਂ ਝਿਜਕ ਰਿਹਾ ਹਾਂ। ਮੇਰੇ ਕੋਲ ਅਜਿਹਾ ਕਾਰਜ ਕਰਨ ਜੋਗੀ ਨਾ ਵਿਦਵਤਾ ਹੈ, ਨਾ ਆਲੋਚਨਾ ਦੀ ਨੀਝ, ਨਾ ਬਹੁਤ ਸਾਰਾ ਸਾਹਿਤ ਪੜ੍ਹੇ ਹੋਣ ਦੀ ਸਮਰੱਥਾ। ਮੈਂ ਬਸ ਪਾਸ਼ ਦੇ ਹਵਾਲੇ (Contrast) ਨਾਲ ਪਾਤਰ ਦੀ ਸੁਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਮੈਨੂੰ ਮੁਢਲੇ ਤੌਰ ਤੇ ਲੇਖਕਾਂ ਦੀ ਤੁਲਨਾ ਸਹੀ ਲਗਦੀ ਵੀ ਨਹੀਂ। ਅਸੀਂ ਮੁਕਾਬਲੇ ਵਿਚ ਕਵਿਤਾ ਨਹੀਂ ਲਿਖ਼ ਰਹੇ। ਰਲ਼ ਕੇ ਕਿਸੇ ਵੱਡੇ ਵਰਤਾਰੇ ਦਾ ਥੋੜ੍ਹਾ ਥੋੜ੍ਹਾ ਬਿਆਨ ਕਰ ਰਹੇ ਹਾਂ। ਸਾਡੀ ਸਭ ਦੀ ਏਥੇ ਲੋੜ ਹੈ। ਹਾਥੀ ਕੱਛੂ ਇੱਲ ਸਿਓਂਕ ਉੱਲੀ ਪਿੱਪਲ ਅਤੇ ਨਦੀਨ ਦਾ ਆਪੋ ਵਿਚ ਕੋਈ ਮੇਲ ਨਹੀਂ ਪਰ ਸ੍ਰਿਸ਼ਟੀ ਨੂੰ ਪੂਰਾ ਕਰਨ ਲਈ ਸਾਰੇ ਹੀ ਜ਼ਰੂਰੀ ਹਨ। ਨਦੀ ਨੂੰ ਮਾਨਸਰੋਵਰ ਵਿਚੋਂ ਉਪਜਿਆ ਸ੍ਰੋਤ ਹੀ ਨਹੀਂ ਘੜਦਾ, ਰਾਹ ਦੀ ਪਹਾੜੀ ਬਰਫ਼ੋਂ ਪਿਘਲੀ ਨਿੱਕੀ ਜਿਹੀ ਪਾਣੀ ਦੀ ਧਾਰ ਵੀ ਵੱਡਾ ਕਰਦੀ ਹੈ।
*
ਕਵਿਤਾ ਨੂੰ ਪਹਿਲਾਂ ਅਸੀਂ ਸੁਚੇਤ ਮਨ ਨਾਲ ਸਮਝਦੇ ਹਾਂ। ਪਰ ਲਿਖ਼ੀ ਪੜ੍ਹੀ ਜਾ ਰਹੀ 95% ਕਵਿਤਾ ਸੁਚੇਤ ਮਨ ਵਿਚ ਦਾਖ਼ਲ ਹੋ ਕੇ ਓਥੋਂ ਹੀ ਵਿਦਾ ਹੋ ਜਾਂਦੀ ਹੈ। ਕਵਿਤਾ ਓਹੀ ਤਾਕਤਵਰ ਤੇ ਚਿਰੰਜੀਵੀ ਹੁੰਦੀ ਜਿਹੜੀ ਸਾਡੇ ਅਚੇਤ ਵਿਚ ਵੜ ਜਾਵੇ। ਸਾਡੀਆਂ ਕਦਰਾਂ ਕੀਮਤਾਂ ਵਿਸ਼ਵਾਸ ਓਥੇ ਪਏ ਹੁੰਦੇ ਹਨ। ਓਥੇ ਪਹੁੰਚੇ ਬਿਨਾ ਕਵਿਤਾ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ।
ਪਾਤਰ ਤੇ ਪਾਸ਼ ਦੋਹਾਂ ਦੀ ਕਵਿਤਾ ਸਾਡੇ ਅਚੇਤ ਵਿਚ ਪ੍ਰਵੇਸ਼ ਕਰ ਜਾਂਦੀ ਹੈ ਬਾਵਜੂਦ ਕਿ ਦੋਹਾਂ ਦਾ ਸੁਰ, ਲਹਿਜਾ, ਬਿੰਬ, ਰਚਨਾ ਤੇ ਰਫ਼ਤਾਰ ਵੱਖੋ ਵੱਖਰੇ ਹਨ। ਮੈਨੂੰ ਦੋਹਾਂ ਦੀ ਸਾਡੇ ਅਚੇਤ ਵਿਚ ਵੱਖੋ ਵੱਖਰੇ ਬੂਹਿਓਂ ਦਾਖ਼ਲ ਹੋ ਸਕਣ ਦੀ ਸਾਂਝੀ ਸਮਰੱਥਾ ਨੂੰ ਸਮਝਣਾ ਦਿਲਸਚਪ ਤੇ ਰਚਨਾਤਮਕ ਲਗਦਾ ਹੈ।
*
ਧਿਆਨ ਸਾਧਨਾ ਵਿਚ ਲਹਿਣ ਵਾਲੇ ਇਹ ਫ਼ਰਕ ਜਾਣਦੇ ਹਨ ਕਿ ਬੋਲਣ ਜਾਂ ਪ੍ਰਤੀਕਿਰਿਆ ਕਰਨ ਦੇ ਦੋ ਤਲ ਹਨ : ਮਨ ਅਤੇ ਚੇਤਨਾ। ਮਨ ਵਿਚ ਜੀਣ ਵਾਲੇ ਦੀ ਮੁਢਲੀ ਅਵਸਥਾ ਬੇਸੁਰਤ ਪਲਾਂ ਵਿਚ ਭੋਗੀ (Consumer) ਦੀ ਹੁੰਦੀ ਹੈ, ਜੇ ਸ਼ੁੱਧ ਹੋਣ ਲੱਗੇ ਤਾਂ ਕਰਮਯੋਗੀ ਦੀ ਹੁੰਦੀ ਹੈ। ਉਸ ਵਿਚੋਂ ਡਰ ਮੁੱਕ ਜਾਵੇ ਤਾਂ ਯੋਧੇ ਦੀ ਅਵਸਥਾ ਹੋ ਜਾਂਦੀ ਹੈ। ਪਰ ਇਹ ਸਭ ਮਨ ਦੇ ਹੀ ਤਲ ਹਨ। ਚੇਤਨਾ ਵਿਚ ਜੀਣ ਵਾਲੇ ਦੀ ਮੁਢਲੀ ਅਵਸਥਾ ਦਰਸ਼ਕ ਦੀ ਹੁੰਦੀ ਹੈ।
ਮਨ ਵਿਚ ਜੀਣ ਵਾਲਾ ਪ੍ਰਤੀਕਿਰਿਆ ਕਰਦਾ ਹੈ, ਚੇਤਨਾ ਵਿਚ ਜੀਣ ਵਾਲ਼ਾ ਕਿਰਿਆ ਕਰਦਾ ਹੈ। ਇਹ ਉਨ੍ਹਾਂ ਦਾ ਮੁਢਲਾ ਅੰਤਰ ਹੈ। ਮਨ ਵਿਚ ਜੀਣ ਵਾਲ਼ਾ ਮਨੁੱਖ ਘਟਨਾ ਦੇ ਅੰਦਰ ਵੜ ਕੇ ਉਸਨੂੰ ਜੀਂਦਾ ਹੈ ਤੇ ਜਿਸ ਤਰ੍ਹਾਂ ਦੀ ਸੱਟ ਲਗਦੀ ਹੈ ਓਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਦਾ ਹੈ। ਚੇਤਨਾ ਵਿਚ ਜੀਣ ਵਾਲ਼ੇ ਨੂੰ ਜਦੋਂ ਘਟਨਾ ਸੱਟ ਮਾਰਦੀ ਹੈ ਤਾਂ ਉਹ ਆਪਣਾ ਆਪ ਸੰਭਾਲ ਕੇ ਘਟਨਾ ‘ਚੋਂ ਨਿਕਲ ਕੇ ਬਾਹਰ ਖੜਾ ਹੋ ਜਾਂਦਾ ਹੈ, ਘਟਨਾ ਨੂੰ ਚਾਰ ਚੁਫ਼ੇਰਿਓਂ ਸੰਪੂਰਨਤਾ ਵਿਚ ਵੇਖ਼ਦਾ ਹੈ, ਪ੍ਰਤੀਕਿਰਿਆ ਨਹੀਂ ਕਰਦਾ ਸਗੋਂ ਘਟਨਾ ਦਾ ਹੱਲ ਲੱਭਣ ਦੀ ਕਿਰਿਆ ਕਰਦਾ ਹੈ। ਮਨ ਵਿਚ ਜੀਣ ਵਾਲਾ ਪ੍ਰਤੀਕਿਰਿਆ ਕਰਕੇ ਸੰਤੁਸ਼ਟ ਹੋ ਜਾਂਦਾ ਹੈ। ਚੇਤਨਾ ਦੇ ਤਲ ਤੇ ਜੀਣ ਵਾਲਾ ਉਨ੍ਹਾਂ ਕਾਰਣਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿੰਨ੍ਹਾਂ ਕਰਕੇ ਮੰਦਭਾਗੀ ਘਟਨਾ ਵਾਪਰੀ ਹੈ। ਮਨ ਵਿਚ ਜੀਣ ਵਾਲਾ ਪਿਤਾ ਬੱਚੇ ਦੀ ਬੱਜਰ ਗਲਤੀ ਤੇ ਉਹਨੂੰ ਚਪੇੜ ਮਾਰਦਾ ਹੈ। ਉਹਨੂੰ ਜਾਪਦਾ ਹੈ – ਏਹਨੂੰ ਇਹੀ ਭਾਸ਼ਾ ਸਮਝ ਆਵੇਗੀ। ਚੇਤਨਾ ਦੇ ਸੁਰ ਵਿਚ ਜੀਣ ਵਾਲਾ ਬੱਚੇ ਨੂੰ ਗੋਦੀ ਵਿਚ ਲੈ ਕੇ ਉਹਦੀ ਗਲਤੀ ਨਰਮ ਸ਼ਬਦਾਂ ਵਿਚ ਦਸਦਾ ਹੈ। ਲੋੜ ਪੈਣ ਤੇ ਬਾਰ ਬਾਰ ਦਸਦਾ ਹੈ। ਉਹਨੂੰ ਉਸ ਸੱਟ ਦਾ ਫ਼ਿਕਰ ਵੀ ਹੈ ਜਿਹੜੀ ਚਪੇੜ ਮਾਰ ਦੇਣ ਤੇ ਵਾਪਰੇਗੀ।
ਆਨੰਦਪੁਰ ਦੀ ਜੰਗ ਵਿਚ ਭਾਈ ਘਨੱਈਆ ਚੇਤਨਾ ਦੇ ਤਲ ਤੇ ਲੜ ਰਿਹਾ ਹੈ। ਗੁਰੂ ਜੀ ਨੂੰ ਉਹਦੀ ਸ਼ਿਕਾਇਤ ਕਰਨ ਵਾਲ਼ੇ ਸਿੰਘ ਮਨ ਦੇ ਤਲ ਤੇ ਲੜ ਰਹੇ ਹਨ। ਦੋਹਾਂ ਦਾ ਗੁਰੂ ਇੱਕੋ ਹੈ, ਲੜਾਈ ਵੀ ਇੱਕੋ, ਪਰ ਯੁੱਧ ਵਿਚ ਦੋਹਾਂ ਦੀ ਪ੍ਰਤੀਕਿਰਿਆ ਅੱਡੋ ਅੱਡ ਹੈ। ਸਿੰਘ ਫੌਜੀ ਵੇਖ ਰਹੇ ਹਨ ਕਿ ਉਨ੍ਹਾਂ ਨੂੰ ਕੀ ਵਾਪਰ ਰਿਹਾ ਹੈ। ਘਨੱਈਆ ਵੇਖ਼ ਰਿਹਾ ਹੈ ਕਿ ਮਨੁੱਖਾਂ ਨੂੰ ਕੀ ਵਾਪਰ ਰਿਹਾ ਹੈ। ਉਸ ਜੰਗ ਵਿਚ ਸਿੰਘਾਂ ਦੀ ਕਿਰਪਾਨ ਆਪਣੇ ਬਚਾਅ ਅਤੇ ਦੂਜੇ ਦੀ ਮੌਤ ਵਾਸਤੇ ਹੈ। ਪਾਤਰ ਦੇ ਸ਼ਬਦਾਂ ਵਿਚ : ਗੁਰੂ ਜੀ ਹੱਸ ਕੇ ਘਨਈਏ ਨੂੰ ਕਿਰਪਾਨ ਪਹਿਨਣ ਦਾ ਕਾਰਣ ਪੁੱਛਦੇ ਹਨ (ਜੇ ਓਹਨੇ ਲੜਣਾ ਹੀ ਨਹੀਂ) ਤਾਂ ਕਹਿੰਦਾ ਹੈ – ਜਦ ਕੋਈ ਮੈਨੂੰ ਮਾਰਣ ਆਵੇਗਾ ਤਾਂ ਆਖਾਂਗਾ – ਪਿਆਰੇ ! ਆਪਣਾ ਸ਼ਸਤਰ ਮੇਰੇ ਲਹੂ ਨਾਲ ਕਿਉਂ ਮੈਲ਼ਾ ਕਰਦਾ ਹੈਂ ? ਲੈ ਮੇਰੇ ਗੁਰੂ ਦੀ ਬਖ਼ਸ਼ੀ ਕਿਰਪਾਨ ਤੇ ਮੈਨੂੰ ਏਸੇ ਨਾਲ ਮਾਰ ! … ਲੜਣ ਦਾ ਇਹ ਤਰੀਕਾ ਅਸਾਧਾਰਣ ਅਤੇ ਅਨੋਖਾ ਹੈ ! ਘਨਈਆ ਜੰਗ ਤੋਂ ਭੱਜ ਨਹੀਂ ਰਿਹਾ, ਜੰਗ ਨੂੰ ਕਿਸੇ ਹੋਰ ਤਲ ਤੇ ਲੜ ਰਿਹਾ ਹੈ।
*
ਪਾਸ਼ ਦੀ ਕਵਿਤਾ ਮਨ ਦੇ ਤਲ ਤੋਂ ਉਠਦੀ ਹੈ। ਪਾਤਰ ਦੀ ਕਵਿਤਾ ਚੇਤਨਾ ਦੇ ਤਲ ਤੋਂ।
ਪਾਸ਼ ਨੇ ਛੰਦ ਨਹੀਂ ਵਰਤਿਆ। ਉਹਦੀ ਆਵਾਜ਼ ਦੀ ਗੂੰਜ ਉੱਚੀ ਅਤੇ ਧਾਰ ਤਿੱਖੀ ਸੀ। ਉਹਦੇ ਸ਼ਬਦ ਪ੍ਰਚੰਡ ਲਹਿਰਾਂ ਵਾਂਗ ਉਠਦੇ ਸਨ। ਉਨ੍ਹਾਂ ਦੀ ਟੁਣਕਾਰ ਨੰਗੀ, ਦਗ਼ਦੀ ਤੇ ਮੌਲਿਕ ਸੀ। ਰੁੱਖੇ ਸ਼ਬਦ, ਜਿੰਨ੍ਹਾਂ ਨੂੰ ਕਹਿਣ ਦਾ ਰਵਾਜ ਨਹੀਂ ਸੀ, ਪਾਸ਼ ਦੀ ਕਵਿਤਾ ਵਿਚ ਦਾਖ਼ਲ ਹੋ ਕੇ ਤਾਕਤਵਰ ਬਿੰਬ ਬਣ ਜਾਂਦੇ। ਪਾਠਕ ਨੂੰ ਚੀਰ ਕੇ ਲੰਘ ਜਾਂਦੇ। ਜੁਝਾਰ-ਧਾਰਾ ਦੇ ਮੁੱਕ ਜਾਣ ਮਗਰੋਂ ਵੀ ਪਾਸ਼ ਦਾ ਕਵੀ ਵਜੋਂ ਸਾਰਥਕ ਬਣੇ ਰਹਿਣਾ ਏਸ ਗੱਲ ਦਾ ਸਬੂਤ ਹੈ ਕਿ ਉਹਦੀ ਤਾਕਤ ਕਿਸੇ ਲਹਿਰ ਵਿਚ ਨਹੀਂ, ਉਹਦੇ ਕਾਵਿਕ-ਮੁਹਾਵਰੇ ਵਿਚ ਸੀ ਜਿਸ ਬਾਰੇ ਉਹ ਸਪਸ਼ਟ ਸੀ :
ਸ਼ਬਦ ਜੋ ਰਾਜਿਆਂ ਦੀਆਂ ਘਾਟੀ ਚ ਨੱਚਦੇ ਹਨ
ਜੋ ਮਾਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਹਨ
ਜੋ ਮੇਜ਼ਾਂ ਤੇ ਟੈਨਿਸ ਵਾਂਗ ਰਿੜ੍ਹਦੇ ਹਨ
ਜੋ ਮੰਚਾਂ ਦੀ ਕੱਲਰ-ਭੋਂ ਤੇ ਉਗਦੇ ਹਨ
ਕਵਿਤਾ ਨਹੀਂ ਹੁੰਦੇ
ਪਾਸ਼ ਕੋਲ ਅਜਿਹਾ ਵੇਖਣ ਵਾਲ਼ੀ ਅੱਖ ਵੀ ਸੀ :
ਮੈਂ ਮਲ ਮਲ ਕੇ ਤਰੇਲਾ ਕਣਕ ਪਿੰਡਾ ਕੂਚਦੀ ਵੇਖੀ
ਮੇਰੇ ਤੱਕਣ ਤੇ ਉਸਦੇ ਮੁਖ ਤੇ ਆਉਂਦੀ ਸੰਗ ਨੂੰ ਤੱਕਿਆ ਹੈ
ਮੈਂ ਵਗਦੀ ਆਡ ਤੇ ਵਿਛਦੀ ਤੱਕੀ ਹੈ ਧੁੱਪ ਚਾਨਣ ਦੀ
ਮੈਂ ਰਾਤੀਂ ਸੁੱਤਿਆਂ ਬਿਰਛਾਂ ਨੂੰ ਚੁੰਮਦੇ ਤੱਕਿਆ ਹੈ
ਪਰ ਪਾਸ਼ ਜਿਸ ਮੁਹਾਵਰੇ ਲਈ ਜਾਣਿਆ ਗਿਆ ਤੇ ਚਾਹਿਆ ਗਿਆ, ਉਹ ਇਹੀ ਸੀ :
ਧੁੱਪ ਵਾਂਗ ਧਰਤੀ ਤੇ ਖਿੜ ਜਾਣਾ
ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉਠਣਾ ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ …
ਪਾਤਰ ਚੇਤਨਾ ਦੇ ਪੱਧਰ ਤੇ ਜਿਉਣ ਵਾਲ਼ਾ ਮਨੁੱਖ ਸੀ। ਅਜਿਹਾ ਸੋਚਵਾਨ ਮਨੁੱਖ ਸਿਰੇ (ਐਕਸਟ੍ਰੀਮ) ਤੇ ਨਹੀਂ, ਮੱਧ ਵਿਚ ਜੀਂਦਾ ਤੇ ਬੋਲਦਾ ਹੈ। ਪ੍ਰਗਟਾਵੇ ਲਈ ਮੱਧ ਵਿਚ ਹੋਣ ਦਾ ਅਰਥ ਸਮਝੌਤਾਵਾਦੀ ਹੋਣਾ ਨਹੀਂ ਹੁੰਦਾ। ਏਹ ਅਰਥ ਹੁੰਦਾ ਹੈ ਕਿ ਉਹ ਵਿਅਕਤੀ ਭਾਵਾਂ ਨੂੰ ਵਿਅਕਤ ਕਰਨ ਵੇਲ਼ੇ ਉਲਾਰ ਨਹੀਂ ਹੁੰਦਾ। ਦੱਖਣ ਭਾਰਤ ਵਿਚ ਨਾਚ ਕਰਨ ਵਾਲਾ ਸਭ ਤੋਂ ਪਹਿਲਾਂ ਧਰਤੀ ਨੂੰ ਛੋਹ ਕੇ ਜਾਂ ਮੱਥਾ ਟੇਕ ਕੇ ਬੇਨਤੀ ਕਰਦਾ ਹੈ ਕਿ ਮੇਰੇ ਪੈਰ ਹੁਣ ਤੈਨੂੰ ਸੱਟ ਮਾਰਣਗੇ, ਕਿਰਪਾ ਕਰਕੇ ਮੈਨੂੰ ਇਉਂ ਕਰ ਸਕਣ ਦੀ ਆਗਿਆ ਦੇਹ !
ਮੈਂ ਚਲਾ ਕੇ ਤੀਰ ਕਮਾਨ ‘ਚੋਂ, ਰੱਤ ਸਿੰਮਦੀ ਸੋਚਾਂ ਨਿਸ਼ਾਨ ‘ਚੋਂ
ਤਾਂ ਦੁਆ ਇਹ ਨਿਕਲੇ ਜ਼ੁਬਾਨ ‘ਚੋਂ, ਮੇਰਾ ਤੀਰ ਡਿੱਗ ਪਏ ਉਰੇ ਪਰੇ
ਕੋਈ ਲਫ਼ਜ਼ ਲਫ਼ਜ਼ਾਂ ਦੇ ਸਾਕ ਵਿਚ, ਨਾ ਘੁਟਨ ਸਹੇ ਕਿਸੇ ਵਾਕ ਵਿਚ
ਤਦੇ ਝਿਜਕਦਾਂ ਕੁਝ ਆਖ਼ਦਾ, ਕੁਝ ਲਿਖ਼ਦਿਆਂ ਮੇਰਾ ਮਨ ਡਰੇ
ਇਹ ਡਰੇ ਹੋਏ ਬੰਦੇ ਦੀ ਨਹੀਂ, ਸੰਵੇਦਨਾ ਨਾਲ ਲਰਜ਼ਦੇ ਹਿਰਦੇ ਦੀ ਕਵਿਤਾ ਹੈ। ਅਜਿਹੀ ਸੂਖਮਤਾ ਪੰਜਾਬੀ ਦੇ ਵਿਰਲੇ ਕਵੀਆਂ ਹਿੱਸੇ ਆਈ ਹੈ ਜਿਹੜੇ ਏਸ ਫ਼ਿਕਰ ਵਿਚ ਹੋਣ ਕਿ ਉਨ੍ਹਾਂ ਦੇ ਲਿਖ਼ਣ ਨਾਲ ਸ਼ਬਦਾਂ ਤੇ ਵਾਕਾਂ ਨੂੰ ਵੀ ਕੀ ਵਾਪਰ ਰਿਹਾ ਹੈ ?
ਨਵਤੇਜ ਭਾਰਤੀ ਹੁਰਾਂ ਅਨੁਸਾਰ : “ਪਾਤਰ ਨਿਜੀ ਜੀਵਨ ਵਿਚ ਵੀ ਸਹਿਜ ਅਤੇ ਨਿੰਮ੍ਹਾਂ ਬੋਲਦਾ ਸੀ, ਕਵਿਤਾ ਵਿਚ ਵੀ। ਨਕਸਲੀ ਨੂੰ ਲਗਦਾ ਹੈ – ਪਾਤਰ ਕਮਜ਼ੋਰ ਹੈ। ਇਹ ਸੱਚ ਨਹੀਂ। ਨੇਰੂਦਾ ਵੀ ਵੱਡੀਆਂ ਗੱਲਾਂ ਧੀਮੀ ਆਵਾਜ਼ ਵਿਚ ਕਰ ਜਾਂਦਾ ਹੈ। ਪਾਤਰ ਬਹੁਤੇ ਬਿੰਬ ਨਹੀਂ ਵਰਤਦਾ। ਕਵਿਤਾ ਵਿਚ ਕਈ ਥਾਈਂ ਏਨਾ ਸਾਦਾ ਹੋ ਜਾਂਦਾ ਹੈ ਕਿ ਕਾਵਿਕ ਹੀ ਨਹੀਂ ਲਗਦਾ। ਜਿਵੇਂ : ‘ਇਹ ਬਾਤ ਨਿਰੀ ਏਨੀ ਹੀ ਨਹੀਂ ਨਾ ਹੀ ਮਸਲਾ ਸਿਰਫ਼ ਕਿਸਾਨ ਦਾ ਏ/ਇਹ ਪਿੰਡ ਦੇ ਵਸਦੇ ਰਹਿਣ ਦਾ ਏ ਜਿੰਨੂੰ ਤੌਖਲਾ ਉੱਜੜ ਜਾਣ ਦਾ ਏ’। ਕਈ ਨੋਬਲ ਇਨਾਮ ਜੇਤੂ ਕਵੀ ਵੀ ਏਨੀ ਹੀ ਸਾਦਗੀ ਨਾਲ ਲਿਖ਼ਦੇ ਹਨ। ਜੇ ਬੰਦਾ ਮੈਟਾਫ਼ਰ ਤੋਂ ਬਿਨਾ ਵੀ ਆਪਣੀ ਗੱਲ ਕਰ ਸਕੇ ਤਾਂ ਵਧੀਆ ਗੱਲ ਹੈ। ਪਾਤਰ ਕੋਲ ਮੈਟਾਫ਼ਰ ਸਨ, ਆਵਾਜ਼ ਵੀ ਸੀ, ਪਰ ਉਹਨੂੰ ਦੋਹਾਂ ਦੀ ਪਰਵਾਹ ਨਹੀਂ ਸੀ। ਉਹਦੀ ਪਰਵਾਹ ਉਸ ਵਿਸ਼ੇ ਜਾਂ ਨੁਕਤੇ ਲਈ ਸੀ ਜਿਹੜਾ ਉਸਨੇ ਉਠਾਉਣਾ ਹੁੰਦਾ ਸੀ …”
ਟੋਰਾਂਟੋ ਵਸਦੇ ਲੇਖਕ ਹਰਮਿੰਦਰ ਢਿੱਲੋਂ ਅਨੁਸਾਰ : “ਇਹ ਸਿਰਫ਼ ਪਾਤਰ ਦੀ ਹੀ ਨਹੀਂ, ਪੰਜਾਬੀ ਕਵਿਤਾ ਦੀ ਵੱਡੀ ਪ੍ਰਾਪਤੀ ਹੈ ਕਿ ਢਾਡੀ ਵਾਰਾਂ ਦੀ ਗੂੰਜ, ਨਕਸਲੀ ਦੌਰ, ਖਾਲਿਸਤਾਨੀ ਸ਼ੋਰ, ਅਤੇ ਸਰਕਾਰੀ ਜਬਰ ਦੀ ਚਿੱਥਣ ਵਿਚੋਂ ਲੰਘਿਦਆਂ ਸੁਰਜੀਤ ਪਾਤਰ ਬਿਨਾ ਉੱਚੀ ਸੁਰ ਤੋਂ ਵੀ ਏਨੇ ਦਹਾਕੇ ਪੰਜਾਬੀ ਦਾ ਸਿਰਮੌਰ ਕਵੀ ਬਣਿਆ ਰਿਹਾ …”
*
ਕਵੀ ਪਾਠਕ ਦੇ ਦੁੱਖ ਦੀ ਗੱਲ ਕਰਦਾ ਹੈ, ਪਰ ਸੁਰ ਆਪਣਾ ਚੁਣਦਾ ਹੈ। ਸੁਆਲ ਇਹ ਹੈ ਕਿ ਉਹ ਆਪਣੀ ਚੋਣ ਨੂੰ ਨਿਭਾਉਂਦਾ ਕਿਵੇਂ ਹੈ ? ਪਾਤਰ ਦਾ ਸੁਰ ਪਾਸ਼ ਨਾਲੋਂ ਵੱਖਰਾ ਸੀ। ਨਾ ਪਾਸ਼ ਨੇ ਆਪਣਾ ਸੁਰ ਰਹਿੰਦੀ ਉਮਰ ਤਕ ਬਦਲਿਆ, ਨਾ ਪਾਤਰ ਨੇ। ਉਨ੍ਹਾਂ ਅੰਦਰ ਆਪਣੇ ਸੁਰ ਨੂੰ ਲੈ ਕੇ ਦੁਬਿਧਾ, ਜੇ ਕੋਈ ਸੀ, ਤਾਂ ਉਹੀ ਜਾਣਦੇ ਸਨ। ਪਾਸ਼ ਤੀਵਰ ਸੁਰ ਦਾ ਕਵੀ ਸੀ, ਪਾਤਰ ਕੋਮਲ ਸੁਰ ਦਾ। ਪਾਸ਼ ਦੀ ਕਵਿਤਾ ਹਵਾ ਵਿਚ ਉਡਦਾ ਬਾਜ਼ ਸੀ, ਪਾਤਰ ਦੀ ਕਵਿਤਾ ਹਵਾ ਵਿਚ ਲਿਖ਼ੇ ਹਰਫ਼। ਨਾ ਪਾਸ਼ ਆਪਣੀ ਆਵਾਜ਼ ਦੇ ਰੋਅਬ ਨਾਲ ਸਾਡੇ ਅੰਦਰ ਘੁਸ ਰਿਹਾ ਸੀ, ਨਾ ਪਾਤਰ ਸੰਗੀਤ ਦੀ ਸੱਬਲ ਨਾਲ਼ ਸਾਨੂੰ ਸੰਨ੍ਹ ਲਾ ਰਿਹਾ ਸੀ। ਪਰ ਪਾਤਰ ਦੀ ਮੱਧਮ ਸੁਰ ਵਿਚ ਲਿਖ਼ੀ ਖੁਲ੍ਹੀ ਕਵਿਤਾ ਵੀ ਸਾਡੇ ਅਚੇਤ ਵਿਚ ਪਾਸ਼ ਦੀ ਖੁਲ੍ਹੀ ਕਵਿਤਾ ਵਾਂਗ ਹੀ ਦਾਖ਼ਲ ਹੋ ਜਾਂਦੀ ਹੈ। ਕਿਉਂ ? ਏਸ ਲਈ ਕਿ ਦੋਹਾਂ ਦੀ ਕਵਿਤਾ ਦੀ ਰੀੜ੍ਹ ਵਿਚਾਰ ਨਾਲ ਬੁਣੀ ਹੋਈ ਸੀ। ਵਿਚਾਰ – ਜਿਹੜੇ ਸਾਡਾ ਹੀ ਫ਼ਿਕਰ ਕਰ ਰਹੇ ਸਨ। ਏਸੇ ਕਰਕੇ ਦੋਹਾਂ ਸਾਹਵੇਂ ਸਾਡੇ ਮਨ ਦੇ ਦਰ ਆਪ-ਮੁਹਾਰੇ ਖੁਲ੍ਹ ਜਾਂਦੇ ਹਨ …
ਪਾਸ਼ ਉਸ ਰੁੱਖ ਵਰਗਾ ਸੀ ਜਿਹੜਾ ਹਵਾ ਵਿਚ ਆਪਣੀਆਂ ਟਾਹਣੀਆਂ ਝੰਡੇ ਵਾਂਗ ਲਹਿਰਾਉਂਦਾ ਸੀ। ਸਥਾਪਤੀ ਨੂੰ ਲਲਕਾਰਦਾ ਸੀ ਕਿ ਮੇਰਾ ਟਾਹਣ ਵੱਢ ਕੇ ਦਿਖਾ ! ਪਾਤਰ ਉਸ ਵੇਲ ਵਰਗਾ ਜਿਹੜੀ ਧਰਤੀ ਦੇ ਸੀਨੇ ਨਾਲ ਕੰਨ ਲਾਈ ਰਖਦੀ, ਧਰਤੀ ਤੇ ਦੂਰ ਤੀਕ ਪਸਰਦੀ ਜਾਂਦੀ, ਏਹਦੀ ਧੜਕਣ ਵੀ ਸੁਣਦੀ, ਏਹਦੀ ਕੰਬਣੀ ਵੀ ਮਹਿਸੂਸ ਕਰਦੀ।
ਜੇ ਕੋਈ ਮਿੱਟੀ ਪੁੱਟ ਕੇ ਵੇਖਦਾ ਤਾਂ ਉਹਨੂੰ ਦਿਸਦਾ – ਧਰਤੀ ਦੇ ਹੇਠਾਂ ਪਾਸ਼ ਦੇ ਰੁੱਖ ਦੀਆਂ, ਤੇ ਪਾਤਰ ਦੀ ਵੇਲ਼ ਦੀਆਂ ਜੜ੍ਹਾਂ, ਇਕ ਦੂਜੇ ਨਾਲ ਕਰਿੰਗੜੀ ਪਾਈ ਬੈਠੀਆਂ ਸਨ। ਵੇਖਣ ਵਾਲ਼ਿਆਂ ਨੂੰ ਉਹ ਗੁੱਥਮਗੁੱਥਾ ਹੋਈਆਂ ਜਾਪਦੀਆਂ ਸਨ। ਅਸਲ ਵਿਚ ਉਨ੍ਹਾਂ ਇਕ ਦੂਜੇ ਨੂੰ ਜੱਫੀ ਪਾਈ ਹੋਈ ਸੀ। ਇਕ ਦੂਜੇ ਦੇ ਕੰਨ ਨੂੰ ਆਪਣਾ ਮੂੰਹ ਲਾਇਆ ਹੋਇਆ ਸੀ …
*
ਅਗਲੀ ਗੱਲ ਕਰਨੋਂ ਪਹਿਲਾਂ ਕਵੀ ਅੰਬਰੀਸ਼ ਦੀ ਇਹ ਕਵਿਤਾ ਪੜ੍ਹ ਲਈਏ। ਇਹ ਪ੍ਰਤਿਰੋਧ ਦੀ ਕਵਿਤਾ ਹੈ। ਖਾਸ ਗੱਲ ਏਹ ਹੈ : ਜਿਸਦੇ ਵਿਰੁੱਧ ਲਿਖੀ ਹੈ, ਓਹਦਾ ਏਸ ਵਿਚ ਨਾਂ ਤਕ ਵੀ ਨਹੀਂ ਲਿਆ ਗਿਆ …
ਟੈਂਕ ਤੇ ਤਿਤਲੀ
__________________
ਪਿਛਲੀ ਜੰਗ ਦੀ ਟਰਾਫ਼ੀ
ਸ਼ਹਿਰ ਦੇ ਚੌਂਕ ਵਿਚ ਇਕ ਟੈਂਕ ਪਿਆ ਹੈ
ਕਾਲੀ ਉਸਦੀ ਤੋਪ ਦੁਆਲੇ ਮੰਡਰਾਉਂਦੀਆਂ ਤਿਤਲੀਆਂ
ਚਾਲਕ ਵਾਲ਼ੇ ਘੁਰਨੇ ਵਿਚ ‘ਘਰ ਘਰ’ ਖੇਡਦੇ ਨਿਆਣੇ
ਜੰਗਲੀਆਂ ਚੇਨਾਂ ਦੁਆਲ਼ੇ ਦੇ ਘੁੱਰਿਆਂ ਵਿਚਾਲਿਓਂ
ਨਰਮ ਹਰੀਆਂ ਤਿੜਾਂ ਵਾਲ਼ਾ ਉੱਗ ਰਿਹਾ ਘਾਹ
ਸਿਰ ਉਠਾ ਕੇ ਝੂੰਮਦੇ ਨਿੱਕੇ ਪੀਲੇ਼ ਜੰਗਲੀ ਫੁੱਲ
ਤੇ ਚੁੰਝਾਂ ਚ ਤਿਣਾਂ ਲਈ ਚਿੜੀਆਂ ਟੈਂਕ ਦੀਆਂ
ਚੁਰ੍ਹਾਂ-ਝੀਥਾਂ ਚ ਢੂੰਡਦੀਆਂ ਆਲ੍ਹਣਿਆਂ ਲਈ ਥਾਵਾਂ
ਅਖ਼ੀਰ ਚ ਹਮੇਸ਼ਾ
ਫੁੱਲ ਹੁੰਦੇ ਤੇ ਬੱਚੇ
ਤੇ ਤਿਤਲੀਆਂ …
*
15 ਵਰ੍ਹੇ ਪਹਿਲਾਂ ਅੰਬਰੀਸ਼ ਅਤੇ ਨਵਤੇਜ ਭਾਰਤੀ ਹੁਰਾਂ ਨੂੰ ਇਕੱਠੇ ਮਿਲਣ ਦਾ ਸਬਬ ਬਣਿਆ। ਮੈਂ ਪੁੱਛਿਆ : ‘ਪ੍ਰੋਟੈਸਟ ਦੀ ਕਵਿਤਾ ਕਿਵੇਂ ਲਿਖਣੀ ਹੁੰਦੀ ਹੈ ? ਉਸਨੂੰ ਨਿਰਾ ਬਿਆਨ (Statement) ਜਾਂ ਨਿਰੀ ਲਲਕਾਰ ਬਣਨ ਤੋਂ ਕਿਵੇਂ ਬਚਾਈਦਾ ਹੈ ?”।
ਭਾਰਤੀ ਹੁਰਾਂ ਕਿਹਾ :
“ਪ੍ਰੋਟੈਸਟ ਦੀ ਕਵਿਤਾ ਲਿਖ਼ਣ ਦੇ ਦੋ ਤਰੀਕੇ ਹਨ। ਪਹਿਲਾ – ਡਾਢੇ ਨੂੰ ਵੰਗਾਰੋ। ਉਹਨੂੰ ਆਖੋ – ਅਸੀਂ ਤੇਰੇ ਤੋਂ ਨਹੀਂ ਡਰਦੇ, ਤੇਰੇ ਜ਼ੁਲਮ ਦਾ ਬਦਲਾ ਲਵਾਂਗੇ, ਅਸੀਂ ਤੇਰੇ ਮੁੱਕਣ ਮਗਰੋਂ ਵੀ ਰਹਾਂਗੇ। ਪੰਜਾਬੀ ਬਿਰਤੀ ਜੈਕਾਰੇ ਦੀ ਹੈ। ਉੱਚੇ ਬੋਲ ਨਾਲ ਦੂਜੇ ਨੂੰ ਡਰਾ ਕੇ ਕਾਇਲ ਕਰ ਦੇਣ ਵਾਲ਼ਾ ਸਾਨੂੰ ਅਸਲੀ ਮਰਦ ਲਗਦਾ ਹੈ। ਪਰ ਉੱਚੀ ਬੋਲਣ ਦੀ ਲੋੜ ਓਸਨੂੰ ਹੀ ਪੈਂਦੀ ਹੈ ਜਿਸਨੂੰ ਆਪਣੀ ਸੱਚਾਈ ਤੇ ਸ਼ੱਕ ਹੈ।
ਇਹ ਧਾਂਸੂ ਬਿਰਤੀ ਸਾਡੀ ਕਵਿਤਾ ਵਿਚ ਵੀ ਮੌਜੂਦ ਹੈ। ਅਜਿਹੀ ਕਵਿਤਾ ਡਰ ਨੂੰ ਪਾਸੇ ਰੱਖ ਕੇ ਉੱਚੇ ਸੁਰ ਵਿਚ ਬੋਲਦੀ ਹੈ, ਵੰਗਾਰਦੀ ਹੈ। ਪਾਸ਼ ਨੇ ਮੁਢਲੇ ਤੌਰ ਤੇ ਏਸ ਵਿਧੀ ਦੀ ਵਰਤੋਂ ਕੀਤੀ, ਏਸ ਲਈ ਪਾਸ਼ ਸਾਨੂੰ ਵੱਡਾ, ਚੰਗਾ, ਦਲੇਰ ਅਤੇ ਆਪਣਾ ਲਗਦਾ ਹੈ। ਪਰ ਇਹ ਸੌਖੀ ਵਿਧੀ ਹੈ। ਪਾਸ਼ ਖ਼ੁਦ ਆਪਣੇ ਪਿਛਲੇ ਵਰ੍ਹਿਆਂ ਦੌਰਾਨ ਇਸ ਵਿਧੀ ਤੋਂ ਦੂਰੀ ਬਣਾਉਣ ਲੱਗ ਪਿਆ ਸੀ।
ਦੂਜੀ ਵਿਧੀ ਹੈ – ਜਿਸ ਨਾਲ ਧੱਕਾ ਹੋਇਆ ਹੈ – ਉਹਦਾ ਹਾਲ ਬਿਆਨਣਾ। ਇਹ ਦਸਣਾ ਕਿ ਮਜ਼ਲੂਮ ਉਸ ਧੱਕੇ ਨਾਲ ਕਿਵੇਂ ਖੁਰ ਗਿਆ ਜਾਂ ਗਰਕ ਗਿਆ। ਉਹਦੀ ਜ਼ਿੰਦਗੀ ਦੇ ਟੋਟੇ ਕਿੰਜ ਹੋਏ ਤੇ ਕਿੱਥੇ ਖਿੱਲਰੇ ? ਉਹਦਾ ਮਨੁੱਖ ਹੋਣਾ ਕਿੰਜ ਅਣਹੋਣ ਵਿਚ ਬਦਲ ਗਿਆ ? ਜਦੋਂ ਪਾਤਰ ਕਹਿੰਦਾ ਹੈ :
“ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ”
ਜਾਂ ਕਹਿੰਦਾ ਹੈ :
‘ਇਹ ਇਕ ਧੁਖ਼ਦਾ ਰੁੱਖ ਆਇਆ ਹੈ ਇਹ ਆਈ ਧੁਨ ਮਾਤਮ ਦੀ
ਏਨ੍ਹਾਂ ਲਈ ਦਰਵਾਜ਼ੇ ਖੋਲ੍ਹੋ ਏਹ ਤਾਂ ਆਪਣੇ ਘਰ ਦੇ ਲੋਕ
ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹੌਕਾ ਲੈਣ ਨਾ ਡਰਦੇ ਲੋਕ’
ਤਾਂ ਉਹ ਦੂਜੀ ਵਿਧੀ ਨਾਲ ਆਪਣਾ ਵਿਰੋਧ ਪ੍ਰਗਟ ਕਰ ਰਿਹਾ ਹੈ। ਵੇਖਣ ਨੂੰ ਜਾਪੇਗਾ ਕਿ ਪਾਤਰ ਡਰ ਗਿਆ ਹੈ, ਉਹ ਜਾਬਰ ਨੂੰ ਸਿੱਧਾ ਹੋ ਕੇ ਕਿਉਂ ਨਹੀਂ ਪੈਂਦਾ ? ਅਸਲੀਅਤ ਵਿਚ ਵਿਰੋਧ ਦੀ ਇਹ ਵਿਧੀ ਵਧ ਔਖੀ ਹੈ – ਏਸ ਵਾਸਤੇ ਤੁਹਾਨੂੰ ਦੂਜੇ ਬੰਦੇ ਦੇ ਅੰਦਰ ਲੱਥਣਾ ਪਏਗਾ। ਉਹਦਾ ਹਾਲ ਮੁਰੀਦਾਂ ਵਾਲ਼ਾ ਜਾਣਨਾ ਪਏਗਾ। ਜੇ ਉਹਦਾ ਅੰਤਰ ਟੋਟੇ ਹੋ ਗਿਆ ਹੈ ਤਾਂ ਤੁਹਾਨੂੰ ਵੀ ਓਨੇ ਟੋਟਿਆਂ ਵਿਚ ਟੁੱਟਣਾ ਪਏਗਾ, ਤਾਂ ਹੀ ਉਹਦੀ ਵਿਥਿਆ ਸਮਝ ਪਏਗੀ। ਸਾਡੇ ਕੋਲ ਏਨੀ ਹਿੰਮਤ ਨਹੀਂ ਹੁੰਦੀ। ਅਸੀਂ ਤਾਂ ਆਪਣੀ ਟੁੱਟ-ਭੱਜ ਵਿਚ ਹੀ ਗਲਤਾਨ ਹੁੰਦੇ ਹਾਂ। ਨਾ ਸਾਡੇ ਕੋਲ ਸਮਾਂ ਕਿਸੇ ਅੰਦਰ ਲਹਿਣ ਦਾ, ਉਸ ਅੰਦਰ ਬਹਿਣ ਦਾ। ਸੋ ਅਸੀਂ ਸੌਖਾ ਤਰੀਕਾ ਵਰਤਦੇ ਹਾਂ – ਕਵਿਤਾ ਵਿਚ ਧੱਕੜਸ਼ਾਹ ਨੂੰ ਵੰਗਾਰਦੇ ਹਾਂ ! ਪਰ ਵੰਗਾਰ ਦੀ ਉਮਰ ਥੋੜ੍ਹੀ ਹੁੰਦੀ ਹੈ, ਅਹਿਸਾਸ ਦੀ ਉਮਰ ਲੰਮੀ। ਏਸ ਨੁਕਤੇ ਤੋਂ ਵੇਖੋ ਤਾਂ ਲਾਲ ਸਿੰਘ ਦਿਲ ਪਾਸ਼ ਨਾਲੋਂ ਵੱਡਾ ਕਵੀ ਹੈ। ਅਸੀਂ ਉਹਨੂੰ ਗੌਲ਼ਿਆ ਨਹੀਂ, ਉਹਦਾ ਬਣਦਾ ਮਾਣ ਤੇ ਅਸਥਾਨ ਨਹੀਂ ਦਿੱਤਾ। ਸ਼ਾਇਦ ਏਸ ਲਈ ਕਿ ਉਹ ਦਲਿਤ ਸੀ …??”
ਗੱਲ ਜਾਰੀ ਰਖਦਿਆਂ ਭਾਰਤੀ ਜੀ ਬੋਲੇ : “ਸਾਨੂੰ ਸਮਝ ਨਹੀਂ ਆਉਂਦਾ ਕਿ ਦੂਜੀ ਵਿਧੀ ਨਾਲ ਅਨਿਆਂ ਕਿਵੇਂ ਰੁਕ ਜਾਵੇਗਾ ? ਦੋ ਗੱਲਾਂ ਨਾਲ ਰੁਕਦਾ ਹੈ। ਪਹਿਲੀ – ਜੇ ਡਾਢੇ ਬੰਦੇ ਨੂੰ ਅਹਿਸਾਸ ਹੋ ਜਾਵੇ ਕਿ ਉਹਦਾ ਕਰਮ ਕੈਸਾ ਕੈਸਾ ਦੁੱਖ ਪੈਦਾ ਕਰ ਰਿਹਾ ਹੈ ਤਾਂ ਸੰਭਵ ਹੈ ਕਿ ਦੁੱਖ ਦੇਣ ਦੇ ਆਪਣੇ ਕਰਮ ਤੋਂ ਉਹ ਟਲ਼ ਜਾਵੇ। ਨਾਨਕ ਏਦਾਂ ਲੜਦੇ ਹਨ। ਉਹ ਸੱਜਣ ਠੱਗ ਨੂੰ, ਭਾਗੋ ਨੂੰ, ਬਾਬਰ ਨੂੰ ਅਹਿਸਾਸ ਕਰਵਾਉਂਦੇ ਹਨ ਕਿ ਉਹਨਾਂ ਦੇ ਕਰਮ ਦਾ ਨਤੀਜਾ ਬੇਦੋਸ਼ਿਆਂ ਲਈ ਕਿੰਨਾ ਭਿਆਨਕ ਹੋ ਹੋ ਵਰਤ ਰਿਹਾ ਹੈ ! ਇਹ ਅਹਿਸਾਸ, ਇਹ ਦ੍ਰਿਸ਼ ਜੇ ਉਨ੍ਹਾਂ ਅੰਦਰ ਵਾਪਰ ਜਾਵੇ ਤਾਂ ਉਨ੍ਹਾਂ ਜਾਬਰਾਂ ਦੇ ਪੈਰਾਂ ਦੀ ਬੇੜੀ ਬਣਦਾ ਹੈ। ਹਿਟਲਰ ਨੂੰ ਰੋਕਣਾ ਹੋਵੇ ਤਾਂ 50 ਮੁਲਕਾਂ ਦੇ 10 ਕਰੋੜ ਸਿਪਾਹੀਆਂ ਨੂੰ ਰਲ਼ ਕੇ ਲੜਣਾ ਪੈਂਦਾ ਹੈ। ਕੋਈ ਹਿਟਲਰ ਨੂੰ ਉਹਦੇ ਕੁਕਰਮ ਦਾ ਅਹਿਸਾਸ ਕਰਵਾ ਕੇ ਰੋਕ ਲਵੇ ਤਾਂ ਸਾਢੇ ਸੱਤ ਕਰੋੜ ਜਾਨਾਂ ਬਚਦੀਆਂ ਹਨ।
ਦੂਜੀ ਗੱਲ – ਅਨਿਆਂ ਨਾਲ ਲੜਾਈ ਓਦੋਂ ਸਫ਼ਲ ਹੁੰਦੀ ਹੈ ਜਦੋਂ ਸਿਰਫ਼ ਮਜ਼ਲੂਮ ਹੀ ਨਾ ਲੜੇ, ਸਗੋਂ ਉਹ ਵੀ ਲੜਣ ਜਿੰਨ੍ਹਾਂ ਨਾਲ ਅਨਿਆਂ ਨਹੀਂ ਹੋਇਆ। ਇਸ ਨੂੰ ਹੀ ਅਸੀਂ ਲੋਕ-ਰੋਹ ਆਖ਼ਦੇ ਹਾਂ। ਪਰ ਬਾਕੀ ਲੋਕ ਕਦੋਂ ਲੜਦੇ ਹਨ ? ਓਦੋਂ – ਜਦ ਉਨ੍ਹਾਂ ਨੂੰ ਮਜ਼ਲੂਮ ਨਾਲ ਵਾਪਰੇ ਅਨਿਆਂ ਦੀ ਅਸਲੀ ਤਸਵੀਰ ਆਪਣੀ ਪੂਰੀ ਭਿਆਨਕਤਾ ਅਤੇ ਸੱਚ ਨਾਲ ਆਪਣੇ ਧੁਰ ਅੰਤਰ ਤੀਕ ਦਿਸਦੀ ਹੈ। ਨਿਸ਼ਠਾਵਾਨ ਕਵੀ ਇਹ ਕੰਮ ਕਰਦਾ ਹੈ। ਉਹ ਮਜ਼ਲੂਮ ਦੀ ਪੀੜ ਦਾ ਸੰਪੂਰਨ ਚਿੱਤਰ ਸਾਡੇ ਸਭਨਾਂ ਅੰਦਰ ਪਾ ਦੇਂਦਾ ਹੈ। ਫਿਰ ਉਹਨੂੰ ਜਾਬਰ ਨੂੰ ਇਕੱਲਿਆਂ ਵੰਗਾਰਣ ਦੀ ਲੋੜ ਨਹੀਂ। ਸੈਂਕੜੇ ਹਜ਼ਾਰ ਲੱਖਾਂ ਬਾਹਾਂ ਉਠਦੀਆਂ ਹਨ ਤੇ ਵੰਗਾਰ ਬਣ ਜਾਂਦੀਆਂ ਹਨ …”
*
25 ਮਈ 2024
(ਬਾਕੀ ਫਿਰ )
(3) ਪਾਤਰ ਅਤੇ ਪਿਆਰ ਦੀ ਕਵਿਤਾ
___________________________________
ਸੁਖਪਾਲ
ਪੰਜਾਬੀ ਸਾਹਿਤ ਵਿਚ ਵੀ ਇਹ ਦੋ ਬਹਿਸਾਂ ਚਲਦੀਆਂ ਰਹੀਆਂ : ਕਵਿਤਾ ਲੋਕਾਂ ਲਈ ਕਿ ਨਿਜ ਲਈ ? ਪਾਤਰ ਨੂੰ ਏਸ ਸੁਆਲ ਦਾ ਬੰਧਨ ਨਹੀਂ ਸੀ। ਉਹ ਇਕੋ ਜਿੰਨੇ ਸਹਿਜ ਨਾਲ ਦੋਹੀਂ ਬ੍ਰਹਿਮੰਡੀਂ ਵਿਚਰ ਕੇ ਉਨ੍ਹਾਂ ਦੀ ਖ਼ਬਰ ਸਾਡੇ ਸਾਹਵੇਂ ਲਿਆ ਧਰਦਾ। ਜਿੰਨੀ ਨੀਝ ਸ਼ਿੱਦਤ ਫ਼ਿਕਰ ਅਤੇ ਸੰਵੇਦਨਾ ਉਹਦੀ ਲੋਕ-ਕਵਿਤਾ ਵਿਚ ਸੀ, ਓਨੀ ਹੀ ਉਹਦੀ ਪਿਆਰ-ਕਵਿਤਾ ਵਿਚ ਵੀ।
ਸਾਨੂੰ ਸਭ ਨੂੰ ਜਾਪਦਾ ਹੈ ਕਿ ਸਾਨੂੰ ਪਤਾ ਹੈ – ਪਿਆਰ ਕੀ ਹੁੰਦਾ ਹੈ ? ਕਿ ਇਹ ਸੋਚਣ ਵਾਲ਼ੀ ਨਹੀਂ, ਅਨੁਭਵ ਵਾਲ਼ੀ ਸ਼ੈਅ ਹੈ। ਬੌਲੀਵੁੱਡ ਦੇ ਦ੍ਰਿਸ਼ਾਂ ਤੇ ਗੀਤਾਂ ਨੇ ਪਿਆਰ ਨੂੰ ਸਾਡੇ ਮਨਾਂ ਅੰਦਰ ਸਤਹੀ ਵਰਤਾਰਾ ਬਣਾ ਦਿੱਤਾ ਹੈ। ਕਿਸੇ ਦੇ ਚੰਗੇ ਲੱਗ ਜਾਣ ਨੂੰ ਪਿਆਰ ਸਮਝਦੇ ਹਾਂ। ਵਧੇਰੇ ਕਰਕੇ ਪਿਆਰ ਨੂੰ ਵੇਗ ਵਾਂਗ ਜਾਣਦੇ ਹਾਂ ਜਾਂ ਵਿਛੋੜੇ ਵਾਂਗ।
ਅਸੀਂ ਕਾਮ ਨੂੰ ਪਿਆਰ ਦਾ ਹਿੱਸਾ ਸਮਝਦੇ ਹਾਂ। ਇਹ ਹੈ ਵੀ ਤੇ ਨਹੀਂ ਵੀ। ਜਦੋਂ ਕਾਮ ਪਿਆਰ ਦੇ ਅੱਗੇ ਅੱਗੇ ਚਲਦਾ ਹੈ ਤਾਂ ਉਸ ਵਿਚ ਵੇਗ ਹੁੰਦਾ ਹੈ ਜੋ ਥੋੜ੍ਹ-ਚਿਰਾ ਹੁੰਦਾ ਹੈ। ਉਹ ਅਗਲੇ ਕਾਮ ਦੀ ਇੱਛਾ ਨੂੰ ਉਪਜਾਉਂਦਾ ਹੈ ਕਿਉਂਕਿ ਉਹਦਾ ਅਨੁਭਵ ਅੱਧ-ਅਧੂਰਾ ਹੁੰਦਾ ਹੈ। ਪਰ ਜਿਹੜਾ ਮਨੁੱਖ ਪ੍ਰੇਮ-ਵਸ ਕਿਸੇ ਇਸਤ੍ਰੀ ਦੇ ਸਰੀਰ ਨੂੰ ਛੋਂਹਦਾ ਹੈ, ਉਹਦੀ ਛੋਹ ਕਾਮ-ਛੁਹ ਨਾਲੋਂ ਵੱਖਰੀ ਹੁੰਦੀ ਹੈ। ਜਦੋਂ ਕਾਮ ਪ੍ਰੇਮ ਦੇ ਪਿੱਛੇ ਚਲਦਾ ਹੈ ਤਾਂ ਉਹਦੇ ਵਿਚ ਸੁਹਜ ਅਤੇ ਟਿਕਾਅ ਵੀ ਸ਼ਾਮਲ ਹੁੰਦਾ ਹੈ। ਉਹ ਚਿਰ-ਜੀਵੀ ਹੁੰਦਾ ਹੈ। ਉਹ ਅਸਲ ਵਿਚ ਕਾਮ ਤੋਂ ਪਾਰ ਲੈ ਜਾਂਦਾ ਹੈ ਕਿਉਂਕਿ ਅਜਿਹਾ ਕਾਮ-ਅਨੁਭਵ ਭਰਿਆ ਭਰਿਆ ਹੁੰਦਾ ਹੈ।
ਸਭਨਾਂ ਵਾਂਗ ਬਹੁਤ ਦਹਾਕੇ ਮੈਂ ਵੀ ਸਮਝਦਾ ਰਿਹਾ ਮੈਨੂੰ ਪਿਆਰ ਦੀ ਸਮਝ ਹੈ। ਫਿਰ ਜਦੋਂ ਪਿਆਰ ਅਤੇ ਪੁਰਾਣੀਆਂ ਦੋਸਤੀਆਂ ਨਾਲ ਜੁੜੇ ਕਈ ਸੰਬੰਧ ਅੱਗੇ-ਪਿੱਛੇ ਟੁੱਟੇ ਤਾਂ ਅਜਿਹਾ ਸਮਾਂ ਆਇਆ ਮੈਨੂੰ ਸਮਝ ਹੀ ਨਾ ਆਉਂਦੀ ਪਿਆਰ ਅਸਲ ਵਿਚ ਹੈ ਕੀ ? ਸਭ ਇੱਛਾਵਾਂ ਜਨੂੰਨਾਂ ਤੇ ਜਤਨਾਂ ਨੂੰ ਨਿਤਾਰ ਕੇ ਤੁਸੀਂ ਇਹਨੂੰ ਕਿਵੇਂ ਪਛਾਣੋ ? ਮੈਂ ਬਹੁਤ ਸਾਰੇ ਲੋਕਾਂ ਅਤੇ ਰਿਸ਼ਤਿਆਂ ਤੋਂ ਦੂਰ ਹੋ ਰਿਹਾ ਸਾਂ, ਤੇ ਏਹ ਬੇਸਮਝ ਘੁੰਮਣਘੇਰੀ ਮੈਨੂੰ ਉਨ੍ਹਾਂ ਤੋਂ ਹੋਰ ਵੀ ਪਰ੍ਹਾਂ ਅਣਸਮਝੀ ਮੰਝਧਾਰ ਵਿਚ ਲਿਜਾ ਰਹੀ ਸੀ। ਜੇ ਸਾਨੂੰ ਪਿਆਰ ਦਾ ਨਹੀਂ ਪਤਾ ਤਾਂ ਇਕ ਜਾਂ ਦੂਜੇ ਜਨੂੰਨ ਵਿਚ ਹੀ ਡੁਬਦੇ ਤਰਦੇ ਰਹਾਂਗੇ। ਜੇ ਸਾਨੂੰ ਸੱਚ ਦਾ ਨਹੀਂ ਪਤਾ ਤਾਂ ਅਸੀਂ ਕਿਸੇ ਝੂਠ ਤਕ ਪਹੁੰਚ ਕੇ ਟਿਕ ਜਾਵਾਂਗੇ। ਏਹਨੂੰ ਕਿਸ ਸਮਝ ਨਾਲ ਸਮਝਿਆ ਜਾਵੇ ?
ਇਸੇ ਹਾਲਤ ਵਿਚ ਦੋ ਵਰ੍ਹੇ ਮਗਰੋਂ ਇਕ ਦਿਨ ਸੁਰਜੀਤ ਪਾਤਰ ਦੀਆਂ ਸਤਰਾਂ ਪੜ੍ਹੀਆਂ :
ਨਫ਼ਰਤ ਦੇ ਤੀਰ ਚਲਦੇ ਐਪਰ ਨਾ ਮੈਨੂੰ ਸੱਲਦੇ
ਮੇਰੀ ਆਤਮਾ ਦੁਆਲ਼ੇ ਤੇਰੇ ਪਿਆਰ ਦੀ ਸੰਜੋਅ ਹੈ
ਅਤੇ
ਕਿਸੇ ਨੂੰ ਮਾਰਣ ਦਾ ਢੰਗ ਹੈ ਏਹ ਵੀ ਕਿ ਸ਼ੀਸ਼ਿਆਂ ‘ਚ ਵਿਕਾਰ ਪਾਵੋ
ਕਿ ਸ਼ਖਸੋਂ ਪਹਿਲਾਂ ਹੀ ਅਕਸ ਮਾਰੋ ਸੋ ਖ਼ੁਦ ‘ਚ ਪੂਰਾ ਯਕੀਨ ਰੱਖੀਂ
ਕਿਸੇ ਵੀ ਸ਼ੀਸ਼ੇ ਚ ਅਕਸ ਅਪਣਾ ਗੰਧਲਦਾ ਤੱਕ ਨਾ ਉਦਾਸ ਹੋਵੀਂ
ਸੱਜਣ ਦੀ ਨਿਰਮਲ ਨਜ਼ਰ ਚ ਹਰ ਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ
ਉਸ ਦਿਨ ਅਹਿਸਾਸ ਹੋਇਆ – ਪਿਆਰ ਉਹ ਹੈ ਜੋ ਤੁਹਾਨੂੰ ਸੁੱਚਾ ਕਰ ਦੇਵੇ, ਸਵੈ-ਵਿਸ਼ਵਾਸ ਨਾਲ਼ ਭਰ ਦੇਵੇ। ਪਿਆਰ ਸਿਰਫ਼ ਆਸਰਾ ਨਹੀਂ ਦਿੰਦਾ, ਤੁਹਾਨੂੰ ਸਵੈ-ਵਿਸ਼ਵਾਸ ਨਾਲ ਭਰ ਕੇ ਆਸਰਿਆਂ ਦੀ ਲੋੜ ਤੋਂ ਮੁਕਤ ਕਰਦਾ ਹੈ। ਜਿਹੜਾ ਇਉਂ ਨਹੀਂ ਕਰਦਾ, ਉਹ ਪਿਆਰ ਹਾਲੇ ਆਪ ਸੁੱਚਾ ਨਹੀਂ ਹੋਇਆ ਹੁੰਦਾ …
*
ਪਿਆਰ ਵਿਚ ਮਰਦ ਅਤੇ ਔਰਤ ਦੇ ਨਿਜੀ ਅਤੇ ਸਮਾਜੀ ਕੋਣ ਵੱਖਰੇ ਹੁੰਦੇ ਹਨ। ਇਹ ਗੱਲ ਹਰ ਮਰਦ ਔਰਤ ਤੇ ਲਾਗੂ ਨਹੀਂ ਹੁੰਦੀ ਪਰ … ਔਸਤ ਮਰਦ ਨੇ ਲੰਮੇ ਰਿਸ਼ਤੇ ਲਈ ਚੁਣਨਾ ਹੋਵੇ ਤਾਂ ਇਸਤ੍ਰੀ ਆਪਣੀ ਸੁੰਦਰਤਾ ਅਤੇ ਸੁਭਾਅ ਸਮੇਤ ਉਸਨੂੰ ਜਿੰਨੀ ਕੁ ਦਿਸਦੀ ਹੈ, ਉਸਨੂੰ ਸਵੀਕਾਰ ਹੁੰਦੀ ਹੈ। ਜੇ ਉਹ ਇਸਤ੍ਰੀ ਉਸ ਮਰਦ ਨੂੰ ਪਿਆਰ ਵੀ ਕਰਦੀ ਹੋਵੇ ਤਾਂ ਉਸ ਲਈ ਇਹ ਵੱਡੀ ਗੱਲ ਹੁੰਦੀ ਹੈ। ਇਸਤ੍ਰੀ ਥੋੜ੍ਹ-ਚਿਰੇ ਰਿਸ਼ਤੇ ਲਈ ਏਦਾਂ ਕਰ ਸਕਦੀ ਹੈ, ਪਰ ਲੰਮੇ ਰਿਸ਼ਤੇ ਲਈ ਮਰਦ ਨੂੰ ਅੰਦਰ ਅਤੇ ਦੂਰ ਤਕ ਘੋਖਦੀ ਹੈ। ਮਰਦ ਨੂੰ ਭਵਿੱਖ, ਭਰੋਸਗੀ, ਆਰਥਿਕਤਾ ਅਤੇ ਸੁਰੱਖਿਅਤਾ ਦੀ ਤੁਲਾ ਤੇ ਤੋਲਦੀ ਹੈ। ਅਜਿਹੇ ਵੇਲ਼ੇ ਉਹਨੂੰ ਏਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਸਾਮ੍ਹਣੇ ਖੜਾ ਮਰਦ ਉਹਨੂੰ ਬੇਇੰਤਹਾ ਪਿਆਰ ਕਰਦਾ ਹੈ। ਉਹ ਪਿਆਰ ਕਰਦੇ ਮਰਦ ਨੂੰ ਵੀ ਸਹਿਜ ਨਾਲ ਠੁਕਰਾ ਸਕਦੀ ਹੈ ਜੇ ਉਹਦੀ ਪ੍ਰੀਖਿਆ ਤੇ ਪੂਰਾ ਨਾ ਉਤਰੇ। ਜੇ ਮਰਦ ਉਸ ਇਸਤ੍ਰੀ ਨੂੰ ਠੁਕਰਾਵੇ ਜਿਸ ਇਸਤ੍ਰੀ ਨੇ ਉਹਨੂੰ ਪਿਆਰ ਕੀਤਾ ਹੈ, ਤਾਂ ਉਹ ਸਮਾਂ ਪਾ ਕੇ ਵਾਪਸ ਉਸ ਕੋਲ ਪਰਤਦਾ ਹੈ। ਕੋਈ ਵਿਰਲੀ ਇਸਤ੍ਰੀ ਏਦਾਂ ਮਰਦ ਕੋਲ਼ ਪਰਤੇਗੀ …
ਸ਼ਾਇਦ – ਮਰਦ ਦਾ ਪਿਆਰ ਹੌਰੀਜ਼ੌਂਟਲ ਵਧੇਰੇ ਹੈ ਤੇ ਇਸਤ੍ਰੀ ਦਾ ਵਰਟੀਕਲ ਵਧੇਰੇ। ਔਰਤ ਨੂੰ ਲਗਦਾ ਹੈ ਮਰਦ ਦੇ ਪਿਆਰ ਵਿਚ ਗਹਿਰਾਈ ਓਨੀ ਨਹੀਂ ਜਿੰਨੀ ਔਰਤ ਦੇ ਪਿਆਰ ਵਿਚ ਹੁੰਦੀ ਹੈ। ਖ਼ੈਰ, ਜਿਸਦੀ ਜਿੰਨੀ ਸਮਰੱਥਾ ਹੁੰਦੀ ਹੈ, ਉਹਨੇ ਉਸੇ ਨਾਲ ਹੀ ਪਿਆਰ ਕਰਨਾ ਹੁੰਦਾ ਹੈ। ਵੈਸੇ ਵੀ, ਗਹਿਰਾਈ ਜੈਂਡਰ-ਮੁਖੀ ਵਰਤਾਰਾ ਹੋਣ ਨਾਲੋਂ ਨਿਜੀ ਘਟਨਾ ਵਧ ਹੈ। ਮਰਦ ਹੁੰਦਿਆਂ ਵੀ ਇਮਰੋਜ਼ ਦਾ ਅੰਮ੍ਰਿਤਾ ਲਈ ਪਿਆਰ ਬਹੁਤ ਵਰਟੀਕਲ ਸੀ।
ਮਰਦ ਨੂੰ ਕਈ ਵਾਰੀ ਇਕ ਤੋਂ ਵਧ ਇਸਤ੍ਰੀਆਂ ਇਕੋ ਜਿੰਨੀਆਂ ਚੰਗੀਆਂ ਲਗਦੀਆਂ ਹਨ। ਉਹ ਚੋਣ ਕਰਨ ਤੋਂ ਅਸਮਰਥ ਹੁੰਦਾ ਹੈ। ਇਸਤ੍ਰੀ ਕੋਲ ਚੁਣਨ, ਰੱਖਣ ਜਾਂ ਛੱਡਣ ਦੀ ਸਮਰੱਥਾ ਅਤੇ ਇਕਾਗਰਤਾ ਮਰਦ ਨਾਲੋਂ ਵਧ ਹੁੰਦੀ ਹੈ। ਉਹ ਕਿਸੇ ਮਰਦ ਨੂੰ ਰੱਜ ਕੇ ਜਿਸ ਜਨੂੰਨ ਨਾਲ ਪਿਆਰ ਕਰ ਸਕਦੀ ਹੈ, ਸਮਾਂ ਆਉਣ ਤੇ ਓਸੇ ਸਮਰੱਥਾ ਨਾਲ ਬਿਨਾ ਦੁਚਿੱਤੀ ਤੋਂ ਤਿਆਗ ਵੀ ਸਕਦੀ ਹੈ ਜੇ ਮਰਦ ਉਹਦੀਆਂ ਲੋੜਾਂ ਜਾਂ ਉਮੀਦਾਂ ਪੂਰੀਆਂ ਨਾ ਕਰੇ ਤੇ ਉਹ ਮਰਦ ਤੋਂ ਬਿਨਾ ਵੀ ਸਰਵਾਈਵ ਕਰ ਸਕੇ। ਇਸਤ੍ਰੀ ਨੂੰ ਘਰ ਮਰਦ ਨਾਲੋਂ ਵਧ ਚਾਹੀਦਾ ਹੈ, ਪਰ ਉਸ ਕੋਲ ਘਰੋਂ ਬਾਹਰ ਹੋਣ ਦਾ ਹੌਂਸਲਾ ਮਰਦ ਨਾਲੋਂ ਵੱਡਾ ਹੈ। ਇਸਤ੍ਰੀ ਅੰਦਰ ਦੁਚਿੱਤੀ ਮਰਦ ਨਾਲੋਂ ਘੱਟ ਹੈ ਕਿਉਕਿ ਉਹ ਜੋ ਚਾਹੁੰਦੀ ਹੈ ਉਸ ਪ੍ਰਤੀ ਉਹਦੀ ਨੀਝ ਮਰਦ ਨਾਲੋਂ ਵਧ ਸਪਸ਼ਟ ਹੈ। ਅਜਿਹੇ ਵਰਤਾਰੇ ਵਿਚ ਮੈਂ ਆਪਣੇ ਕੁਝ ਮਰਦ ਦੋਸਤਾਂ ਨੂੰ ਭਿਆਨਕ ਤਰੀਕੇ ਨਾਲ ਬਰਬਾਦ ਹੁੰਦੇ ਵੇਖਿਆ ਹੈ …
ਮਰਦ-ਔਰਤ ਦੇ ਰਿਸ਼ਤੇ ਵਿਚ ਬਹੁਤ ਹਿੰਦੀ ਫ਼ਿਲਮਾਂ ਬਣੀਆਂ। ਸੰਨ 1987 ਵਿਚ ਗੁਲਜ਼ਾਰ ਵੱਲੋਂ ਬਣਾਈ ਫ਼ਿਲਮ “ਇਜਾਜ਼ਤ” ਆਪਣੇ ਆਪ ਵਿਚ ਨਵੇਕਲੀ ਸੀ। ਉਹਦੇ ਸ਼ਬਦਾਂ ਵਿਚ : “ਹਿੰਦੀ ਫ਼ਿਲਮਾਂ ਵਿਚ ਨਰ-ਨਾਰੀ ਦਾ ਰਿਸ਼ਤਾ ਸਦਾ ਤਿਕੋਣ ਵਾਂਗ ਵਿਖਾਇਆ ਗਿਆ – ਇਕ ਮਰਦ ਤੇ ਦੋ ਇਸਤ੍ਰੀਆਂ। ਪਹਿਲੇ ਦੌਰ ਦੀਆਂ ਫ਼ਿਲਮਾਂ ਵਿਚ ਸਦਾ ਦੂਜੀ ਇਸਤ੍ਰੀ ਹੀ ਦੋਸ਼ੀ ਸੀ। ਉਹ ਕਿਸੇ ਦਾ ਵੱਸਿਆ ਵਸਾਇਆ ਘਰ ਤੋੜ ਰਹੀ ਸੀ। 30 ਸਾਲਾਂ ਮਗਰੋਂ ਉਹ ਫ਼ਿਲਮਾਂ ਬਣੀਆਂ ਜਿੰਨ੍ਹਾਂ ਨੇ ਉਸ ਦੂਜੀ ਇਸਤ੍ਰੀ ਨੂੰ ਵੀ ਆਵਾਜ਼ ਦਿੱਤੀ। ਕਿਹਾ ਕਿ ਉਹਦਾ ਪਿਆਰ ਵੀ ਸੱਚਾ ਹੋ ਸਕਦਾ ਹੈ। ਪਰ ਮਰਦ ਨੂੰ ਕਦੀ ਕਿਸੇ ਨੇ ਬਰੀ ਨਾ ਕੀਤਾ। ਮਰਦ ਹੁਣ ਤਾਈਂ ਵੀ ਏਸ ਤਿਕੋਣ ਵਿਚ ਖ਼ਲਨਾਇਕ ਹੀ ਰਿਹਾ। ਉਹਦਾ ਚਿਹਰਾ ਲਾਲਸਾਮਈ ਹੀ ਵਿਖਾਇਆ ਗਿਆ ਜਿਹੜਾ ਪਤਨੀ ਦੇ ਹੁੰਦਿਆਂ ਦੂਜੀ ਔਰਤ ਮਗਰ ਭੱਜਿਆ ਫਿਰਦਾ ਹੈ। ਮੈਂ ਇਹ ਫ਼ਿਲਮ ਮਰਦ ਦੇ ਪੱਖ ਤੋਂ ਬਣਾਈ ਹੈ। ਮੈਂ ਫ਼ਿਲਮ ਵਿਚ ਮਰਦ ਨੂੰ ਜਸਟੀਫ਼ਾਈ ਨਹੀਂ ਕਰ ਰਿਹਾ, ਸਿਰਫ਼ ਏਹ ਆਖ਼ ਰਿਹਾ ਹਾਂ ਕਿ ਜ਼ਰੂਰੀ ਨਹੀਂ ਕਿਸੇ ਦੁਰਘਟਨਾ ਵਿਚ ਕੋਈ ਨਾ ਕੋਈ ਬੰਦਾ ਜ਼ਰੂਰ ਹੀ ਦੋਸ਼ੀ ਹੋਵੇ। ਬਹੁਤ ਵਾਰੀ ਜੀਵਨ ਏਦਾਂ ਵੀ ਵਾਪਰਦਾ ਹੈ ਕਿ ਕੋਈ ਕਿਸੇ ਨੂੰ ਮਿੱਥ ਕੇ ਦੁੱਖ ਦੇਣਾ ਨਹੀਂ ਚਾਹੁੰਦਾ, ਪਰ ਦੁੱਖ ਫ਼ੇਰ ਵੀ ਵਾਪਰ ਜਾਂਦਾ ਹੈ …”
*
27 ਮਈ 2024
(ਇਸੇ ਭਾਗ ਦਾ ਬਾਕੀ ਹਿੱਸਾ ਕਲ੍ਹ ਨੂੰ)
ਪਿਆਰ ਦੀ ਕਵਿਤਾ (ਦੂਜਾ ਭਾਗ)
_______________________________
ਸੁਖਪਾਲ
ਪੰਜਾਬੀ ਦੀ ਪਿਆਰ-ਕਵਿਤਾ ਦੇ (ਮੈਨੂੰ) 10 ਰੰਗ ਦਿਸਦੇ ਹਨ। ਸ਼ਾਇਦ ਹੋਰ ਵੀ ਹੋਣ। ਏਸ ਵਿਚ ਯਾਰਵਾਂ ਰੰਗ ਸੁਰਜੀਤ ਪਾਤਰ ਨੇ ਸ਼ਾਮਲ ਕੀਤਾ …
ਸਾਡੇ ਪਿਆਰ-ਕਾਵਿ ਦਾ ਪਹਿਲਾ ਰੰਗ ਸੂਫ਼ੀ ਰੂਹਾਨੀ ਪ੍ਰੇਮ ਦਾ ਹੈ। ਸੂਫ਼ੀ ਬੰਦਾ ਰੱਬ ਨੂੰ ਲੱਭਦਾ ਹੈ, ਰੱਬ ਬੰਦੇ ਨੂੰ ਨਹੀਂ। ਇਸ ਦ੍ਰਿਸ਼ਟੀ ਵਿਚ ਬੰਦਾ ਆਸ਼ਕ ਹੈ, ਰੱਬ ਮਾਸ਼ੂਕ। ਪੰਜਾਬੀ ਸੂਫ਼ੀ ਕਾਵਿ ਵਿਚ ਇਹ ਦ੍ਰਿਸ਼ਟੀ ਬੁਲ੍ਹੇ ਸ਼ਾਹ ਵਿਚ ਪ੍ਰਤੱਖ ਹੈ, ਫ਼ਰੀਦ ਵਿਚ ਲੁੱਕੀ ਛਿਪੀ। ਆਸ਼ਕ ਮਾਸ਼ੂਕ ਦੇ ਬਿੰਬ ਵਿਚ ਇਸਤ੍ਰੀ ਵੀ ਆਸ਼ਕ ਹੋ ਸਕਦੀ ਹੈ। ਸ਼ਾਹ ਹੁਸੈਨ ਰੱਬ ਨੂੰ ਨਹੀਂ, ਆਪਣੇ ਆਪ ਨੂੰ (ਆਸ਼ਕ) ਇਸਤ੍ਰੀ ਆਖ਼ਦਾ ਹੈ (‘ਲਟਾਂ ਖੋਲ੍ਹ ਗਲੇ ਵਿਚ ਪਾਈਆਂ, ਮੈਂ ਬੈਰਾਗਣ …’)
ਦੂਜਾ ਰੰਗ – ਉਹ ਵੀ ਰੂਹਾਨੀ ਪਰ ਮੁਢਲਾ ਹਿੰਦੁਸਤਾਨੀ – ਜਿਸ ਵਿਚ ਸੰਸਾਰ ਦਾ ਇਕੋ ਇਕ ਮਰਦ ਪ੍ਰਮਾਤਮਾ ਹੈ, ਸਭ ਮਰਦ-ਔਰਤਾਂ ਇਸਤ੍ਰੀਆਂ ਹਨ। ਬ੍ਰਹਮ-ਕੁਮਾਰੀ ਸਮਾਜ ਵਿਚ ਏਹਦਾ ਰੂਪ ਪ੍ਰਤੱਖ ਹੋ ਕੇ ਮਿਲਦਾ ਹੈ, ਮੀਰਾ ਤਾਂ ਹੈ ਹੀ ਏਹੀ, ਤੇ ਗੁਰਬਾਣੀ ਵਿਚ ਵੀ ਇਹੀ ਪਰਿਪੇਖ ਹੈ। ਇਹ ਬਿੰਬ ਏਸ ਲਈ ਘੜਿਆ ਗਿਆ ਕਿਉਂਕਿ ਪਿਆਰ ਵਿਚ ਇਸਤ੍ਰੀ ਦੀ ਨਿਸ਼ਠਾ ਅਤੇ ਸਮਰਪਣ-ਸਮਰੱਥਾ ਨੂੰ ਮਰਦ ਨਾਲੋਂ ਵੱਡਾ ਮੰਨਿਆ ਗਿਆ। ਸਾਨੂੰ (ਮਰਦ ਨੂੰ ਵੀ) ਕਿਹਾ ਗਿਆ ਕਿ ਇਸਤ੍ਰੀ ਵਾਂਗੂੰ ਰੱਬ (ਮਰਦ) ਨੂੰ ਪਿਆਰ ਕਰੋ। … ਪਤਾ ਨਹੀਂ ਮੈਂ ਸਹੀ ਹਾਂ ਜਾਂ ਨਹੀਂ, ਪਰ ਜਾਪਦਾ ਹੈ – ਬਿੰਬਾਤਮਕ ਪੱਧਰ ਤੇ ਨਾਰੀ ਨੂੰ ਉਚਿਆਉਂਦਿਆਂ ਵੀ, ਰੂਹਾਨੀ ਪਿਆਰ ਦੇ ਏਸ ਰੂਪ ਨੇ ਲੁੱਕਵੇਂ ਤਰੀਕੇ ਨਾਲ ਇਤਿਹਾਸ ਵਿਚ ਨਾਰੀ ਦਾ ਸਮਾਜਕ ਦਰਜਾ ਨੀਵਾਂ ਕੀਤਾ ਹੈ। ਇਸਤ੍ਰੀ ਦਾ ਸਮਰਪਣ ਵੱਡਾ ਸੀ ਤਾਂ ਸਮਰਪਣ ਹੀ ਇਸਤ੍ਰੀ ਦਾ ਧਰਮ ਬਣਾ ਦਿੱਤਾ ਗਿਆ। ਸਮਰਪਣ ਧਰਮ ਦਾ ਭਾਗ ਹੋਣਾ ਇਕ ਗੱਲ ਹੈ। ਸਮਰਪਣ ਨੂੰ ਹੀ ਧਰਮ ਬਣਾ ਦੇਣਾ ਦੂਜੀ ਗੱਲ। ਸਮਰਪਣ ਕਰਨ ਵਾਲ਼ਾ ਸਦਾ ਨੀਵੇਂ ਥਾਂ ਹੁੰਦਾ ਹੈ …
ਪਿਆਰ ਕਵਿਤਾ ਦਾ ਤੀਜਾ ਰੰਗ ਲੋਕ-ਗੀਤਾਂ ਵਿਚ ਹੈ। ਏਸ ਵਿਚ ਨਾਰੀ ਦਾ ਪਿਆਰ ਤਾਂਘ, ਉਡੀਕ ਤੇ ਦੁੱਖ ਨਾਲ ਭਰਿਆ ਹੋਇਆ ਹੈ। ਦੁੱਖ ਆਪਣਾ ਚਾਹਿਆ ਵਰ ਨਾ ਮਿਲਣ ਦਾ। ਉਡੀਕ ਉਹਦੀ ਜਿਹੜਾ ਮਿਲਣ ਮਗਰੋਂ ਵੀ ਦੂਰ ਜਾਂ ਪਰਦੇਸ ਰਹਿੰਦਾ ਹੈ। ਇਹ ਨਾਰੀ ਸੁਰ ਬਿਰਹਾ ਅਤੇ ਸਮਰਪਣ ਵਾਲ਼ੀ ਹੈ। ਪਰ ਏਸੇ ਲੋਕ ਸਭਿਆਚਾਰ ਵਿਚ ਮਰਦ ਦੀ ਪਿਆਰ-ਸੁਰ ਹੱਕ ਵਾਲ਼ੀ ਹੈ। ਪੰਜਾਬੀ ਮਾਨਸਿਕਤਾ ਵਿਚ ਕਮਜ਼ੋਰ ਮਰਦ ਨੂੰ ਪਿਆਰ ਦਾ ਹੱਕ ਹੀ ਨਹੀਂ। ਖ਼ੂਦ ਔਰਤ ਕਿਸੇ ਕਮਜ਼ੋਰ ਮਰਦ ਨੂੰ ਨਹੀਂ ਚੁਣੇਗੀ ਭਾਵੇਂ ਉਹ ਔਰਤ ਨੂੰ ਕਿੰਨਾ ਵੀ ਪਿਆਰ ਕਰਦਾ ਹੋਵੇ। ਸਾਡੀ ਸੁਰਤ ਵਿਚ ਮਿਰਜ਼ਾ ਰਾਂਝੇ ਨਾਲੋਂ ਵੱਡਾ ਪ੍ਰੇਮੀ ਹੈ ਜਿਸ ਕੋਲ ਆਪਣੀ ਪਸੰਦੀਦਾ ਔਰਤ ਨੂੰ ਘਰੋਂ ਕੱਢ ਲਿਆਉਣ ਦਾ ਦਮ ਹੈ।
ਚੌਥੇ ਰੰਗ ਵਿਚ ਮੋਹਨ ਸਿੰਘ ਤਕ ਆਉਂਦਿਆ ਪੰਜਾਬੀ ਮਰਦ ਦਾ ਇਹ ਧਾੜਵੀ ਅਤੇ ਠੋਸ ਇਮੇਜ ਪੱਥਰ ਤੋਂ ਇੱਟ ਵਿਚ ਬਦਲ ਜਾਂਦਾ ਹੈ। ਹਾਲੇ ਵੀ ਸਖ਼ਤ ਪਰ ਵੱਡੀ ਸੱਟ ਨਾਲ ਤੋੜਿਆ ਜਾ ਸਕਦਾ ਹੈ। ਮੀਸ਼ੇ ਦੀ ਕਵਿਤਾ ਦਾ ਮਰਦ ਪਹਿਲਿਆਂ ਨਾਲੋਂ ਵਧ ਕੋਮਲ ਅਤੇ Vulnerable ਦਿਸਦਾ ਹੈ।
ਪੰਜਾਬੀ ਪਿਆਰ-ਕਾਵਿ ਦਾ ਪੰਜਵਾਂ ਰੰਗ ਸ਼ਿਵ ਕੁਮਾਰ ਦੀ ਦੇਣ ਹੈ। ਉਹਨੇ ਪਹਿਲੀ ਵਾਰੀ ਮਰਦ ਦਾ ਇੱਟ ਵਰਗਾ ਮਨ ਨਰਮ ਕੀਤਾ। ਪੰਜਾਬੀ ਮਰਦ ਦਾ ਜ਼ਰਾਬਖ਼ਤਰ ਲਾਹ ਦਿੱਤਾ। ਉਹਨੂੰ ਇਸ਼ਕ ਵਿਚ ਬਿਨਾ ਸੰਗ ਤੋਂ ਭੁੱਬਾਂ ਮਾਰ ਰੋਣ ਲਾਇਆ। ਉਹਨੇ ਕੰਨ-ਪਾਟੇ ਜੋਗੀ ਰਾਂਝੇ ਨੂੰ ਓਸ ਰੁੱਖ ਦੀ ਟੀਸੀ ਤੇ ਵਾਪਸ ਬਿਠਾਅ ਦਿੱਤਾ ਜੀਹਦੇ ਤੇ ਮਿਰਜ਼ੇ ਦੇ ਤੀਰ ਟੰਗੇ ਗਏ ਸਨ। ਸ਼ਿਵ ਨੇ ਸਿਰਫ਼ ਲੂਣਾ ਦੇ ਹੱਕ ਵਿਚ ਹੀ ਲੜਾਈ ਨਹੀਂ ਲੜੀ, ਉਹ ਪੰਜਾਬੀ ਮਰਦ ਦੇ ਹੱਕ ਵਿਚ ਵੀ ਭੁਗਤਿਆ – ਉਹਨੂੰ ਆਪਣੀ ਪਿੱਠ ਤੇ ਬੰਨ੍ਹੇ ਹਥਿਆਰਾਂ ਦੀ ਕੈਦ ਤੋਂ ਮੁਕਤ ਕੀਤਾ।
ਛੇਵਾਂ ਰੰਗ ਅੰਮ੍ਰਿਤਾ ਪ੍ਰੀਤਮ ਦਾ। ਅੰਮ੍ਰਿਤਾ ਇਸ਼ਕ ਵਿਚ ਔਰਤ ਦੇ ਮਰਦ ਪ੍ਰਤੀ ਜਨੂੰਨ ਨੂੰ ਬੇਪਰਦ ਕਰਦੀ ਹੈ, ਖੁਲ੍ਹ ਕੇ ਔਰਤ ਅੰਦਰਲੀ ਮਰਦ ਵਾਸਤੇ ਤਾਂਘ ਦਾ ਇਜ਼ਹਾਰ ਕਰਦੀ ਹੈ। ਏਸ ਅਰਥ ਵਿਚ ਉਹ ਵਾਰਿਸ ਦੀ ਹੀਰ ਹੈ, ਤੇ ਹੀਰ ਦੀ ਵਾਰਿਸ। ਪਰ ਅੰਮ੍ਰਿਤਾ ਏਸ ਮੁਕਾਮ ਤੇ ਠਹਿਰਦੀ ਨਹੀਂ। ਰਿਸ਼ਤਾ ਹਾਸਲ ਹੋ ਜਾਣ ਮਗਰੋਂ ਰਿਸ਼ਤੇ ਵਿਚ ਔਰਤ ਲਈ ਆਦਰ ਮੰਗਦੀ ਹੈ। ਉਹ ਮਰਦ-ਔਰਤ ਦੇ ਰਿਸ਼ਤੇ ਨੂੰ ਤੋੜਦੀ ਨਹੀਂ ਜਿਵੇਂ ਕਿ ਬਾਅਦ ਦੇ ਨਾਰੀਵਾਦੀ ਰੁਝਾਨ ਵਿਚ ਵਾਪਰਿਆ। ਉਹ ਮਰਦ ਨਾਲ ਲੜਦੀ ਹੈ ਪਰ ਉਸ ਪ੍ਰਤੀ ਕੁੜੱਤਣ ਨਾਲ ਨਹੀਂ ਭਰੀ ਹੋਈ। ਉਹਦੇ ਬਹੁ-ਚਰਚਿਤ ਨਾਵਲ ਡਾ. ਦੇਵ ਵਿਚ ਮਰਦ ਤੇ ਔਰਤ ਇਕ ਦੂਜੇ ਨੂੰ ਇਕੋ ਜਿਹੀ ਨਿਸ਼ਠਾ ਨਾਲ ਪਿਆਰ ਕਰਦੇ ਹਨ, ਮਰਦ ਦਾ ਪਿਆਰ ਇਸਤ੍ਰੀ ਜਿੰਨਾ ਹੀ ਵਰਟੀਕਲ ਹੈ। ਅੰਮ੍ਰਿਤਾ ਦੇ ਸਮਕਾਲੀ ਨਾਰੀ ਕਾਵਿ (ਮਨਜੀਤ ਟਿਵਾਣਾ, ਤੇ ਹੋਰ) ਵਿਚ ਵੱਧ ਤੀਬਰਤਾ ਅਤੇ ਮਰਦ ਨਾਲੋਂ ਵਧ ਫ਼ਾਸਲਾ ਵੀ ਦਿਸਦਾ ਹੈ।
ਸੱਤਵਾਂ ਰੰਗ ਬਹੁਤ ਉਦਾਸ ਹੈ। ਸਿਆਹ ਕਾਲ਼ਾ। ਅੱਤਵਾਦੀ ਲਹਿਰ ਦੇ ਸੰਘਣੇ ਪਰਛਾਵੇਂ ਵਿਚ ਕਰੀਬ 15 ਵਰ੍ਹੇ ਲਈ ਪੰਜਾਬੀ ਕਵਿਤਾ ਵਿਚੋਂ ਪਿਆਰ-ਕਵਿਤਾ ਲਗਭਗ ਅਲੋਪ ਹੋਣ ਲਗਦੀ ਹੈ। ਲੋਥਾਂ ਨਾਲ ਢੱਕੀਆਂ ਪਗਡੰਡੀਆਂ ਤੇ ਪਿਆਰ ਦੇ ਤੁਰਨ ਲਈ ਥਾਂ ਨਹੀਂ ਬਚਦੀ। ਕਦੇ ਕਦਾਈਂ ਕੋਈ ਨਾਰੀ ਕਵੀ ਪਿਆਰ ਦੀ ਗੱਲ ਕਰਨ ਦੀ ਹਿੰਮਤ ਕਰਦੀ ਹੈ ਪਰ ਮਰਦ ਕਵੀਆਂ ਦੀ ਕਲਮ ਪਿਆਰ ਲਿਖ਼ਣ ਵੇਲ਼ੇ ਸੁੰਨ ਦਿਸਦੀ ਹੈ। ਲਹੂ ਦੀ ਨਦੀ ਵਿਚੋਂ ਲੰਘਦਿਆਂ ਪਿਆਰ ਦਾ ਹੋਕਾ ਦੇਣ ਵਾਲ਼ਾ ਕਵੀ ਅਕ੍ਰਿਤਘਣ ਸਮਝਿਆ ਜਾਂਦਾ ਹੈ, ਬਾਵਜੂਦ ਕਿ ਓਸ ਸਮੇਂ ਵਿਚ ਸਭ ਤੋਂ ਬਹੁਤੀ ਲੋੜ ਪਿਆਰ-ਕਵਿਤਾ ਦੀ ਸੀ …
ਅੱਠਵਾਂ ਰੰਗ ਓਦੋਂ ਉਗਮਦਾ ਹੈ ਜਦੋਂ ਉਪਰਲਾ ਸਮਾਂ ਮੁੱਕਦਾ ਹੈ। ਓਸ ਵੇਲ਼ੇ ਪੰਜਾਬੀ ਵਿਚ ਨਾਰੀ ਕਾਵਿ ਦਾ ਹੜ੍ਹ ਵਾਂਗ ਪ੍ਰਵੇਸ਼ ਹੁੰਦਾ ਹੈ। ਲਗਭਗ ਸਭ ਨਾਰੀ ਕਵੀ ਵੱਡੀ ਗਿਣਤੀ ਵਿਚ ਮਰਦ-ਔਰਤ ਦੇ ਰਿਸ਼ਤੇ ਨੂੰ ਵੰਗਾਰਦੀਆਂ ਹਨ, ਅੱਧੀਆਂ ਕੁ ਨਕਾਰਦੀਆਂ ਵੀ ਹਨ। ਔਰਤ ਦੀ ਸੁਰ ਨਿਰੀ ਸਮਰਪਣ ਵਾਲੀ ਨਹੀਂ ਰਹਿੰਦੀ। ਉਹ ਸਮਰਪਣ ਕਰੇ ਵੀ ਤਾਂ ਸਿਰ ਝੁਕਾ ਕੇ ਨਹੀਂ, ਅੱਖ ਵਿਚ ਅੱਖ ਪਾ ਕੇ ਕਰਦੀ ਹੈ। ਕਈ ਵਾਰੀ ਇਹ ਸੁਰ ਬੋਲਡ ਹੋਣ ਦੀ ਖ਼ਾਤਰ ਸਨਸਨੀਖੇਜ਼ ਬਣਨ ਦੀ ਕੋਸ਼ਿਸ਼ ਵੀ ਕਰਦੀ ਹੈ, ਜਿਵੇਂ ਕੋਈ ਅਲੜ੍ਹ ਕੁੜੀ ਬੁੱਲ੍ਹ ਲਾਲ ਕਰਨ ਦੀ ਕੋਸ਼ਿਸ਼ ਵਿਚ ਦੰਦਾਸਾ ਜਾਂ ਸੁਰਖ਼ੀ ਲਾਉਂਣ ਦੀ ਥਾਂ ਹੋਠਾਂ ਤੇ ਲਹੂ ਲਾ ਲਵੇ ! … ਹੁਣ ਤਾਈਂ ਔਰਤ ਦੀ ਕਵਿਤਾ ਵਿਚ ਬਿਰਹਾ ਸੀ, ਮਰਦ ਕਵੀ ਦੀ ਕਵਿਤਾ ਵਿਚ ਜਨੂੰਨ। ਪਰ ਅੱਠਵੇਂ ਰੰਗ ਦੀ ਕਵਿਤਾ ਅੰਦਰ ਨਾਰੀ-ਕਾਵਿ ਵਿਚ ਸਵੈ-ਵਿਸ਼ਵਾਸ ਹੈ ਜਦ ਕਿ ਨਰ-ਪਿਆਰ-ਕਾਵਿ ਵਿਚ ਉਦਾਸੀ ਹੈ। ਸ਼ਾਇਦ ਉਹਦਾ ਅਚੇਤ ਪੰਜਾਬ ਦੇ ਵਾਢੇ ਤੋਂ ਹਾਲੇ ਵੀ ਨਹੀਂ ਉਬਰਿਆ ਕਿਉਂਕਿ ਪੰਜਾਬ ਦੇ ਸੰਤਾਪ ਨੂੰ ਪੰਜਾਬ ਦੇ ਮਰਦਾਂ ਨੇ ਜਾਨ, ਰੋਜ਼ੀ, ਧਰਤੀ ਅਤੇ ਅਣਖ ਗੁਆਉਣ ਵਾਂਗ ਹੰਢਾਇਆ ਹੈ, ਜਦ ਕਿ ਇਸਤ੍ਰੀਆਂ ਨੇ ਪੱਤ ਅਤੇ ਪੁੱਤਰ ਗੁਆਉਣ ਵਾਂਗ ਹੰਢਾਇਆ ਹੈ। ਇਕੋ ਛੱਤ ਹੇਠਾਂ ਰਹਿੰਦਿਆਂ ਵੀ ਉਨ੍ਹਾਂ ਦੇ ਦੁੱਖ ਵੱਖੋ ਵੱਖਰੇ ਹਨ, ਤੇ ਕਈ ਵਾਰੀ ਉਹ ਇਕ ਦੂਜੇ ਦਾ ਦੁੱਖ ਸਮਝਦੇ ਵੀ ਨਹੀਂ। ਏਸ ਦੌਰ ਦੀ ਨਰ-ਪਿਆਰ ਕਵਿਤਾ ਦੇ ਬਿੰਬ ਵਧੇਰੇ ਖ਼ਾਮੋਸ਼ ਅਤੇ ਉਲਝਣ ਭਰੇ ਹਨ। ਦੋਹਾਂ ਦੀ ਸੁਰ ਬਦਲਣ ਕਰਕੇ ਏਸ ਰੰਗ ਵਿਚ ਮਰਦ-ਔਰਤ ਦੇ ਰਿਸ਼ਤੇ ਦੇ ਨਾਲ਼ ਨਾਲ਼ ਪਿਆਰ ਦੀ ਧਾਰਣਾ ਵੀ ਮੁੜ-ਪਰਿਭਾਸ਼ਤ ਹੋਣ ਲਗਦੀ ਹੈ, ਬੇਸ਼ਕ ਇਹ ਵੱਡੇ ਪੱਧਰ ਦਾ ਸਮਾਜਕ ਡਾਇਲਾਗ ਬਣਨ ਤੋਂ ਉਰ੍ਹਾਂ ਹੀ ਰਹਿ ਜਾਂਦੀ ਹੈ।
ਨੌਵਾਂ ਸੁਰ ਪਹਿਲੇ ਸਾਰੇ ਸੁਰਾਂ ਦੇ ਸਮਾਨਾਂਤਰ ਚਲ ਰਿਹਾ ਸੀ, ਪਰ ਅਣਗੌਲਿ਼ਆ ਸੀ। ਪੰਜਾਬੀ ਪਿਆਰ-ਕਵਿਤਾ ਵਿਚ ਜਿਸ ਨਾਲ ਪਿਆਰ ਹੁੰਦਾ ਹੈ – ਉਹ ਇਸਤ੍ਰੀ ਵਧੇਰੇ ਕਰਕੇ ਘਰ ਤੋਂ ਬਾਹਰ ਹੁੰਦੀ ਹੈ। ਜਿਸ ਨਾਲ ਵਿਆਹ ਹੋਇਆ ਹੈ, ਪੰਜਾਬੀ ਕਵਿਤਾ ਵਿਚ ਉਹ ਵਿਰਲਿਆਂ ਹੀ ਪਿਆਰ ਦੀ ਪਾਤਰ ਹੈ। ਇਹ ਰੁਝਾਨ ਅੰਬਰੀਸ਼, ਅਮਰਜੀਤ ਚੰਦਨ, ਨਵਤੇਜ ਭਾਰਤੀ, ਭੁਪਿੰਦਰਪ੍ਰੀਤ, ਜਗਦੀਪ ਸਿੱਧੂ, ਹਿਰਦੇਪਾਲ ਅਤੇ ਕੁਝ ਹੋਰ ਨਵੇਂ ਕਵੀਆਂ ਦੀ ਕਵਿਤਾ ਨੇ ਤੋੜਿਆ ਹੈ। ਏਹ ਰੰਗ ਇਸਤ੍ਰੀ ਦੀ ਰੋਜ਼-ਮੱਰਾ ਜੀਵਨ ਵਿਚ ਪ੍ਰੇਮਮਈ ਹਾਜ਼ਰੀ ਨੂੰ ਸਵੀਕਾਰ ਕਰਦਾ ਹੈ। ਆਦਰ ਨਾਲ ਭਰਿਆ ਹੈ। ਏਹਦੀ ਸੁਰ ਸ਼ਾਂਤ ਵਗਦੀ ਮੈਦਾਨੀ ਨਦੀ ਜਿਹੀ ਹੈ। ਪਰ ਇਹ ਸਵੀਕਾਰ ਹਾਲੇ ਇਕ-ਤਰਫ਼ਾ ਹੈ …
ਪੰਜਾਬੀ ਪਿਆਰ-ਕਵਿਤਾ ਦਾ ਦਸਵਾਂ ਰੰਗ ਅਮਰਜੀਤ ਚੰਦਨ ਦਾ ਹੈ। ਏਨਾ ਅਛੋਪਲਾ ਹੈ ਕਿ ਪਤਾ ਹੀ ਨਹੀਂ ਲਗਦਾ ਵੱਖਰਾ ਵੀ ਹੈ ਕਿਉਂਕਿ ਨਾ ਇਹ ਸੁਰ ਨੀਵਾਂ ਹੈ ਨਾ ਉੱਚਾ ਹੈ। ਇਹ ਮੱਧ ਵਿਚ ਵੀ ਨਹੀਂ। ਇਹ ਪਿਆਰ ਦੇ ਦੋਹਾਂ ਸਿਰਿਆਂ ਨੂੰ ਇਕੋ ਵੇਲੇ ਇਕ ਇਕ ਬਾਂਹ ਵਿਚ ਸਮੇਟ ਕੇ ਤੀਖਣ ਚਾਲੇ ਚਲਦਾ ਹੈ। ਇਸ ਵਿਚ ਇਹ ਭੇਦ ਮੁੱਕ ਜਾਂਦਾ ਹੈ ਕਿ ਇਸਤ੍ਰੀ ਘਰ ਦੇ ਅੰਦਰ ਹੈ ਜਾਂ ਬਾਹਰ। ਉਹ ਘਰ ਦੇ ਅੰਦਰ ਹੋਵੇ ਤਾਂ ਵੀ ਉਸ ਲਈ ਪਿਆਰ ਦਾ ਸੰਘਣਾਪਣ ਜਨੂੰਨ ਤੋਂ ਡੂੰਘਾ ਚਲਾ ਜਾਂਦਾ ਹੈ। ਕਵਿਤਾ ਕਾਮ-ਪਿਆਰ ਨੂੰ ਵੀ ਸਤਹ ਤੋਂ ਚੁੱਕ ਕੇ ਗਹਿਰਾ ਕਰ ਦੇਂਦੀ ਹੈ, ਤੇ ਰੱਜਵਾਂ ਸੁਹਜ ਦਿੰਦੀ ਹੈ। ਹੁਣ ਦੇ ਸਮੇਂ ਵਿਚ ਲਿਖ਼ੇ ਹੁੰਦਿਆਂ ਵੀ ਉਸ ਵਿਚ ਲੋਕ-ਗੀਤ ਵਰਗਾ ਵਹਾਅ ਹੈ। ਇਹ ਚੰਦਨ ਦੀ ਭਾਸ਼ਾ ਦੀ ਸਮਰੱਥਾ ਅਤੇ ਕਰਾਮਤ ਹੈ।
ਪੰਜਾਬ ਜਾਂ ਪੰਜਾਬੀ ਕਵਿਤਾ ਦੇ ਇੰਨ੍ਹਾਂ ਸਾਰੇ ਵਰਤਾਰਿਆਂ ਅਤੇ ਇਤਿਹਾਸ ਵਿਚ ਇਕ ਗੱਲ ਸਦਾ ਸਾਂਝੀ ਰਹੀ : ਪਿਆਰ ਕਰਨ ਵਾਲ਼ੇ ਦਾ ਅਹਿਸਾਸ ਸਮੁੱਚਾ ਤੇ ਸੰਪੂਰਨ ਸੀ। ਅਰਥਾਤ : ਪਿਆਰ ਕਰਨ ਵਾਲ਼ਾ ਮਰਦ ਜਾਂ ਔਰਤ – ਪੂਰੀ ਤਰ੍ਹਾਂ ਪਿਆਰ ਨੂੰ ਅਤੇ ਦੂਜੇ ਵਿਅਕਤੀ ਨੂੰ ਸਮਰਪਿਤ ਸੀ।
ਸੁਰਜੀਤ ਪਾਤਰ ਏਸ ਵਿਚ ਨਵਾਂ (ਯਾਰਵਾਂ) ਸੁਰ ਸ਼ਾਮਲ ਕਰਦਾ ਹੈ – ਪਿਆਰ ਵਿਚ ਦੁਬਿਧਾ ਜਾਂ ਦੁਚਿੱਤੀ ਦਾ …
*
( ਪਿਆਰ-ਕਵਿਤਾ ਦੇ ਬਿਰਤਾਂਤ ਦਾ ਤੀਜਾ ਭਾਗ ਕਲ੍ਹ ਨੂੰ …)
28 ਮਈ 2024
ਕਵਿਤਾ, ਪਾਤਰ ਅਤੇ ਪਿਆਰ (ਤੀਜਾ ਭਾਗ)
_____________________________________
ਸੁਖਪਾਲ
ਪਿਆਰ ਦੇ ਦਸ ਰੰਗਾਂ/ਸੁਰਾਂ ਦਾ ਜ਼ਿਕਰ ਕਰਦਿਆਂ, ਮੈਂ ਇਕ ਯਾਰ੍ਹਵੇਂ ਰੰਗ ਨੂੰ ਭੁੱਲ ਗਿਆ।
ਮਨ ਦੀ ਉਚਾਈ ਦੀਆਂ ਚਾਰ ਚੋਟੀਆਂ ਹਨ। ਇਕ ਨਿਰਵਾਣ ਦੀ, ਦੂਜੀ ਵਿਗਿਆਨ ਦੀ, ਤੀਜੀ ਕਲਾ ਦੀ, ਚੌਥੀ ਸਾਹਿਤ ਦੀ। ਧਰਮ/ਨਿਰਵਾਣ ਉਸ ਤੱਤ ਨੂੰ ਲਭਦਾ ਹੈ ਜਿਸਨੇ ਇਹ ਹੋਂਦ ਘੜੀ ਹੈ, ਤੇ ਉਸ ਵਿਚ ਅਭੇਦ ਹੋਣਾ ਚਾਹੁੰਦਾ ਹੈ। ਵਿਗਿਆਨ ਜਾਣਨਾ ਚਾਹੁੰਦਾ ਹੈ ਉਹ ਤੱਤ ਕੀ ਹੈ, ਤੇ ਹੋਂਦ ਨੂੰ ਕਿਵੇਂ/ਕਿਉਂ ਘੜਦਾ ਹੈ ? ਕਲਾਕਾਰ ਨੂੰ ਦੋਹਾਂ ਨਾਲ ਕੋਈ ਸਰੋਕਾਰ ਨਹੀਂ। ਉਹਦੀ ਸੁਰਤ ਹੋਂਦ ਦੇ ਰੂਪ ਤੇ ਹੈ, ਉਹ ਏਸ ਰੂਪ ਨੂੰ ਮਾਣਨਾ/ਚਿਤ੍ਰਣਾ ਚਾਹੁੰਦਾ ਹੈ, ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਸਾਹਿਤ/ਕਾਵਿ ਏਸ ਹੋਂਦ ਪਸਾਰਾਂ ਨੂੰ ਅਨੁਭਵ ਕਰਨਾ ਚਾਹੁੰਦਾ ਹੈ, ਕਲਾਕਾਰ ਵਾਂਗ ਮਾਣਨਾ ਚਾਹੁੰਦਾ ਹੈ, ਤੇ ਏਸ ਵਿਚ ਲੁੱਕੇ ਦੁੱਖ ਨੂੰ ਦੂਰ ਕਰਨਾ ਚਾਹੁੰਦਾ ਹੈ।
ਯਾਰ੍ਹਵਾਂ ਰੰਗ : ਪਿਆਰ ਵਿਚ ਦੇਹ ਦਾ ਰੰਗ … ਕਈਆਂ ਕੋਲ ਹੈ, ਪਰ ਝਕਦਾ ਝਕਦਾ। ਸਵਰਨਜੀਤ ਸਵੀ ਨੇ ਏਹਨੂੰ ਨਿਝੱਕ ਹੋ ਕੇ ਕਲਾਪੂਰਣਤਾ ਨਾਲ ਪੰਜਾਬੀ ਕਾਵਿ ਵਿਚ ਸ਼ਾਮਲ ਕੀਤਾ। ਦੇਹ ਚੇਤਨਾ ਦਾ ਸਰਗੁਣ ਰੂਪ ਹੈ। ਦੇਹ ਨਾ ਹੋਵੇ ਤਾਂ ਮੈਂ ਉਹਨੂੰ ਪਛਾਣ ਹੀ ਨਾ ਸਕਾਂ ਜਿਸ ਨਾਲ ਪਿਆਰ ਹੈ। ਸਵੀ ਕਲਾਕਾਰ ਵੀ ਹੈ, ਕਵੀ ਵੀ। ਦੇਹ ਨੂੰ ਛਡ ਕੇ ਕਿੱਥੇ ਜਾਂਦਾ ? ਦੇਹ ਦਾ ਰਾਗ ਛੋਹਿਆ ਤਾਂ ਭਰਪੂਰ ਨਿੰਦਾ ਹੋਈ। ਸਾਨੂੰ ਬੜੀ ਖੁਸ਼ੀ ਹੋਈ ਕਿ ਚਲੋ ਕਿਸੇ ਮੁੱਦੇ ਤੇ ਸਹੀ, ਪੰਜਾਬ ਵਿਚ ਧਰਮ ਤੇ ਮਾਰਕਸਵਾਦ ਇਕੱਠੇ ਤਾਂ ਹੋਏ ! ਸਵੀ ਨੂੰ ਸਾਹਿਤ ਅਕਾਦਮੀ ਇਨਾਮ ਮਿਲਿਆ ਤਾਂ ਵੀ ਬੜੀ ਖੁਸ਼ੀ ਹੋਈ। ਜਾਪਿਆ : ਆਖ਼ਰ ਉਹਦਾ ਰੰਗ ਵੀ ਸਵੀਕਾਰ ਹੋਇਆ। ਪਿਛਲੇ 15 ਵਰ੍ਹਿਆਂ ਵਿਚ ਨਾਰੀ ਕਾਵਿ ਵਿਚ ਇਹ ਰੰਗ ਚੋਖਾ ਚਮਕਿਆ ਹੈ। ਦੀਪਇੰਦਰ ਤੇ ਕੁਝ ਹੋਰ ਕਵੀਆਂ ਦੀ ਕਵਿਤਾ ਵਿਚ ਇਹ ਰੰਗ ਬਹੁਤ ਗੂੜ੍ਹਾ ਹੈ। ਪਰ ਇਹ ਰੰਗ ਲਾਲ ਹੈ। ਏਹਦੀ ਖਿੱਚ ਡਾਢੀ ਤੇ ਕਾਟ ਗਹਿਰੀ ਹੈ। ਵੇਖਣ ਨੂੰ ਹੀ ਜਾਪਦਾ ਹੈ ਕਿ ਇਹ ਤੁਹਾਡੇ ਹੱਥ ਵਿਚ ਹੈ, ਏਹਦੇ ਹੱਥ ਵਿਚ ਤੁਸੀਂ ਹੁੰਦੇ ਹੋ। ਏਹਦੀ ਵਰਤੋਂ ਥੋੜ੍ਹੀ ਹੋਵੇ ਤਾਂ ਤਾਕਤਵਰ ਅਤੇ ਖ਼ੂਬਸੂਰਤ ਲਗਦਾ ਹੈ, ਬਹੁਤਾ ਹੋਵੇ ਤਾਂ ਅੱਖਾਂ ਨੂੰ ਚੁੱਭਣ ਲਗਦਾ ਹੈ, ਕਵਿਤਾ ਵੱਲੋਂ ਅੱਖ ਬੰਦ ਹੋਣ ਲਗਦੀ ਹੈ …
ਕਵਿਤਾ ਹੀ ਨਹੀਂ, ਰੂਹਾਨੀਅਤ ਨੂੰ ਵੀ ਦੇਹ ਦੀ ਲੋੜ ਹੈ (॥ਇਸ ਦੇਹੀ ਕਉ ਸਿਮਰਹਿ ਦੇਵ॥) ਬੁੱਧ ਚਲਾਣਾ ਕਰ ਗਏ ਤਾਂ ਦੂਰੋਂ ਆਇਆ ਭਿਖਸ਼ੂ ਬੁੱਧ ਦੇ ਮਿਰਤ ਸਰੀਰ ਨੂੰ ਚੰਬੜ ਕੇ ਬਹੁਤ ਰੋਇਆ। ਸਭ ਹੈਰਾਨ ਹੋਏ : ਭੰਤੇ ! ਤੁਹਾਨੂੰ ਤਾਂ ਨਿਰਵਾਣ ਪ੍ਰਾਪਤ ਹੋ ਚੁੱਕਾ ਹੈ। ਅੰਤਰ ਦਾ ਜਿਹੜਾ ਤੱਤ ਮਰਦਾ ਨਹੀਂ, ਉਸਤੋਂ ਵਾਕਫ਼ ਹੋ। ਜਾਣਦੇ ਹੋ ਸਰੀਰ ਨਿਰੰਤਰ ਝਰਦਾ ਕਪੜਾ ਹੈ। ਫੇਰ ਵੀ ਇਸ ਸਰੀਰ ਨਾਲ ਚੰਬੜੇ ਹੋਏ ਹੋ ? ਬੁੱਧ ਹੁਣ ਇਸ ਵਿਚ ਨਹੀਂ ਹਨ ! … ਭਿਖਸ਼ੂ ਬੋਲਿਆ : ਜਾਣਦਾ ਹਾਂ ਬੁੱਧ ਹੁਣ ਚੇਤਨਾ ਵਿਚ ਪਰਤ ਗਏ ਹਨ। ਮੈਂ ਉਨ੍ਹਾਂ ਨੂੰ ਹਾਲੇ ਵੀ ਛੋਹ ਸਕਦਾਂ। ਪਰ ਇਹ ਸਰੀਰ ਵੀ ਬੜਾ ਸੁੰਦਰ ਸੀ। ਅਜਿਹਾ ਸਰੀਰ ਇਸ ਧਰਤੀ ਤੇ ਇਕੋ ਵਾਰ ਆਉਣਾ ਸੀ। ਹੁਣ ਏਹ ਕਦੀ ਨਜ਼ਰ ਨਹੀਂ ਆਏਗਾ। ਮੈਂ ਆਪਣੀ ਨਜ਼ਰ ਦੇ ਖ਼ਾਲੀ ਹੋ ਜਾਣ ਨੂੰ ਰੋ ਰਿਹਾ ਹਾਂ ..।
*
ਏਨ੍ਹਾਂ ਗਿਆਰਾਂ ਰੰਗਾਂ/ਸੁਰਾਂ ਤੋਂ ਬਿਨਾ ਹੋਰ ਰੰਗ ਵੀ ਹੋਣਗੇ। ਸ਼ਾਇਦ ਹੋਰ ਮਿੱਤਰ ਏਸ ਲੜੀ ਨੂੰ ਪੂਰਾ ਕਰਨਗੇ …
ਇਹ ਵੱਖਰੇ ਰੰਗ ਕਾਲੇ ਚਿੱਟੇ ਵਾਂਗ ਸਪਸ਼ਟ ਨਹੀਂ। ਇਹ ਇਕੋ ਮਨੁੱਖ ਅੰਦਰ ਵਾਰੀ ਵਾਰੀ, ਕਦੀ ਇਕੱਠੇ, ਇਕ ਦੂਜੇ ਵਿਚ ਘੁਲ ਮਿਲ ਕੇ ਨਿਰੰਤਰ ਵਾਪਰਦੇ ਹਨ। ਜਿਵੇਂ ਗਵੱਈਆ ਇਕ ਸੁਰ ਤੋਂ ਦੂਜੇ ਤੇ ਸਹਿਜ ਹੀ ਤਿਲਕਦਾ ਜਾਂਦਾ ਹੈ। ਪ੍ਰੇਮ ਇੱਕੋ ਸੁਰ ਤੇ ਖਲੋਤਾ ਨਾਦ ਨਹੀਂ, ਸੁਰਾਂ ਦੀ ਵਗਦੀ ਯਾਤਰਾ ਹੈ।
ਪਿਆਰ ਦੇ ਰੰਗਾਂ ਜਾਂ ਸੁਰਾਂ ਦੀ ਇਹ ਵੰਡ ਬਿਲਕੁਲ ਆਰਜ਼ੀ ਹੈ। ਜਿਵੇਂ ਵਿਗਿਆਨ ਫੁੱਲ ਨੂੰ ਸਮਝਣ ਲਈ ਉਸਨੂੰ ਉਹਦੇ ਅੰਤਮ ਕਣ ਤਕ ਤੋੜ ਤੋੜ ਕੇ ਵੇਖਦਾ ਹੈ। ਓਸ਼ੋ ਦੇ ਆਖਣ ਅਨੁਸਾਰ : ਤੋੜਣ ਨਾਲ ਫੁੱਲ ਦੇ ਅੰਗ ਤਾਂ ਸਮਝ ਆ ਜਾਂਦੇ ਹਨ, ਪਰ ਫੁੱਲ ਲੁਪਤ ਹੋ ਜਾਂਦਾ ਹੈ। ਫੁੱਲ ਕਣਾਂ ਵਿਚ ਨਹੀਂ, ਆਪਣੀ ਸਮੁੱਚਤਾ ਵਿਚ ਹੁੰਦਾ ਹੈ। … ਪਿਆਰ ਵੀ ਆਪਣੇ ਸਾਰੇ ਰੰਗਾਂ ਦੀ ਸਮੁੱਚਤਾ ਵਿਚ ਹੀ ਹੁੰਦਾ ਹੈ।
ਇਸ ਰੰਗ-ਵੰਡ ਵਿਚ ਕਿਸੇ ਖਾਸ ਕਵੀ ਨੂੰ ਕਿਸੇ ਖਾਸ ਰੰਗ ਨਾਲ ਏਸ ਲਈ ਪਛਾਣਿਆ ਗਿਆ ਹੈ ਕਿਉਂਕਿ ਉਹਨੂੰ ਉਸ ਰੰਗ ਦੀ ਗਹਿਰੀ ਪਛਾਣ ਸੀ, ਤੇ ਉਸ ਕੋਲ ਉਸ ਰੰਗ ਦਾ ਵੱਡਾ ਬਿਆਨ ਸੀ। ਇਹ ਨਹੀਂ ਕਿ ਉਸ ਕੋਲ ਹੋਰ ਰੰਗ ਨਹੀਂ ਸੀ। ਪਾਤਰ ਦੀ ਪਿਆਰ ਕਵਿਤਾ ਵਿਚ ਤਾਂਘ ਵੀ ਹੈ (ਤੇਰੇ ਵਿਹੜੇ ਬੂਟਾ ਬਣਕੇ ਉੱਗ ਆਵਾਂ ਜੇ ਮੰਨੇ ਤੇ), ਆਸ ਵੀ (ਕਲ੍ਹ ਨੂੰ ਫੇਰ ਚੜ੍ਹੇਗਾ ਸੂਰਜ ਸ਼ਹਿਰ ਵਿਚ, ਜੇ ਸੱਜਣਾਂ ਦੇ ਘਰ ਦੀਆਂ ਖੁਲ੍ਹੀਆਂ ਬਾਰੀਆਂ), ਸਮਰਪਣ ਵੀ (ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ, ਤੈਨੂੰ ਹਰ ਇਕ ਕੋਣ ਤੋਂ ਦੇਖਣ ਲਈ), ਜਨੂੰਨ ਵੀ (ਨੈਣਾਂ ਦੀ ਕਸਮ ਦੋਸਤ ਉਹ ਹਰਗਿਜ਼ ਨਗਨ ਨਾ ਸੀ, ਉਸਦੇ ਬਦਨ ਤੇ ਮੇਰੀ ਮੁਹੱਬਤ ਲਿਬਾਸ ਸੀ), ਤੇ ਵੈਰਾਗ ਵੀ (ਵਿਛੜੇ ਸਜਣ ਨੇ ਖ਼ਾਬ ਵਿਚ ਸੀਨੇ ਨੂੰ ਲਾ ਕਿਹਾ, ਕਿਸ ਨੇ ਕਿਹਾ ਸੀ ਇੰਜ ਤੈਨੂੰ ਦਿਲ ਨੂੰ ਲਾਉਣ ਲਈ)।
*
ਪੰਜਾਬ ਜਾਂ ਪੰਜਾਬੀ ਕਵਿਤਾ ਦੇ ਇੰਨ੍ਹਾਂ ਸਾਰੇ ਰੰਗਾਂ, ਸੁਰਾਂ, ਵਰਤਾਰਿਆਂ ਦੇ ਇਤਿਹਾਸ ਵਿਚ ਇਕ ਗੱਲ ਸਦਾ ਸਾਂਝੀ ਰਹੀ : ਪਿਆਰ ਕਰਨ ਵਾਲ਼ਾ ਮਰਦ ਸੀ ਜਾਂ ਔਰਤ – ਉਹਨੂੰ ਆਪਣੇ ਪਿਆਰ ਦੇ ਸਹੀ ਹੋਣ ਪ੍ਰਤੀ ਨਾ ਸ਼ੰਕਾ ਸੀ, ਨਾ ਸੰਸਾ ਸੀ।
ਸੁਰਜੀਤ ਪਾਤਰ ਏਸ ਵਿਚ ਨਵਾਂ (ਬਾਰ੍ਹਵਾਂ) ਸੁਰ ਸ਼ਾਮਲ ਕਰਦਾ ਹੈ – ਪਿਆਰ ਵਿਚ ਦੁਬਿਧਾ ਜਾਂ ਦੁਚਿੱਤੀ ਦਾ। ਇਹ ਨਾਇਕ ਸਮਰਪਣ ਕਰਦਿਆਂ ਭੈਭੀਤ ਹੈ। ਪਾਤਰ ਨੇ ਇਸਤ੍ਰੀ ਦੀ ਦੁਬਿਧਾ ਬਾਰੇ ਆਖਣ ਤੋਂ ਸੰਕੋਚ ਕੀਤਾ ਹੈ, ਪਰ ਉਹਦਾ ਮਰਦ ਨਾਇਕ ਪ੍ਰੇਮ ਦੇ ਸਰੂਰ ਵਿਚ ਗਹਿਰਾ ਵੀ ਹੁੰਦਾ ਜਾਂਦਾ ਹੈ ਤੇ ਡੁੱਬਦਾ ਵੀ ਜਾਂਦਾ ਹੈ। ਪ੍ਰੇਮ ਉਹਦਾ ਸਾਹ ਵੀ ਹੈ, ਤੇ ਉਹਦਾ ਸਾਹ ਸੂਤਦਾ ਵੀ ਹੈ। ਨਾਇਕ ਪ੍ਰੇਮ ਨੂੰ ਭਾਲਦਾ ਵੀ ਹੈ, ਤੇ ਮਿਲ ਜਾਣ ਮਗਰੋਂ ਡੋਲਦਾ, ਉਲਝਦਾ, ਥਿੜਕਦਾ, ਤੇ ਤਿੜਕਦਾ ਵੀ ਹੈ …
ਮੈਂ ਹੱਥ ਆਪਣਾ ਤੇਰੀਆਂ ਤਾਰਾਂ ਤੋਂ ਦੂਰ ਕੀਤਾ
ਤਰਬਾਂ ਤੋਂ ਦੂਰ ਕੀਤਾ ਮੈਂ ਹੋਂਠ ਦੂਰ ਕੀਤੇ
ਰਾਧਾ ਨੂੰ ਮੋਹਣ ਵਾਲੀ ਇਸ ਮਧੁਰ ਬੰਸਰੀ ਤੋਂ
ਡਰਿਆ ਮੈਂ ਰੁਕਮਣੀ ਦੀ ਖ਼ਾਮੋਸ਼ ਵਿਲਕਣੀ ਤੋਂ
…
ਨੱਚਣਾ ਤਾਂ ਕੀ ਸੀ ਓਸ ਨੇ ਦੋ ਪਲ ‘ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ ਤੇ
…
ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ
ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ
ਰਾਤ ਓਹਨਾਂ ਮੂਰਤਾਂ ਤੋਂ ਡਰ ਗਿਆ
ਜੋ ਕਦੇ ਆਪੇ ਸੀ ਕੰਧੀਂ ਟੰਗੀਆਂ
…
ਤੋੜਣ ਤੁਰੇ ਤਾਂ ਕੁਝ ਤਾਂ ਸੀ ਆਖ਼ਰ ਨੂੰ ਤੋੜਣਾ
ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਣਾ
ਏਸੇ ਲਈ ਖ਼ੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂ
ਬੇਰਹਿਮ ਲਗਦਾ ਸੀ ਬਹੁਤ ਇਕ ਘਰ ਨੂੰ ਤੋੜਣਾ
…
ਇਉਂ ਮਨੁੱਖ ਦੀ ਭਾਵਨਾ ਉਲਝੀ ਪਈ ਏ
ਕਾਮਨਾ ਵਿਚ ਵਰਜਣਾ ਉਲਝੀ ਪਈ ਏ
ਕਿਸ ਤਰ੍ਹਾਂ ਦਾ ਇਸ਼ਕ ਹੈ ਇਹ ਕੀ ਮੁੱਹਬਤ
ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ
ਦੁੱਖ ਹੁੰਦਾ ਹੈ ਜੇ ਮੈਨੂੰ ਗ਼ੈਰ ਛੂਹੇ
ਤਨ ‘ਚ ਤੇਰੀ ਵੇਦਨਾ ਉਲਝੀ ਪਈ ਏ
ਸ਼ਬਦ, ਤਾਰਾਂ, ਖੌਫ਼, ਦੁੱਖ, ਵਿਸਮਾਦ, ਕੰਪਨ
ਕਿੰਜ ਮੇਰੀ ਸਿਰਜਣਾ ਉਲਝੀ ਪਈ ਏ …
ਅੱਖਾਂ ਖੋਲ੍ਹ ਕੇ ਵੇਖਿਆਂ – ਇਹ ਨਾਇਕ ਸਾਡੇ ਹੁਣ ਤਕ ਦੇ ਕਲਪਿਤ ਪਿਆਰ-ਨਾਇਕਾਂ ਨਾਲੋਂ ਵੱਧ ਪ੍ਰਮਾਣੀਕ (Authentic) ਤੇ ਸੱਚਾ ਹੈ (ਸੱਚੀਂ Exist ਕਰਦਾ ਹੈ)। ਕਿਸੇ ਵੀ ਸਮਾਜ ਵਿਚ ਮਿਰਜ਼ਿਆਂ ਦੀ ਗਿਣਤੀ ਵਿਰਲੀ ਹੁੰਦੀ ਹੈ। ਵਧੇਰੇ ਮਰਦ ਉਹ ਹਨ ਜਿੰਨ੍ਹਾਂ ਨੂੰ ਪਾਤਰ ਨੇ ਚਿਤਰਿਆ ਹੈ। ਪਾਤਰ ਨੇ ਘੋੜੀ ਤੇ ਚੜ੍ਹੇ ਲਲਕਾਰੇ ਮਾਰਦੇ ਮਰਦ ਦੀ ਨਹੀਂ, ਆਪਣੇ ਪੈਰਾਂ ਹੇਠਲੀ ਧਰਤੀ ਦੇ ਦਲਦਲ ਬਣ ਜਾਣ, ‘ਤੇ ਉਸ ਵਿਚ ਗਰਕਦੇ ਜਾਂਦੇ ਬੰਦੇ ਦੀ ਵਿਥਿਆ ਦੱਸੀ ਹੈ। ਹੌਲੀ ਹੌਲੀ ਆਪਣੇ ਹੀ ਅੰਦਰਲੇ ਖੂ੍ਹ ਵਿਚ ਅੱਖਾਂ ਤਕ ਆ ਗਏ ਪਾਣੀ ਵਿਚ ਡੁਬਦੇ ਜਾਂਦੇ ਬੰਦੇ ਨੂੰ ਆਵਾਜ਼ ਬਖ਼ਸ਼ੀ ਹੈ। ਇਹ ਕਿਸੇ ਨੂੰ ਕੋਝੀ ਜਾਪੇ ਭਾਵੇਂ ਸੱਚੀ।
ਨਵਤੇਜ ਭਾਰਤੀ ਦੇ ਸ਼ਬਦਾਂ ਵਿਚ : “ਕਵੀ ਦਾ ਕੰਮ ਇਕੋ ਹੈ – ਭਲੇ ਬੁਰੇ ਕੀ ਪੀਰ ਪਛਾਨਤ ! ਹਿਟਲਰ ਨੇ ਕਲਾ ਸਕੂਲ ਵਿਚ ਦਾਖ਼ਲਾ ਮੰਗਿਆ ਤਾਂ ਦਿੱਤਾ ਨਹੀਂ ਗਿਆ। ਮਿਲ ਜਾਂਦਾ ਤਾਂ ਦੁਨੀਆਂ ਸ਼ਾਇਦ ਸਾਢੇ ਸੱਤ ਕਰੋੜ ਮੌਤਾਂ ਵੇਖਣੋਂ ਬਚ ਜਾਂਦੀ। ਕਵੀ ਨੇ ਹਿਟਲਰ ਦਾ ਕੋਝ ਵੀ ਚਿਤਰਣਾ ਹੈ, ਤੇ ਓਸੇ ਨਿਰਪੱਖਤਾ ਨਾਲ਼ ਉਹਦੇ ਅੰਦਰਲਾ ਕਲਾਕਾਰ ਵੀ ਪਛਾਨਣਾ ਹੈ। ਤੇ ਏਹੀ ਕੁਝ ਆਪਣੇ ਆਪ ਨਾਲ ਵੀ ਕਰਨਾ ਹੈ !”
ਕਵਿੱਤਰੀ ਰੁਪਿੰਦਰ ਗਿੱਲ ਨੇ ਇਸ ਦਵੰਦ ਬਾਰੇ ਖ਼ੂਬਸੂਰਤ ਗੱਲ ਆਖੀ ਹੈ : ਪਾਤਰ ਦਾ ਇਹ ਦਵੰਦ ਦੂਜੇ ਬੰਦੇ ਨੂੰ ਸਪੇਸ ਦਿੰਦਾ ਹੈ ਤੇ ਕੀਟਸ ਦੀ ਕਵਿਤਾ ਵੀ ਅਜਿਹੀ ਹੈ !
*
ਜੇ ਸੁਰਜੀਤ ਪਾਤਰ ਸਿਰਫ਼ ਮਰਦ ਦੀ ਪਿਆਰ-ਦੁਬਿਧਾ ਨੂੰ ਆਕਾਰ ਦਿੰਦਾ ਤਾਂ ਉਹ ਅੱਧਾ ਕਵੀ ਹੋਣਾ ਸੀ। ਪਰ ਉਹ ਪੂਰਾ ਕਵੀ ਹੈ। ਉਹਦੀ ਦ੍ਰਿਸ਼ਟੀ ਦੁਚਿੱਤੀ ਵਿਚ ਡੁੱਬੇ ਮਰਦ ਹੱਥੋਂ ਇਸਤ੍ਰੀ ਨੂੰ ਵਾਪਰਦੇ ਸੰਤਾਪ ਨੂੰ ਵੀ ਖੁਲ੍ਹੀ ਅੱਖ ਨਾਲ ਵੇਖਦੀ ਹੈ :
ਰਾਧਾ ਨਾਰਾਜ਼ ਹੈ, ਰੁਕਮਣੀ ਉਦਾਸ ਤੇ ਕ੍ਰਿਸ਼ਨ ਪਰੇਸ਼ਾਨ
ਜੇ ਤੂੰ ਇਸ ਤਰ੍ਹਾਂ ਹੀ ਪਰਤ ਜਾਣਾ ਸੀ ਕ੍ਰਿਸ਼ਨ
ਤਾਂ ਆਇਆ ਹੀ ਕਿਉਂ ? ਰਾਧਾ ਆਖ਼ਦੀ ਹੈ
ਕਿਸ ਨੇ ਰੱਖਿਆ ਸੀ ਤੇਰਾ ਨਾਮ ਕ੍ਰਿਸ਼ਨ ?
ਐ ਦੁਬਿਧਾ ਦੇ ਅਵਤਾਰ !
ਤੂੰ ਕੀ ਦੇਵੇਂਗਾ ਕਿਸੇ ਅਰਜੁਨ ਨੂੰ ਗੀਤਾ-ਉਪਦੇਸ਼ ?
ਤੂੰ ਤਾਂ ਆਪ ਸੁੱਟ ਦੇਵੇਂਗਾ ਯੁੱਧ ਦੇ ਦਰਮਿਆਨ ਤੀਰ ਕਮਾਨ
ਓ ਬੰਸੀਧਰ, ਤੂੰ ਬੰਸਰੀ ਨਵਾਜ਼ ਨਹੀਂ
ਤੂੰ ਬੰਸਰੀ ਚੋਂ ਸੁਰਾਂ ਦੇ ਪੱਤੇ ਨਹੀਂ ਉਗਾ ਸਕਦਾ
ਸਿਰਫ਼ ਉਸਨੂੰ ਬਾਲਣ ਬਣਾ ਸਕਦਾ
ਆਪਣੇ ਸੰਤਾਪ ਦੀ ਅੱਗ ਦਾ ਬਾਲਣ
ਪਰ ਜਾਹ, ਮੈਂ ਤੈਨੂੰ ਤੇਰੀ ਤਪਸ਼ ਦੇ ਨਾਮ ਤੇ ਮਾਫ਼ ਕਰਦੀ ਹਾਂ
ਮੇਰੇ ਸਾਬਕਾ ਪ੍ਰਭੂ !
ਕਵੀ ਦੇ ਮਨ-ਮੰਚ ਤੇ ਰੁਕਮਣੀ ਨੇ ਕਿਹਾ :
ਉਠਾ ਲੈ ਮਿੱਟੀ ਚ ਡਿੱਗਿਆ ਆਪਣਾ ਪ੍ਰਭਾ-ਮੰਡਲ
ਤੇ ਆਪਣੀ ਵਾਸਨਾ ਦੀ ਬੰਸਰੀ
ਅਗ਼ਨੀ ਜੋ ਸਾਡੇ ਪਾਵਨ ਬੰਧਨ ਦੀ ਸਾਕਸ਼ੀ ਸੀ
ਉਹ ਹੁਣ ਕਿਤੇ ਬਾਹਰ ਨਹੀਂ ਮੇਰੇ ਅੰਦਰ ਬਲ਼ ਰਹੀ ਏ
ਤੂੰ ਮੁੜ ਆਇਆ ਏਂ ਪਰ ਮੇਰੇ ਸੀਨੇ ਵਿਚ
ਸੁਲਗ ਰਹੀ ਏ ਤੇਰੇ ਚੋਰ ਪੈਰਾਂ ਦੇ ਜਾਣ ਦੀ ਪੈੜ …
ਇਹ ਕੋਈ ਹਿਸਾਬ ਦਾ ਸਵਾਲ ਨਹੀਂ, ਪ੍ਰਭੂ
ਕਿ ਤੇਰੇ ਜਾਣ ਦੀ ਪੈੜ ਵਿਚੋਂ
ਤੇਰੇ ਪਰਤ ਆਉਣ ਦੀ ਪੈੜ ਮਨਫ਼ੀ ਕਰ ਦਿਆਂ
ਤਾਂ ਜੋ ਹੋ ਚੁੱਕਿਆ ਏ ਉਹ ਸਿਫ਼ਰ ਹੋ ਜਾਵੇ
ਤੇਰੇ ਮਨ ਵਿਚ ਜੋ ਸੰਖ-ਨਾਦ ਵਿਲਕੇ
ਮੰਡਪ ਦੀ ਅੱਗ ਜੋ ਕੁਝ ਕੁਝ ਤੇਰੇ ਦਿਲ ਵਿਚ ਵੀ ਸੁਲਗੀ
ਉਸ ਅਗਨੀ ਦੇ ਨਾਮ ਤੇ
ਮੈਂ ਤੈਨੂੰ ਮਾਫ਼ ਤਾਂ ਕਰ ਸਕਦੀ ਹਾਂ
ਪਰ ਤੇਰੀਆਂ ਬਾਹਾਂ ਵਿਚ ਹੁਣ ਨਿਸਚਿੰਤ ਸੌਂ ਨਹੀਂ ਸਕਦੀ
ਤੇ ਤੂੰ ਵੀ ਨਿਸਚਿੰਤ ਨਾ ਸੌਵੀਂ, ਪ੍ਰਭੂ …
ਇਹ ਜੋ ਸੁਲਗਦੀ ਇਬਾਰਤ ਜਿਹਾ ਮੇਰੇ ਮਨ ਵਿਚ ਆਇਆ ਹੈ
ਇਹ ਮੈਨੂੰ ਤੇਰੀ ਬੰਸਰੀ ਨੇ ਹੀ ਸਿਖਾਇਆ ਹੈ …
*
ਕਈ ਵਰ੍ਹੇ ਪਹਿਲਾਂ ਮੈਂ ਇਹ (ਅਣਛਪੀ) ਕਵਿਤਾ ਲਿਖ਼ੀ ਸੀ :
ਕਮਰੇ ਵਿਚ ਹਨੇਰਾ ਸੀ
ਸੈਂਕੜੇ ਜਿਸਮ ਚਾਰ ਚੁਫ਼ੇਰੇ ਸੁੱਤੇ ਹੋਏ
ਮੈਂ ਉੱਚੀ ਸਾਰੀ ਆਖਿਆ
ਮੈਂ ਤੁਹਾਨੂੰ ਸਭਨਾਂ ਨੂੰ ਘਿਰਣਾ ਕਰਦਾ ਹਾਂ
ਕਿਸੇ ਪਾਸੇ ਰਤਾ ਵੀ ਹਿਲਜੁਲ ਨਾ ਹੋਈ
ਮੈਂ ਹੌਲ਼ੀ ਜਿਹੀ ਕਿਹਾ
ਮੈਂ ਜਾ ਰਿਹਾਂ ਉਸ ਔਰਤ ਨੂੰ ਲੱਭਣ ਲਈ
ਜਿਸਨੂੰ ਛਡ ਆਇਆ ਸਾਂ ਘੁੱਪ ਹਨੇਰੀ ਰਾਤੇ
ਜਾਗ ਪਿਆ ਕੁੱਲ ਆਲਮ
ਕਮਰਾ ਭਬਕ ਕੇ ਉੱਠਿਆ
ਵੱਜੇ ਜੈਕਾਰੇ ਤੇ ਲਲਕਾਰੇ
ਚਮਕਦੇ ਚੰਗਿਆੜਿਆਂ ਵਿਚ
ਹਨੇਰਾ ਹੋਰ ਗਹਿਰਾ ਹੋ ਗਿਆ …
ਅਸੀਂ ਉਸ ਸੰਸਾਰ ਵਿਚ ਰਹਿ ਰਹੇ ਹਾਂ ਜਿਸ ਵਿਚ ਹਿੰਸਾ ਦਾ ਸਵੀਕਾਰ ਪਿਆਰ ਨਾਲੋਂ ਵਧ ਹੈ। ਅੱਤਵਾਦ ਦੌਰਾਨ ਅਜਿਹਾ ਮੌਸਮ ਵੀ ਆਇਆ ਸੀ ਕਿ ਅਖ਼ਬਾਰ ਵਿਚ ਚਾਰ ਕਤਲਾਂ ਦਾ ਜ਼ਿਕਰ ਹੁੰਦਾ ਤਾਂ ਜਾਪਦਾ – ਕੋਈ ਗੱਲ ਨਹੀਂ, ਬਹੁਤ ਨਹੀਂ ਮਰੇ ! ਏਸੇ ਕਰਕੇ ਸਾਡੇ ਆਲੇ ਦੁਆਲੇ ਏਨੀ ਹਿੰਸਾ ਹੈ, ਪੰਜਾਬ ਏਨਾ ਹਿੰਸਕ ਹੈ। ਪਿਤਾ ਨੂੰ ਧੀ ਦੇ ਕਿਸੇ ਨਾਲ ਪਿਆਰ ਤੋਂ, ਪਤੀ ਨੂੰ ਪਤਨੀ ਦੇ ਕਿਸੇ ਮੁੱਕ ਚੁੱਕੇ ਪਿਆਰ ਤੋਂ, ਪਤਨੀ ਨੂੰ ਪਤੀ ਦੇ ਹੋ ਸਕਣ ਵਾਲ਼ੇ ਪਿਆਰ ਤੋਂ – ਡਰ ਲਗਦਾ ਹੈ… ਸਾਨੂੰ ਹਿੰਸਾ ਤੋਂ ਡਰ ਨਹੀਂ ਲਗਦਾ।
ਤੇ ਫਿਰ ਅਸੀਂ ਹੈਰਾਨ ਹੁੰਦੇ ਹਾਂ – ਸੰਸਾਰ ਏਨਾ ਬੁਰਾ ਕਿਉਂ ਹੋਈ ਜਾ ਰਿਹਾ ਹੈ …?
*
ਪਿਆਰ ਉਮਰ ਜਾਂ ਸਮਾਂ ਪੁੱਛ ਕੇ ਨਹੀਂ ਆਉਂਦਾ। ਜੀਵਨ ਵਿਚ ਕਦੀ ਕਦੀ ਹੀ ਆਉਂਦਾ ਹੈ। ਆਉਂਦਾ ਵੀ ਥੋੜ੍ਹੇ ਚਿਰ ਲਈ ਹੀ। ਜੇ ਦੇਰ ਨਾਲ ਆਵੇ ਤਾਂ ਕੀ ਕਰੋ ? ਦਹਿਲੀਜ਼ ਤੋਂ ਮੋੜ ਦਿਉ ? ਜਾਂ ਇਕ ਪਲ ਲਈ ਉਹਦੀ ਲੋਅ ਵਿਚ ਆਪਣਾ ਆਪ ਇਕ ਵਾਰੀ ਤਾਂ ਵੇਖ਼ ਲਉ ਕਿਉਂਕਿ ਉਹੋ ਜਿਹਾ ਆਪਣਾ ਆਪ ਹੋਰ ਕਿਸੇ ਤਰ੍ਹਾਂ ਕਦੀ ਨਹੀਂ ਦਿਸਣਾ ! ਜੇ ਪਿਆਰ ਨੂੰ ਵੀ ਤਿਰਸਕਾਰਣਾ ਹੀ ਹੈ ਤਾਂ ਫਿਰ ਪਿਆਰ ਕਿਸਨੂੰ ਕਰਨਾ ਹੈ ? ਤੇ ਆਦਰ ਕਿਸ ਦਾ ਕਰਨਾ ਹੈ ? ਇਸ ਸੁਆਲ ਦਾ ਜੁਆਬ ਏਨਾ ਸੌਖਾ ਨਹੀਂ ਪਰ ਇਹ ਸੁਆਲ ਬੂਹੇ ਤੇ ਆ ਹੀ ਜਾਵੇ ਤਾਂ ਕੀਮਤ ਵਸੂਲ ਕੀਤੇ ਬਿਨਾ ਨਹੀਂ ਪਰਤਦਾ। ਜੁਆਬ ਦਿਉ ਤਾਂ ਵੀ, ਨਾ ਦਿਉ ਤਾਂ ਵੀ। ਕੀਮਤ ਕਦੀ ਬਿਰਹਾ ਹੁੰਦੀ, ਤੇ ਕਦੀ ਜੀਵਨ ਜਾਂ ਪਰਵਾਰ ਦੀ ਟੁੱਟ-ਭੱਜ ਹੁੰਦੀ …
ਸੰਸਾਰ ਵਿਚ ਜੋ ਵੀ ਹੋ ਰਿਹਾ ਹੈ, ਸਾਨੂੰ ਆਪਣੇ ਮਨ ਦੇ ਵਿਚਾਰ ਰਾਹੀਂ ਪਤਾ ਲਗਦਾ ਹੈ। ਜੋ ਸਾਡੇ ਅੰਦਰ ਵਾਪਰ ਰਿਹਾ ਹੈ ਉਹ ਅਨੁਭਵ ਰਾਹੀਂ ਪਤਾ ਲਗਦਾ ਹੈ। ਅਨੁਭਵ ਵਿਚਾਰ ਨਾਲੋਂ ਵਧ ਪ੍ਰਮਾਣੀਕ (Authentic) ਹੈ। ਕਵੀ ਨੇ ਬੁਰਾਈ ਨੂੰ ਵੀ ਆਪਣੇ ਅੰਦਰੋਂ ਅਨੁਭਵ ਕਰਕੇ ਹੀ ਉਹਦੀ ਪਰਤ ਬਾਹਰ ਖੋਲ੍ਹਣੀ ਹੈ। ਇਸ ਕਰਕੇ ਜਿੰਨ੍ਹਾਂ ਨੇ ਅਧਮੁੰਦੀਆਂ ਅੱਖਾਂ ਨਾਲ ਕਵੀ ਅਤੇ ਕਵਿਤਾ ਨੂੰ ਵੇਖਣਾ ਹੈ – ਉਨ੍ਹਾਂ ਨੂੰ ਸੰਸਾਰ ਦੇ ਸਭ ਕਵੀ ਪਾਪੀ ਹੀ ਜਾਪਣਗੇ
ਸੁਰਜੀਤ ਪਾਤਰ ਨੇ ਵੀ ਇਸ ਦੋਚਿੱਤੇ ਪਾਤਰ ਦੇ ਚਿਤ੍ਰਣ ਦੀ ਕੀਮਤ ਤਾਰੀ ਹੈ। ਮਿਹਣੇ ਝੱਲੇ, ਆਵਾਜ਼ੇ ਸੁਣੇ, ਆਦਰ ਗੁਆਇਆ, ਸ਼ੱਕ ਵੇਖੇ, ਚੁੱਪ ਰਹੇ। ਜੋ ਉਹਦੀ ਨਿਰੀ ਕਵਿਤਾ ਹੀ ਸੀ, ਉਹਨੂੰ ਵੀ ਪਾਤਰ ਦੇ ਨਿਜ ਵਾਂਗ ਪਰਖਿਆ ਤੇ ਵਿਖਾਇਆ ਗਿਆ :
ਮੇਰੇ ਕੋਲ ਇਕ ਨਾਮ ਹੀ ਸੀ ਵਿਰਸੇ ਦੇ ਵਿਚ ਦੇਣ ਨੂੰ
ਗੰਧਲਿਆਂ ਵਕਤਾਂ ਚ ਪੁੱਤਰੋ ਉਹ ਵੀ ਮੈਲ਼ਾ ਹੋ ਗਿਆ
ਪੀ ਰਿਹਾ ਸਾਂ ਜੋ ਉਹ ਮੇਰਾ ਹੱਕ ਨਹੀਂ ਜਦ ਸੋਚਿਆ
ਘੁੱਟ ਤਾਂ ਮਿੱਠਾ ਸੀ ਐਪਰ ਮੂੰਹ ਕੁਸੈਲਾ ਹੋ ਗਿਆ
ਖ਼ੈਰ ! ਕਿਸੇ ਵਿਰਲੇ ਵਿਚ ਸੁਰਜੀਤ ਪਾਤਰ ਵਾਂਗ ਹਿੰਮਤ ਹੁੰਦੀ ਹੈ – ਸੰਸਾਰ ਦੇ ਦੁਬਿਧ ਅਛੂਤਾਂ ਨੂੰ ਛੋਹਣ ਦੀ, ਦੁਚਿੱਤੇ ਗੂੰਗਿਆਂ ਨੂੰ ਆਵਾਜ਼ ਬਖ਼ਸ਼ਣ ਦੀ …
ਧੁਪ ਸੂਰਜ ਦੀ ਦਿਖਾਵੇ ਹੋਰ ਰਾਹ
ਚਾਨਣੀ ਵਿਚ ਹੋਰ ਰਸਤੇ ਚਮਕਦੇ
ਹੋਰ ਮੰਜ਼ਲ ਦੱਸਦਾ ਘਰ ਦਾ ਚਿਰਾਗ਼
ਸਿਵਿਆਂ ਲੋਏ ਹੋਰ ਪਗ-ਚਿੰਨ੍ਹ ਸੁਲਘਦੇ
ਇਹ ਸਿਵਾ, ਇਹ ਚੰਨ, ਸੂਰਜ, ਇਹ ਚਿਰਾਗ
ਵੱਖੋ ਵੱਖਰੇ ਰਸਤਿਆਂ ਵੱਲ ਖਿੱਚਦੇ
ਮੈਂ ਚੁਰਾਹੇ ਤੇ ਖੜਾ ਹਾਂ ਸੋਚਦਾ
ਕਿੰਨੇ ਟੋਟੇ ਕਰ ਦਿਆਂ ਇਕ ਹੋਂਦ ਦੇ
ਐ ਮਨਾ ਤੂੰ ਬੇਸੁਰਾ ਏਂ ਸਾਜ਼ ਕਿਉਂ
ਏਨੀ ਗੰਧਲੀ ਹੈ ਤੇਰੀ ਆਵਾਜ਼ ਕਿਉਂ
ਸੁਰ ਨਹੀਂ ਹੁੰਦਾ ਤੂੰ ਕਿਉਂ ਕੀ ਗੱਲ ਹੈ
ਇਲਮ ਦੇ ਮਸਲੇ ਨੇ ਜਾਂ ਇਖ਼ਲਾਕ ਦੇ
ਮਨ ਹੈ ਇਕ ਪੁਸਤਕ ਜਿਵੇਂ ਲਿਖ਼ ਹੋ ਰਹੀ
ਜਿਸ ਦਾ ਕੋਈ ਆਦ ਹੈ ਨਾ ਅੰਤ ਹੈ
ਇਕ ਇਬਾਰਤ ਹੈ ਜੋ ਅੰਦਰ ਤੜਪਦੀ
ਵਾਕ ਨੇ ਇਕ ਦੂਸਰੇ ਨੂੰ ਕੱਟਦੇ …
*
‘ਏਹ ਪਾਤਰ ਸੁਰਜੀਤ ਹੀ ਰਹਿਣਾ’ ਦਾ ਚੌਥਾ ਭਾਗ (ਪਾਤਰ ਵਿਰੋਧ)
ਅਗਲੀ ਵਾਰੀ …
29 ਮਈ 2024
(4) ਕਵਿਤਾ, ਪਾਤਰ, ਛੰਦ ( ਭਾਗ ਪਹਿਲਾ )
ਸੁਖਪਾਲ
25 ਵਰ੍ਹੇ ਪਹਿਲਾਂ ਪੰਜਾਬੀ ਦੇ ਇਕ ਲੇਖਕ ਮੈਨੂੰ ਪਹਿਲੀ ਵਾਰੀ ਮਿਲਣ ਆਏ। ਉਹ ਨਿਆਗਰਾ ਫ਼ਾਲਜ਼ ਵੇਖਣਾ ਚਾਹੁੰਦੇ ਸਨ। ਰਾਹ ਵਿਚ ਉਨ੍ਹਾਂ ਦੇ ਆਉਣ ਦਾ ਸਬੱਬ ਪੁੱਛਿਆ ਤਾਂ ਬੋਲੇ : “ਮੈਂ ਕਨੇਡਾ ਵੇਖਣ ਆਇਆਂ। ਆਪੇ ਟਿਕਟ ਲੈ ਕੇ ਆਇਆਂ। ਮੈਂ ਕੋਈ ਸੁਰਜੀਤ ਪਾਤਰ ਥੋੜ੍ਹਾ ਈ ਆਂ ਜਿਹੜਾ ਲੋਕਾਂ ਕੋਲੋਂ ਟਿਕਟਾਂ ਮੰਗ ਮੰਗ ਕਨੇਡਾ ਆਉਂਦੈ !”
ਪਾਤਰ ਥੋੜ੍ਹੇ ਦਿਨ ਪਹਿਲਾਂ ਹੀ ਟੋਰਾਂਟੋ ਆਏ ਸਨ। ਉਨ੍ਹਾਂ ਦੇ ਕਵੀ ਦਰਬਾਰ ਦਾ ਇਕ ਪ੍ਰਬੰਧਕ ਮੇਰਾ ਵਾਕਫ਼ ਸੀ। ਮੈਂ ਫ਼ੋਨ ਕਰਕੇ ਪੁੱਛਿਆ : “ਕੀ ਪਾਤਰ ਹੁਰਾਂ ਏਥੇ ਆਉਣ ਵਾਸਤੇ ਤੁਹਾਡੀ ਮਿੰਨਤ ਕੀਤੀ ਸੀ ?” ਉਹ ਹੱਸ ਪਿਆ : “ਨਹੀਂ, ਅਸੀਂ ਕੀਤੀ ਸੀ !”
ਚਾਰ ਵਰ੍ਹੇ ਮਗਰੋਂ ਉਸੇ ਲੇਖਕ ਦਾ ਮੈਨੂੰ ਫ਼ੋਨ ਆਇਆ : “ਮੈਂ ਅਮਰੀਕਾ ਆਇਆਂ ਹੋਇਆਂ। ਤੂੰ ਨਵੀਂ ਥਾਂਵੇਂ ਚਲਾ ਗਿਐਂ। ਮੈਂ ਏਹ ਥਾਂ ਵੇਖਣੀ ਚਾਹੁੰਨਾਂ। ਮੈਨੂੰ ਹਵਾਈ ਟਿਕਟ ਭੇਜ ਦੇ”। … ਮੈਂ ਆਉਣ-ਜਾਣ ਦੀ ਟਿਕਟ ਭੇਜ ਦਿੱਤੀ।
ਜਿਸ ਦਿਨ ਉਹ ਮੇਰੇ ਕੋਲ਼ ਆਏ, ਉਸੇ ਦਿਨ ਉਨ੍ਹਾਂ ਦਾ ਇਕ ਪ੍ਰਸੰਸਕ ਪਾਠਕ 850 ਕਿਲੋਮੀਟਰ ਦੂਰੋਂ ਕਾਰ ਚਲਾ ਕੇ ਉਨ੍ਹਾਂ ਨੂੰ ਮਿਲਣ ਆ ਗਿਆ। ਉਸਨੇ ਉਨ੍ਹਾਂ ਦੀਆਂ ਲਗਭਗ ਸਭ ਕਿਤਾਬਾਂ ਪੜ੍ਹੀਆਂ ਸਨ। ਉਸਨੇ ਬਹੁਤ ਸੁਆਲ ਪੁੱਛੇ। ਜਿਵੇਂ ਜਿਵੇਂ ਸੁਆਲ ਵਧਦੇ ਗਏ, ਲੇਖਕ ਦੀ ਉਪਰਾਮਤਾ ਵੀ ਵਧਦੀ ਗਈ। ਤੰਦ ਓਦੋਂ ਟੁੱਟੀ ਜਦ ਪਾਠਕ ਨੇ ਪੁੱਛਿਆ : “ਤੁਸੀਂ 5 ਸਾਲ ਪਹਿਲਾਂ ਐਹ ਗੱਲ ਲਿਖੀ ਸੀ, ਹੁਣ ਨਵੀਂ ਕਿਤਾਬ ਵਿਚ ਉਹਦੇ ਤੋਂ ਬਿਲਕੁਲ ਉਲਟ ਆਖ ਦਿੱਤੀ ਹੈ। ਕਿਉਂ ?” ਲੇਖਕ ਨੇ ਖਿੱਝ ਕੇ ਕਿਹਾ : “ਮੇਰੀ ਮਰਜ਼ੀ !”
ਜੇ ਉਹ ਲੇਖਕ ਸੁਰਜੀਤ ਪਾਤਰ ਹੁੰਦਾ ਤਾਂ ਓਹਨੇ ਏਹ ਜੁਆਬ ਨਹੀਂ ਦੇਣਾ ਸੀ !
ਪਾਠਕ ਵੀ ਗੰਭੀਰ, ਹੌਂਸਲੇ ਵਾਲ਼ਾ ਤੇ ਸਿਰੜੀ ਸੀ। ਬੋਲਿਆ : “ਤੁਹਾਡੀ ਮਰਜ਼ੀ” ਵਾਲ਼ਾ ਜੁਆਬ ਚਲ ਜਾਣਾ ਸੀ ਜੇ ਤੁਸੀਂ ਆਪਣੀ ਰਚਨਾ ਲਿਖ਼ ਕੇ ਬੋਝੇ ਵਿਚ ਰੱਖੀ ਰਖਦੇ। ਫੇਰ ਭਾਵੇਂ ਸੌ ਵਾਰੀ ਬਦਲੀ ਜਾਂਦੇ ਤਾਂ ਵੀ ਕਿਸੇ ਨੂੰ ਪੁੱਛਣ ਦਾ ਹੱਕ ਨਾ ਸੀ। ਪਰ ਤੁਸੀਂ ਛਾਪ ਦਿਤੀ। ਮੈਂ ਪੈਸੇ ਖਰਚ ਕੇ ਕਿਤਾਬ ਖ਼ਰੀਦੀ, ਫ਼ਿਰ ਸਮਾਂ ਖਰਚ ਕੇ ਪੜ੍ਹੀ, ਫ਼ਿਰ ਦੂਜੀ ਕਿਤਾਬ ਵੀ ਖਰੀਦੀ ਤੇ ਪੜ੍ਹੀ, ਫਿਰ ਹੋਰ ਸਮਾਂ ਖਰਚ ਕੇ ਸੋਚਿਆ। ਹੁਣ ਤੁਸੀਂ ਮੇਰੇ ਪੈਸੇ ਅਤੇ ਸਮੇਂ ਦੇ ਜ਼ਿੰਮੇਵਾਰ ਹੋ। ਹੁਣ ਤੁਹਾਨੂੰ ਜੁਆਬ ਦੇਣਾ ਹੀ ਪਏਗਾ ਕਿ ਤੁਸੀਂ ਆਪਣਾ ਪੈਂਤੜਾ ਕਿਉਂ ਬਦਲਿਆ ? ਮੈਨੂੰ ਤੁਹਾਡੇ ਪੈਂਤੜਾ ਬਦਲਣ ਤੇ ਇਤਰਾਜ਼ ਨਹੀਂ, ਪਰ ਤਬਦੀਲੀ ਦਾ ਕਾਰਣ ਜਾਣਨਾ ਹੁਣ ਮੇਰਾ ਹੱਕ ਹੈ !”
ਲੇਖਕ ਨੇ ਜੁਆਬ ਨਹੀਂ ਦਿੱਤਾ। ਪਾਠਕ ਨੇ ਸਿਆਣਪ ਵਰਤਦਿਆਂ ਸੁਆਲਾਂ ਦੀ ਲੜੀ ਸਮੇਟ ਦਿੱਤੀ। ਓਦੋਂ ਤਕ ਮੇਰੀ ਪਹਿਲੀ ਕਿਤਾਬ ਛਪ ਚੁੱਕੀ ਸੀ। ਮੈਨੂੰ ਪਹਿਲੀ ਵਾਰੀ ਸਮਝ ਆਈ – ਮੈਂ ਆਪਣੇ ਪਾਠਕਾਂ ਸਾਹਵੇਂ ਕਿਵੇਂ ਹੁਣ ਸਦਾ ਲਈ ਜੁਆਬਦੇਹ ਹਾਂ !
*
ਹੋਰ 5 ਵਰ੍ਹੇ ਬੀਤ ਗਏ। ਉਹੀ ਲੇਖਕ ਫੇਰ ਆਏ, ਫਿਰ ਗਿਲ਼ਾ ਕੀਤਾ : “ਸੁਰਜੀਤ ਪਾਤਰ ਚਲਾਕੀ ਕਰਦਾ ਹੈ। ਆਪਣੇ ਸਰੋਦੀਪੁਣੇ ਨਾਲ ਸਰੋਤਿਆਂ ਨੂੰ ਕੀਲ੍ਹਦਾ ਹੈ। ਇਹ ਕਮਜ਼ੋਰ ਕਵੀ ਦਾ ਲੱਛਣ ਹੈ। ਉਹਨੂੰ ਚਾਹੀਦਾ ਹੈ ਆਪਣੀ ਕਵਿਤਾ ਨਾਲ ਕੀਲੇ। ਤੈਨੂੰ ਕਿਵੇਂ ਲਗਦਾ ਹੈ ?”
ਮੈਂ ਕਿਹਾ : ‘ਤੁਹਾਡੀ ਸ਼ਿਕਾਇਤ ਪੰਜਾਬੀ ਦੇ ਕਈ ਗਜ਼ਲਗੋਆਂ ਲਈ ਸੱਚ ਹੈ। ਉਹ ਨਵੀਂ ਗੱਲ ਆਖਣ ਦੀ ਆਪਣੀ ਅਸਮਰਥਤਾ ਨੂੰ ਇਉਂ ਲੁਕਾਉਂਦੇ ਹਨ। ਪਰ ਸੁਰਜੀਤ ਪਾਤਰ ਕੋਲ ਛੰਦ ਅਤੇ ਖੁਲ੍ਹੀ ਕਵਿਤਾ ਲਿਖ਼ਣ ਦੀ ਬਰਾਬਰ ਸਮਰੱਥਾ ਹੈ। ਉਹਨੂੰ ਛੰਦ ਵਿਚ ਲਿਖ਼ਣ ਦੀ ਮਜਬੂਰੀ ਨਹੀਂ। ਮੈਨੂੰ ਕਦੀ ਨਹੀਂ ਜਾਪਿਆ ਕਿ ਪਾਤਰ ਨੇ ਗਜ਼ਲ ਦਾ ਵਜ਼ਨ ਕਾਇਮ ਰੱਖਣ ਖ਼ਾਤਰ ਗਜ਼ਲ ਦੇ ਵਿਚਾਰ ਨਾਲ ਸਮਝੌਤਾ ਕੀਤਾ ਹੈ, ਜਾਂ ਮਾੜਾ ਸ਼ੇਅਰ ਛੰਦ ਦੇ ਕਪੜੇ ਪੁਆ ਕੇ ਪਾਠਕ ਵੱਲ ਧੱਕ ਦਿੱਤਾ ਹੈ। ਉਹ ‘ਬੁੱਢੀ ਜਾਦੂਗਰਨੀ’ ਅਤੇ ‘ਖ਼ਤਾਂ ਦੀ ਉਡੀਕ’ ਇੱਕੋ ਜਿੰਨੀ ਸ਼ਿੱਦਤ ਨਾਲ ਲਿਖ ਸਕਦਾ ਹੈ। ਉਹ ‘ਬੁੱਢੀ ਜਾਦੂਗਰਨੀ’ ਵੀ ਛੰਦ ਵਿਚ ਲਿਖ਼ ਸਕਦਾ ਸੀ ਤੇ ‘ਖ਼ਤਾਂ ਦੀ ਉਡੀਕ’ ਖੁਲ੍ਹੇ ਰੂਪ ਵਿਚ। ਪਰ ਉਹਦੀ ਕਾਵਿਕ ਸੂਝ ਜਾਣਦੀ ਹੈ ਕਿ ‘ਬੁੱਢੀ ਜਾਦੂਗਰਨੀ’ ਵਿਚ ਵਿਚਾਰ ਭਾਰੂ ਹੈ ਤੇ ‘ਖ਼ਤਾਂ ਦੀ ਉਡੀਕ’ ਵਿਚ ਬਿਰਹਾ ਦਾ ਭਾਵ। ਇਸ ਲਈ ਵਿਚਾਰ ਦੀ ਕਵਿਤਾ ਨੂੰ ਖੁਲ੍ਹੇ ਰੂਪ ਵਿਚ ਤੇ ਭਾਵ ਦੀ ਕਵਿਤਾ ਨੂੰ ਛੰਦ ਵਿਚ ਲਿਖ਼ਦਾ ਹੈ। ਦੂਜੇ ਪੱਖ ਤੋਂ ਵੇਖੀਏ ਤਾਂ ਬਿੰਬ ਮੁਢਲੇ ਤੌਰ ਤੇ ਦ੍ਰਿਸ਼ ਹੈ, ਸ਼ਬਦ-ਚਿੱਤਰ ਹੈ। ਜੇ ਕਵਿਤਾ ਵਿਚ ਅਜਿਹੀ ਚਿੱਤਰ-ਕਲਾ ਵਰਤੀ ਜਾ ਸਕਦੀ ਹੈ ਤਾਂ ਸੰਗੀਤ ਲਈ ਵੀ ਖੁਲ੍ਹ ਹੋਣੀ ਚਾਹੀਦੀ ਹੈ। ਪਰ ਸੰਗੀਤ ਬਹੁਤ ਵੱਡਾ ਵਰਤਾਰਾ ਹੈ। ਸੰਗੀਤ ਨੂੰ ਸਿੱਖੇ, ਜਾਣੇ ਅਤੇ ਅਨੁਭਵ ਕੀਤੇ ਬਿਨਾ – ਸੰਗੀਤ ਦਾ ਨਿਰਾ ਬੌਧਿਕ ਵਿਰੋਧ ਕਰਨਾ ਸ਼ਾਇਦ ਸਹੀ ਨਾ ਹੋਵੇ …”
ਖ਼ੈਰ, ਏਸ ਹੱਦ ਤਕ ਉਹ ਲੇਖਕ ਮੈਨੂੰ ਗ਼ਲਤ ਨਹੀਂ ਲੱਗੇ ਸੀ। ਕਵਿਤਾ ਨੂੰ ਪਰਖਣ ਦਾ ਉਨ੍ਹਾਂ ਦਾ ਆਪਣਾ ਪੈਮਾਨਾ ਸੀ, ਜਿਸਦਾ ਉਨ੍ਹਾਂ ਨੂੰ ਅਧਿਕਾਰ ਸੀ। ਵੈਸੇ ਵੀ, 25 ਵਰ੍ਹੇ ਪਹਿਲਾਂ ਜਿੰਨੀ ਭਾਰੀ ਮਾਤਰਾ ਵਿਚ ਗਜ਼ਲ ਲਿਖ਼ੀ ਜਾ ਰਹੀ ਸੀ, ਨਵਤੇਜ ਭਾਰਤੀ ਵਰਗੇ ਕਵੀ ਵੀ ਓਹਨੂੰ ‘ਗਜ਼ਲ ਦਾ ਅੱਤਵਾਦ’ ਆਖ਼ਦੇ ਸਨ। ਪਾਸ਼ ਨੇ ਆਪਣੇ ਖ਼ਤ ਵਿਚ ਪਾਤਰ ਨੂੰ ਕਿਹਾ ਸੀ : ‘ਗ਼ਜ਼ਲਾਂ ਬਾਰੇ ਮੈਂ ਤੇਰੇ ਨਾਲ ਛਿੱਤਰ-ਪਤਾਣ ਹੋਣ ਨੂੰ ਵੀ ਤਿਆਰ ਹਾਂ। ਇਸ ਵਿਚ ਨਾ ਕਵਿਤਾ ਵਾਲ਼ਾ ਪ੍ਰਾਸੈੱਸ ਹੈ, ਨਾ ਅਹਿਸਾਸਾਂ ਦਾ ਫ਼ੈਲਾਉ ਵਿਸਥਾਰ ਜਾਂ ਸੰਪੂਰਣਤਾ। ਕੇਵਲ ਨੱਕਾਸ਼ੀ ਹੈ, ਸੂਖਮ ਅਹਿਸਾਸਾਂ ਨੂੰ ਨਿਚੋੜ ਕੇ ਸਜਾ ਕੇ ਰੱਖਿਆ ਫ਼ੋਕਟ ਹੈ। ਜੇ ਤੇਰੇ ਵਰਗਾ ਕਵੀ ਗਜ਼ਲ ਵਿਚ ਵੀ ਕਿਤੇ ਕਿਤੇ ਵਧੀਆ ਗੱਲ ਕਹਿ ਜਾਂਦਾ ਹੈ ਤਾਂ ਇਹ ਤੇਰੀ ਅਜ਼ੀਮ ਸ਼ਕਤੀ ਦਾ ਇਕ ਸਾਧਾਰਣ ਕ੍ਰਿਸ਼ਮਾ ਹੈ। ਇਸ ਨਾਲ ਗਜ਼ਲ ਦੀ ਸਾਰਥਿਕਤਾ ਸਿੱਧ ਨਹੀਂ ਹੁੰਦੀ’।
ਜੇਕਰ ਪਾਸ਼ ਗਜ਼ਲ ਲਿਖ਼ਣ ਦੇ ਅਨੁਭਵ ਵਿਚੋਂ ਆਪ ਲੰਘ ਕੇ ਏਹ ਬਿਆਨ ਦਿੰਦਾ ਤਾਂ ਵਧ ਪ੍ਰਮਾਣੀਕ ਹੋਣਾ ਸੀ। ਹੁਣ ਏਹ ਓਹਦੀ ‘ਓਪੀਨੀਅਨ’ ਜਾਪਦਾ ਹੈ …
ਮੈਂ ਤੇ ਉਹ ਲੇਖਕ 3 ਦਿਨ ਇਕੱਠੇ ਰਹੇ। ਆਖ਼ਰੀ ਰਾਤ ਦੇ 2 ਵੱਜੇ ਸਨ। ਮੈਂ ਉਨ੍ਹਾਂ ਨੂੰ ਵਿਦਾ ਕਰਨ ਲਈ ਉਨ੍ਹਾਂ ਦੇ ਅਗਲੇ ਟਿਕਾਣੇ ਪਹੁੰਚਣ ਵਾਲ਼ਾ ਸਾਂ। ਤਦ ਤਕ ਉਹ ‘ਰਿਲੈਕਸ’ ਹੋ ਗਏ ਸਨ। ਬੋਲੇ : “ਮੇਰਾ ਤਾਂ ਜਦ ਤਕ ਕਿਸੇ ਨਾਲ ਆਢਾ ਨਾ ਲੱਗਾ ਰਹੇ, ਮੈਨੂੰ ਸੁਆਦ ਨਹੀਂ ਆਉਂਦਾ !”
ਮੈਨੂੰ ਜਾਪਿਆ – ਮੈਂ ਅੱਧੀ ਰਾਤੇ ਚਲਦੀ ਕਾਰ ਵਿਚੋਂ ਬਾਹਰ ਡਿੱਗ ਪਿਆ ਹਾਂ। ਕੋਈ ਸਬੂਤ ਨਹੀਂ ਪਰ ਇਕ ਸੰਸਾ ਹਵਾ ਵਿਚ ਆਣ ਖਲੋਤਾ … ਤਾਂ ਫਿਰ ਸੁਰਜੀਤ ਪਾਤਰ ਦੀ ਸਾਰੀ ਵਿਰੋਧਤਾ ਵੀ ਉਨ੍ਹਾਂ ਨੇ ਸਿਰਫ਼ ‘ਸੁਆਦ’ ਲੈਣ ਵਾਸਤੇ ਕੀਤੀ ਸੀ ? ਇਕ ਸਾਧਾਰਣ ਅਨਪੜ੍ਹ ਬੰਦੇ ਲਈ ਵੀ ਇਉਂ ਕਰਨਾ ਸਹੀ ਤਾਂ ਨਹੀਂ, ਫ਼ਿਰ ਵੀ ਉਹਦੀ ਆਪਣੀ ਬੇਰੌਣਕ ਜ਼ਿੰਦਗੀ ਵਿਚ ਵਿਰੋਧ ਦਾ ਰੰਗ ਹੀ ਭਰ ਲੈਣ ਦੀ ਤਰਕਹੀਣ ਲਿਲ੍ਹਕ ਸਮਝੀ ਜਾ ਸਕਦੀ ਹੈ। ਲੇਖ਼ਕ ਇਉਂ ਕਰਨਾ ਗਵਾਰਾ ਨਹੀਂ ਕਰ ਸਕਦਾ, ਆਲੋਚਕ ਤਾਂ ਬਿਲਕੁਲ ਹੀ ਨਹੀ। ਆਲੋਚਕ ਦਾ ਕਾਰਜ ਹੈ – ਲੇਖਕ ਨੇ ਜਿਸ ਵਿਚਾਰ ਨੂੰ ਸੱਚ ਆਖ਼ ਕੇ ਪੇਸ਼ ਕੀਤਾ ਹੈ, ਉਹਦੀ ਪੁਣ-ਛਾਣ ਕਰਨੀ। ਉਸ ਵਿਚ ਅਛੋਪਲੇ, ਜਾਣੇ ਜਾਂ ਅਣਜਾਣੇ ਲੁੱਕ ਗਏ ਕਿਸੇ ਝੂਠ ਨੂੰ ਨਿਰਖ ਪਰਖ ਕੇ ਲਾਂਭੇ ਕਰਨਾ, ਦਿਖਾਉਣਾ। ਪਰ ਆਪਣੀ ਸਾਰੀ ਲਿਖ਼ਣ-ਸਮਰੱਥਾ ਜਾਂ ਵਡੱਪਣ ਦੇ ਬਾਵਜੂਦ ਜੇ ਕੋਈ ਲੇਖਕ ਜਾਂ ਆਲੋਚਕ ਸਿਰਫ਼ ‘ਸੁਆਦ’ ਲੈਣ ਖ਼ਾਤਰ ਕੋਈ ਮੁੱਦਾ ਖੜ੍ਹਾ ਕਰ ਲਏ, ਜਾਂ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਏ ਤਾਂ ਉਹਦੀ ਆਲੋਚਨਾ ਦਾ ਕੀ ਕੋਈ ਮੁੱਲ ਰਹਿ ਜਾਂਦਾ ਹੈ …?
ਇਹ ਸੁਆਲ ਵੀ ਜਾਗਿਆ : “ਆਢਾ ਲਾਉਣ ਲਈ ਸੁਰਜੀਤ ਪਾਤਰ ਹੀ ਕਿਉਂ ?”
ਜਾਪਿਆ – ਜਿੱਡਾ ਵੱਡਾ ਰੁੱਖ ਵੱਢੋ, ਬਾਲਣ ਵਾਸਤੇ ਓਨੀ ਵੱਧ ਲੱਕੜ ਮਿਲਦੀ ਹੈ। ਜਿੱਡੀ ਉੱਚੀ ਟੀਸੀ ਹੋਵੇ, ਉਸ ਤੇ ਖੜ੍ਹ ਕੇ, ਉਹਨੂੰ ਪੈਰਾਂ ਥੱਲੇ ਦੇ ਕੇ – ਓਨਾ ਵੱਡਾ ਨਾਮਣਾ ਮਿਲਦਾ ਹੈ। ਤੇ ਆਢੇ ਵਾਸਤੇ ਇਕ ਸੁਰੱਖਿਅਤ ਚਲਾਕੀ ਵੀ – ਜੋ ਮਰਜ਼ੀ ਆਖੀ ਜਾਉ, ਪਾਤਰ ਵਰਗੇ ਸ਼ਾਂਤ, ਸਹਿਜ, ਸਾਊ ਮਨੁੱਖ ਨੇ ਪਰਤ ਕੇ ਵਾਰ ਨਹੀਂ ਸੀ ਕਰਨਾ …
*
ਇਕ ਸੁਆਲ ਉਹ ਲੇਖਕ ਮੇਰੇ ਲਈ ਪਿੱਛੇ ਛਡ ਗਏ : ਭਾਰਤ ਵਿਚ ਮੁੱਢ-ਕਦੀਮ ਤੋਂ ਹੁਣ ਤਕ ਲਿਖ਼ੀ ਕਵਿਤਾ – ਛੰਦ ਅਤੇ ਸੰਗੀਤ ਨਾਲ਼ ਏਨੀ ਪੀਡੀ ਗੰਢ ਵਿਚ ਕਿਉਂ ਪਰਣਾਈ ਗਈ ਹੈ ?
ਪੁਰਾਣੇ ਯੂਨਾਨੀ ਸਿਆਣਿਆਂ ਨੇ ਆਪਣੀ ਗੱਲ ਆਖ਼ਣ ਲਈ ਨਾਟਕ ਦੀ ਵਿਧਾ ਵਰਤੀ। ਬਾਈਬਲ ਦਾ ਸੁਨੇਹਾ ਦੇਣ ਲਈ ਕਥਾ ਦਾ ਰੂਪ ਵਰਤਿਆ ਗਿਆ। ਪਰ ਭਾਰਤ ਵਿਚ ਪਹਿਲੇ ਗ੍ਰੰਥ ਛੰਦ-ਬੱਧ-ਕਵਿਤਾ ਰੂਪ ਵਿਚ ਲਿਖ਼ੇ ਗਏ ਤੇ ਕਥਾ ਬਾਅਦ ਵਿਚ ਆਈ।
ਪੱਛਮ ਨੇ ਕਵਿਤਾ ਵਿਚ ਛੰਦ ਨੂੰ ਕਈ ਦਹਾਕੇ ਪਹਿਲਾਂ ਤਿਆਗ ਦਿੱਤਾ ਹੈ, ਤੇ ਹੁਣ ਗੀਤਾਂ ਵਿਚ ਵੀ। ਇਸ ਦਾ ਇਕ ਕਾਰਣ ਏਹ ਵੀ ਹੋ ਸਕਦਾ ਹੈ ਕਿ ਪੱਛਮ ਸੁਰ ਜਾਂ ਸੰਗੀਤ ਨਾਲ ਆਰੰਭ ਤੋਂ ਓਵੇਂ ਨਹੀਂ ਬੰਨ੍ਹਿਆ ਗਿਆ ਜਿਵੇਂ ਪੂਰਬ ਹੈ। ਦੂਜਾ ਕਾਰਣ ਏਹ ਹੋ ਸਕਦਾ ਕਿ ਪਿਛਲੀਆਂ 3 ਸਦੀਆਂ ਵਿਚ ਜਿਵੇਂ ਜਿਵੇਂ ਵਿਚਾਰ ਨੇ ਪੱਛਮ ਦੀ ਸੋਚ ਵਿਚ ਡੂੂੰਘੀ ਥਾਂ ਬਣਾਈ ਅਤੇ ਵਿਗਿਆਨ ਦਾ ਵਿਕਾਸ ਹੋਇਆ, ਤਿਵੇਂ ਤਿਵੇਂ ਵਾਰਤਕ ਦਾ ਪ੍ਰਭਾਵ ਵਧਦਾ ਗਿਆ। ਇਸ ਗੱਲ ਨੇ ਕਵਿਤਾ ਦਾ ਰੂਪ ਵੀ ਬਦਲ ਦਿੱਤਾ। ਪੱਛਮ ਵਿਚ ਸਰਮਾਏਦਾਰੀ ਅਤੇ ਤਕਨਾਲੋਜੀ ਦੇ ਪ੍ਰਭਾਵ ਨੇ ਧਰਮ ਦਾ ਪ੍ਰਭਾਵ ਕੁਝ ਸਦੀਆਂ ਪਹਿਲਾਂ ਘਟਾਉਣਾ ਆਰੰਭ ਕਰ ਦਿੱਤਾ। ਭਾਰਤ ਵਿਚ ਹਾਲੇ ਵੀ ਧਰਮ ਦੇ ਨਾਂ ਤੇ ਦਹਾਕਾ ਭਰ ਵੋਟ ਲੈ ਕੇ ਸਰਕਾਰ ਬਣਾਈ ਜਾ ਸਕਦੀ ਹੈ। ਸਾਡੇ ਧਾਰਮਿਕ ਗ੍ਰੰਥ ਛੰਦ ਰੂਪ ਵਿਚ ਹਨ, ਤੇ ਸਾਡੇ ਦੇਸ਼ ਵਿਚ ਸ਼ਾਇਦ ਹਾਲੇ ਵੀ ਸਭ ਤੋਂ ਵਧ ਪੜ੍ਹੀ ਜਾ ਰਹੀ ਕਵਿਤਾ ਇਹੀ ਹਨ। ਏਹ ਗੱਲ ਸਮਾਜ ਵਿਚ ਛੰਦ ਦੀ ਪ੍ਰਭੂਸੱਤਾ ਬਣਾਈ ਰਖਦੀ ਹੈ।
ਮੈਂ ਬਚਪਨ ਵਿਚ 3 ਵਰ੍ਹੇ ਕੀਰਤਨ ਸਿੱਖਿਆ। ਅਭਿਆਸ ਨਾ ਰਿਹਾ ਤਾਂ ਉਹ ਭੁੱਲ ਗਿਆ ਪਰ ਰਾਗ ਅਤੇ ਸ਼ਾਸਤਰੀ ਸੰਗੀਤ ਚੰਗਾ ਲਗਦਾ ਰਿਹਾ। ਕਵਿਤਾ ਲਿਖ਼ਣੀ ਸ਼ੁਰੂ ਕੀਤੀ ਤਾਂ ਖੁਲ੍ਹੇ ਰੂਪ ਵਿਚ ਲਿਖੀ। ਕਦੀ ਰਿਦਮ ਵਿਚ ਲਿਖ਼ਦਾ ਸਾਂ ਤਾਂ ਕਵਿਤਾ ਦੇ ਪਹਿਲੇ 2 ਬੰਦ ਇਕ ਦੋ ਸਹੀ/ਮੌਲਿਕ ਵਿਚਾਰਾਂ ਨਾਲ ਲਿਖ਼ਣ ਮਗਰੋਂ ਮੈਂ ਸੁਣੇ ਸੁਣਾਏ ‘ਰੀਸਾਈਕਲਡ’ ਵਿਚਾਰਾਂ ਨਾਲ਼ ਬਾਕੀ ਦੇ 4 ਬੰਦ ਭਰ ਕੇ ਸੋਚਦਾ ਕਿ ਕਵਿਤਾ ‘ਪੂਰੀ’ ਹੋ ਗਈ ਹੈ।
ਏਹ ਆਦਤ ਨਵਤੇਜ ਭਾਰਤੀ ਹੁਰਾਂ ਨੇ ਝਿੜਕ ਕੇ ਤੋੜੀ : “ਜੇ ਛੰਦ ਵਿਚ ਕਵਿਤਾ ਲਿਖ਼ਣੀ ਹੈ ਤਾਂ ਛੰਦ ਦੀ ਬਣਤਰ ਨੂੰ ਬਾਕਾਇਦਾ ਸਿੱਖ। ਪੁਰਾਣੇ ਗਜ਼ਲ ਉਸਤਾਦ ਓਦੋਂ ਤਕ ਕਿਸੇ ਨੂੰ ਸ਼ਾਗਿਰਦ ਨਹੀਂ ਸਵੀਕਾਰਦੇ ਸੀ ਜਦ ਤਾਈਂ ਉਹ 5000 ਪ੍ਰਸਿੱਧ ਸ਼ੇਅਰ ਮੂੰਹ ਜ਼ਬਾਨੀ ਯਾਦ ਕਰਕੇ ਨਾ ਆਵੇ। ਤੈਨੂੰ ਵੀ ਏਹ ਕਰਨਾ ਪਏਗਾ। ਗਜ਼ਲ ਲਿਖ਼ਣ ਦੀ ਵੰਗਾਰ ਇਹ ਹੈ ਕਿ ਬਹਿਰ ਅਤੇ ਵਜ਼ਨ ਖ਼ਾਤਰ ਸ਼ਬਦਾਂ ਨੂੰ ਕੱਟ-ਵੱਢ ਅਤੇ ‘ਫ਼ਿੱਟ’ ਕਰਦਿਆਂ ਤੁਸੀਂ ਉਹ ਸ਼ਬਦ ਵਰਤ ਲੈਂਦੇ ਹੋ ਜਿਹੜੇ ਕਵਿਤਾ ਦੇ ਮੂਲ ਵਿਚਾਰ/ਭਾਵ ਤੋਂ ਪਰ੍ਹੇ ਚਲੇ ਜਾਂਦੇ ਹਨ। ਸੋ ਤੁਹਾਡਾ ਕਾਗਜ਼ ਤੇ ਲਿਖ਼ਿਆ ਵਿਚਾਰ – ਤੁਹਾਡੇ ਅੰਦਰ ਪਹਿਲਾਂ ਉਪਜੇ ਅਸਲੀ ਵਿਚਾਰ – ਤੋਂ ਵੱਖਰਾ ਜਾਂ ਊਣਾ ਹੋ ਜਾਂਦਾ ਹੈ। ਏਸਤੋਂ ਬਚਣ ਵਾਸਤੇ ਤੇਰੇ ਅੰਦਰ ਸਾਰਾ ਸ਼ਬਦਕੋਸ਼ ਸਮਾਇਆ ਹੋਣਾ ਚਾਹੀਦਾ ਹੈ। ਪਹਿਲਾਂ ਏਨੀ ਮਿਹਨਤ ਕਰ, ਫੇਰ ਛੰਦ ਵਿਚ ਲਿਖ਼ੀਂ …”
ਉਨ੍ਹਾਂ ਇਹ ਵੀ ਕਿਹਾ : “ਕਵਿਤਾ ਦਾ ਜਿਹੜਾ ਮਰਮ ਪਾਠਕ ਦੇ ਨਾਲ਼ ਅੰਤ ਤਾਈਂ ਜਾਂਦਾ ਹੈ, ਕਵਿਤਾ ਦੇ ਭੁੱਲ ਜਾਣ ਮਗਰੋਂ ਵੀ ਪਾਠਕ ਦੇ ਨਾਲ਼ ਰਹਿੰਦਾ ਹੈ, ਉਹ ਛੰਦ ਨਹੀਂ – ਕਵਿਤਾ ਅੰਦਰ ਲੁੱਕਿਆ ਵਿਚਾਰ ਹੁੰਦਾ ਹੈ। ਪਰ ਵਿਚਾਰ ਪ੍ਰਗਟਾਵੇ ਦੀ ਮੁਢਲੀ ਵਿਧਾ ਵਾਰਤਕ ਹੈ। ਕਵਿਤਾ ਨੂੰ ਵਿਚਾਰ ਵਾਂਗ ਲਿਖ਼ੋ ਤਾਂ ਉਹ ‘ਸਟੇਟਮੈਂਟ’ ਬਣ ਜਾਂਦੀ ਹੈ, ਕਵਿਤਾ ਨਹੀਂ ਰਹਿੰਦੀ। ਵਿਚਾਰ ਨੂੰ ਸ਼ਾਮਲ ਕਰਨਾ ਹੋਵੇ ਤਾਂ ਉਹ ਕਵਿਤਾ ਦੇ ਸਰੀਰ ਅੰਦਰ ਉਹਦੀ ਰੀੜ੍ਹ ਵਾਂਗ ਲੁੱਕਿਆ ਹੋਇਆ ਚਾਹੀਦਾ ਹੈ …“
*
ਸੁਰਜੀਤ ਪਾਤਰ ਨੇ ਬਹੁਤੀ ਕਵਿਤਾ ਛੰਦ ਵਿਚ ਕਿਉਂ ਲਿਖ਼ੀ ? ਏਸ ਨਾਲੋਂ ਵੱਡਾ ਸੁਆਲ ਇਹ ਹੈ ਕਿ ਪੂਰਬ ਦੀ ਪਹਿਲੀ ਜਾਂ ਅਧਿਆਤਮਕ ਕਵਿਤਾ (ਵੇਦ, ਆਦਿ ਗ੍ਰੰਥ) ਛੰਦ ਵਿਚ ਹੀ ਕਿਉਂ ਲਿਖ਼ੀ ਗਈ ?
ਮੈਂ ਇਹ ਸੁਆਲ ਗੁਰਮਿਤ ਸੰਗੀਤ ਨੂੰ ਸਮਝਣ ਵਾਲੇ ਸ. ਪੂਰਨ ਸਿੰਘ ਪਾਂਧੀ ਨੂੰ ਪੁੱਛਦਾ ਹਾਂ ਤਾਂ ਉਹ ਕਹਿੰਦੇ ਹਨ : “ਨੌਂ ਰਸ ਮਨੁੱਖ ਦੀਆਂ 9 ਮਾਨਸਿਕ ਅਵਸਥਾਵਾਂ ਹਨ। ਇੰਨ੍ਹਾਂ ਦਾ ਪ੍ਰਗਟਾਵਾ, ਪੇਸ਼ਕਾਰੀ ਜਾਂ ਅਭਿਵਿਅਕਤੀ ਸਭ ਤੋਂ ਚੰਗੇ ਤਰੀਕੇ ਛੰਦ ਵਿਚ ਹੀ ਸੰਭਵ ਹੈ।”
ਨੌਂ ਰਸ : ਸ਼ਿੰਗਾਰ (ਪ੍ਰੇਮ), ਹਾਸ (ਖੁਸ਼ੀ), ਕਰੁਣਾ (ਦਇਆ, ਸ਼ੋਕ), ਰੌਦਰ (ਕ੍ਰੋਧ), ਬੀਰ (ਉਤਸ਼ਾਹ), ਭਿਆਨਕ (ਭੈ), ਵੀਭਤਸ (ਨਿੰਦਾ, ਘਿਰਣਾ), ਅਦਭੁਤ (ਅਸਚਰਜ) ਅਤੇ ਸ਼ਾਂਤ ਰਸ (ਵੈਰਾਗ, ਨਿਰਵੇਦ)।
ਉਨ੍ਹਾਂ ਦੀ ਗੱਲ ਤੋਂ ਇਹ ਸਮਝ ਆਉਂਦਾ ਹੈ ਕਿ : ਛੰਦ ਅਤੇ ਰਾਗ ਬਾਹਰ ਹਨ, ਰਸ (ਅਵਸਥਾ) ਮਨੁੱਖ ਦੇ ਅੰਦਰ ਹਨ। ਛੰਦ ਜਾਂ ਰਾਗ ਦੀ ਚੋਟ ਅੰਦਰਲੇ ਖਾਸ ਰਸ ਨੂੰ ਜਗਾ ਦਿੰਦੀ ਹੈ ਤੇ ਅਸੀਂ ਉਹਦੇ ਅਨੁਭਵ ਵਿਚ ਭਿੱਜ ਜਾਂਦੇ ਹਾਂ। ਇਸੇ ਕਰਕੇ ਕਿਸੇ ਖਾਸ ਪ੍ਰਭਾਵ ਲਈ ਜਾਂ ਖਾਸ ਸਮੇਂ ਤੇ ਕੋਈ ਖਾਸ ਰਾਗ ਗਾਇਆ ਜਾਂਦਾ ਹੈ। ਪੂਰਬ ਦੀ ਜਾਂ ਅਧਿਆਤਮ ਦੀ ਕਵਿਤਾ – ਵਿਚਾਰ ਵਾਸਤੇ ਘੱਟ, ਅਤੇ ਭਾਵ ਪੈਦਾ ਕਰਨ ਲਈ ਵਧੇਰੇ ਕਹੀ ਜਾਂਦੀ ਸੀ।
ਲਾਗੇ ਬੈਠੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ ਕਹਿੰਦੇ ਹਨ: “ਨਾਚ, ਛੰਦ ਅਤੇ ਸੰਗੀਤ – ਤਿੰਨਾਂ ਦੀ ਸਾਂਝੀ ਧਰਤੀ ਰਿਦਮ ਹੈ। ਇਹ ਸੁਭਾਵਕ ਹੀ ਹੈ ਕਿ ਉਹ ਇਕੱਠੇ ਵਿਚਰਣ। ਡਾ. ਹਰਿਭਜਨ ਸਿੰਘ ਕਹਿੰਦੇ ਸੀ : ਖੁਲ੍ਹੀ ਕਵਿਤਾ ਵਿਚ ਵੀ ਰਿਦਮ ਹੁੰਦਾ ਹੈ, ਪਰ ਛੰਦ ਨਾਲੋਂ ਵੱਖਰਾ। ਵਾਕ ਅੰਦਰਲੇ ਸ਼ਬਦ ਇਕ ਖਾਸ ਰਿਦਮਿਕ ਤਰਤੀਬ ਵਿਚ ਪਰੋਏ ਜਾਣ ਤਾਂ ਖੁਲ੍ਹੀ ਕਵਿਤਾ ਸ੍ਰੋਤੇ ਅੰਦਰ ਵਧੇਰੇ ਲਹਿੰਦੀ ਹੈ। ਜਿਵੇਂ ਇਹ ਆਖਣਾ : “ਮੁਹੰਮਦ ਅਲੀ ਬਾਰੇ ਲਿਖ਼ਣਾ ਸ਼ਬਦਾਂ ਨਾਲ਼ ਘੁਲਣਾ ਹੈ” : ਦੀ ਥਾਵੇਂ – “ਮੁਹੰਮਦ ਅਲੀ ਬਾਰੇ ਲਿਖ਼ਣਾ ਲਫ਼ਜ਼ਾਂ ਨਾਲ ਘੁਲਣਾ ਹੈ” : ਆਖੋ ਤਾਂ – ਲਿਖ਼ਣ ਅਤੇ ਲਫ਼ਜ਼ ਦੇ 2 ‘ਲ’ – ਮਿਲ ਕੇ ਬੇਹਤਰ ਰਿਦਮ ਉਪਜਾਉਂਦੇ ਹਨ। ਏਦਾਂ ਹੀ ਜੇ ਅਜਿਹੀ ਘਟਨਾ ਦਾ ਵਰਨਣ ਕਰਨਾ ਹੋਵੇ ਜੋ ਬਹੁਤ ਵੇਗਮਈ ਹੈ ਤਾਂ ਨਿੱਕੇ ਨਿੱਕੇ ਵਾਕਾਂ ਨਾਲ ਏਹ ਪ੍ਰਭਾਵ ਬੇਹਤਰ ਉਪਜਦਾ ਹੈ। ਲੰਮਾ ਵਾਕ ਘਟਨਾ ਦੀ ਤੋਰ ਨੂੰ ਸਾਵਾਂ, ਹੌਲੀ ਜਾਂ ਸੁਸਤ ਕਰ ਦਿੰਦਾ ਹੈ। ਜਿਹੜੇ ਲੋਕਾਂ ਦੀ ਖੁਲ੍ਹੀ ਕਵਿਤਾ ਜਾਂ ਵਾਰਤਕ ਪੜ੍ਹਣੀ ਦੂਜਿਆਂ ਨਾਲੋਂ ਵਧ ਚੰਗੀ ਲਗਦੀ ਹੈ, ਉਨ੍ਹਾਂ ਲੇਖਕਾਂ ਨੇ ਆਪਣੀ ਵਾਕ ਬਣਤਰ, ਸ਼ਬਦ-ਚੋਣ ਅਤੇ ਸ਼ਬਦ-ਜੜਤ ਤੇ ਬਹੁਤ ਮਿਹਨਤ ਕੀਤੀ ਹੁੰਦੀ ਹੈ”।
ਉਨ੍ਹਾਂ ਦੀ ਗੱਲ ਸੁਣ ਕੇ ਖ਼ਿਆਲ ਆਉਂਦਾ ਹੈ : ਅਮਰਜੀਤ ਚੰਦਨ ਦੀ ਕਵਿਤਾ ਵਿਚ ਰਾੲ੍ਹੀਮ ਨਹੀਂ ਹੁੰਦਾ, ਫ਼ਿਰ ਵੀ ਰਿਦਮ ਮਜ਼ਬੂਤ ਹੁੰਦਾ ਹੈ। ਰਾਹੁਲ ਦੇਵ ਬਰਮਨ ਗੁਲਜ਼ਾਰ ਦੀ ਛੰਦ-ਰਹਿਤ ਕਵਿਤਾ ਨੂੰ ਵੀ ਰਿਦਮ ਵਿਚ ਬੰਨ੍ਹ ਦਿੰਦਾ ਹੈ। ਅਰਥਾਤ : ਕਵਿਤਾ ਨੂੰ ‘ਰਾੲ੍ਹੀਮ’ ਦੀ ਗ਼ੁਲਾਮੀ ਨਹੀਂ, ਪਰ ਰਿਦਮ ਦੀ ਲੋੜ ਰਹਿੰਦੀ ਹੈ।
*
ਸਾਡੀ ਕਵਿਤਾ ਛੰਦ ਵਿਚ ਹੀ ਕਿਉਂ ਲਿਖ਼ੀ ਗਈ ? ਕਵਿਤਾ ਜਾਂ ਸੰਗੀਤ ਦੇ ਵਿਦਵਾਨ ਏਸ ਸੁਆਲ ਦੇ ਹੋਰ ਵੀ ਚੰਗੇ ਜੁਆਬ ਜਾਣਦੇ ਹੋਣਗੇ। ਮੈਂ ਆਪਣੇ ਆਪ ਨੂੰ ਇਹ ਵਰਤਾਰਾ ਸਮਝਣ ਲਈ 5 ਕਾਰਣ ਦੇ ਲੈਂਦਾ ਹਾਂ : 1. ਕਰਤਾਰੀ 2. ਹੋਂਦਮਈ 3. ਸਰੀਰਕ 4. ਮਨੋਵਿਗਿਆਨਕ 5. ਚੇਤਨਾਮਈ ਕਾਰਣ …
__________________________________
ਏਸ ਕਥਾ ਦਾ ਦੂਜਾ ਭਾਗ – ਅਗਲੀ ਵਾਰੀ
( 12 ਜੂਨ 2024 )
ਕਵਿਤਾ, ਪਾਤਰ, ਛੰਦ (ਦੂਜਾ ਭਾਗ)
ਸੁਖਪਾਲ
ਇਕ ਸਾਹਿਤਕਾਰ ਨੂੰ ਪਾਤਰ ਦੇ ਗਾਉਣ ਤੇ ਇਤਰਾਜ਼ ਹੈ। ਪਾਤਰ ਛੰਦ ਵਿਚ ਲਿਖ਼ਦੇ ਸੀ, ਤਾਂ ਹੀ ਗਾਉਂਦੇ ਸੀ। ਪਾਤਰ ਛੰਦ ਵਿਚ ਬਹੁਤਾ ਕਿਉਂ ਲਿਖ਼ਦੇ ਸੀ ? ਏਹਦਾ ਜੁਆਬ ਲਭਦੇ ਅਸੀਂ ਏਸ ਸੁਆਲ ਤੇ ਪਹੁੰਚ ਜਾਂਦੇ ਹਾਂ ਕਿ ਭਾਰਤ ਵਿਚ ਮੁੱਢ ਕਦੀਮ ਤੋਂ ਕਵਿਤਾ ਨੂੰ ਛੰਦ ਦੇ ਲੜ ਲਾਇਆ ਹੀ ਕਿਉਂ ਗਿਆ ?
ਕਵਿਤਾ ਜਾਂ ਸੰਗੀਤ ਦੇ ਵਿਦਵਾਨ ਏਸ ਸੁਆਲ ਦੇ ਹੋਰ ਵੀ ਚੰਗੇ ਜੁਆਬ ਜਾਣਦੇ ਹੋਣਗੇ। ਮੈਨੂੰ ਇਹ 5 ਕਾਰਣ ਸੁਝਦੇ ਹਨ (ਇਹ ਅੰਤਮ ਨਹੀਂ) :
1. ਕਰਤਾਰੀ ਕਾਰਣ :
ਅਧਿਆਤਮ ਅਨੁਸਾਰ ਮਨੁੱਖ ਦੇ ਦੁੱਖ ਦਾ ਵੱਡਾ ਕਾਰਣ ਇਹ ਵੀ ਹੈ ਕਿ ਉਹ ਆਪਣੇ ਆਪ ਨੂੰ ਦੂਜੇ ਜੀਵਾਂ ਜਾਂ ਕੁਦਰਤ ਨਾਲੋਂ ਵੱਖਰਾ ਸਮਝਦਾ ਹੈ। ਇਸ ਹਉਮੈ ਸਦਕਾ ਹੀ ਬੰਦਾ ਸ੍ਰਿਸ਼ਟੀ ਨੂੰ “ਦੂਜੀ” ਸਮਝ ਕੇ ਤਬਾਹ ਕਰਦਾ ਹੈ। ਇਹ ਵੱਖਰਾਪਣ ਘੋਰ ਇਕੱਲ੍ਹ ਵੀ ਪੈਦਾ ਕਰਦਾ ਹੈ। ਜੇ ਰੱਬ ਸਾਡੀ ਕਾਢ ਸੀ ਤਾਂ ਇਕ ਕਾਰਣ ਏਹ ਵੀ ਸੀ ਕਿ ਸਾਨੂੰ ਕੋਈ ਚਾਹੀਦਾ ਸੀ ਜਿਹੜਾ ਸਾਡੇ ਅੰਗ-ਸੰਗ ਰਹੇ। ਸੋ ਪਹਿਲਾਂ ਅਸੀਂ ਆਪੇ ਆਪਣੀ ਇਕੱਲ੍ਹ ਸਹੇੜੀ, ਫਿਰ ਰੱਬ ਸਹੇੜ ਲਿਆ।
ਰਿਦਮ ਸਾਰੀ ਸ੍ਰਿਸ਼ਟੀ ਵਿਚ ਹੈ। ਦਿਨ ਤੇ ਰਾਤ ਦਾ ਵਾਰੀ ਵਾਰੀ ਆਉਣਾ, ਚੰਨ ਦਾ ਵਧਣਾ ਘਟਣਾ, ਸਾਗਰ ਦਾ ਜਵਾਰ ਭਾਟਾ, ਘੜੀ ਦਾ ਪੈਂਡੂਲਮ, ਸਾਡਾ ਆਉਂਦਾ ਜਾਂਦਾ ਸਾਹ, ਨੀਂਦਰ ਤੇ ਜਾਗ, ਸੁੱਖ ਤੇ ਦੁੱਖ ਦਾ ਇਕ ਦੂਜੇ ਵਿਚ ਪਰਤਣਾ। ਵਿਗਿਆਨ ਜਿਹੜੇ 7 ਕਰਤਾਰੀ ਨਿਯਮਾਂ ਨੂੰ ਮੰਨਦਾ ਹੈ, ਉਨ੍ਹਾਂ ਵਿਚ ਇਕ Universal Law of Rhythm ਵੀ ਹੈ।
ਜਦੋਂ ਅਸੀਂ ਛੰਦ ਦੀ ਰਿਦਮ ਸੁਣਦੇ ਹਾਂ ਤਾਂ ਉਹਦਾ ਗੀਤ ਕੁਝ ਸਮੇਂ ਮਗਰੋਂ ਗੁਆਚ ਜਾਂਦਾ ਹੈ, ਪਰ ਅਸੀਂ ਆਪ ਸ੍ਰਿਸ਼ਟੀ ਦੀ ਰਿਦਮ ਨਾਲ ਇਕਸੁਰ ਹੋਣ ਲਗਦੇ ਹਾਂ। ਕਵਿਤਾ ਦੀ ਕਿਸ਼ਤੀ ਆਨੰਦ ਦੇ ਕੰਢੇ ਪੁੱਜ ਕੇ ਛੰਦ ਦੇ ਪਾਣੀ ਵਿਚ ਰਹਿ ਜਾਂਦੀ ਹੈ, ਅਸੀਂ ਕੁਦਰਤ ਦੇ ਪਿੰਡ ਵਿਚ ਪੈਰ ਧਰ ਲੈਂਦੇ ਹਾਂ। ਇਸ ਇਕਸੁਰਤਾ ਵਿਚ ਆਨੰਦ ਹੈ ਜਿਸ ਨਾਲ਼ ਸ੍ਰਿਸ਼ਟੀ ਪ੍ਰਤੀ ਆਦਰ ਉਪਜਦਾ ਹੈ। ਛੰਦ ਸਾਨੂੰ ਕੁਦਰਤ ਨਾਲ ਜੋੜੀ ਰੱਖਣ ਵਾਸਤੇ ਵੀ ਬਣਿਆ (ਜਾਂ ਬਣਾਇਆ ਗਿਆ) ਸੀ।
2. ਹੋਂਦਮਈ ਕਾਰਣ :
ਰਜਨੀਸ਼ ਨੇ ਇਕ ਥਾਂ ਕਿਹਾ ਹੈ ਕਿ : ਪੱਛਮ ਨੇ ਸ੍ਰਿਸ਼ਟੀ ਅਤੇ ਜੀਵਨ ਨੂੰ ਪ੍ਰਯੋਗਸ਼ਾਲਾ ਵਿਚ ਤਜਰਬੇ ਕਰ ਕਰ, ਮਾਦੇ ਨੂੰ ਇਸਦੇ ਅੰਤਮ ਮਹੀਨ ਕਣ ਤਕ ਭੰਨ ਭੰਨ ਕੇ ਜਾਣਿਆ ਸਮਝਿਆ ਹੈ। ਪੂਰਬ ਨੇ ਸਾਧਨਾ ਵਿਚ ਬੈਠ ਕੇ, ਸਭ ਕਣ ਟੋਟੇ ਜੋੜ ਜੋੜ ਕੇ, “ਇੱਕ” ਹੋਣ ਦੀ ਅਵਸਥਾ ਤਾਈਂ ਪੁੱਜ ਕੇ ਜਾਣਿਆ ਹੈ। ਪੱਛਮ ਦਾ ਆਖਣਾ ਹੈ ਕਿ ਸ੍ਰਿਸ਼ਟੀ ਬਿਜਲਈ-ਚੁੰਬਕੀ (ਇਲੈਕਟ੍ਰੋ-ਮੈਗਨੈਟਿਕ) ਤਰੰਗਾਂ ਦੀ ਬਣੀ ਹੈ। ਪੂਰਬ ਦੇ ਜੋਗੀਆਂ ਦਾ ਮੰਨਣਾ ਹੈ ਕਿ ਸ੍ਰਿਸ਼ਟੀ ਧੁਨੀ ਤਰੰਗਾਂ ਦੀ ਬਣੀ ਹੈ।
ਯੋਗੀਆਂ ਨੂੰ ਏਹ ਏਸ ਲਈ ਜਾਪਿਆ ਕਿਉਂਕਿ ਸਰੀਰ ਦੇ ਪੂਰੇ ਟਿਕਾਅ, ਮਨ ਦੀ ਸੰਪੂਰਨ ਚੁੱਪ, ਅਤੇ ਯੋਗ/ਸਾਧਨਾ ਦੀ ਗਹਿਰਾਈ ਹਾਸਲ ਹੋਣ ਤੇ ਉਨ੍ਹਾਂ ਨੂੰ ‘ਅਨਹਦ ਨਾਦ’ ਦੀ ਧੁਨ ਆਪਣੇ ਸਰੀਰ ਦੇ ਕਣ ਕਣ, ਆਲੇ ਦੁਆਲੇ ਵਿਚੋਂ ਅਤੇ ਕੁੱਲ ਬ੍ਰਹਿਮੰਡ ਵਿਚੋਂ ਗੂੰਜਦੀ ਸੁਣਦੀ ਸੀ/ਹੈ। ਏਸ ਧੁਨੀ ਨੂੰ ਬੋਲ ਕੇ ਪ੍ਰਗਟ ਕਰਨਾ ਔਖਾ ਹੈ ਪਰ ‘ਓਮ’ ਸ਼ਬਦ ਏਸਦੇ ਸਭ ਤੋਂ ਨੇੜੇ ਹੈ। ਸੋ ‘ਓਮ’ – ਕੋਈ ਸ਼ਬਦ ਨਹੀਂ, ਸ੍ਰਿਸ਼ਟੀ ਦੀ ਆਪਣੀ ਧੁਨੀ ਹੈ ਜੋ ਨਿਰੰਤਰ ਗੂੰਜਦੀ ਹੈ। ਏਨੀ ਮਹੀਨ ਕਿ ਸਾਡੇ ਅੰਦਰ ਬਾਹਰ ਗੂੰਜਦੀਆਂ ਸਭ ਆਵਾਜ਼ਾਂ ਚੁੱਪ ਹੋ ਜਾਣ, ਤਾਂ ਸੁਣਦੀ ਹੈ। ਸੰਸਾਰ ਵਿਚ ਕੋਈ ਵੀ ਧੁਨੀ ਦੋ ਪਦਾਰਥਾਂ ਦੀ ਘਸਰ (Friction) ਤੋਂ ਹੀ ਪੈਦਾ ਹੋ ਸਕਦੀ ਹੈ। ਅਨਹਦ ਨਾਦ ਦੀ ਮਹਿਮਾ ਏਹ ਵੀ ਹੈ ਕਿ ਇਹ ਸ੍ਰਿਸ਼ਟੀ ਦੀ ਇਕੋ ਇਕ ਘਸਰ-ਮੁਕਤ (Frictionless) ਧੁਨੀ ਹੈ।
ਏਸ ਕਰਕੇ ਪੂਰਬ ਵਿਚ ਧੁਨੀ ਦਾ ਬਹੁਤ ਮਹੱਤਵ ਹੋਇਆ। ਪੱਛਮ ਨੇ ਧੁਨੀ ਨੂੰ ਡੈਸੀਬਲ ਵਿਚ ਤੋਲ ਕੇ, ਐਂਪਲੀਟਿਊਡ ਜਾਂ ਫ੍ਰੀਕੁਐਂਸੀ ਵਿਚ ਮਾਪ ਕੇ ਵੇਖਿਆ ਅਤੇ ਜੰਤਰਾਂ ਵਿਚ ਵਰਤਿਆ। ਪੂਰਬ ਨੇ ਧੁਨੀ ਦਾ ਮਨੁੱਖੀ ਸਰੀਰ ਅਤੇ ਮਨ ਉਪਰਲਾ ਪ੍ਰਭਾਵ ਅਧਿਅਨ ਕੀਤਾ। ਉਸ ਸੂਝ ਵਿਚੋਂ ਸ਼ਾਸਤਰੀ ਸੰਗੀਤ ਉਪਜਿਆ। ਇਹ ਸੰਗੀਤ ਨਿਰਾ ਵਜਾਇਆ ਵੀ ਜਾ ਸਕਦਾ ਹੈ, ਪਰ ਪੂਰਬ ਨੇ ਸ਼ਬਦ ਨੂੰ ਹੀ ਏਸ ਵਿਚ ਗੁੰਨ੍ਹ ਦਿੱਤਾ। ਧੁਨੀ ਹੀ ਸਾਡੀ ਹੋਂਦ ਦੀ ਅੰਤਮ ਇੱਟ ਹੈ ਜਾਂ ਇਲੈਕਟ੍ਰੋ-ਮੈਗਨੇਟਿਜ਼ਮ – ਹਥਲੀ ਚਰਚਾ ਵਿਚ ਏਹਦਾ ਨਿਰਣਾ ਮਹੱਤਵਪੂਰਣ ਨਹੀਂ। ਅਸੀਂ ਸਿਰਫ਼ ਸੰਗੀਤਕ ਧੁਨ ਦਾ ਕਵਿਤਾ ਨਾਲ ਰਿਸ਼ਤਾ ਲੱਭ ਰਹੇ ਹਾਂ।
ਜੇ ਧੁਨੀ ਸ੍ਰਿਸ਼ਟੀ ਦੀ ਸਭ ਤੋਂ ਵੱਡੀ ਖੋਜ ਸੀ ਤਾਂ ਭਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਕਾਢ ਸੀ। ਭਾਸ਼ਾ ਬਿਨਾ ਮਨੁੱਖ ਦਾ ਹੁਣ ਵਰਗਾ ਜੀਵ-ਵਿਕਾਸ ਹੋਣਾ ਅਸੰਭਵ ਸੀ। ਭਾਸ਼ਾ ਦੂਜੇ ਜੀਵਾਂ ਕੋਲ ਵੀ ਹੈ ਪਰ ਏਨੀ ਵਿਕਸਿਤ ਨਹੀਂ ਜਿੰਨੀ ਮਨੁੱਖਾਂ ਦੀ ਹੈ। ਦੂਜੇ ਜੀਵਾਂ ਨੇ ਜੇ ਆਪਣਾ ਨਵਾਂ ਅਨੁਭਵ ਆਪਣੇ ਬੱਚਿਆਂ ਨੂੰ ਸਦਾ ਲਈ ਦੇਣਾ ਹੋਵੇ ਤਾਂ ਵਧੇਰੇ ਕਰਕੇ ‘ਜੀਨਜ਼’ ਰਾਹੀਂ ਦੇਂਦੇ ਹਨ। ਇਸ ਕਿਰਿਆ ਨੂੰ ਸਾਲਾਂ ਤੋਂ ਸਦੀਆਂ ਲਗ ਜਾਂਦੀਆਂ ਹਨ। ਮਨੁੱਖ ਹਜ਼ਾਰ ਸਾਲ ਲਾ ਕੇ ਲੱਭੀ ਖੋਜ ਵੀ ਭਾਸ਼ਾ ਰਾਹੀਂ ਝਟਪਟ ਆਪਣੇ ਬੱਚਿਆਂ ਨੂੰ ਦੇ ਸਕਦਾ ਹੈ। ਹੋਰ ਵਿਧਾਵਾਂ ਸਣੇ, ਕਵਿਤਾ ਭਾਸ਼ਾ ਦਾ ਖਾਸ ਰੂਪ ਹੈ।
ਸੋ ਪੂਰਬ ਨੇ ਆਪਣੀ ਸਭ ਤੋਂ ਵੱਡੀ ਕਾਢ (ਭਾਸ਼ਾ) ਨੂੰ ਆਪਣੀ ਸਭ ਤੋਂ ਵੱਡੀ ਖੋਜ (ਧੁਨੀ) ਨਾਲ ਪਰਣਾਅ ਦਿੱਤਾ। ਕਵਿਤਾ ਨੂੰ ਸੰਗੀਤ ਦੇ ਲੜ ਲਾ ਦਿੱਤਾ ਤਾਂ ਕਿ ਕਵਿਤਾ ਸ੍ਰਿਸ਼ਟੀ ਦੀ ਕੇਂਦਰੀ ਰਚਨਾਤਮਕ ਸ਼ਕਤੀ ਨਾਲ ਜੁੜੀ ਰਹੇ। ਦੂਜੇ ਅਰਥਾਂ ਵਿਚ : ਜੇ ਧੁਨੀ ਸਾਡੀ ਹੋਂਦ ਦੀ ਜੜ੍ਹ ਹੈ ਤਾਂ ਸੁਰ-ਬੱਧ ਕਵਿਤਾ ਸਾਡੀ ਹੋਂਦ ਦੀ ਜੜ੍ਹ ਦੇ ਬਹੁਤ ਨੇੜੇ ਤਕ ਚਲੀ ਜਾਵੇ …
3. ਸਰੀਰਕ ਕਾਰਣ :
ਕਵਿਤਾ ਨੂੰ ਪੜ੍ਹੋ ਤਾਂ ਉਹਦਾ ਹੋਰ ਅਨੁਭਵ ਹੈ। ਉਹੀ ਕਵਿਤਾ ਕਵੀ ਪਾਸੋਂ ਸੁਣੋ ਤਾਂ ਨਵੇਂ ਅਰਥ ਸੁਣਨ ਲਗਦੇ ਹਨ। ਸ਼ਾਇਦ ਏਸ ਲਈ ਕਿ ਕਵਿਤਾ ਪੜ੍ਹਣ ਨਾਲ਼ੋਂ ਵਧ ਸੁਣਨ ਵਾਲ਼ੀ ਵਿਧਾ ਹੈ। ਸੰਗੀਤ ਵੀ ਸੁਣਨ ਵਾਲੀ ਵਿਧਾ ਹੈ। ਦੋਵੇਂ ਇਕੋ ਇੰਦਰੀ (ਕੰਨ) ਰਾਹੀਂ ਮਨੁੱਖ ਅੰਦਰ ਪ੍ਰਵੇਸ਼ ਕਰਦੇ ਹਨ। ਸੁਭਾਵਕ ਹੈ ਕਿ ਦੋਵੇਂ ਬਹੁਤ ਵਾਰੀ ਇਕੱਠੇ ਵਿਚਰਦੇ ਹਨ।
ਪ੍ਰਿੰ. ਸਰਵਣ ਸਿੰਘ ਕਹਿੰਦੇ ਹਨ: ‘ਮੈਂ ਬਹੁਤਾ ਚੰਗਾ ਕਮੈਂਟੇਟਰ ਨਹੀਂ। ਪਰ ਮੇਰੇ ਕਿੰਨੇ ਹੀ ਸ੍ਰੋਤੇ ਆ ਕੇ ਕਹਿੰਦੇ ਹਨ : “ਤੁਸੀਂ ਓਸ ਥਾਂ ਤੇ ਬਹੁਤ ਵਧੀਆ ਕਮੈਂਟਰੀ ਕੀਤੀ ਸੀ”। ਜੇ ਮੈੰ ਪੁੱਛਾਂ – ਤੁਸੀਂ ਮੇਰੀਆਂ 26 ਕਿਤਾਬਾਂ ਵਿਚੋਂ ਕੋਈ ਪੜ੍ਹੀ ? ਤਾਂ ਉਨ੍ਹਾਂ ਨਹੀਂ ਪੜ੍ਹੀ ਹੁੰਦੀ। ਸਾਹਿਤ ਹੋਵੇ ਜਾਂ ਸਪੋਰਟਸ, ਗਿਆਨ ਹੋਵੇ ਜਾਂ ਮੌਜ-ਮੇਲਾ – ਪੰਜਾਬੀ ਬੰਦਾ ਪੜ੍ਹਦਾ ਨਹੀਂ, ਵੇਖ਼ਦਾ ਜਾਂ ਸੁਣਦਾ ਹੈ।“
ਨਵਤੇਜ ਭਾਰਤੀ ਕਵੀਸ਼ਰ ਮੋਹਨ ਸਿੰਘ ਰੋਡੇ ਬਾਰੇ ਲਿਖ਼ੇ ਆਪਣੇ ਬਿਰਤਾਂਤ ਵਿਚ ਕਹਿੰਦੇ ਹਨ : “ਮੋਹਨ ਸਿੰਘ ਕਵਿਤਾ ਲਿਖ਼ਦਾ ਨਹੀਂ ਸੀ, ਨਾ ਹੀ ਪੜ੍ਹਦਾ ਸੀ। ਉਹ ਕਵੀਸ਼ਰੀ ਕਰਦਾ ਸੀ। ਕਰਨ ਤੇ ਲਿਖ਼ਣ ਵਿਚ ਦੋ ਸ਼ਬਦਾਂ ਦਾ ਨਹੀਂ, ਦੋ ਸੰਸਕ੍ਰਿਤੀਆਂ ਦਾ ਪਾੜਾ ਹੈ। ‘ਕਰਨਾ’ (ਉਚਾਰਣਾ) ਬਾਣੀ ਸੰਸਕ੍ਰਿਤੀ (Oral Culture) ਦਾ ਅੰਗ ਹੈ ਤੇ ਲਿਖ਼ਣਾ ਸਾਖਰਤਾ (Literacy) ਦਾ। ਮੋਹਨ ਸਿੰਘ ਬਾਣੀ ਦਾ ਕਵੀਸ਼ਰ ਸੀ ਤੇ ਆਵਾਜ਼ ਉਹਦਾ ਮਾਧਿਅਮ ਸੀ ਜਿਹੜੀ ਕੰਠ ਵਿਚੋਂ ਨਿਕਲਣ ਮਗਰੋਂ ਕੱਟੀ ਵੱਢੀ ਨਹੀਂ ਜਾ ਸਕਦੀ ਸੀ। ਨਾ ਹੀ ਉਸਨੂੰ ਉੱਕੀ ਹੋਈ ਲਗ ਮਾਤਰ ਕੰਨਾਂ ਸਿਹਾਰੀ ਬਿਹਾਰੀ ਲੱਗ ਸਕਦੀ ਸੀ। ਉਹ ਜਿਉਂ ਦੀ ਤਿਉਂ ਸੁਣਨ ਵਾਲ਼ੇ ਅੰਦਰ ਲਹਿ ਜਾਂਦੀ ਸੀ। ਮੋਹਨ ਸਿੰਘ ਜੋ ਕੁਝ ਬੋਲਦਾ ਸੀ ਉਹ ਸਰੋਤੇ ਅੰਦਰ ਵਾਪਰ ਜਾਂਦਾ ਸੀ। ਕਵੀਸ਼ਰੀ ਘਟਨਾ ਵਾਂਗ ਘਟਦੀ ਸੀ ਤੇ ਸੁਣਨ ਸੁਣਾਉਣ ਵਾਲ਼ੇ ਉਸ ਵਿਚ ਘਟ ਜਾਂਦੇ ਸਨ …”
ਮਿਥਿਹਾਸ ਵਿਚ ਰਾਜਾ ਜਨਕ ਦਾ ਅਧਿਆਤਮਕ ਸਥਾਨ ਏਸ ਵਾਸਤੇ ਉੱਚਾ ਗਿਣਿਆ ਜਾਂਦਾ ਹੈ ਕਿ ਉਸਨੇ ਅਸ਼ਟਾਵਕ੍ਰ ਪਾਸੋਂ ਮਿਲੇ ਗਿਆਨ ਨੂੰ ਏਨੇ ਧਿਆਨ ਨਾਲ ਸੁਣਿਆ ਕਿ ਉਹਦੇ ਅੰਤਰ ਵਿਚ ਲਹਿ ਗਿਆ। ਉਸਨੇ ਤਪੱਸਿਆ ਕੀਤੇ ਬਿਨਾ ਹੀ ਮੁਕਤੀ ਪਾ ਲਈ, ਕੁਝ ਹੋਰ ਕਰਨ ਦੀ ਲੋੜ ਨਾ ਪਈ। ਇਹ ਕਥਾ ਸੁਣਨ ਦੀ ਮਹਿਮਾ ਨੂੰ ਪ੍ਰਗਟ ਕਰਨ ਵਾਸਤੇ ਮਿਥਿਹਾਸੀ ਗਈ ਹੈ।
ਆਪਣੀ ਪੁਸਤਕ ਅਤੇ ਕਥਾ-ਲੜੀ “ਇਕ ਓਂਕਾਰ ਸਤਿਨਾਮ’ ਵਿਚ ਜਪੁਜੀ ਦੀ ਵਿਆਖਿਆ ਨੂੰ ਰਜਨੀਸ਼ ਏਥੋਂ ਆਰੰਭ ਕਰਦਾ ਹੈ: “ਨਾਨਕ ਨੇ ਜੋਗ ਨਹੀਂ ਕੀਤਾ, ਤਪ ਨਹੀਂ ਕੀਤਾ, ਧਿਆਨ ਨਹੀਂ ਲਾਇਆ। ਨਾਨਕ ਨੇ ਸਿਰਫ਼ ਗਾਇਆ। ਪਰ ਗਾਇਆ ਏਨੇ ਪ੍ਰਾਣਾਂ ਨਾਲ ਕਿ ਗੀਤ ਹੀ ਜੋਗ ਹੋ ਗਿਆ, ਗੀਤ ਹੀ ਤਪ ਹੋ ਗਿਆ, ਗੀਤ ਹੀ ਧਿਆਨ ਹੋ ਗਿਆ। ਤੁਸੀਂ ਉਮਰ ਭਰ ਅੱਧੀ ਸੁਰਤ ਨਾਲ ਜੋਗ ਤਪ ਜਾਂ ਧਿਆਨ ਕਰਦੇ ਰਹੋ, ਤਾਂ ਵੀ ਮੁਕਤੀ ਨਹੀਂ ਮਿਲੇਗੀ। ਤੁਸੀਂ ਪੂਰੇ ਪ੍ਰਾਣਾਂ (ਸੁਰਤ) ਨਾਲ ਇਕ ਗੀਤ ਹੀ ਗਾ ਲਉ ਤਾਂ ਵੀ ਪਹੁੰਚ ਜਾਓਗੇ …”
ਸੁਣਨਾ ਜਦੋਂ ਸੰਗੀਤ ਨਾਲ ਬੰਨ੍ਹਿਆ ਜਾਂਦਾ ਹੈ ਤਾਂ ਉਸਦੇ ਅਨੁਭਵ ਜਾਂ ਅਨੂਭੂਤੀ ਦਾ ਗੁਣ-ਧਰਮ ਬਦਲ ਜਾਂਦਾ ਹੈ …
4. ਮਨੋਵਿਗਿਆਨਕ ਕਾਰਣ :
ਜੇ ਸਾਡੇ ਅੰਦਰਲੇ ਵਿਚਾਰਾਂ ਜਾਂ ਭਾਵਾਂ ਦੀ ਬੇਤਰਤੀਬੀ ਦੁੱਖ ਹੈ, ਤਾਂ ਅੰਤਰ-ਤਰਤੀਬ ਦਾ ਪ੍ਰਭਾਵ ਸੁੱਖ ਹੈ। ਰਿਦਮ ਦਾ ਖਾਸ ਗੁਣ ਤਰਤੀਬ ਹੈ। ਜਦੋਂ ਗੀਤ ਦੀ ਰਿਦਮ ਸਾਡੇ ਅੰਦਰ ਲਹਿੰਦੀ ਹੈ ਤਾਂ ਇਕ ਤਰਤੀਬ ਸਾਡੇ ਅੰਦਰ ਵੀ ਉਪਜਣ ਲਗਦੀ ਹੈ। ਇਸ ਨਾਲ (ਅੰਦਰਲੀ ਬੇਤਰਤੀਬੀ ਦਾ) ਦੁੱਖ ਘਟਣ ਲਗਦਾ ਹੈ।
ਜਿੰਨ੍ਹਾਂ ਲੋਕਾਂ ਨੂੰ ਕੀਰਤਨ ਸੁਣਨ ਨਾਲ ਸ਼ਾਂਤੀ ਮਿਲਦੀ ਹੈ, ਉਨ੍ਹਾਂ ਵਿਚੋਂ 99% ਜਣੇ ਗੁਰਬਾਣੀ ਦੇ ਉਸ ਸ਼ਬਦ ਦੀ ਮਸਾਂ ਇਕ ਅਧ ਤੁਕ ਦਾ ਅਰਥ ਹੀ ਸਮਝਦੇ ਹਨ। ਜੋ ਟਿਕਾਅ ਮਿਲਦਾ ਹੈ, ਉਹ ਰਾਗ ਅਤੇ ਸੰਗੀਤ ਰਾਹੀਂ ਆਪਣੇ ਅੰਦਰ ਪ੍ਰਵੇਸ਼ ਹੋਈ ਤਰਤੀਬ ਦਾ ਹੈ। ਨਾਨਕ ਜੀ ਦੇ ਗੁਰੂ ਨਾਨਕ ਹੋਣ ਵਿਚ ਭਾਈ ਮਰਦਾਨਾ ਜੀ ਦੀ ਵੱਡੀ ਦੇਣ ਹੈ। ਇਹ ਨਾਨਕ ਜੀ ਨੂੰ ਵੀ ਪਤਾ ਸੀ। ਇਸੇ ਲਈ ਉਨ੍ਹਾਂ ਆਪਣੇ ਸਾਥ ਲਈ ਮਰਦਾਨਾ ਜੀ ਨੂੰ ਚੁਣਿਆ ਸੀ।
ਪੱਛਮ ਵਿਚ ਅਜਕਲ੍ਹ ਹਲਦੀ ਦੇ ਕੈਪਸੂਲ ਦੁਕਾਨਾਂ ਤੇ ਵਿਕ ਰਹੇ ਹਨ। ਨਿੰਮ ਅਤੇ ਅਧਰਕ ਦਾ ਕਾਪੀਰਾਈਟ ਹੋ ਰਿਹਾ ਹੈ। ਭਾਰਤ ਵਿਚ ਕਈ ਸੌ ਸਾਲ ਪਹਿਲਾਂ ਏਨ੍ਹਾਂ ਪਦਾਰਥਾਂ ਦਾ ਸਿਹਤ-ਵਰਧਕ ਲਾਭ ਪਛਾਣ ਕੇ ਉਨ੍ਹਾਂ ਨੂੰ ਰੋਜ਼ਾਨਾ ਦੇ ਭੋਜਨ ਦਾ ਹਿੱਸਾ ਹੀ ਬਣਾ ਦਿੱਤਾ ਗਿਆ। ਸ਼ਾਇਦ ਏਹੀ ਕੁਝ ਪੁਰਾਣੇ ਸਿਆਣਿਆਂ ਨੇ ਸੁਰ, ਸੰਗੀਤ, ਰਿਦਮ ਅਤੇ ਛੰਦ ਨਾਲ ਕੀਤਾ। ਛੰਦ ਨੂੰ ਰੋਜ਼ਮੱਰਾ ਜੀਵਨ ਦਾ ਭਾਗ ਬਣਾ ਦਿੱਤਾ। ਦੱਖਣ ਭਾਰਤ ਵਿਚ ਲਗਭਗ ਹਰ ਬੱਚੇ ਨੂੰ ਸੰਗੀਤ ਜਾਂ ਨਾਚ ਵਿਚੋਂ ਇਕ ਵਿਧਾ ਬਚਪਨ ਵਿਚ ਹਰ ਹਾਲ ਸਿੱਖਣੀ ਹੀ ਪੈਂਦੀ ਸੀ।
ਇਕ ਸਿਆਣੇ ਬੰਦੇ ਨਾਲ ਡਿਪ੍ਰੈਸ਼ਨ ਦੇ ਦੁਆਈ-ਰਹਿਤ ਇਲਾਜ ਸਬੰਧੀ ਗੱਲ ਹੋ ਰਹੀ ਸੀ। ਉਸਦੇ ਦੱਸੇ 3 ਤਰੀਕਿਆਂ ਵਿਚੋਂ ਸ਼ਾਸਤਰੀ ਸੰਗੀਤ ਸਿੱਖਣਾ ਦੂਜਾ ਤਰੀਕਾ ਸੀ। ਮੈਂ ਦੋਹਾਂ ਦਾ ਸਬੰਧ ਪੁੱਛਿਆ ਤਾਂ ਉਸ ਕਿਹਾ :
“ਵਿਗਿਆਨ ਕਹਿੰਦਾ ਹੈ : ਅਸੀਂ Body ਜਾਂ Mind ਨਹੀਂ, ਅਸੀਂ Body-Mind ਹਾਂ। ਅਰਥਾਤ : ਸਰੀਰ ਦੇ ਪਿੱਛੇ ਮਨ ਜੁੜਿਆ ਹੈ। ਅਣਸਧਿਆ ਮਨ ਉਹ ਹੈ ਜੋ ਤੁਹਾਡਾ ਹੁਕਮ ਨਹੀਂ ਮੰਨਦਾ, ਆਪਣੀ ਮਰਜ਼ੀ ਕਰਦਾ ਹੈ। ਅਜਿਹੇ ਮਨ ਨੂੰ ਕਿੰਨਾ ਵੀ ਚੰਗਾ ਵਿਚਾਰ ਦੇਵੋ, ਉਹ ਜ਼ਾਇਆ ਕਰ ਦੇਵੇਗਾ, ਆਪੇ ਸਹੇੜਿਆ ਦੁੱਖ (ਡਿਪ੍ਰੈਸ਼ਨ) ਜਾਰੀ ਰੱਖੇਗਾ। ਸੰਗੀਤ ਸਿੱਖਣ, ਗਾਉਣ ਜਾਂ ਵਜਾਉਣ ਲਈ ਜਾਂ ਤਾਂ ਗਲ਼ਾ ਵਰਤੋਗੇ, ਜਾਂ ਕੋਈ ਸਾਜ਼ – ਜਿਸ ਲਈ ਹੱਥ ਜਾਂ ਹੋਂਠ ਵਰਤਣੇ ਪੈਣਗੇ। ਜਿਹੜਾ ਵੀ ਅੰਗ ਵਰਤੋਗੇ, ਉਸ ਅੰਗ ਨੂੰ ਸਾਧਣਾ ਪਏਗਾ। ਸਾਧਣ ਦਾ ਅਰਥ ਹੈ: ਉਹ ਅੰਗ ਆਪਣੀ ਮਰਜ਼ੀ ਨਾਲ ਨਹੀਂ, ਸੁਰ ਦੀ ਮਰਜ਼ੀ ਅਨੁਸਾਰ ਹਰਕਤ ਕਰੇ। ਜਿਉਂ ਹੀ ਇਕ ਅੰਗ ਸਧਦਾ ਹੈ, ਉਸਦੇ ਨਾਲ਼ ਜੁੜੇ ਅੰਗ ਵੀ ਉਸੇ ਝਰਨਾਹਟ ਨਾਲ ਸਧਣ ਲਗਦੇ ਹਨ। ਹੱਥ ਸਾਧਣ ਲਈ ਨਾਲ ਜੁੜੀ ਬਾਂਹ ਵੀ ਸਾਧਣੀ ਪੈਂਦੀ ਹੈ। ਬਾਂਹ ਨਾਲ ਜੁੜਿਆ ਧੜ ਵੀ ਅਡੋਲ ਰੱਖਣਾ ਪੈਂਦਾ ਹੈ। ਲੱਤਾਂ ਨੂੰ ਵੀ ਨਿਸਚਲ ਕਰਨਾ ਪੈਂਦਾ ਹੈ। ਗਲਾ ਜਾਂ ਹੱਥ ਸਾਧਦਿਆਂ ਪੂਰਾ ਸਰੀਰ ਸਧ ਜਾਂਦਾ ਹੈ। ਜਦੋਂ ਸੰਗੀਤ ਨਾਲ਼ ਸਰੀਰ ਸਧਣ ਲਗਦਾ ਹੈ ਤਾਂ ਨਾਲ ਜੁੜਿਆ ਮਨ ਵੀ ਸਧਣ ਲਗਦਾ ਹੈ। ਸਧਿਆ ਹੋਇਆ ਮਨ ਤੁਹਾਡੀ ਚੇਤੰਨ ਸੋਚ ਦਾ ਆਖਾ ਮੰਨਦਾ ਹੈ। ਤੁਹਾਡੇ ਹੁਕਮ ਵਿਚ ਚਲਦਾ ਹੈ। ਰਿਦਮ ਦੇ ਨਾਲ਼ ਨਾਲ਼ ਮਨ ਵਿਚ ਵੀ ਤਰਤੀਬ ਪੈਦਾ ਹੋਣ ਲਗਦੀ ਹੈ। ਉਹੀ ਦੁੱਖ ਅਤੇ ਡਿਪ੍ਰੈਸ਼ਨ ਦਾ ਇਲਾਜ ਹੈ…”
ਮੇਰੇ ਮਾਤਾ-ਪਿਤਾ ਦੀ ਪੁਸ਼ਤ ਤਕ ਦੇ ਲੋਕ ਸ਼ਾਇਦ ਏਸੇ ਲਈ ਸਵੇਰੇ ਪਾਠ ਕਰਦੇ ਸਨ। ਉਹ ਮਨ ਨੂੰ ਤਰਤੀਬ ਕਰਕੇ ਦਿਨ ਆਰੰਭ ਕਰਨ ਦੀ ਕੋਸ਼ਿਸ਼ ਕਰਦੇ ਸਨ। ਏਸੇ ਕਾਰਣ ਰੋਜ਼ ਸ਼ਾਮ ਨੂੰ ਗੁਰਦਵਾਰੇ ਜਾਂ ਮੰਦਰ ਜ਼ਰੂਰ ਜਾਂਦੇ ਸੀ। ਉਹ ਰੋਜ਼ ਦੇ ਦੁੱਖ ਦਾ ਇਲਾਜ (ਜਾਂ ਦੁੱਖ ਦੇ ਬਾਣ ਨੂੰ ਖੁੰਢਾ ਕਰਨਾ) ਰਾਤ ਸੌਣ ਤੋਂ ਪਹਿਲਾਂ ਹੀ ਕਰਨ ਦੀ ਕੋਸ਼ਿਸ਼ ਕਰਦੇ ਸੀ। ਮੈਂ ਸੌਣ ਤੋਂ ਪਹਿਲਾਂ ਕਵਿਤਾ ਪੜ੍ਹਦਾ ਹਾਂ ਜਾਂ ਸੰਗੀਤ ਸੁਣਦਾ ਹਾਂ। ਇਹ ਨੀਂਦ ਦਾ ਮੰਗਲਾਚਰਣ ਹੈ।
ਕਵਿਤਾ ਬਾਰੇ ਆਧੁਨਿਕ ਵਿਚਾਰ ਏਹ ਵੀ ਹੈ ਕਿ ਜਿਹੜੀ ਕਵਿਤਾ ਪਾਠਕ ਅੰਦਰ ਬੇਤਰਤੀਬੀ (Anarchy) ਪੈਦਾ ਨਾ ਕਰੇ, ਉਹ ਨਿਸਫ਼ਲ ਹੈ। ਇਹ ਗੱਲ ਸੱਚ ਹੈ – ਜੇ ਕਵਿਤਾ ਦਾ ਮਕਸਦ ਪੁਰਾਣੀ ਅਤੇ ਦੁਖ਼ਦਾਈ (ਮਜ਼ਹਬੀ, ਸਮਾਜਕ, ਆਰਥਿਕ ਜਾਂ ਸਿਆਸੀ) ਤਰਤੀਬ ਨੁੰ ਮਨੁੱਖ ਦੇ ਮਨ ਵਿਚੋਂ ਭੰਨ ਕੇ ਬਾਹਰ ਕੱਢਣਾ ਹੈ। ਪਰ ਏਹ ਕਾਰਜ ਕਰਨ ਮਗਰੋਂ ਅਸੀਂ ਕੋਈ ਨਵੀਂ ਤਰਤੀਬ ਵੀ ਤਾਂ ਚਾਹਾਂਗੇ ਹੀ। ਬੇਤਰਤੀਬੀ ਸਾਡੀ ਅਵਸਥਾ ਹੋ ਸਕਦੀ ਹੈ, ਲੋੜ ਵੀ ਹੋ ਸਕਦੀ ਹੈ, ਪਰ ਮਕਸਦ ਨਹੀਂ।
ਕੋਈ ਆਖ਼ ਸਕਦਾ ਹੈ ਕਿ – ਉਹ ਕਿਸੇ ਵੀ ਤਰਤੀਬ ਨਾਲ ਨਹੀਂ ਜੀਣਾ ਚਾਹੁੰਦਾ। ਬਸ ਓਵੇਂ ਜੀਣਾ ਚਾਹੁੰਦਾ ਹੈ ਜਿਵੇਂ ਜ਼ਿੰਦਗੀ ਉਹਨੂੰ ਰੋਜ਼ ਆ ਕੇ ਮਿਲਦੀ ਤੇ ਬਦਲਦੀ ਹੈ। ਜਿਵੇਂ ਕਿ ਫ਼ਕੀਰ ਜੀਂਦੇ ਹਨ। ਅਜਿਹਾ ਸ਼ਖਸ ਓਸ ਤਰ੍ਹਾਂ ਜੀਣਾ ਚਾਹੁੰਦਾ ਹੈ, ਜਿਵੇਂ ਨਦੀ ਦੇ ਪਾਣੀ ਉਪਰ ਫੁੱਲ ਤੈਰ ਰਿਹਾ ਹੋਵੇ। ਉਹ ਫੁੱਲ ਆਪਣੀ ਮਰਜ਼ੀ ਜਾਂ ਖਾਸ ਵਿਧੀ ਨਾਲ ਨਹੀਂ – ਸਗੋਂ ਲਹਿਰਾਂ, ਹਵਾ, ਬੱਦਲਾਂ ਅਤੇ ਵਰ੍ਹਦੀ ਵਰਖਾ ਦੀ ਤਰਤੀਬ ਵਿਚ ਤੈਰ ਅਤੇ ਜੀਅ ਰਿਹਾ ਹੈ।
ਹੁਣ ਉਹ ਕੁਦਰਤ ਦੀ ਤਰਤੀਬ ਵਿਚ ਹੈ, ਬੇਤਰਤੀਬੀ ਵਿਚ ਹਾਲੇ ਵੀ ਨਹੀਂ …
5. ਚੇਤਨਾਮਈ ਕਾਰਣ
ਮਨੁੱਖੀ ਮਨ ਦੇ ਦੋ ਹਿੱਸੇ ਹਨ : ਸੁਚੇਤ ਅਤੇ ਅਚੇਤ। ਸੁਚੇਤ ਮਨ ਵਿਚ ਉਹ ਦ੍ਰਿਸ਼ ਹੈ ਜੋ ਹੁਣੇ ਦਿਸ ਰਿਹਾ ਹੈ, ਸੁਣ ਰਿਹਾ ਹੈ, ਗ੍ਰਹਿਣ ਹੋ ਰਿਹਾ ਹੈ। ਸੁਚੇਤ ਮਨ ਵਿਚ ਤਰਕ, ਵਿਚਾਰ ਅਤੇ ਵਿਸ਼ਲੇਸ਼ਣ ਹੈ। ਇਹ ਕੰਪਿਊਟਰ ਦੀ RAM ਹੈ। ਅਚੇਤ ਮਨ ਮੁਢਲੇ ਰੂਪ ਵਿਚ MEMORY ਹੈ। ਸੱਭੇ ਅਨੁਭਵ, ਯਾਦਾਂ, ਡਰ, ਵਿਸ਼ਵਾਸ, ਸੰਸਕਾਰ, ਬਿਰਤੀਆਂ – ਏਸ ਵਿਚ ਜਮ੍ਹਾਂ ਹਨ। ਧਰਮ ਦੀ ਧਾਰਣਾ ਵੀ ਅਚੇਤ ਮਨ ਵਿਚ ਲੁੱਕ ਕੇ ਰਹਿੰਦੀ ਹੈ। ਮਨੁੱਖ ਕਿਸੇ ਘਟਨਾ ਨੂੰ ਸਮਝਣ ਲਈ ਸੁਚੇਤ ਮਨ ਵਰਤਦਾ ਹੈ ਪਰ ਉਹਦੇ ਪ੍ਰਤੀਕਰਮ ਜਾਂ ਆਪਣੇ ਕਰਮ ਲਗਭਗ ਸਦਾ ਹੀ ਅਚੇਤ ਮਨ ਰਾਹੀਂ ਨਿਸਚਿਤ ਕਰਦਾ ਹੈ। ਇਸੇ ਕਰਕੇ ਕਿਸੇ ਨੂੰ ਸਮਝਾਉਣ ਦਾ ਆਮ ਤੌਰ ਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਦੂਜੇ ਦਾ ਆਖਿਆ ਸੁਚੇਤ ਮਨ ਵਿਚ ਵੜ ਕੇ ਓਥੋਂ ਹੀ ਬਾਹਰ ਨਿਕਲ ਜਾਂਦਾ ਹੈ, ਜਦ ਕਿ ਕਰਮ – ਅਚੇਤ ਮਨ ਦੀ ਆਦਤ ਅਨੁਸਾਰ ਵਾਪਰਦਾ ਹੈ।
ਸੁਚੇਤ ਯਤਨ ਨਾਲ ਕੀਤੀ ਕੋਈ ਵੀ ਤਬਦੀਲੀ ਤਦ ਤਕ ਸਦੀਵੀ ਨਹੀਂ ਹੁੰਦੀ ਜਦ ਤਕ ਉਹ ਅਚੇਤ ਮਨ ਵਿਚ ਨਾ ਲਹਿ ਜਾਵੇ। ਇਸੇ ਕਰਕੇ ਆਖ਼ਦੇ ਹਨ ਕੋਈ ਵੀ ਨਵਾਂ ਜਤਨ ਜਾਂ ਅਭਿਆਸ ਜਦ ਤਕ 3 ਹਫ਼ਤੇ ਲਗਾਤਾਰ ਨਾ ਕੀਤਾ ਜਾਵੇ, ਉਹ ਅਚੇਤ ਮਨ ਤਕ ਨਹੀਂ ਪਹੁੰਚਦਾ, ਆਦਤ ਨਹੀਂ ਬਣਦਾ। ਜਿਹੜਾ ਜਤਨ 3 ਮਹੀਨੇ ਲਗਾਤਾਰ ਕਰ ਲਿਆ ਜਾਵੇ, ਉਹ ਸਥਾਈ ਹੋ ਜਾਂਦਾ ਹੈ। ਜਿਹੜਾ 3 ਸਾਲ ਕਰ ਲਿਆ ਜਾਵੇ, ਉਹ ਸਦੀਵੀ ਹੋ ਜਾਂਦਾ ਹੈ। ਸੁਚੇਤ ਮਨ ਦੀ ਯਾਦ-ਸ਼ਕਤੀ ਥੋੜ੍ਹ-ਚਿਰੀ (Short-term) ਹੈ, ਅਚੇਤ ਮਨ ਦੀ ਚਿਰ-ਸਥਾਈ (Long-term).
ਅਚੇਤ ਮਨ ਵਿਚ ਅਜਿਹੀਆਂ ਯਾਦਾਂ ਅਤੇ ਅਨੁਭਵ ਲੁੱਕੇ ਰਹਿੰਦੇ ਹਨ ਕਿ ਸੁਚੇਤ ਵਿਚ ਆ ਜਾਣ ਤਾਂ ਮਨੁੱਖ ਪਾਗ਼ਲ ਹੋ ਸਕਦਾ ਹੈ। ਇਸ ਲਈ ਸੁਚੇਤ ਅਤੇ ਅਚੇਤ ਮਨ ਵਿਚ ਮੋਟਾ ਪਰਦਾ ਹੈ ਜਿਸਨੂੰ ਚੀਰਣ ਲਈ ਖੋਜਾਂ ਕੀਤੀਆਂ ਗਈਆਂ। ਧਿਆਨ ਸਾਧਨਾ ਦਾ ਇਕ ਵੱਡਾ ਮਕਸਦ ਇਸ ਪਰਦੇ ਨੂੰ ਪਾਰ ਕਰਕੇ ਆਪਣੇ ਅੰਦਰ ਝਾਕਣਾ ਹੈ। ਬੁੱਧ ਦਾ ਕਹਿਣਾ ਸੀ: “ਦੀਵਾ ਲੈ ਕੇ ਆਪਣੇ ਅੰਦਰ ਲਹਿ ਜਾਉ ਤੇ ਕੋਈ ਕੋਨਾ ਅਣਵੇਖਿਆ ਨਾ ਛੱਡੋ …”। ਜਿਉਂ ਹੀ ਸੰਪੂਰਨ ਵੇਖਣਾ ਵਾਪਰ ਜਾਂਦਾ ਹੈ, ਮਨ ਵਿਚ ਜੋ ਵੀ ਅਣਚਾਹਿਆ (ਵਿਕਾਰ, ਸੰਸਕਾਰ, ਦੁੱਖ, ਕ੍ਰੋਧ, ਹੰਕਾਰ) ਜਮ੍ਹਾ ਹੈ, ਉਹ ਇਸ ਵੇਖਣ ਨਾਲ ਹੀ ਵਿਦਾ ਹੋ ਜਾਂਦਾ ਹੈ। ਜਿਸਨੂੰ ਮੁਕਤੀ ਕਿਹਾ ਗਿਆ ਹੈ, ਉਹ ਇਸ ਵਿਦਾ ਦਾ ਵਾਪਰਣਾ ਹੀ ਹੈ।
ਸੰਗੀਤ ਵਿਚ ਇਹ ਸਮਰੱਥਾ ਹੈ ਕਿ ਸੁਚੇਤ ਅਤੇ ਅਚੇਤ ਦੇ ਦਰਮਿਆਨ ਦੇ ਪਰਦੇ ਨੂੰ ਅਛੋਪਲੇ ਹੀ ਪਾਸੇ ਕਰ ਦਿੰਦਾ ਹੈ। ਫਿਰ ਸੰਗੀਤ ਦੇ ਨਾਲ ਜਿਹੜਾ ਬੋਲ ਵੱਜ/ਸੁਣ ਰਿਹਾ ਹੁੰਦਾ ਹੈ, ਉਹ ਵੀ ਅਚੇਤ ਮਨ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸੇ ਲਈ ਛੰਦਮਈ ਗੀਤ ਸਾਨੂੰ ਛੇਤੀ ਅਤੇ ਵਧੇਰੇ ਚਿਰ ਤਕ ਯਾਦ ਰਹਿ ਜਾਂਦੇ ਹਨ। ਉਹ ਸਾਡੇ ਅਚੇਤ ਵਿਚ ਥਾਂ ਬਣਾ ਲੈਂਦੇ ਹਨ। ਏਸ ਅਰਥ ਵਿਚ ਸੰਗੀਤ – ਸ਼ਬਦ ਜਾਂ ਵਿਚਾਰ ਦਾ ਬਦਲ (Substitute) ਨਹੀਂ, ਸਹਾਇਕ ਹੈ। ਜਦੋਂ ਸੁਰਜੀਤ ਪਾਤਰ ਆਪਣੀ ਕਵਿਤਾ ਗਾ ਕੇ ਸੁਣਾਉਂਦਾ ਹੈ, ਉਹ ਆਪਣੀ ਕਵਿਤਾ ਦੇ ਚੰਗੇ ਦਿਸਣ ਲਈ ਨਹੀਂ, ਉਹਨੂੰ ਸਾਡੇ ਅੰਤਰ ਵਿਚ ਗਹਿਰਾ ਉਤਾਰਣ ਲਈ ਗਾਉਂਦਾ ਹੈ। ਪਰ ਇਹ ਲੋੜ ਉਹਦੀ ਨਹੀਂ, ਸਾਡੀ ਹੈ, ਕਿਉਂਕਿ ਪਰਦਾ ਸਾਡੇ ਅੰਦਰ ਹੈ।
ਜਿਹੜਾ ਗਿਆਨ ਸਾਡੇ ਪਿੱਤਰ ਸਾਨੂੰ ਗਹਿਰੀ ਤਰ੍ਹਾਂ ਦੇਣਾ ਚਾਹੁੰਦੇ ਸਨ, ਉਹ ਧਰਮ ਨਾਲ ਜੋੜ ਦਿੰਦੇ ਸਨ, ਜਾਂ ਸੰਗੀਤ ਨਾਲ। ਗੁਰੂਆਂ ਨੇ ਵੀ ਇਹੀ ਕੀਤਾ। ਸੁਰਜੀਤ ਪਾਤਰ ਤੇ ਦੋਸ਼ ਲਾਇਆ ਜਾ ਸਕਦਾ ਹੈ ਕਿ ਉਹਨੂੰ ਆਪਣੀ ਕਵਿਤਾ ਦੀ ਡੂੰਘਾਈ ਬਾਰੇ ਸ਼ੰਕਾ ਹੈ ਤਾਂ ਸੰਗੀਤ ਦਾ ਆਸਰਾ ਲੈਂਦਾ ਹੈ। ਨਾਨਕ ਨੂੰ ਤਾਂ ਆਪਣੇ ਅਨੁਭਵ ਜਾਂ ਆਖਣ ਵਾਲੀ ਗੱਲ ਬਾਰੇ ਕੋਈ ਸ਼ੰਕਾ ਨਹੀਂ ਸੀ। ਉਹ ਆਪਣੀ ਗੱਲ ਦਾ ਭਾਰ ਵਧਾਉਣ ਲਈ ਸੰਗੀਤ ਨਹੀਂ ਵਰਤ ਰਹੇ ਸਨ। ਉਹ ਆਪਣੀ ਗੱਲ ਦੀ ਗਹਿਰਾਈ ਮਨੁੱਖ ਦੇ ਅਚੇਤ ਮਨ ਤਕ ਵਧਾਉਣ ਲਈ ਆਪਣੇ ਸ਼ਬਦ ਨੂੰ ਸੰਗੀਤ ਨੂੰ ਜੋੜ ਰਹੇ ਸਨ। ਇਉਂ ਕਰਨ ਵਾਲੇ ਉਹ ਪਹਿਲੇ ਨਹੀਂ ਸਨ, ਨਾ ਆਖ਼ਰੀ …
*
ਗਾਇਕ ਜਗਜੀਤ ਸਿੰਘ ਗੁਜ਼ਰ ਗਏ। ਕੁਝ ਸਾਲਾਂ ਬਾਦ ‘ਹਿੰਦੁਸਤਾਨ ਟਾਈਮਜ਼’ ਨੇ ਚਿੱਤਰਾ ਸਿੰਘ ਨਾਲ ਮੁਲਾਕਾਤ ਕੀਤੀ। ਪੁੱਛਿਆ: ‘ਜਗਜੀਤ ਸਿੰਘ ਤੁਹਾਡੇ ਉਸਤਾਦ ਵੀ ਸਨ। ਉਨ੍ਹਾਂ ਤੋਂ ਕਿਹੜੀਆਂ 3 ਵੱਡੀਆਂ ਗੱਲਾਂ ਸਿੱਖੀਆਂ ?’
ਚਿੱਤਰਾ ਸਿੰਘ ਨੇ ਦੱਸਿਆ: “ਪਹਿਲੀ ਗੱਲ ਤਾਂ ਓਹੀ ਜੋ ਸਾਰੇ ਗੁਰੂ ਆਖ਼ਦੇ ਹਨ – ਰਿਆਜ਼ ਕਰੋ, ਰਿਆਜ਼ ਕਰੋ, ਰਿਆਜ਼ ਕਰੋ। ਜੇ ਇਕ ਹਫ਼ਤਾ ਨਹੀਂ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਇਕ ਮਹੀਨਾ ਨਹੀਂ ਕਰੋਗੇ ਤਾਂ ਸੰਗੀਤ ਦੀ ਸਮਝ ਰੱਖਣ ਵਾਲ਼ੇ ਨੂੰ ਪਤਾ ਲੱਗ ਜਾਵੇਗਾ। ਤਿੰਨ ਮਹੀਨੇ ਨਹੀਂ ਕਰੋਗੇ ਤਾਂ ਸਾਧਾਰਣ ਸ੍ਰੋਤੇ ਨੂੰ ਵੀ ਪਤਾ ਲੱਗਣ ਲੱਗੇਗਾ। … ਦੂਜੀ ਗੱਲ ਸਮਝਾਉਂਦੇ ਸਨ ਕਿ : ਸੁਰ ਦੇ ਸਿਰ ਵਿਚ ਸੱਟ ਮਾਰਨੀ ਹੁੰਦੀ ਹੈ। ਬਹੁਤੇ ਗਾਇਕ ਸੁਰ ਦੇ ਆਲੇ ਦੁਆਲੇ ਗਾਉਂਦੇ ਹਨ। ਸਾਧਾਰਣ ਸ੍ਰੋਤੇ ਨੂੰ ਪਤਾ ਨਹੀਂ ਲਗਦਾ, ਪਰ ਸੁਰ ਦੀ ਸੂਝ ਵਾਲ਼ੇ ਨੂੰ ਪਤਾ ਲੱਗ ਜਾਂਦਾ ਹੈ।“
ਚਿੱਤਰਾ ਸਿੰਘ ਨੇ ਜੋ ਤੀਜੀ ਗੱਲ ਦੱਸੀ, ਉਹਨੇ ਮੈਨੂੰ ਓਸ ਵੇਲੇ ਹੈਰਾਨ ਕੀਤਾ ਕਿ : “ਜਗਜੀਤ ਸਿੰਘ ਕਹਿੰਦੇ ਸਨ – ਗਾਇਣ ਵਿਚ ਜਿਹੜੇ ਆਲਾਪ ਲੈਣੇ ਹੁੰਦੇ ਹਨ, ਉਹ ਓਦੋਂ ਕਰਨੇ ਜਦੋਂ ਘਰ ਬੈਠ ਕੇ ਰਿਆਜ਼ ਕਰਨਾ ਹੈ। ਉਹ ਮਹਿਫ਼ਲ ਵਿਚ ਨਹੀਂ ਗਾਉਣੇ। ਜੇ ਤੁਸੀਂ ਸ਼ੁੱਧ ਸ਼ਾਸਤਰੀ ਸੰਗੀਤ ਦੇ ਗਾਇਕ ਹੋ ਤਾਂ ਮਹਿਫ਼ਲ ਵਿਚ ਜ਼ਰੂਰ ਗਾਓ ਕਿਉਂਕਿ ਇਹ ਆਲਾਪ ਹੀ ਤੁਹਾਡੀ ਗਾਇਕੀ ਦਾ ਪ੍ਰਾਣ ਹਨ। ਪਰ ਜਦ ਤੁਸੀਂ ਗੀਤ ਜਾਂ ਗਜ਼ਲ ਗਾਉਣ ਗਏ ਹੋ ਤਾਂ ਉਹ ਸ੍ਰੋਤੇ ਤੁਹਾਡੀ ਗਾਇਕੀ ਦੀਆਂ ਕਲਾਬਾਜ਼ੀਆਂ ਵੇਖਣ ਨਹੀਂ ਆਏ। ਗਜ਼ਲ ਗਾਇਕੀ ਵਿਚ ਤੁਹਾਡਾ ਇਕ ਹੀ ਮਕਸਦ ਹੈ : ਤੁਸੀਂ ਇਉਂ ਗਾਓ ਕਿ ਕਵਿਤਾ (ਗੀਤ ਜਾਂ ਗਜ਼ਲ) ਦਾ ਅਸਲੀ ਅਰਥ ਸ੍ਰੋਤੇ ਸਾਹਵੇਂ ਸੰਪੂਰਨ ਪ੍ਰਗਟ ਹੋ ਜਾਵੇ। ਤੁਸੀਂ ਤੇ ਤੁਹਾਡੀ ਗਾਇਕੀ ਪਿੱਠਭੂਮੀ ਵਿਚ ਚਲੇ ਜਾਣ। ਸ੍ਰੋਤਾ ਘਰ ਜਾਵੇ ਤਾਂ ਤੁਹਾਨੂੰ ਮਹਿਫ਼ਲ ਵਿਚ ਹੀ ਛਡ ਜਾਵੇ, ਉਸ ਕਵਿਤਾ ਦਾ ਅਰਥ ਅਤੇ ਭਾਵ ਆਪਣੇ ਅੰਦਰ ਭਰ ਕੇ ਆਪਣੇ ਨਾਲ਼ ਘਰ ਲੈ ਜਾਵੇ …”
ਓਦੋਂ ਸਮਝ ਆਇਆ : ਗ਼ੁਲਾਮ ਅਲੀ ਵਰਗੀ ਗਾਇਣ ਸਮਰੱਥਾ ਰੱਖ਼ਦਿਆਂ ਵੀ ਜਗਜੀਤ ਸਿੰਘ ਉਹਦੇ ਵਾਂਗ ਹਰ ਤੁਕ ਨੂੰ ਦਸ ਦਸ ਵਾਰੀ ਮੋੜ ਮੋੜ ਕੇ ਕਿਉਂ ਨਹੀਂ ਗਾਉਂਦੇ ਸੀ? ਗ਼ੁਲਾਮ ਅਲੀ ਆਪਣੀ ਗਾਇਕੀ ਸੁਣਾਉਣ ਆਉਂਦੇ ਸੀ, ਜਗਜੀਤ ਸਿੰਘ ਸ਼ਾਇਰੀ ਸੁਣਾਉਣ ਆਉਂਦੇ ਸੀ।
ਜੇ ਇਹ ਸੂਝ ਪੰਜਾਬ ਦੇ ਇਕ ਵੱਡੇ ਗਾਇਕ (ਜਗਜੀਤ ਸਿੰਘ) ਕੋਲ ਸੀ, ਤਾਂ ਇਹੀ ਸੂਝ ਪੰਜਾਬੀ ਦੇ ਇਕ ਵੱਡੇ ਸ਼ਾਇਰ (ਪਾਤਰ) ਕੋਲ ਵੀ ਸੀ …
*
ਸੁਚੇਤ ਅਤੇ ਅਚੇਤ ਮਨ ਵਿਚਲਾ ਪਰਦਾ ਤੋੜਣ ਦਾ ਇਕੋ ਇਕ ਸਾਧਨ ਛੰਦ ਹੀ ਨਹੀਂ। ਪਾਸ਼ ਆਪਣੇ ਸ਼ਬਦਾਂ ਦੇ ਪ੍ਰਚੰਡ ਪ੍ਰਹਾਰ ਨਾਲ ਸਾਡੇ ਅੰਦਰਲਾ ਪਰਦਾ ਸਫ਼ਲਤਾਪੂਰਵਕ ਭੰਨਦਾ ਹੈ। ਧਿਆਨ ਸਾਧਨਾ ਵਿਚ ਨਿਰਵਿਚਾਰ ਦਰਸ਼ਨ ਦੀ ਕਿਰਿਆ ਵਿਚ ਇਹ ਪਰਦਾ ਭੁਰ ਕੇ ਡਿਗ ਪੈਂਦਾ ਹੈ। ਪ੍ਰੇਮ ਅਤੇ ਸਮਰਪਣ ਦੇ ਪਲ ਵਿਚ ਅਸੀਂ ਇਹ ਪਰਦਾ ਆਪ ਹੀ ਤਿਆਗ ਦੇਂਦੇ ਹਾਂ; ਆਪਣਾ ਨਿਜੀ, ਵਰਜਿਤ ਜਾਂ ਲੁਕਾ ਕੇ ਰੱਖਿਆ ਭੇਦ ਉਸ ਅੱਗੇ ਪ੍ਰਗਟ ਕਰ ਦਿੰਦੇ ਹਾਂ, ਜਿਸ ਨਾਲ ਪ੍ਰੇਮ ਹੈ। ਮਨ ਵਿਚ ਸ਼ਰਧਾ ਹੋਵੇ ਤਾਂ ਗੁਰੂ ਕੋਲੋਂ ਕੁਝ ਨਹੀਂ ਲੁਕਾਉਂਦੇ। ਬੱਚਾ ਵੱਡੀ ਗਲਤੀ ਵੀ ਮਾਂ ਕੋਲੋਂ ਨਹੀਂ ਲੁਕਾਉਂਦਾ। ਕਵੀ ਆਪਣੀ ਕਵਿਤਾ ਸਾਹਵੇਂ ਕੁਝ ਨਹੀਂ ਲੁਕਾਉਂਦਾ। ਸੁਰਜੀਤ ਪਾਤਰ ਦੇ ਹੀ ਸ਼ਬਦਾਂ ਵਿਚ :
“ਤੇਰੇ ਲਫ਼ਜ਼ ਨੇ ਲਹੂ ਵਿਚ ਤੇਰਾ ਰਾਗ ਹੈ ਰਗਾਂ ਵਿਚ
ਐ ਗਜ਼ਲ ਵੱਸੇਂ ਤੂੰ ਸਾਹੀਂ ਤੇਰੇ ਤੋਂ ਕੀ ਲੁਕੋਅ ਹੈ ?”
*
ਛੰਦ ਦੀ ਸਾਰੀ ਸੋਭਾ ਦੇ ਬਾਵਜੂਦ …
ਜੇ ਮੈਂ ਨਵਾਂ ਪੰਜਾਬੀ ਕਵੀ ਹੋਵਾਂ ਤਾਂ ਕਵਿਤਾ ਨੂੰ ਪਹਿਲਾਂ ਖੁਲ੍ਹੇ ਰੂਪ ਵਿਚ ਹੀ ਲਿਖ਼ਣਾ ਸਿੱਖਾਂ। ਤਾਂ ਕਿ ਕਾਵਿ-ਵਿਚਾਰ ਨੂੰ ਸ਼ੁੱਧ ਰੱਖ ਸਕਾਂ। ਹਰ ਸਤਰ ਨੂੰ ਲਿਖ਼ਣ ਮਗਰੋਂ ਨੀਝ ਨਾਲ਼ ਦੇਖਾਂ ਕਿ ਇਸ ਵਿਚੋਂ ਕਿਹੜੇ ਸ਼ਬਦ ਕੱਢ ਦੇਣ ਨਾਲ ਵੀ ਵਿਚਾਰ ਬਦਲਦਾ ਨਹੀਂ। ਉਹ ਸ਼ਬਦ ਕੱਢ ਦੇਵਾਂ। ਹਰ ਸਤਰ ਨੂੰ 5 ਵੱਖਰੇ ਤਰੀਕਿਆਂ ਨਾਲ ਲਿਖ਼ ਕੇ ਵੇਖਾਂ ਕਿ ਕਿਹੜੇ ਸ਼ਬਦਾਂ ਨਾਲ ਵਿਚਾਰ ਵਧ ਨਿੱਖਰਦਾ ਹੈ। ਦੇਖਾਂ ਕਿ ਕਿਹੜੇ ਸ਼ਬਦਾਂ ਦਾ ਜੋੜ ਕਵਿਤਾ ਨੂੰ ਰਵਾਨੀ ਲੈਅ ਜਾਂ ਤਾਲ ਦਿੰਦਾ ਹੈ ਪਰ ਵਿਚਾਰ ਨੂੰ ਨਹੀਂ ਬਦਲਦਾ।
ਮੁਢਲੀਆਂ ਸ਼ਰਤਾਂ ਦਾ ਧਿਆਨ ਤਾਂ ਰੱਖਾਂ ਹੀ ਰੱਖਾਂ ਕਿ : ਕੀ ਮੈਂ ਕੋਈ ਨਵੀਂ ਗੱਲ ਕਹਿ ਰਿਹਾ ਹਾਂ ? ਜੇ ਨਹੀਂ ਤਾਂ ਕੀ ਪੁਰਾਣੀ ਨੂੰ ਨਵੇਂ ਤਰੀਕੇ ਨਾਲ ਕਹਿ ਰਿਹਾ ਹਾਂ ਜਿਹੜੀ ਪਾਠਕ ਅੰਦਰ ਵਧ ਡੂੰਘਾ ਉਤਰੇਗੀ ? ਕੀ ਇਹ ਗੱਲ ਕਹਿਣ ਦੀ ਲੋੜ ਹੈ ਵੀ ਕਿ ਨਹੀਂ ? ਜੇ ਕਵਿਤਾ ਵਿਚ ਵਿਚਾਰ ਭਾਰੂ ਹੋਵੇ ਤਾਂ ਖੁਲ੍ਹੇ ਰੂਪ ਵਿਚ ਹੀ ਲਿਖ਼ਾਂ। ਜੇ ਭਾਵ ਦੀ ਬਹੁਲਤਾ ਹੋਵੇ ਤਾਂ ਛੰਦ ਚੁਣਾਂ। ਪਰ ਇਹ ਮੇਰੀ ਆਪਣੀ ਚੋਣ ਹੈ, ਨਿਯਮ ਨਹੀਂ।
ਜਦ ਮੈਂ ਏਸ ਕਿਰਿਆ ਵਿਚ ਪਰਪੱਕ ਹੋ ਜਾਵਾਂ ਅਤੇ ਮੈਨੂੰ 5000 ਛੰਦਬੱਧ ਕਵਿਤਾਵਾਂ ਜਾਂ ਮਿਸਰੇ ਯਾਦ ਹੋ ਜਾਣ, ਤੋਲ ਤੁਕਾਂਤ ਸਾਂਭਣਾ ਆ ਜਾਵੇ, ਤਾਂ ਮੈਂ ਛੰਦਬੱਧ ਕਵਿਤਾ ਲਿਖ਼ਾਂ। ਪਰ ਉਸਨੂੰ ਛਾਪਾਂ ਓਦੋਂ ਜਦੋਂ ਮੇਰੇ ਵਿਚ ਸੁਰਜੀਤ ਪਾਤਰ, ਵਿਜੈ ਵਿਵੇਕ, ਗੁਰਤੇਜ ਕੋਹਾਰਵਾਲਾ, ਜਸਵਿੰਦਰ, ਸੁਖਵਿੰਦਰ ਅੰਮ੍ਰਿਤ (ਅਤੇ ਹੋਰ ਵੀ ਨਾਮ ਹਨ) ਵਰਗੀ ਉਹ ਪਰਪੱਕਤਾ ਆ ਜਾਵੇ ਜਿਹੜੀ ਇਹ ਗੱਲ ਯਕੀਨੀ ਬਣਾਉਂਦੀ ਹੈ ਕਿ :
ਕਵਿਤਾ ਵਿਚਲਾ ਵਿਚਾਰ – ਉਹਦੀ ਰੀੜ੍ਹ ਦੀ ਹੱਡੀ ਹੋਵੇ
ਕਵਿਤਾ ਅੰਦਰਲਾ ਭਾਵ – ਕਵਿਤਾ ਦਾ ਸਰੀਰ ਘੜੇ
ਤੇ ਛੰਦ – ਕਵਿਤਾ ਦੇ ਸਰੀਰ ਨੂੰ ਕੱਜਦਾ ਵਸਤਰ ਹੋਵੇ
ਵਸਤਰ ਏਨਾ ਮਹੀਨ ਤੇ ਸਰੀਰ ਏਨਾ ਪਾਰਦਰਸ਼ੀ ਹੋਵੇ ਕਿ ਪਾਠਕ ਨੂੰ ਛੰਦ-ਸੰਗੀਤ ਅਤੇ ਭਾਵ ਵਿਚੋਂ ਦੀ ਤੱਕਦਿਆਂ ਵੀ ਕਵਿਤਾ ਦਾ ਵਿਚਾਰ ਸਪਸ਼ਟ ਦ੍ਰਿਸ਼ਟੀਗੋਚਰ ਹੋ ਜਾਵੇ। ਸੁਰਜੀਤ ਪਾਤਰ ਦੇ ਸ਼ਬਦਾਂ ਵਿਚ :
ਪਤਾ ਨਾ ਲੱਗੇ ਏਹ ਚੰਨ ਤਾਰੇ ਬਦਨ ਨੇ ਜਾਂ ਕਿ ਲਿਬਾਸ ਤੇਰਾ
ਤੂੰ ਆਪਣੀ ਕੁਦਰਤ ਤੇ ਆਪਣੇ ਵਿਚਲਾ ਇਹ ਪਰਦਾ ਇਉਂ ਹੀ ਮਹੀਨ ਰੱਖੀਂ
ਇਹ ਸਭ ਕਰਦਿਆਂ ਟੀ ਐਸ ਈਲੀਅਟ ਦੀ ਆਖੀ ਗੱਲ ਚੇਤੇ ਰੱਖਣੀ ਪੈਣੀ ਜਿਹੜੀ ਨਵਤੇਜ ਭਾਰਤੀ ਹੁਰਾਂ ਸੁਣਾਈ ਸੀ : “ਜੇ ਰਿਦਮ ਕਵੀ ਦੇ ਅੰਦਰ ਨਾ ਹੋਵੇ, ਤਾਂ ਕਵਿਤਾ ਵਿਚ ਉਤਰਿਆ ਰਿਦਮ ਮਸਨੂਈ ਹੀ ਰਹਿ ਜਾਵੇਗਾ …”
*
_____________________________
14 ਜੂਨ 2024
ਅਗਲਾ ਭਾਗ (5) ਅਵਰਿ-ਕਾਜ ਤੇ ਪਾਤਰ
ਅਗਲੀ ਵਾਰੀ …
(5) ‘ਅਵਰਿ-ਕਾਜ’ ਤੇ ਪਾਤਰ
_____________________________
ਸੁਖਪਾਲ
ਨਵਤੇਜ ਭਾਰਤੀ ਨੇ ਸੁਰਜੀਤ ਪਾਤਰ ਨੂੰ ਕਿਹਾ : “ਜਿੰਨੀ ਤੇਰੀ ਸਾਹਿਤਕ ਉਮਰ ਹੈ, ਓਸ ਲਿਹਾਜ਼ ਨਾਲ਼ ਤੂੰ ਬਹੁਤ ਘੱਟ ਲਿਖਿਆ ਹੈ। ਤੂੰ ਸਾਹਿਤ ਅਕਾਦਮੀ, ਲਲਿਤ ਕਲਾ ਅਕਾਦਮੀ ਦਾ ਪ੍ਰਧਾਨ ਬਣਿਆ ਹੈਂ। ਰੋਜ਼ ਕਿਸੇ ਸਮਾਗਮ ਤੇ ਗਿਆ ਹੁੰਦਾ ਹੈਂ। ਬੇਅੰਤ ਲੇਖਕਾਂ ਦੀਆਂ ਕਿਤਾਬਾਂ ਦੇ ਮੁਖਬੰਧ ਲਿਖਦਾ ਹੈਂ। ਤੇਰਾ ਮੁਢਲਾ ਕੰਮ ਰਚਨਾ ਲਿਖਣ ਦਾ ਹੈ। ਏਨ੍ਹਾਂ ਕੰਮਾਂ ਸਦਕਾ ਤੇਰੀ ਕ੍ਰੀਏਟਿਵਟੀ ਨੂੰ ਘਾਟਾ ਪੈ ਰਿਹਾ ਹੈ, ਤੇ ਸਾਨੂੰ ਸਭਨਾਂ ਨੂੰ ਵੀ”। ਪਾਤਰ ਨੇ ਸਹਿਜ ਤੇ ਵਿਸ਼ਵਾਸ ਨਾਲ ਜੁਆਬ ਦਿੱਤਾ : “ਨਹੀਂ, ਏਹ ਕੰਮ ਵੀ ਜ਼ਰੂਰੀ ਹਨ। ਇਹ ਸਾਹਿਤ ਨੂੰ ਗੁਣਾ ਕਰਦੇ ਹਨ”।
ਭਾਰਤੀ ਜੀ ਕਹਿ ਰਹੇ ਸਨ : “ਇਹ ਕੰਮ ਕਰਨੇ ਪਾਤਰ ਦੀ Creative Sacrifice ਸੀ। ਕਵਿਤਾ ਲਿਖ਼ਣ ਜਿੰਨਾ ਹੀ ਮਹੱਤਵਪੂਰਣ ਹੈ ਕਵਿਤਾ ਨੂੰ ਪ੍ਰਚੱਲਤ ਕਰਨਾ, ਸਾਡੀ ਮਾਨਸਿਕਤਾ ਦਾ ਅੰਗ ਬਣਾ ਦੇਣਾ। ਨਾਨਕ ਤੇ ਬੁੱਧ ਨੇ ਅਜਿਹੇ ਕਾਰਜਾਂ ਦੀ ਮਹੱਤਤਾ ਨੂੰ ਗਹਿਰਾਈ ਨਾਲ ਜਾਣਿਆ। ਵਰਨਾ ਨਾਨਕ ਨੂੰ ਉਦਾਸੀਆਂ ਕਰਨ ਦੀ ਕੀ ਲੋੜ ਸੀ ? ਉਹ ਤਾਂ ਵੇਈਂ ਵਿਚੋਂ ਨਿਕਲਣ ਵੇਲ਼ੇ ਨਿਰਵਾਣ ਨੂੰ ਅੱਪੜ ਹੀ ਗਏ ਸੀ। ਬੁੱਧ ਕਈ ਜਨਮ ਪਹਿਲਾਂ ਹੀ ਆਵਾ-ਗਉਣ ਤੋਂ ਮੁਕਤ ਹੋ ਗਿਆ, ਪਰ ਉਸ ਵਰ ਮੰਗਿਆ ਕਿ ਹੋਰਨਾਂ ਨੂੰ ਵੀ ਮੁਕਤ ਕਰ ਸਕੇ। ਤਾਂ ਉਸਨੂੰ ਕਿਹਾ ਗਿਆ – “ਜਿੰਨ੍ਹਾਂ ਨੂੰ ਤੂੰ ਮੁਕਤ ਕਰਨਾ ਹੈ, ਉਨ੍ਹਾਂ ਦਾ ਦੁੱਖ ਕੀ ਹੈ, ਬੰਧਨ ਕੀ ਹੈ – ਤੈਨੂੰ ਖ਼ੁਦ ਅਨੁਭਵ ਕਰਨਾ ਪਏਗਾ। ਓਸ ਵਾਸਤੇ ਓਨੇ ਜਨਮ ਲੈਣੇ ਪੈਣਗੇ। ਫਿਰ ਆਪ ਮੁਕਤ ਹੋਣ ਲਈ ਮੁੜ ਮਿਹਨਤ ਕਰਨੀ ਪਏਗੀ”। ਬੁੱਧ ਇਹ ਸ਼ਰਤ ਸਵੀਕਾਰ ਕਰਦਾ ਹੈ ਤੇ ਸਾਧਾਰਣ ਬੰਦਾ ਬਣ ਕੇ ਧਰਤੀ ਤੇ ਪਰਤ ਆਉਂਦਾ ਹੈ, ਮੁੜ ਸਾਧਨਾ ਕਰਦਾ ਹੈ.!”
ਸ਼ਾਇਦ 43 ਵਰ੍ਹੇ ਪਹਿਲਾਂ : ਹਿੰਦੀ ਦੇ ਸਤਿਕਾਰਤ ਸਾਹਿਤਕ ਪਰਚੇ ਵਿਚ ਜਿਸ ਕਹਾਣੀ ਨੂੰ ਸਾਲ ਦਾ ਅਵੱਲ ਇਨਾਮ ਮਿਲਿਆ, ਉਸ ਵਿਚ ਮਦਾਰੀ ਪੁੱਛਦਾ ਹੈ : ‘ਸਾਡੀ ਸਿਆਸਤ ਏਨੀ ਗੰਦੀ ਕਿਉਂ ਹੋ ਗਈ ਹੈ, ਜਮੂਰੇ ?’ ਜਮੂਰਾ ਕਹਿੰਦਾ ਹੈ : “ਉਸਤਾਦ, ਏਸ ਲਈ ਕਿ ਸ਼ਰੀਫ਼ ਆਦਮੀ ਹੁਣ ਸਿਆਸਤ ਨੂੰ ਕੋਠਾ ਸਮਝਦਾ ਹੈ। ਕੋਠਾ ਉਹਦੇ ਜਾਣ ਦੀ ਥਾਂ ਨਹੀਂ। ਤਾਂ ਫ਼ਿਰ ਸਿਆਸਤ ਦੇ ‘ਕੋਠੇ’ ਤੇ ਜਿਹੜੇ ਜਾਣਗੇ, ਉਹੀ ਰਾਜ ਕਰਨਗੇ। ਹੁਣ ਸ਼ਰੀਫ਼ ਬੰਦਾ ਘਰ ਬਹਿ ਕੇ ਸ਼ਿਕਾਇਤ ਕਰਦਾ ਹੈ ਕਿ ਸਿਆਸਤ ਏਨੀ ਗੰਦੀ ਕਿਉਂ ਹੋ ਗਈ ਹੈ?”
ਇਹ ਕਹਾਣੀ ਅੱਜ ਏਵੇਂ ਨਹੀਂ ਲਿਖ਼ੀ ਜਾ ਸਕਦੀ। ਆਰਥਿਕ ਪੱਖ ਨੇ ਸਿਆਸਤ ਅਤੇ ਨਿਆਂ ਆਮ ਅਤੇ ਇਮਾਨਦਾਰ ਬੰਦੇ ਦੀ ਪਹੁੰਚ ਵਿਚੋਂ ਹੀ ਬਾਹਰ ਕੱਢ ਦਿੱਤੇ ਹਨ। ਸਿਰਫ਼ ਹਿੰਦੁਸਤਾਨ ਹੀ ਨਹੀਂ, ਪੱਛਮ ਵਿਚ ਵੀ। ਪਰ ਜਮੂਰੇ ਦੀ ਗੱਲ ਹਾਲੇ ਸਹੀ ਹੈ। ਪਾਤਰ ਲਈ ਸਾਹਿਤ ਅਕਾਦਮੀ ਜਾਂ ਲਲਿਤ ਕਲਾ ਅਕਾਦਮੀ ਕੋਠਾ ਨਹੀਂ ਸੀ, ਸਾਹਿਤਕ ਅਤੇ ਕਲਾ-ਮਿੱਤਰਾਂ ਦੇ ਜੁੜ ਬਹਿਣ ਦੀ ਥਾਂ ਸੀ, ਦੂਜਾ ਘਰ ਸੀ। ਜੇ ਉਹ ਆਪਣੇ ਨਿਜੀ ਘਰ ਵਿਚ ਮੁੱਖ ਵਿਅਕਤੀ ਹੋਣ ਦੀ ਜ਼ਿੰਮੇਵਾਰੀ ਨਿਭਾਅ ਸਕਦਾ ਸੀ ਤਾਂ ਉਸੇ ਸਬਰ ਨਾਲ ਅਕਾਦਮੀ ਦੇ ਘਰ ਦੀ ਵੀ।
ਕਿਸੇ ਨੇ ਲਿਖ਼ਿਆ ਹੈ – ਪਾਤਰ ਨੇ ਸਰਕਾਰੇ ਦਰਬਾਰੇ ਪਦਵੀ ਹਾਸਲ ਕਰਦੇ ਸਾਰ ਹੀ ਆਪਣੀ ਕਵਿਤਾ ਨੂੰ ਮਾਰ ਦਿੱਤਾ ਸੀ। ਸ਼ਾਇਦ ਉਨ੍ਹਾਂ ਨੇ ਪਾਤਰ ਦੀ ਕਿਸਾਨ-ਮੋਰਚੇ ਵੇਲ਼ੇ ਲਿਖੀ ਕਵਿਤਾ ਅਤੇ ਵਾਰਤਾ ਨਹੀਂ ਪੜ੍ਹੀ। ਨਾ ਹੀ ਸਥਾਪਤੀ ਦੇ ਹਿੱਸੇਦਾਰ ਮਿਲੇ ਹੋਏ ਇਨਾਮ ਵਾਪਸ ਕਰਦੇ ਹਨ, ਨਾ ਏਦਾਂ ਦੀ ਕਵਿਤਾ ਲਿਖ਼ਦੇ ਹਨ :
ਘਰੀਂ ਮੁਫ਼ਲਿਸਾਂ ਦੇ ਦਰੀਂ ਬਾਗ਼ੀਆਂ ਦੇ
ਜਗੋ ਦੀਵਿਓ ਬਾਦਸ਼ਾਹਾਵਾਂ ਤੋਂ ਚੋਰੀ
ਜਾਂ
ਘੱਟ ਗਿਣਤੀ ਨਹੀਂ, ਮੈਂ ਦੁਨੀਆ ਦੀ ਸਭ ਤੋਂ
ਵੱਡੀ ਬਹੁ-ਗਿਣਤੀ ਨਾਲ ਸਬੰਧ ਰਖਦਾ ਹਾਂ
ਬਹੁ-ਗਿਣਤੀ ਜੋ ਉਦਾਸ ਹੈ, ਖ਼ਾਮੋਸ਼ ਹੈ
ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ ਹੈ
ਏਨੇ ਚਾਨਣਾਂ ਦੇ ਬਾਵਜੂਦ ਹਨੇਰੇ ਵਿਚ ਹੈ
ਅੱਜ ਦੇ ਦੌਰ ਦੀ ਸਿਆਸਤ ਵੇਖ਼ਦਿਆਂ ਜਾਪਦਾ ਹੈ ਕਿ ਰਾਜ-ਕਵੀ ਹੋਣ ਵਰਗੀ ਪ੍ਰਥਾ ਹੁਣ ਨਾ ਹੀ ਹੋਵੇ ਤਾਂ ਚੰਗੀ ਹੈ। ਪਰ ਜੇ ਕਿਸੇ ਨੇ ਪੰਜਾਬ ਦਾ ਰਾਜ-ਕਵੀ ਹੋਣਾ ਹੀ ਹੈ, ਜਾਂ ਸਾਹਿਤਕ ਸੰਸਥਾਵਾਂ ਦਾ ਮੁਖੀ ਹੋਣਾ ਹੈ, ਤਾਂ ਫ਼ਿਰ ਏਹੀ ਚੰਗਾ ਹੈ – ਉਹ ਸੁਰਜੀਤ ਪਾਤਰ ਦੇ ਕੱਦ ਤੇ ਕਿਰਦਾਰ ਦਾ ਲੇਖਕ ਹੋਵੇ, ਜਿਸਦਾ ਅਕੀਦਾ ਸੀ :
ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ
ਭਾਰਤੀ ਜੀ ਅਨੁਸਾਰ : “ਮੈਂ ਨਹੀਂ ਜਾਣਦਾ ਪਾਤਰ ਨੇ ਕੋਈ ਸਮਝੌਤਾ ਕੀਤਾ ਕਿ ਨਹੀਂ ? ਜੇ ਰੋਟੀ ਲਈ ਕੀਤੈ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਸਭ ਕਰਦੇ ਨੇ ਜੀਂਦੇ ਰਹਿਣ ਜਾਂ ਬਚੇ ਰਹਿਣ ਲਈ। ਪਰ ਸਮਝੌਤਾ ਕਰਨ ਮਗਰੋਂ ਵੀ ਉਹ ਬੰਜਰ ਧਰਤੀ ਉਤੇ ਕਿਸੇ ਕਵਿਤਾ ਦੇ ਬੰਦ ਵਰਗਾ ਫੁੱਲ ਉਗਾਅ ਦਏ ਤਾਂ ਏਹ ਖ਼ੂਬਸੂਰਤੀ ਉਹਦੇ ਕੀਤੇ ਸਮਝੌਤੇ ਨਾਲ਼ੋਂ ਵੱਡੀ ਹੈ ! ਅਜਿਹੀ ਉਮੀਦ ਕਰਨਾ ਕਿ ਫ਼ਲਾਣੀ ਰਚਨਾ ਸਿਰਫ਼ ਚੰਗੀ ਹਰਿਆਈ ਜ਼ਮੀਨ ਵਿਚੋਂ ਹੀ ਉੱਗੇ ਨਾ ਕਿ ਥੋਹਰੀ ਰੇਗਿਸਤਾਨ ਵਿਚੋਂ – ਇਹ ਕਵੀ ਨਾਲ ਜ਼ਿਆਦਤੀ ਹੈ…”
ਮੈਂ ਪੰਜਾਬ ਤੋਂ ਦੂਰ ਰਹਿਣ ਕਰਕੇ ਕਈ ਗੱਲਾਂ ਨੂੰ ਸ਼ਾਇਦ ਠੀਕ ਤਰ੍ਹਾਂ ਸਮਝਦਾ ਨਾ ਹੋਵਾਂ। ਪਰ ਜਾਪਦਾ ਹੈ – ਪੰਜਾਬੀ ਵਿਚ ਸਾਹਿਤ ਅਕਾਦਮੀ ਇਨਾਮ ਕਿਸੇ ਖਾਸ ਰਚਨਾ ਨਾਲੋਂ ਵਧ ਲੇਖਕਾਂ ਨੂੰ ਦਿੱਤੇ ਗਏ ਹਨ। ਪੱਖਪਾਤ ਨਾਲ ਵੀ ਦਿੱਤੇ ਹੋ ਸਕਦੇ ਹਨ ਜਾਂ ਇਨਾਮ ਦੇਣ ਪਿੱਛੇ ਇਹ ਭਾਵਨਾ ਵੀ ਹੋ ਸਕਦੀ ਹੈ ਕਿ ਇਸ ਲੇਖਕ ਨੂੰ ਸਾਹਿਤ, ਭਾਸ਼ਾ ਜਾਂ ਸਭਿਆਚਾਰ ਦਾ ਕੰਮ ਕਰਦਿਆਂ ਲੰਮਾ ਅਰਸਾ ਬੀਤ ਗਿਆ ਹੈ। ਇਨਾਮ ਉਨ੍ਹਾਂ ਯਤਨਾਂ ਦੀ ਪਛਾਣ ਵਜੋਂ ਦਿੱਤਾ ਜਾਵੇ।
ਕੋਈ ਸਮਾਜ ਕਿਸੇ ਕਵੀ ਜਾਂ ਲੇਖਕ ਨੂੰ ਲਿਖ਼ਣ ਲਈ ਨਹੀਂ ਕਹਿੰਦਾ, ਨਾ ਕਲਾਕਾਰ ਨੂੰ ਕਲਾ ਰਚਣ ਲਈ ਮਜਬੂਰ ਕਰਦਾ ਹੈ। ਇਹ ਉਨ੍ਹਾਂ ਬੰਦਿਆਂ ਦੀ ਆਪਣੀ ਚੋਣ ਹੁੰਦੀ ਹੈ। ਪਰ ਉਨ੍ਹਾਂ ‘ਤੇ ਵੀ ਪਰਵਾਰ ਪਾਲਣ ਦੀਆਂ ਜ਼ਿੰਮੇਵਾਰੀਆਂ ਸਭਨਾਂ ਵਰਗੀਆਂ ਹਨ। ਹਿੰਦੁਸਤਾਨੀ ਸਮਾਜ ਵਿਚ ਉਹ ਬੰਦਾ ਕਲਾ ਜਾਂ ਸਾਹਿਤ ਪੈਦਾ ਕਰਦਿਆਂ ਆਪਣੇ ਗੁਜ਼ਾਰੇ ਲਈ ਵਧੇਰੇ ਕਰਕੇ ਕੋਈ ਵੱਖਰਾ ਕੰਮ ਕਰਦਾ ਹੈ। ਆਪਣੇ ਪਰਵਾਰ ਅਤੇ ਨਿਜ ਕੋਲੋਂ ਸਮਾਂ, ਯਤਨ ਤੇ ਧਨ ਖੋਹ ਕੇ ਸਾਹਿਤ ਜਾਂ ਕਲਾ ਨੂੰ ਦੇਂਦਾ ਹੈ। ਉਹਦੀ ਕਲਾ ਜਾਂ ਸਾਹਿਤ ਲਗਭਗ ਸਦਾ ਹੀ ਲੋਕਾਂ ਲਈ ਹੁੰਦਾ ਹੈ। ਸੁਹਿਰਦ ਸਮਾਜ ਏਸ ਗੱਲ ਦਾ ਆਦਰ ਕਰਦਾ ਹੈ ਤੇ ਗਾਹੇ-ਬ-ਗਾਹੇ ਆਪਣਾ ਧੰਨਵਾਦ – ਸੁਣ ਪੜ੍ਹ ਜਾਂ ਵੇਖ਼ ਕੇ, ਅਤੇ ਆਦਰ ਸਨਮਾਨ ਦੇ ਕੇ – ਅਜਿਹੇ ਲੇਖਕ ਜਾਂ ਕਲਾਕਾਰ ਨੂੰ ਮੋੜਦਾ ਹੈ ਜਿਸਨੇ ਉਨ੍ਹਾਂ ਦੇ ਜੀਵਨ ਨੂੰ ਬੇਹਤਰ ਸੋਹਣਾ ਤਾਕਤਵਰ ਘੱਟ ਉਦਾਸ ਅਤੇ ਵਧ ਆਸ-ਭਰਿਆ ਬਣਾਇਆ ਹੋਵੇ।
ਜੇ ਇਮਾਨਦਾਰੀ ਨਾਲ ਚੱਲੇ ਤਾਂ ਜਮਹੂਰੀ ਰਾਜ-ਪ੍ਰਬੰਧ ਵਿਚ ਸਭ ਕੁਝ ਅੰਤ ਨੂੰ ਲੋਕਾਂ ਦਾ ਹੁੰਦਾ ਹੈ। ਸਰਕਾਰ ਲੋਕਾਂ ਦੀ ਚੁਣੀ ਹੁੰਦੀ, ਸਰਕਾਰੀ ਪੈਸਾ ਲੋਕਾਂ ਦੇ ਟੈਕਸ ਤੋਂ ਮਿਲਿਆ ਹੋਇਆ, ਤੇ ਸਰਕਾਰੀ ਸੰਸਥਾਵਾਂ ਮੁਢਲੇ ਰੂਪ ਵਿਚ ਲੋਕਾਂ ਦੀਆਂ ਸੰਸਥਾਵਾਂ ਹੁੰਦੀਆਂ ਹਨ। ਸਾਹਿਤ ਅਕਾਦਮੀ ਕਿਸੇ ਸਰਕਾਰ ਦੀ ਨਹੀਂ, ਲੋਕਾਂ ਦੀ ਸੰਸਥਾ ਹੈ। ਕਿਸੇ ਨੂੰ ਸਾਹਿਤ ਅਕਾਦਮੀ ਵਰਗਾ ਇਨਾਮ ਸਰਕਾਰੀ ਇਨਾਮ ਨਹੀਂ, ਲੋਕਾਂ ਵੱਲੋਂ ਦਿੱਤਾ ਗਿਆ ਇਨਾਮ ਹੈ, ਹੋਣਾ ਚਾਹੀਦਾ ਹੈ।
ਬਦਕਿਸਮਤੀ ਨਾਲ ਇਸ ਸਾਰੇ ਪ੍ਰਬੰਧ ਵਿਚ ਲੋਕ ਹਾਸ਼ੀਏ ਤੇ ਧੱਕੇ ਗਏ ਹਨ, ਸਰਕਾਰੀ ਕਬਜ਼ਾ ਕੇਂਦਰ ਵਿਚ ਆ ਗਿਆ ਹੈ। ਜਿਹੜੀ ਸੰਸਥਾ ਗ਼ੈਰ-ਸਰਕਾਰੀ ਹੈ, ਜਾਂ ਲੇਖਕਾਂ ਦੀ ਆਪਣੀ ਹੈ, ਉਹ ਵੀ ਧੜੇਬੰਦੀ ਤੋਂ ਮੁਕਤ ਨਹੀਂ। ਏਹਦਾ ਮੁਢਲਾ ਕਾਰਣ ਪੰਜਾਬ ਦਾ ਹਾਲੇ ਵੀ ਕਬੀਲੇ ਦੀ ਮਾਨਸਿਕਤਾ ਵਿਚ ਜੀਂਦੇ ਹੋਣਾ ਹੈ। ਪੰਜਾਬ ਨੇ ਆਪਣਾ ਬਚਾਅ ਬਾਹਰਲੇ ਧਾੜਵੀਆਂ ਤੋਂ ਇਸੇ ਮਾਨਸਿਕਤਾ ਸਦਕਾ ਕੀਤਾ ਪਰ ਇਹੀ ਘਟਨਾ ਅੰਦਰੋਂ ਸਾਨੂੰ ਤ੍ਰੇੜਦੀ ਰਹੀ ਹੈ। ਪੰਜ ਪਿਆਰੇ ਜਾਂ ਪੰਚਾਇਤ ਵਰਗੀਆਂ ਸੰਸਥਾਵਾਂ ਦੀ ਇਤਿਹਾਸਕ ਮੌਜੂਦਗੀ ਦੇ ਬਾਵਜੂਦ ਅਸੀਂ ਜਮਹੂਰੀ ਸੁਭਾਅ ਪੈਦਾ ਕਰਨੋਂ ਲਗਭਗ ਅਸਮਰਥ ਰਹੇ ਹਾਂ। ਸਾਹਿਤ ਵਿਚ ਵੀ ਅਸੀਂ ਸੱਜੇ, ਖੱਬੇ, ਜਾਤੀਵਾਦੀ, ਨਿਜੀ ਜਾਂ ਸਰਕਾਰੀ ਕਬੀਲਿਆਂ ਵਿਚ ਵੰਡੇ ਹੋਏ ਹਾਂ। ਜਦ ਵੀ ਦੂਜੇ ਧੜੇ (ਕਬੀਲੇ) ਦਾ ਬੰਦਾ ਕੁਝ ਵੀ ਪ੍ਰਾਪਤ ਕਰਦਾ ਹੈ, ਸਾਨੂੰ ਉਹ ਨਾਜਾਇਜ਼, ਜੋੜ-ਤੋੜ ਨਾਲ਼ ਲਿਆ, ਅਤੇ ਸਾਡੇ ਤੋਂ ਖੋਹਿਆ ਜਾਪਦਾ ਹੈ। ਸਾਨੂੰ ਜਾਂ ਸਾਡੇ ਧੜੇ ਨੂੰ ਮਿਲੇ ਤਾਂ ਸਹੀ ਜਾਪਦਾ ਹੈ।
ਕੁੱਲ ਮਿਲਾ ਕੇ – ਇਨਾਮਾਂ ਜਾਂ ਪਦਵੀਆਂ ਪ੍ਰਤੀ ਸਾਡੀ ਪਹੁੰਚ ਸਨਕੀ ਹੋ ਗਈ ਹੈ। ਇਕ ਪਾਸੇ ਸਿਆਸਤ ਨੇ ਪਾਣੀ ਗੰਧਲੇ ਕਰ ਦਿੱਤੇ ਹਨ, ਦੂਜੇ ਪਾਸੇ ਇਨਾਮ ਸਾਨੂੰ ਚਾਹੀਦਾ ਵੀ ਹੈ, ਤੇ ਜੇ ਕਿਸੇ ਨੂੰ ਮਿਲ ਜਾਵੇ ਤਾਂ ਸਾਨੂੰ ਗਿਲ਼ਾ ਵੀ ਹੈ।
*
ਜਸਵੰਤ ਦੀਦ ਨੂੰ ਸਾਹਿਤ ਅਕਾਦਮੀ ਇਨਾਮ ਮਿਲਿਆ ਤਾਂ ਪੰਜਾਬ ਵਸਦੇ ਸਾਹਿਤਕਾਰ ਮਿੱਤਰ ਨੇ ਗਿਲ਼ਾ ਕੀਤਾ। ਮੈਂ ਪੁੱਛਿਆ : ‘ਕੀ ਦੀਦ ਇਨਾਮ ਦਾ ਹੱਕਦਾਰ ਨਹੀਂ ?’ ਮਿੱਤਰ ਬੋਲਿਆ : “ਹੱਕਦਾਰ ਹੈ। ਪਰ ਹੁਣ ਅੱਗੇ ਤੋਂ ਉਨ੍ਹਾਂ ਨੂੰ ਇਨਾਮ ਮਿਲੇਗਾ ਜਿੰਨ੍ਹਾਂ ਦੀਦ ਤੋਂ ਬਾਅਦ ਲਿਖ਼ਣਾ ਸ਼ੁਰੂ ਕੀਤਾ। ਸਾਡੇ ਵਰਗੇ ਪਹਿਲਿਆਂ ਦਾ ਤਾਂ ਪੱਤਾ ਕੱਟਿਆ ਗਿਆ !”
ਮੈਂ ਪੁੱਛਿਆ : “ਕੀ ਇਨਾਮ ਜ਼ਰੂਰੀ ਹੈ ਲੇਖਕ ਲਈ ?”
ਉਸ ਕਿਹਾ : “ਪੰਜਾਬੀ ਵਿਚ ਕਿਤਾਬ ਪੱਲਿਓਂ ਛਪਵਾਉਣੀ ਪੈਂਦੀ ਹੈ। ਆਪੇ ਵੰਡਣੀ ਪੈਂਦੀ ਹੈ। ਥੋੜ੍ਹੀ ਬਹੁਤੀ ਵਾਹ ਵਾਹ ਸ਼ੁਰੂ ਵਿਚ ਚੰਗੀ ਲਗਦੀ ਹੈ ਪਰ ਤੀਜੀ ਕਿਤਾਬ ਛਪਣ ਮਗਰੋਂ ਉਹ ਚਾਅ ਵੀ ਨਹੀਂ ਰਹਿੰਦਾ। ਤੁਹਾਡੇ ਲਿਖ਼ਣ ਨਾਲ ਸਮਾਜ ਤਾਂ ਬਦਲਦਾ ਨਹੀਂ। ਫਿਰ ਲਿਖਣ ਦੀ ਪ੍ਰੇਰਣਾ ਜਾਂ ਪ੍ਰਾਪਤੀ ਕੀ ਰਹਿ ਗਈ ? ਦਸ ਪੰਦਰਾਂ ਸਾਲਾਂ ਵਿਚ ਕੋਈ ਇਨਾਮ ਮਿਲ ਜਾਵੇ ਤਾਂ ਲਿਖ਼ਦੇ ਰਹਿਣ ਨੂੰ ਦਿਲ ਕਰਦਾ ਰਹਿੰਦਾ ਹੈ। ਬਸ ਹੋਰ ਕੀ …!”
ਸੰਨ 2007 ਵਿਚ ‘ਨਵਾਂ-ਜ਼ਮਾਨਾ’ ਅਖ਼ਬਾਰ ਨੇ ਸਾਲ ਦੇ ਅੰਤ ਤੇ ਸਦਾ ਵਾਂਗ ਆਪਣੇ ਪਾਠਕਾਂ ਨੂੰ ਆਪਣੀ ਪਸੰਦ ਦੀਆਂ 5 ਪੁਸਤਕਾਂ ਦਸਣ ਨੂੰ ਕਿਹਾ। ਮੇਰੀ ਪੁਸਤਕ ‘ਰਹਣੁ ਕਿਥਾਊ ਨਾਹਿ’ ਅਵੱਲ ਪੁਸਤਕ ਵਜੋਂ ਪਾਠਕਾਂ ਨੇ ਚੁਣੀ। ਮੈਨੂੰ ਚੰਗਾ ਲੱਗਾ ਕਿ ਇਸਨੂੰ ਦੇਣ ਵਾਲੇ ਕਿਸੇ ਸੰਸਥਾ ਦੇ ਚੰਦ ਲੋਕ ਨਹੀਂ, ਪਾਠਕ ਸਨ। ਸੰਗਰੂਰ ਦੇ ਇਕ ਵੱਡੇ ਲੇਖਕ ਨੇ ਗਿਲ਼ਾ ਕੀਤਾ : “ਇਹ ਫ਼ੈਸਲਾ ਸਹੀ ਨਹੀਂ। ਸਿਰਫ਼ 29% ਪਾਠਕਾਂ ਨੇ ਇਸ ਕਿਤਾਬ ਨੂੰ ਚੁਣਿਆ ਹੈ। ਇਮਤਿਹਾਨ ਵਿਚ ਪਾਸ ਹੋਣ ਜੋਗੇ 33% ਨੰਬਰ ਵੀ ਇਹ ਕਿਤਾਬ ਨਾ ਲੈ ਸਕੀ”।
ਮੈਨੂੰ ਉਦਾਸੀ ਹੋਈ : ਹੋਰ ਵੀ ਕਈ ਸਾਹਿਤਕਾਰ ਹੋਣਗੇ, ਮੇਰੇ ਪਿਆਰੇ ਸਤਿਕਾਰੇ, ਕਈ ਦੋਸਤਾਂ ਵਰਗੇ, ਜਿੰਨ੍ਹਾਂ ਨੂੰ ਮੈਂ ਚਾਅ ਨਾਲ ਪੜ੍ਹਦਾ ਰਿਹਾ ਹਾਂ। ਉਹ ਇਹ ਇਨਾਮ ਲੈਣੋਂ ਰਹਿ ਗਏ ਹੋਣੇ ਤੇ ਅੱਜ ਉਦਾਸ ਹੋਏ ਹੋਣੇ। ਮੈਨੂੰ ਮਿਲੀ ਕਿਸੇ ਚੀਜ਼ ਨੇ ਜੇ ਕਿਸੇ ਨੂੰ ਉਦਾਸ ਕਰਨਾ ਹੈ ਤਾਂ ਕੀ ਕਰਨੀ ਹੈ ? ਮੈਂ ਉਹ ਇਨਾਮ ਲੈਣ ਨਾ ਗਿਆ।
ਸੁਰਜੀਤ ਪਾਤਰ ਨੂੰ ਜਿੰਨੇ ਇਨਾਮ ਮਿਲੇ, ਓਦੂੰ ਵਧ ਅਜਿਹੇ ਉਲ੍ਹਾਮੇ ਮਿਲੇ ਹੋਣੇ। ਇਨਾਮ ਸ਼ਾਇਦ ਆਪ ਚੱਲ ਕੇ ਆਏ ਹੋਣੇ, ਪਰ ਦੂਜਿਆਂ ਨੂੰ ਖੋਹੇ ਜਾਪੇ ਹੋਣੇ, ਸੋ ਉਲ੍ਹਾਮੇ ਵੀ ਆਪੇ ਚੱਲ ਕੇ ਆਏ ਹੋਣੇ। ਸਾਨੂੰ ਵੀ ਪਾਤਰ ਦੇ ਇਨਾਮ ਹੀ ਦਿਸਦੇ ਹਨ। ਆਪਣੇ ਦੁਆਲੇ ਦੀ ਹਰ ਘਟਨਾ ਨੂੰ ਸੂਖਮਤਾ ਨਾਲ ਵੇਖਣ ਵਾਲ਼ੇ ਅਤੇ ਸ਼ਿੱਦਤ ਨਾਲ ਸੋਚਣ ਵਾਲ਼ੇ ਸੁਰਜੀਤ ਪਾਤਰ ਨੂੰ ਇਨਾਮਾਂ ਤੋਂ ਬਾਅਦ ਮਿਲੀ ਉਦਾਸੀ – ਸਾਨੂੰ ਨਹੀਂ ਦਿਸਦੀ …
*
ਬਕੌਲ ਨਵਤੇਜ ਭਾਰਤੀ : “ਪਾਤਰ ਨੇ ਝੋਲੀ ਅੱਡ ਕੇ ਕੁਝ ਨਹੀਂ ਮੰਗਿਆ। ਉਹਦੀ ਕਵਿਤਾ ਨੇ ਆਪਣੇ ਜਲੌਅ ਨਾਲ ਹਾਸਲ ਕੀਤਾ। ਮੇਰਾ ਵਾਸਤਾ ਵਿਅਕਤੀ ਪਾਤਰ ਨਾਲ਼ ਨਹੀਂ, ਕਵੀ ਸੁਰਜੀਤ ਪਾਤਰ ਨਾਲ਼ ਹੈ। ਮੈਨੂੰ ਉਹਦੀ ਸਾਰੀ ਰਚਨਾ ਵਿਚ ਕਿਤੇ ਅਜਿਹਾ ਕੁਝ ਕਦੀ ਨਹੀਂ ਦਿਸਿਆ ਜਿਸ ਤੋਂ ਜਾਪੇ ਕਿ ਕਿਸੇ ਇਨਾਮ ਜਾਂ ਪਦਵੀ ਨੇ ਪਾਤਰ ਦੀ ਕਵਿਤਾ ਨੂੰ ‘ਕੰਪ੍ਰੋਮਾਈਜ਼’ ਕੀਤਾ ਹੋਵੇ। ਪਾਤਰ ਨੇ ਕਿਸੇ ਦੇ ਕਸੀਦੇ ਨਹੀਂ ਲਿਖ਼ੇ। ਕਿਸੇ ਲਈ ਲਿਖ਼ਿਆ ਤਾਂ ਸਿਰਫ਼ ਨਵੇਂ ਪੁੰਗਰਦੇ ਕਵੀਆਂ ਲੇਖਕਾਂ ਦੀ ਹੌਂਸਲਾ ਅਫ਼ਜ਼ਾਈ ਲਈ ਉਨ੍ਹਾਂ ਦੀਆਂ ਪੁਸਤਕਾਂ ਦੇ ਆਰੰਭਕ ਸ਼ਭਦ ਹੀ ਲਿਖ਼ੇ, ਬਸ”।
10 ਵਰ੍ਹੇ ਮੈਂ ਅਜਿਹੇ ਘਰ ਵਿਚ ਰਿਹਾ ਜਿਸ ਦੇ ਸਾਮ੍ਹਣੇ ਵੱਡਾ ਤਲਾਬ ਸੀ। ਗਰਮੀਆਂ ਵਿਚ ਕੂੰਜਾਂ (Canada Geese) ਤਲਾਬ ਤੇ 5 ਮਹੀਨੇ ਲਈ ਆ ਕੇ ਰਹਿੰਦੀਆਂ। ਮਹੀਨੇ ਮਗਰੋਂ ਆਂਡੇ ਦਿੰਦੀਆਂ। ਹੋਰ ਮਹੀਨੇ ਮਗਰੋਂ 4-10 ਬੱਚੇ ਪੈਦਾ ਹੁੰਦੇ। ਬੱਚੇ ਜਦ 24 ਘੰਟੇ ਦੇ ਹੋ ਜਾਂਦੇ ਤਾਂ ਮਾਂ ਬਾਪ ਉਨ੍ਹਾਂ ਨੂੰ ਲੈ ਕੇ ਤਲਾਬ ਕੰਢੇ ਜਾਂਦੇ। ਪਿਤਾ ਅੱਗੇ ਅੱਗੇ, ਸਭ ਤੋਂ ਪਹਿਲਾਂ ਪਾਣੀ ਵਿਚ ਦਾਖ਼ਲ ਹੁੰਦਾ ਤਾਂ ਕਿ ਸੰਭਾਵੀ ਖ਼ਤਰੇ ਤੋਂ ਬੱਚਿਆਂ ਨੂੰ ਬਚਾਅ ਸਕੇ। ਫਿਰ ਇਕ ਇਕ ਕਰਕੇ ਬੱਚੇ ਪਾਣੀ ਵਿਚ ਛਾਲ ਮਾਰਦੇ। ਇਕ ਕਤਾਰ ਵਿਚ ਇਕ ਦੂਜੇ ਮਗਰ ਰਹਿੰਦੇ। ਅੰਤ ਵਿਚ ਮਾਂ ਹੁੰਦੀ, ਧਿਆਨ ਰਖ਼ਦੀ ਕੋਈ ਬੱਚਾ ਪਿੱਛੇ ਨਾ ਰਹਿ ਜਾਵੇ, ਏਧਰ ਓਧਰ ਨਾ ਚਲਾ ਜਾਵੇ। ਦਸਾਂ ਵਿਚੋਂ 2 ਬੱਚੇ ਪਾਣੀ ਵਿਚ ਜਾਣੋਂ ਝਿਜਕਦੇ। ਮਾਂ ਓਨ੍ਹਾਂ ਨੂੰ ਆਪਣੀ ਲੰਮੀ ਚੁੰਝ ਨਾਲ ਧੱਕਾ ਦੇ ਕੇ ਪਾਣੀ ਵਿਚ ਸੁੱਟ ਦੇਂਦੀ। ਇਕ ਵਾਰੀ ਪਾਣੀ ਵਿਚ ਪੈ ਗਏ ਬੱਚੇ ਆਪੇ ਪੈਰ ਮਾਰਣ ਲਗਦੇ। ਉਹ ਤਾਂ ਬਣੇ ਹੀ ਤੈਰਨ ਲਈ ਸਨ।
ਪਾਤਰ ਹੁਰਾਂ ਨੇ (ਮੇਰੇ ਸਮੇਤ) ਬਹੁਤ ਸਾਰੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਦੇ ਮੁੱਖ-ਬੰਧ ਲਿਖੇ। ਉਨ੍ਹਾਂ ਦਾ ਸਮਾਂ ਖ਼ਰਚ ਹੁੰਦਾ ਹੋਣਾ। ਕਈਆਂ ਨੂੰ ਜਾਪਦਾ ਹੋਣਾ – ਪਾਤਰ ਆਪਣਾ ਧੜਾ ਬਣਾ ਰਿਹਾ ਹੈ। ਮੇਰੀ ਪੁਸਤਕ ਦਾ ਮੁੱਖ-ਬੰਧ ਲਿਖ਼ਣ ਮਗਰੋਂ ਉਨ੍ਹਾਂ ਮੈਨੂੰ ਬਦਲੇ ਵਿਚ ਕਦੀ ਕੋਈ ਕੰਮ ਨਹੀਂ ਕਿਹਾ। ਉਨ੍ਹਾਂ ਦਾ ਨਵੇਂ ਕਵੀਆਂ ਦੀ ਜਾਣ ਪਛਾਣ ਕਰਵਾਉਣਾ ਸ਼ਾਇਦ ਉਸ ਕੂੰਜ-ਮਾਂ ਵਰਗਾ ਸੀ ਜਿਹੜੀ ਜਾਣਦੀ ਸੀ ਕਿ ਏਸ ਹੱਲਾਸ਼ੇਰੀ ਅਤੇ ਧੱਕੇ ਮਗਰੋਂ ਬੱਚਾ ਆਪੇ ਤਰਨ ਲੱਗ ਪਵੇਗਾ …
ਮੁਰੀਦ ਸੰਧੂ ਨੇ ਕਿਹਾ : “ਵਿਰਲੇ ਲੇਖਕ ਆਪਣੀਆਂ ਰਚਨਾਵਾਂ ਵਰਗੇ ਹੁੰਦੇ ਹਨ। ਵੱਡੇ ਲੇਖਕਾਂ ਨੂੰ ਆਪਣੀ ਕਵਿਤਾ ਸੁਣਾਉਣੀ ਹੋਵੇ ਤਾਂ ਉਨ੍ਹਾਂ ਦੀ ਮਿੰਨਤ ਕਰਨੀ ਪੈਂਦੀ ਹੈ। ਅਸੀਂ ਨਵੇਂ ਕਵੀ ਮਿਲਦੇ ਤਾਂ ਪਾਤਰ ਆਪ ਆਖ਼ਦੇ : “ਤੂੰ ਮੈਨੂੰ ਕੁਝ ਸੁਣਾ !” ਸਮਾਗਮ ‘ਚੋਂ ਨਿਕਲ ਕੇ ਉਨ੍ਹਾਂ ਨੂੰ ਘਰ ਜਾਣ ਦੀ ਕਾਹਲੀ ਨਹੀਂ ਹੁੰਦੀ ਸੀ। ਕੋਈ ਵਿਰਲਾ ਹੀ ਸਾਡੇ ਵਰਗਿਆਂ ਨੂੰ ਕਹਿੰਦਾ ਹੈ – ਆਹ ਲਿਖੋ, ਔਹ ਪੜ੍ਹੋ, ਆਪਣੀ ਰਚਨਾ ਵਿਚ ਐਥੇ ਮਿਹਨਤ ਕਰੋ। ਇਹ ਸਾਰਾ ਸਮਾਂ ਉਨ੍ਹਾਂ ਆਪਣੀ ਰਚਨਾ, ਆਪਣੇ ਜੀਵਨ, ਤੇ ਸਰੀਰਕ ਆਰਾਮ ਦੀ ਲੋੜ ਵਿਚੋਂ ਕੱਢ ਕੇ ਸਾਨੂੰ ਦਿੱਤਾ …”
ਪਾਤਰ ਸਿਰਫ਼ ਸਾਹਿਤਕ ਇਕੱਠਾਂ ਵਿਚ ਹੀ ਨਹੀਂ ਜਾਂਦੇ ਸੀ। ਆਪਣੇ ਮਿੱਤਰਾਂ, ਵਿਦਿਆਰਥੀਆਂ ਜਾਂ ਚਾਹੁਣ ਵਾਲ਼ਿਆਂ ਦੇ ਘਰਾਂ ਵਿਚ ਵਿਆਹਾਂ ਸ਼ਾਦੀਆਂ ਭੋਗਾਂ ਤੇ ਵੀ ਜਾਂਦੇ ਸੀ। ਉਹ ਇਕ ਵੱਡੇ ਪੰਜਾਬੀ ਪਰਵਾਰ ਦਾ ਸਾਂਝਾ ਬੰਦਾ ਸੀ। ਟੋਰਾਂਟੋ ਦੇ ਸਾਹਿਤਕ ਇਕੱਠ ਵਿਚ ਵਰਿਆਮ ਸੰਧੂ ਨਾਲ ਹੋਈ ਮੁਲਾਕਾਤ ਵਿਚ ਪਾਤਰ ਨੇ ਕਿਹਾ :
“ਜਦੋਂ ਅਸੀਂ ਸਮਾਗਮਾਂ ਵਿਚ ਮਿਲਦੇ ਹਾਂ, ਤਾਂ ਉਹ ਮਿਲਾਪ ਉਸ ਥਾਂ ਨੂੰ ਤੀਰਥ ਅਸਥਾਨ ਬਣਾ ਦਿੰਦਾ ਹੈ। ਜਿੱਥੇ ਅਸੀਂ ਬੈਠ ਕੇ ਇਕੱਠੇ ਹਸਦੇ ਤੇ ਰੋਂਦੇ ਹਾਂ। ਇਕ ਸਾਂਝਾ ਦਰਦ, ਖੁਸ਼ੀ ਤੇ ਵਿਸਮਾਦ ਸਾਡੇ ਤੇ ਉਤਰਦਾ ਹੈ। ਉਸ ਵਿਚ ਅਸੀਂ ਆਪਣੇ ਦੁੱਖ ਵਿਸਾਰ ਦੇਂਦੇ ਹਾਂ। ਉਹ ਘੜੀ ਵਾਕਿਆ ਹੀ ਬਹੁਤ ਪਾਵਨ ਤੇ ਪਵਿੱਤਰ ਹੁੰਦੀ ਹੈ। ਅਜਿਹੀ ਘੜੀ ਵਿਚ ਮੇਰੇ ਏਹ ਤੌਖਲੇ ਵੀ ਦੂਰ ਹੋ ਜਾਂਦੇ ਹਨ ਕਿ ਸਾਡੀ ਭਾਸ਼ਾ ਮਰ ਜਾਏਗੀ, ਜਾਂ ਸਾਡਾ ਸੰਗੀਤ ਨਹੀਂ ਰਹੇਗਾ। ਮੈਂ ਕਦੀ ਸ਼ੇਅਰ ਲਿਖ਼ਿਆ ਸੀ :
ਚਾਹਵਾਂ ਨੈਣਾਂ ਤੇਰਿਆਂ ਵਿਚ ਦੇਖਦਾ ਜਾਵਾਂ
ਮੈਂ ਅਜੇ ਜਿਊਂਦਾ ਹਾਂ ਜਾਂ ਕਿ ਮਰ ਗਿਆ ਹਾਂ
ਕਿਸੇ ਦੇ ਨੈਣਾਂ ਵਿਚ ਆਪਣੀ ਹਸਤੀ ਨੂੰ ਵੇਖਣਾ, ਆਪਣੀ ਹੋਂਦ ਨੂੰ ਤੱਕਣਾ, ਇਉਂ ਆਪਣੇ ਆਪ ਨੂੰ ਮਿਲਣਾ – ਬਹੁਤ ਚੰਗਾ ਲਗਦਾ ਹੈ। … ਤੇ ਏਹ ਗੱਲ ਵੀ ਹੈ ਕਿ ਸਾਡੇ ਸਾਰਿਆਂ ਅੰਦਰ ਕਿਤੇ ਕੋਈ ਐਸੀ ਜਗ੍ਹਾ ਹੈ ਜਿੱਥੇ ਅਸੀਂ ਸਾਰੇ ਇੱਕੋ ਜਿਹੇ ਹਾਂ। ਹਰ ਬੰਦਾ ਜਿਵੇਂ ਕੋਈ ਸਾਜ਼ ਹੈ ਤੇ ਉਸ ਵਿਚ ਉਹੀ ਸੁਰਾਂ ਨੇ ਜੋ ਹੋਰ ਸਭਨਾਂ ਵਿਚ ਨੇ। ਸਾ ਰੇ ਗਾ ਮਾ ਵਾਂਗ ਸਾਡੀਆਂ ਸੁਰਾਂ ਨੇ – ਪਿਆਰ, ਮਿਲਾਪ, ਕਾਮਨਾ, ਮਮਤਾ, ਖੌਫ਼, ਨਿਆਂ ਇਤਿਆਦਿ। ਇਸੇ ਕਰਕੇ ਜਦੋਂ ਅਸੀਂ ਆਪਣੇ ਦਿਲ ਦੀ ਗੱਲ ਕਰਦੇ ਹਾਂ ਕਿ ਮੈਨੂੰ ਆਹ ਹੋ ਰਿਹਾ – ਜੇ ਆਪਾਂ ਉਹਨੂੰ ਗਹਿਰੇ ਦਿਲੋਂ ਲਿਖ਼ ਦੇਈਏ ਤਾਂ ਪਤਾ ਲਗਦਾ ਕਿ ਸਾਰਿਆਂ ਨੂੰ ਉਹੀ ਕੁਝ ਹੋ ਰਿਹਾ ਹੁੰਦਾ। ਇਸੇ ਕਰਕੇ ਸਦੀਆਂ ਪਹਿਲਾਂ ਲਿਖ਼ੀ ਕਵਿਤਾ ਵੀ ਸਾਨੂੰ ਪੁਰਾਣੀ ਨਹੀਂ ਲਗਦੀ ਤੇ ਯੂਨਾਨ ਦੇ ਨਾਟਕ ਸਾਨੂੰ ਆਪਣੇ ਲਗਦੇ ਨੇ। ਇਹ ਸਭ ਮਿਲ ਬਹਿਣ ਦਾ ਕ੍ਰਿਸ਼ਮਾ ਹੈ …”
*
21 ਜੂਨ 2024
( ਬਾਕੀ ਫ਼ਿਰ )